CHRISTIANFORT

THE NEWS SECTION

ਰੋਬੋ(ਟ), ਸਊਦੀ ਹਕੂਮਤ ਬਨਾਮ ਅਸੀਮ ਅਵਾਮ


ਦੀਦਾਵਰ ਦੀ ਜ਼ੁਬਾਨੀ-1


ਯਾਦਵਿੰਦਰ ਸਿੰਘ

 

JALANDHAR: ਬਿਨਾਂ ਸ਼ੱਕ, ਸਊਦੀ ਅਰਬ ਸਰਕਾਰ ਦੇ ਅਸੀਮਤ ਤਾਕਤਾਂ ਵਾਲੇ 'ਦਿਆਨਤਦਾਰ' ਬਾਦਸ਼ਾਹ ਨੇ ਕਈ ਧਾਤਾਂ ਤੋਂ ਬਣਾਈ ਰੋਬੋ(ਟ) 'ਸੋਫ਼ੀਆ' ਨੂੰ ਯੂ ਏ ਈ ਦੀ ਬਾਸ਼ਿੰਦਗ਼ੀ ਦੇ ਕੇ ਕੁਲ ਆਲਮ ਵਿਚ ਅਗੇਤ ਲੈ ਲਈ ਹੈ, ਅਗੇਤ ਇਸ ਪੱਖੋਂ ਕਿ ਹਾਲੇ ਤਾਈਂ ਕਿਸੇ ਵੀ ਮੁਲਕ ਦੀ ਹਕੂਮਤ ਨੇ ਕਿਸੇ ਸਾਇੰਸਦਾਨ ਵੱਲੋਂ ਬਣਾਈ ਜਾਂ ਬਣਾਏ ਰੋਬੋ(ਟ) ਨੂੰ ਹਾਲੇ ਤਕ ਬਾਸ਼ਿੰਦਗੀ ਦੇ ਹੱਕ ਮੁਹੱਈਆ ਨਹੀਂ ਕਰਵਾਏ ਸਨ। ਅਸੀਂ ਭਾਰਤੀ ਉਪ ਮਹਾਂਦੀਪ ਵਿਚ ਵੱਸਦੇ ਲੋਕ 'ਤੀਜੀ ਦੁਨੀਆਂ ਦੇ ਵਸਨੀਕ' ਦੱਸੇ ਜਾਂਦੇ ਹਾਂ, ਜਦੋਂ ਸਊਦੀ ਦੇ ਬਾਦਸ਼ਾਹ ਸਲਾਮਤ ਵੱਲੋਂ ਰੋਬੋ(ਟ) ਸੋਫ਼ੀਆ ਨੂੰ ਆਪਣੇ ਮੁਲਕ ਦੀ ਬਾਸ਼ਿੰਦਗੀ ਦੇਣ ਚੁੱਕਣ ਮਗਰੋਂ ਲੋਕ-ਚਰਚਾ ਰਫ਼ਤਾਰ ਲੈ ਰਹੀ ਸੀ ਤਾਂ ਅਸੀਂ ਆਪਣੇ ਟਵਿੱਟਰ ਹੈਂਡਲਜ਼ ਤੇ ਫੇਸਬੁੱਕ ਅਕਾਉਂਟਸ ਰਾਹੀਂ ਇਕ-ਦੂਜੇ ਨਾਲ ਚੋਹਲ-ਮੋਹਲ ਵਿਚ ਲੱਗੇ ਰਹੇ, ਸਾਡੇ ਵਿੱਚੋਂ ਉਹ ਜਿਹੜੇ 'ਖ਼ਿਆਲੀ ਰਾਸ਼ਟਰਵਾਦ' ਦੇ ਪ੍ਰਭੂਆ ਵੱਲੋਂ ਲਿਖੇ 'ਇਤਿਹਾਸ' ਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ 'ਵਿਦਵਾਨ' ਬਣੇ ਹਨ, ਉਹ ਸਿਰਫ਼ ਇਨ੍ਹਾਂ ਟਿੱਪਣੀਆਂ ਤਕ ਮਹਿਦੂਦ ਰਹੇ ਕਿ ਕੀਹ ਸੋਫ਼ੀਆ, ਜਿਹੜੀ ਆਪਣੀ ਪ੍ਰੋਗਰੈਮਿੰਗ ਤੇ ਐਕਸਪਾਇਰੀ ਤਰੀਕ ਤਕ ਇਕ ਰੋਬੋ(ਟ) ਹੈ, ਕੀ ਇਹ ਯੂ ਏ ਈ ਵਿਚ ਰਹਿੰਦਿਆਂ ਪਰਦਾ ਕਰੇਗੀ, ਕੁਝਨਾਂ ਦੀ ਸ਼ਬਦਾਵਲੀ ਵਿੱਚੋਂ ਇਹ ਤਲ਼ਖ਼ ਭਾਵਨਾ ਵੀ ਡੁੱਲ੍ਹ ਡੁੱਲ੍ਹ ਪੈਂਦੀ ਰਹੀ ਕਿ ਉਹ ਸੋਫ਼ੀਆ (ਰੋਬੋ(ਟ) ਨੂੰ ਉਸ ਦੀ ਅਰਬ ਸਰਜ਼ਮੀਨ ਦੀ ਬਾਸ਼ਿੰਦਗੀ ਕਾਰਨ ਸੂਖ਼ਮ ਜਿਹੀ ਨਫ਼ਰਤ ਕਰਦੇ ਹਨ।

ਨਫ਼ਰਤ ਕਰਨ ਵਾਲੇ ਨਾ ਆਏ ਬਾਜ਼

ਸਾਡੇ ਵੇਖਿਆਂ ਮਸਲਾ ਇਹ ਨਹੀਂ ਹੈ ਕਿ ਸੋਫ਼ੀਆ (ਰੋਬੋ(ਟ) ਪਰਦਾ ਕਰੇਗੀ ਕਿ ਨਹੀਂ, ਉਹ ਕਿਉਂ ਪਰਦਾ ਕਰੇਗੀ, ਉਹ ਤਾਂ ਮਿਆਦ ਪੁੱਗ ਜਾਣ ਵਾਲੀ ਤਰੀਕ ਸਮੇਤ ਇਕ ਕੰਪਿਊਟਰੀਕ੍ਰਿਤ ਕਿਰਤ ਹੈ, ਉਸ ਦੇ ਅੰਦਰ ਪ੍ਰੋਗਰੈਮਿੰਗ ਹੈ, ਹਾਂ, ਏਨਾ ਜ਼ਰੂਰ ਹੈ ਕਿ ਉਸ ਦਾ ਚਿਹਰਾ ਤੇ ਖ਼ਾਸਕਰ ਅੱਖਾਂ ਦੀ ਡਿਜ਼ਾਈਨਿੰਗ ਬਾ-ਕਮਾਲ ਹੈ ਤੇ ਉਹ ਸੂਰਜੀ ਰੌਸ਼ਨੀ ਦੇ ਸੰਪਰਕ ਵਿਚ ਆਉਣ ਤੇ ਜਾਣ ਦੌਰਾਨ ਇਨਸਾਨੀ ਸਮਰੱਥਾ ਵਾਂਗ ਅੱਖਾਂ ਝਪਕਾ ਸਕਦੀ ਹੈ, ਸਭ ਤੋਂ ਵੱਧ ਇਹ ਕਿ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਕੀਹ ਕਿਸੇ ਅੱਥਰੇ ਰੋਬੋ(ਟ) ਵਾਂਗ ਮਨੁੱਖੀ ਜੀਵਨ 'ਤੇ ਚੜ੍ਹਾਈ ਤਾਂ ਨਹੀਂ ਕਰ ਦਿਓਗੇ ਤਾਂ ਉਸ ਨੇ ਬੜੀ ਕੂਟਨੀਤਕ ਜ਼ੁਬਾਂ ਵਿਚ ਜਵਾਬ ਦਿੱਤਾ ਕਿ ਲੱਗਦੈ, ਤੁਸੀਂ ਵਿਗਿਆਨ ਫੰਤਾਸੀ ਫਿਲਮਾਂ (ਕੁਝ ਜ਼ਿਆਦਾ ਹੀ) ਵੇਖਦੇ ਹੋ। ਯਾਦ ਰਹੇ ਵਿਗਿਆਨ ਫੰਤਾਸੀ ਤਹਿਤ ਅਜਿਹੀਆਂ ਫਿਲਮਾਂ ਰਚੀਆਂ ਗਈਆਂ ਹਨ ਤੇ ਅਜਿਹੇ ਨਾਵਲ ਵੀ ਲਿਖੇ ਗਏ ਹਨ ਕਿ ਮਨੁੱਖ ਵੱਲੋਂ ਬਣਾਏ (ਰੋਬੋ(ਟ) ਉਸ ਨੂੰ ਬਰਬਾਦ ਕਰਨ ਲਈ ਕਾਫ਼ੀ ਹਨ।

ਅਸਲ ਮਸਲਾ ਕੁਝ ਹੋਰ ਹੈ

ਬਾਦਸ਼ਾਹ ਨੇ ਰੋਬੋ(ਟ) ਨੂੰ ਇਨਸਾਨੀ ਚੇਤਨਾ ਵਾਂਗ ਮੰਨ ਕੇ ਉਸ ਨੂੰ ਮੁਲਕ ਦੀ ਨਾਗਰਿਕਤਾ ਤਾਂ ਦੇ ਦਿੱਤੀ ਹੈ, ਉਸ ਨੇ ਕੀਹ ਕਰਨੈ ਤੇ ਕੀ ਨਹੀਂ ਕਰਨੈ, ਇਹ ਸੋਫ਼ੀਆ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਨਿਰਭਰ ਹੈ, ਮਸਲਾ ਤਾਂ ਇਹ ਹੈ ਕਿ ਸਊਦੀ ਹਕੂਮਤ ਤੇ ਇਸ ਦੇ ਸ਼ਾਹ (ਜਾਂ ਸ਼ਾਇਦ ਸ਼ੇਖ਼) ਨੂੰ ਉਹ ਭਾਰਤੀ, ਪਾਕਿਸਤਾਨੀ, ਬਾਂਗਲਾਦੇਸ਼ੀ ਤੇ ਹੋਰ ਮੁਲਕਾਂ ਦੇ ਬਾਸ਼ਿੰਦੇ ਕਿਉਂ ਨਹੀਂ ਨਜ਼ਰ ਆਉਂਦੇ ਜਿਹੜੇ ਵਰ੍ਹਿਆਂ ਤੋਂ ਉਸ ਦੇ ਮੁਲਕ ਵਿਚ ਵਰਕ ਪਰਮਿਟ 'ਤੇ ਆਏ ਹੋਏ ਹਨ, ਉਸ ਦੇ ਮੁਲਕ ਦੇ ਅਰਥਚਾਰੇ ਵਿਚ ਗਿਣਾਤਮਕ ਤੇ ਗੁਣਾਤਮਕ ਪੱਖੋਂ ਯੋਗਦਾਨ ਦਿੰਦੇ ਹਨ ਪਰ ਆਪਣੀ 'ਮੁੜ ਠਹਿਰ' ਲਈ ਤੇ ਕੰਮ-ਕਾਰ ਪ੍ਰਵਾਨਗੀ (ਵਰਕ ਪਰਮਿਟ) ਦੀ ਮੁੱਦਤ ਵਧਾਉਣ ਲਈ ਇਮੀਗ੍ਰੇਸ਼ਨ ਮਹਿਕਮੇ ਦੇ ਕਲਰਕਾਂ ਦੀਆਂ ਲੇਲ੍ਹੜੀਆਂ ਕੱਢਦਿਆਂ ਜਵਾਨ ਤੋਂ ਅੱਧਖੜ ਹੋ ਜਾਂਦੇ ਹਨ!!! ਸਿਤਮਜ਼ਰੀਫ਼ੀ ਹੈ ਕਿ ਜਿਹੜੇ ਲੋਕ ਆਪਣਾ ਰੁਜ਼ਗਾਰ ਲੱਭਣ ਲਈ ਯੂ ਏ ਈ ਜਾਂ ਹੋਰ ਖਾੜੀ ਮੁਲਕਾਂ ਵਿਚ ਜਾਂਦੇ ਹਨ, ਉਨ੍ਹਾਂ ਨੂੰ ਤਾਂ ਉਧਰ ਮਹਿਜ਼ ਇਕ ਹੱਟੀ ਜਾਂ ਘਰ ਖ਼ਰੀਦਣ ਲਈ ਉਧਰਲੇ ਬੰਦੇ (ਜਾਂ ਸ਼ਾਇਦ ਬੱਦੂ) ਨਾਲ ਸਾਂਝ-ਭਿਆਲੀ ਪਾਉਣੀ ਪੈਂਦੀ ਹੈ ਤੇ ਉਸ ਨੂੰ ਲੱਭ ਸਕਣਾ, ਉਸ ਨੂੰ ਇਸ ਬਦਲੇ ਪੈਸੇ ਅਦਾ ਕਰਨੇ ਹਰ ਹਾਰੀ-ਸਾਰੀ ਦੇ ਵੱਸ ਨਹੀਂ ਹੁੰਦਾ। ਸਾਡੇ ਸਮਿਆਂ ਦੀ ਤ੍ਰਾਸਦੀ ਵੇਖੋ ਕਿ ਸੋਫ਼ੀਆ ਵਰਗੀ ਰੋਬੋ(ਟ) ਨੂੰ ਇਨਸਾਨ ਦੇ ਤੁੱਲ ਸਮਝ ਲਿਆ ਜਾਂਦਾ ਹੈ ਤੇ ਇਨਸਾਨਾਂ ਨੂੰ ਰੋਬੋ(ਟ) ਸਮਝ ਲਿਆ ਜਾਂਦਾ ਹੈ। ਰੋਬੋ(ਟ) ਇਨਸਾਨ ਹੈ ਤੇ ਕਿਰਤੀ ਇਨਸਾਨ ਰੋਬੋ(ਟ) ਹਨ, ਆਹ! ਇਹੀ ਸਾਡੇ ਸਮਿਆਂ ਦੀ ਤਲ਼ਖ਼ ਹਕੀਕਤ ਹੈ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617


ਦੀਦਾਵਰ ਦੀ ਜ਼ੁਬਾਨੀ-2