ਪੱਤਰਕਾਰੀ ਕਸਬ ਦਾ ਅਦ੍ਰਿਸ਼ ਆਬਸ਼ਾਰ - ਯਾਦਵਿੰਦਰ ਸਿੰਘ LATENT CASCADE OF JOURNALISM__YADWINDER SINGH
ਸੀਨੀਅਰ ਸਬ-ਐਡੀਟਰ SENIOR SUB-EDITOR AT ਪੰਜਾਬੀ ਜਾਗਰਣ PUNJABI JAGRAN [ਜਲੰਧਰ JALANDHAR, PUNJAB - INDIA]
ਮੋਬਾਇਲ: 94653 29617
ਪੱਤਰਕਾਰੀ ਕੀ ਹੈ?
ਦਰਅਸਲ ਵਸੀਹ (ਅਸੀਮਤ) ਸਮਾਜਕ/ਰਾਜਸੀ/ਸਾਹਿਤਕ ਸਮਝ ਤੇ ਜ਼ਿੰਮੇਵਾਰੀ ਵਾਲਾ ਕਾਰਜ ਹੈ ਤੇ ਇਸ ਖੇਤਰ ਵਿਚ ਅਜਿਹੇ ਵਿਅਕਤੀਆਂ ਦੀ ਸਖ਼ਤ ਦਰਕਾਰ ਹੁੰਦੀ ਹੈ, ਜਿਹੜੇ ਸਮਾਜਕ ਲਹਿਰਾਂ ਤੇ ਰਾਜਨੀਤੀ ਵਿਚ ਹੋਏ/ਬੀਤੇ ਦੀ ਕਾਫ਼ੀ ਹੱਦ ਤਕ ਸਮਝ ਰੱਖਦੇ ਹੋਣ ਤੇ ਵਰਤਮਾਨ ਦੀਆਂ ਘਟਨਾਵਾਂ ਬਾਰੇ ਵੀ ਸੰਵੇਦਨਸ਼ੀਲ ਹੋਣ, ਅਜਿਹੇ ਵਿਅਕਤੀ ਨੂੰ ਹੀ ਪੱਤਰਕਾਰ ਕਹਿੰਦੇ ਹਨ। ਬੇਸ਼ੱਕ ਫੀਲਡ ਵਿਚ ਕੰਮ ਕਰਨ ਵਾਲਾ ਪੱਤਰਕਾਰ ਆਪਣੇ ਅਦਾਰੇ ਨੂੰ ਖ਼ਬਰਾਂ ਜਾਂ ਇਨਪੁੱਟ ਭੇਜਦਾ ਹੈ ਪਰ ਅਸੀਂ ਉਨ੍ਹਾਂ ਬਾਰੇ ਨਹੀਂ ਜਾਣਦੇ ਹੁੰਦੇ ਜਿਹੜੇ ਕੱਚੀ-ਪੱਕੀ ਜਾਣਕਾਰੀ ਤੇ ਸਧਾਰਨ ਖ਼ਬਰਾਂ ਨੂੰ ਮੁਕੰਮਲ ਖ਼ਬਰੀ ਸ਼ੈਲੀ ਵਿਚ ਢਾਲ ਕੇ ਉਸ ਨੂੰ 'ਰੰਗ' ਲਾ ਦਿੰਦੇ ਹਨ। 'ਕ੍ਰਿਸਚੀਅਨ ਫੋਰਟ' ਦੇ ਪਾਠਕਾਂ ਦੀ ਜਾਣਕਾਰੀ ਲਈ ਅਸੀਂ ਅਜਿਹੇ ਸ਼ਖ਼ਸ ਬਾਰੇ ਤਾਰੁੱਫ਼ ਕਰਾਉਣ ਜਾ ਰਹੇ ਹਾਂ ਜੋ ਕਿ ਪੱਤਰਕਾਰੀ ਨੂੰ ਆਪਣਾ ਮਿਸ਼ਨ ਤੇ 'ਨਿੱਜੀ ਅਨੰਦ' ਮੰਨ ਕੇ ਚੱਲਦਾ ਆ ਰਿਹਾ ਹੈ। ਜਲੰਧਰ ਦੇ ਗ਼ੈਰ-ਮਸ਼ਹੂਰ ਪਿੰਡ ਰਾਓਵਾਲੀ ਦੀ ਪੱਤੀ ਸਰੂਪ ਨਗਰ ਵਿਚ ਰਹਿੰਦਾ ਯਾਦਵਿੰਦਰ ਸਿੰਘ ਪੱਤਰਕਾਰੀ ਤੇ ਰਾਜਸੀ ਹਲਕਿਆਂ ਵਿਚ ਕੱਤਈ ਤੌਰ 'ਤੇ ਕੋਈ ਜ਼ਿਕਰਯੋਗ ਨਾਂ ਨਹੀਂ ਹੈ, ਉਹ ਇਕ ਦਹਾਕੇ ਤੋਂ ਵੱਧ ਅਰਸੇ ਤੋਂ ਪੱਤਰਕਾਰੀ ਦੀ ਸਿਨਫ਼ ਨੂੰ ਅਪਣਾਅ ਕੇ ਕੰਮ ਕਰ ਰਿਹਾ ਹੈ ਪਰ ਉਹ ਕਿਸੇ ਵੀ ਪੱਖੋਂ ਮਸ਼ਹੂਰ ਜਾਂ 'ਸੈਲੀਬ੍ਰਿਟੀ ਜਰਨਲਿਸਟ' ਤਾਂ ਬਿਲਕੁਲ ਨਹੀਂ ਹੈ।
ਸਧਾਰਨ ਚਿਹਰਾ-ਮੋਹਰਾ, ਸਧਾਰਨ ਗੱਲਬਾਤ ਇਹ ਸਭ ਪ੍ਰਭਾਵ ਉਦੋਂ ਓਪਰੇ ਤੇ ਸਤ੍ਹਹੀ ਲੱਗਣ ਲੱਗ ਪੈਂਦੇ ਹਨ ਜਦੋਂ ਤੁਸੀਂ ਉਸ ਦੀ ਕੁਰਬਤ (ਨੇੜਤਾ) ਵਿਚ ਲਗਾਤਾਰ ਰਹਿੰਦੇ ਹੋ। ਇਸ ਸ਼ਖ਼ਸ ਦੇ ਮਨ ਦੀ ਧਰਾਤਲ 'ਤੇ ਉਹ ਬੀਅ ਪੂਰੀ ਤਰ੍ਹਾਂ ਪੁੰਗਰ ਚੁੱਕਾ ਹੈ, ਜਿਸ ਨੇ ਭਵਿੱਖ ਵਿਚ ਆਪਣੇ ਖੇਤਰ ਦਾ ਛਾਂਦਾਰ ਤੇ ਸੰਘਣਾ ਰੁੱਖ ਬਣਨਾ ਹੀ ਬਣਨਾ ਹੈ। ਉਹਦੇ ਕੋਲ ਸਿੱਖਇਜ਼ਮ, ਦੀਨ ਏ ਇਸਲਾਮ, ਬੁੱਧ ਦੇ ਧੰਮ, ਈਸਾਈਅਤ ਤੇ ਨਾਸਤਿਕਤਾਵਾਦ ਦੀ ਅਸੀਮ ਜਾਣਕਾਰੀ ਹੈ, ਜਦਕਿ ਉਸ ਨੂੰ ਪਹਿਲੀ ਨਜ਼ਰੇ 'ਵੇਖਣ' 'ਤੇ ਇਸ ਗੱਲ ਦੀ ਕੰਨਸੋਅ ਤਕ ਨਹੀਂ ਮਿਲਦੀ।
ਉਸ ਨੇ ਚਰਚਿਤ ਅਖ਼ਬਾਰਾਂ ਤੋਂ ਲੈ ਕੇ ਗ਼ੈਰ-ਚਰਚਿਤ ਮੀਡੀਆ ਅਦਾਰਿਆਂ ਨਾਲ ਕੰਮ ਕੀਤਾ ਹੋਇਆ ਹੈ। ਕੈਨੇਡਾ/ਅਮਰੀਕਾ ਤੋਂ ਛੱਪਦੇ 'ਕਾਪੀ-ਪੇਸਟ' ਅਖ਼ਬਾਰਾਂ ਤੋਂ ਲੈ ਕੇ ਸੰਜੀਦਾ ਪਹੁੰਚ ਵਾਲੇ ਮੀਡੀਆ ਅਦਾਰਿਆਂ ਵਿਚ ਦਾਖ਼ਲ ਹੋ ਕੇ ਉਹ ਭਾਂਤ-ਭਾਂਤ ਦਾ ਤਜਰਬਾ ਹਾਸਿਲ ਕਰ ਚੁੱਕਾ ਹੈ, ਜਿਸ ਦੇ ਸਦਕਾ ਉਹਦੇ ਕੋਲ ਵਿਲੱਖਣ ਕਿਸਮ ਦੀ ਸ਼ਬਦਾਵਲੀ ਦਾ ਭੰਡਾਰ ਹੈ, ਆਖ ਸਕਦੇ ਹਾਂ ਕਿ ਉਹ ਕਿਸੇ ਵੀ ਸਮਾਗਮ ਵਿਚ ਲੱਛੇਦਾਰ ਸੰਬੋਧਨ ਕਰਨ ਵਾਲਾ ਸਟੇਜ ਸੰਚਾਲਕ ਹੋਣ ਤੋਂ ਇਲਾਵਾ, ਚੰਗਾ ਕੁਮੈਂਟੇਟਰ, ਸੰਜੀਦਾ ਮੀਡੀਆਕਾਰ, ਨਫ਼ੀਸ ਦੋਸਤ ਤੇ ਲੋਕਾਈ ਦਾ ਹਮਦਰਦ ਹੈ। ਹਾਂ, ਉਹਦੇ ਵਿਚ ਇਕ ਕਮੀ ਹੈ ਕਿ ਉਸ ਨੂੰ ਤਿਕੜਮਬਾਜ਼ੀ, ਪੇਸ਼ਬੰਦੀਆਂ ਤੇ ਆਪਣੇ ਪੱਖ ਵਿਚ ਹਾਲਾਤਸਾਜ਼ੀ ਉਸ ਪੱਧਰ 'ਤੇ ਨਹੀਂ ਕਰਨੀ ਆਉਂਦੀ ਜਿੰਨੀ ਕਿ 'ਕਾਮਯਾਬ' ਬੰਦਿਆਂ ਨੂੰ ਸਹਿਜ ਹੀ ਕਰਨੀ ਆਉਂਦੀ ਹੁੰਦੀ ਹੈ।
ਉਹ ਸਿੱਧੇ ਤੌਰ 'ਤੇ ਆਖਦਾ ਹੈ ਕਿ ਵਿਗਿਆਨਕ ਵਿਸ਼ਿਆਂ ਦੇ ਅਧਿਐਨ ਤੋਂ ਉਸ ਨੇ ਇਹ ਗੱਲ ਸਿੱਖੀ ਹੈ ਕਿ ਮਨੁੱਖ ਆਪਣੇ ਜੀਨਜ਼, ਆਪਣੇ ਡੀ.ਐੱਨ.ਏ., ਪਰਿਵਾਰਕ ਖ਼ੂਨ, ਅੰਗਾਂ-ਸਾਕਾਂ ਤੇ ਆਲੇ-ਦੁਆਲੇ ਦੀ ਪੈਦਾਵਾਰ ਹੁੰਦਾ ਹੈ, ਜੋ ਕਿ ਉਹ ਵੀ ਹੈ, ਇਸ ਲਈ ਉਹ ਕੱਤਈ ਤੌਰ 'ਤੇ 'ਲਾਬਿੰਗ' ਕਰ ਕੇ 'ਅੱਗੇ ਵਧਣ' ਵਾਲਾ ਮੀਡੀਆਕਾਰ ਤਾਂ ਨਹੀਂ ਬਣ ਸਕੇਗਾ।
ਉਸ ਵਿਚ 'ਨੁਕਸ' ਇਹ ਹੈ ਕਿ ਉਹ ਇੱਕੋ ਸਮੇਂ ਸਾਹਿਤਕ ਸਮਝ ਵਾਲਾ ਤੇ ਦਾਰਸ਼ਨਿਕਤਾ ਸਰੋਕਾਰਾਂ ਵਾਲਾ ਹੋਣ ਕਰ ਕੇ ਆਮ ਮਾਹੌਲ ਵਿਚ ਢਲਣ ਤੋਂ ਖੁੰਝ ਵੀ ਜਾਂਦਾ ਹੈ। ਜਦਕਿ ਵੇਖਿਆ ਜਾਵੇ ਤਾਂ ਇਹ ਗੁਣ ਉਸ ਦੀ ਕਿਰਤ, ਫੇਰ ਭਾਵੇਂ ਸੋਧੀ ਗਈ ਰਿਪੋਰਟ ਜਾਂ ਖ਼ਬਰ ਹੋਵੇ ਤੇ ਭਾਵੇਂ ਨਿੱਜੀ ਰਚਨਾ ਹੋਵੇ, ਵਿੱਚੋਂ ਚਾਨਣ ਦੀਆਂ ਸੂਖਮ ਰਿਸ਼ਮਾਂ ਕਿਰਦੀਆਂ ਤੇ ਮਨ ਨੂੰ ਸਹਿਲਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਨੇ ਪੱਤਰਕਾਰੀ ਵਿਚ ਕੋਈ ਰਸਮੀ ਡਿਗਰੀ ਤਾਂ ਨਹੀਂ ਕੀਤੀ ਹੋਈ, ਪਰ ਖ਼ਬਰਾਂ ਸੋਧ-ਸੋਧ ਕੇ ਤੇ ਖ਼ਬਰਾਂ ਰੱਚ-ਰੱਚ ਕੇ ਜੋ ਕਾਰਜ ਅੰਜਾਮ ਦਿੱਤਾ ਹੈ, ਉਹ ਕਿਸੇ ਰਸਮੀ ਡਿਗਰੀ ਤੋਂ ਘੱਟ ਵੀ ਨਹੀ।
ਪੱਤਰਕਾਰੀ ਨੂੰ ਮਿਸ਼ਨ ਬਣਾ ਕੇ ਜੁ ਚੱਲਿਆ ਹੋਇਐ
ਉਸ ਦੇ ਸੁਭਾਅ ਦਾ ਮੀਰੀ ਗੁਣ ਇਹ ਹੈ ਕਿ ਉਹ ਕਿਸੇ ਵੀ ਫ਼ਿਰਕੇ ਜਾਂ ਧਰਮ ਪ੍ਰਤੀ ਸੌੜੀ ਸੋਚ ਨਹੀਂ ਰੱਖਦਾ ਤੇ ਵਸੀਹ ਮਾਲੂਮਾਤ ਦਾ ਕਾਇਲ ਰਹਿੰਦਾ ਹੈ। ਉਸ ਨਾਲ ਮਿਲ-ਵਰਤ ਕੇ ਤੇ ਲਗਾਤਾਰ ਰਾਬਤਾ ਬਣਾਉਣ 'ਤੇ ਇਹ ਮਹਿਸੂਸ ਹੋ ਜਾਂਦਾ ਹੈ ਕਿ ਕੋਈ 'ਡੂੰਘਾਈ' ਤਾਂ ਹੈ, ਜਿਹੜੀ ਉਸ ਦੀ 'ਅੰਦਰਲੀ ਕਮਾਈ' ਬਣ ਚੁੱਕੀ ਹੈ, ਭਾਵੇਂ ਉਹ ਕਦੇ ਵੀ ਅਜਿਹਾ ਕੋਈ ਪੱਖ ਜ਼ਾਹਿਰ ਕਰਨ ਦਾ ਸੁਚੇਤ ਯਤਨ ਤਾਂ ਨਹੀਂ ਕਰਦਾ ਪਰ ਐੱਮ.ਏ. (ਪੰਜਾਬੀ ਸਟ੍ਰੀਮ) ਕਰ ਚੁੱਕਾ ਕੋਈ ਵਿਅਕਤੀ ਇਸ ਕਿਸਮ ਦਾ 'ਸਨਕੀ' ਵੀ ਨਹੀਂ ਹੁੰਦਾ ਜਿਵੇਂ ਉਹ ਆਪਣੇ ਖੇਤਰ ਦੇ ਉਤਪਾਦ ਮਸਲਨ ਖ਼ਬਰਾਂ, ਰਿਪੋਰਟਾਂ ਦੀ ਸ਼ਬਦਾਵਲੀ ਤੇ ਨਕਸ਼-ਨੁਹਾਰ ਨੂੰ ਲੈ ਕੇ ਸਨਕੀ ਜਿਹਾ ਬਣਿਆ ਰਹਿੰਦਾ ਹੈ। ਜੀ ਹਾਂ, ਪੜ੍ਹਾਈ ਤੇ ਅਕਾਦਮਿਕ ਅਧਿਐਨ ਦੇ ਨਾਂ 'ਤੇ ਉਹ ਸਿਰਫ਼ ਐੱਮ.ਏ. ਪਾਸ ਹੈ। ਹੋਰ ਕੋਈ ਰਸਮੀ ਡਿਗਰੀ ਨਹੀਂ।
ਹਰ ਰੋਜ਼ ਦੇ ਨੌਕਰੀਪੇਸ਼ਾ ਜੀਵਨ ਵਿਚ ਸਾਹਿਤ ਪੜ੍ਹ ਲੈਣਾ ਤੇ ਉਸ ਦਾ ਕੇਂਦਰੀ ਤੱਤ ਅੰਦਰ ਜਜ਼ਬ ਕਰ ਲੈਣਾ ਆਸਾਨ ਨਹੀਂ ਹੁੰਦਾ ਪਰ ਉਹ ਖ਼ਬਰਾਂ ਦੇ ਕਿੱਤੇ ਵਿਚ ਵਾਬਸਤਾ ਹੋਣ ਦੇ ਬਾਵਜੂਦ ਸੰਸਾਰ ਦੇ ਕਲਾਸਿਕ (ਸ਼ਾਹਕਾਰ) ਸਾਹਿਤ ਨੂੰ ਪੜ੍ਹਨ ਲਈ ਹਮੇਸ਼ਾਂ ਤਾਂਘਵਾਨ ਰਹਿੰਦਾ ਹੈ, ਉਹਦੇ ਕੋਲ ਮੈਕਸਿਮ ਗੋਰਕੀ, ਕਾਮੂ, ਹਰਮਨ ਹੈਸ ਤੋਂ ਲੈ ਕੇ ਮੁਨਸ਼ੀ ਪ੍ਰੇਮ ਚੰਦ, ਬਲਰਾਜ ਸਾਹਨੀ, ਜਸਵੰਤ ਸਿੰਘ ਕੰਵਲ, ਨਾਨਕ ਸਿੰਘ ਤੋਂ ਸ਼ੁਰੂ ਹੋ ਕੇ ਜਸਵੀਰ ਮੰਡ, ਜਸਵੰਤ ਦੀਦ, ਜਸਵੀਰ ਰਾਣਾ ਵਗੈਰਾ-ਵਗੈਰਾ-ਵਗੈਰਾ ਸਾਹਿਤਕਾਰਾਂ ਤੇ ਰਚਨਾਕਾਰਾਂ ਦੀਆਂ ਰਚਨਾਵਾਂ ਦੇ ਅਧਿਐਨ ਦਾ ਤੱਤਸਾਰ ਮੌਜੂਦ ਹੈ। ਮੌਜੂਦਾ ਦੌਰ ਤਕ ਉਹ ਨਿਊਜ਼ ਡੈਸਕ ਦਾ ਕਾਮਾ ਹੈ ਤੇ ਨਿਊਜ਼ ਡੈਸਕ 'ਤੇ ਕੰਮ ਦੀ ਇਕਰਸਤਾ ਹੋਣੀ ਸੁਭਾਵਕ ਹੁੰਦੀ ਹੈ ਪਰ ਨਹੀਂ!!! ਉਹ ਹਰ ਰੋਜ਼ ਪ੍ਰਯੋਗਸ਼ੀਲ ਵਿਰਤੀ ਨਾਲ 'ਡੈਸਕ ਦੇ ਮੈਦਾਨ' 'ਤੇ ਉੱਤਰਦਾ ਹੈ, ਆਪਣੇ ਹੀ ਬਣਾਏ ਸਿਰਲੇਖ ਰੱਦ ਕਰਨੇ ਤੇ ਦੂਜੇ ਦਿਨ ਨਵੀਂ ਸ਼ੈਲੀ ਵਿਚ ਖ਼ਬਰ ਨੂੰ ਪੇਸ਼ ਕਰਨਾ ਉਸ ਦਾ ਸ਼ਗ਼ਲ ਨਹੀਂ ਸਗੋਂ ਮਿਲੀ ਚੁਣੌਤੀ ਨੂੰ ਦਿੱਤਾ ਜਵਾਬ ਹੁੰਦਾ ਹੈ।
ਗ਼ਲਤੀਆਂ ਕਰਦੈ ਤੇ ਮੰਨਦਾ ਵੀ ਹੈ ਜ਼ਰੂਰ
ਇਸ ਦੇ ਬਾਵਜੂਦ ਉਹ ਆਪਣੇ ਕੰਮ ਵਿਚ ਗ਼ਲਤੀਆਂ ਕਰਦਾ ਹੈ। ਉਹ ਖ਼ੁਦ ਦੱਸਦਾ ਹੈ ਕਿ ਉਸ ਨੇ ਬਿਹਤਰੀਨ ਦੋਸਤ ...ਤੇ ਦੋਸਤ ਤੋਂ ਬਦਲ ਕੇ ਦੁਸ਼ਮਨ ਵੀ ਇਸੇ ਖੇਤਰ ਵਿਚ ਹੋਣ ਕਰ ਕੇ 'ਪ੍ਰਾਪਤ' ਕੀਤੇ ਹਨ, ਕਿਉਂਕਿ ਉਹ ਖ਼ੁਦ ਮੰਨਦਾ ਹੈ ਕਿ ਨਾ-ਸਿਰਫ਼ ਲੋਕ ਆਪਣੇ ਨਜ਼ਰੀਏ ਮੁਤਾਬਕ ਉਸ ਬਾਰੇ ਗ਼ਲਤ ਅੰਦਾਜ਼ਾ ਲਾ ਲੈਂਦੇ ਹਨ ਤੇ ਸਗੋਂ ਉਹ ਖ਼ੁਦ ਵੀ ਲੋਕਾਂ ਬਾਰੇ ਗ਼ਲਤ ਅੰਦਾਜ਼ੇ ਲਾਉਂਦਾ ਰਿਹਾ ਹੈ। ਇਕ ਵਾਰ ਉਸ ਨੇ ਦੱਸਿਆ ਕਿ ਉਸ ਨੇ ਬਿਹਤਰੀਨ ਦੋਸਤ ਤੇ ਹਮਦਰਦ ਸਿਰਫ਼ ਇਸੇ ਕਰ ਕੇ ਗੁਆ ਲਏ ਹਨ ਕਿਉਂਜੋ ਉਹ ਆਪਣੇ ਵੱਲੋਂ ਵਿਖਾਈ ਅਪਣੱਤ ਮੁਤਾਬਕ ਖ਼ੁਦ ਹੀ ਦੂਜਿਆਂ ਦੇ ਕੰਮ ਨਾ ਆ ਸਕਿਆ। ਅਜਿਹੇ ਈਮਾਨਦਾਰਾਨਾ ਇੰਕਸ਼ਾਫ਼ ਕਰਨੇ ਵੀ ਖ਼ੁਦ ਇਸੇ ਸ਼ਖ਼ਸ ਦੇ ਹਿੱਸੇ ਆਏ ਹਨ। ਉਹ ਖੁੱਲ੍ਹ ਕੇ ਆਖਦਾ ਹੈ ਕਿ ਬੰਦਾ ਜੰਮਦਾ ਕਦੇ ਅਕਲਮੰਦ ਨਹੀਂ ਹੁੰਦਾ ਸਗੋਂ ਲੜੀਵਾਰ ਗ਼ਲਤੀਆਂ ਤੇ ਗ਼ੈਰਾਂ ਦਾ ਵਤੀਰਾ ਹੀ ਉਸ ਨੂੰ ਸੱਚਾਈ ਦੇ ਸਨਮੁੱਖ ਕਰਦਾ ਹੈ।
ਉਸ ਦੇ ਵਿਚਾਰ ਸੁਣੋ ਤੋਂ ਇੰਜ ਲੱਗਦਾ ਹੈ ਕਿ ਜਿਵੇਂ ਕੋਈ 'ਬਾਬਾ' ਜਾਂ ਬੇਹੱਦ ਉਮਰਦਰਾਜ ਬੰਦਾ 'ਆਪਣੇ ਵੇਲੇ' ਦੀ ਕੋਈ ਗੱਲ ਸੁਣਾ ਰਿਹਾ ਹੋਵੇ, ਪਰ ਇਹ ਵੀ ਨਹੀਂ ਉਸ ਨੂੰ ਮਾਡਰਨ ਸਰੋਕਾਰਾਂ ਬਾਰੇ ਵੀ ਪਤਾ ਹੈ। ਉਸ ਦਾ ਹੂਲੀਆ, ਲਿਬਾਸ ਤੇ ਚਾਲ-ਢਾਲ ਕੋਈ ਖ਼ਾਸ ਪੁਰਾਣੇ ਢੰਗ ਦੇ ਵੀ ਨਹੀਂ, ਹਾਂ ਇੰਨਾ ਸ਼ੱਕ ਜ਼ਰੂਰ ਹੈ ਕਿ ਦਿਮਾਗ ਦਾ ਮਣਕਾ ਜ਼ਰਾ ਵੱਧ ਰਫ਼ਤਾਰ ਨਾਲ ਘੁੰਮ ਗਿਆ ਹੈ ਤੇ ਉਹ ਉਮਰੋਂ ਪਹਿਲਾਂ ਹੀ 'ਉਮਰਦਰਾਜ' ਹੋ ਚੁੱਕਾ ਹੈ। ਕਈ ਵਾਰ ਉਹ ਇੰਨਾ ਗਹਿਰ ਗੰਭੀਰ ਹੋ ਕੇ ਗੱਲ-ਕੱਥ ਕਰਦਾ ਹੈ ਜਿਵੇਂ ਕੋਈ ਧਰਮਗੁਰੂ ਕਿਸੇ ਮਰਿਆਦਾ ਦੀ ਉਲੰਘਣਾ ਜਾਂ ਪਾਲਣਾ ਦੀ ਗੱਲ ਕਰਦਾ ਪਿਆ ਹੋਵੇ, ਜ਼ਿਆਦਾਤਰ ਉਹ ਠੇਠ ਭਾਸ਼ਾ ਵਿਚ ਗੱਲ ਕਰਦਾ ਹੈ ਪਰ ਜਲੰਧਰ ਵਰਗਾ ਇਲਾਕਾ ਜਿੱਥੇ ਅੱਧੇ ਤੋਂ ਵੱਧ ਪਿੰਡ, ਪਿੰਡ ਨਹੀਂ ਰਹੇ, ਉੱਥੇ ਰਹਿੰਦਾ ਬੰਦਾ ਹੋਰ ਈ ਤਰ੍ਹਾਂ ਦਾ ਹੁੰਦਾ ਹੈ। ਇਹ ਉਹ ਧਰਤ ਹੈ, ਜਿੱਥੇ ਬੁੱਧ ਦਾ ਧੰਮ (ਧਰਮ) ਫੈਲਿਆ ਤੇ ਬੁੱਧ ਵਿਹਾਰ ਵੀ ਸਭ ਤੋਂ ਵੱਧ ਇਥੇ ਈ ਹੁੰਦੇ ਸਨ, ਇੱਥੇ ਹੀ ਇਸਲਾਮ ਦੀ ਤਰਬੀਅਤ ਦੇ ਦੀਨੀ ਮਰਕਜ਼ ਹੋਇਆ ਕਰਦੇ ਸਨ, ਇਥੇ ਹੀ ਸਿੰਘ ਸਭਾ ਲਹਿਰ ਦੇ ਵਿਦਵਾਨ ਸਿਰ ਜੋੜ ਕੇ ਕੌਮ ਨੂੰ ਪ੍ਰੋਗਰਾਮ ਦਿਆ ਕਰਦੇ ਸਨ, ਇੱਥੇ ਹੀ ਪੰਜਾਬੀਅਤ ਦਾ ਮੋਢੀ ਕਵੀ ਪ੍ਰੋ. ਮੋਹਨ ਸਿੰਘ ਕਦੇ ਰਹਿੰਦਾ ਹੁੰਦਾ ਸੀ, ਅੰਗਰੇਜ਼ ਆਏ ਤਾਂ ਇਹੀ ਸ਼ਹਿਰ ਈਸਾਈ ਮਿਸ਼ਨਰੀਆਂ ਤੇ ਵਿਦਵਾਨਾਂ ਦੀ ਸਰਗਰਮੀ ਦੀ ਸਰਜ਼ਮੀਨ ਹੁੰਦਾ ਸੀ। ਭਾਵ ਕਿ ਉਸ ਦਾ ਜਲੰਧਰ ਵਿਚ ਜੰਮਣਾ ਤੇ ਪਰਵਾਨ ਚੜ੍ਹਨਾ ਵੀ ਕੁਦਰਤ ਦੀ ਯੋਜਨਾਬੰਦੀ ਦਾ ਹਿੱਸਾ ਲੱਗਣ ਲੱਗ ਪੈਂਦਾ ਹੈ।
ਏਨਾ ਕੁਝ ਲਿਖਣ ਦਾ ਮਤਲਬ ਇਹ ਦੱਸਣਾ ਕੱਤਈ ਤੌਰ 'ਤੇ ਨਹੀਂ ਹੈ ਕਿ ਪੱਤਰਕਾਰੀ ਵਿਚ ਪਿਆ ਇਹ ਬੰਦਾ ਕੋਈ ਔਲੀਆ ਜਾਂ ਬੋਧੀਸਤਵ ਹੈ ਸਗੋਂ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਇਕ ਪੱਤਰਕਾਰ ਇਹੋ ਜਿਹਾ ਵੀ ਹੋ ਸਕਦਾ ਹੈ।
ਨਿਊਜ਼ ਡੈਸਕ ਉਸ ਦਾ ਕਾਰਜਖੇਤਰ ਹੈ ਤੇ ਸਾਹਿਤ ਪੜ੍ਹਨਾ/ ਖ਼ਾਸਕਰ ਸੰਸਾਰ ਦਾ ਸ਼ਾਹਕਾਰ ਸਾਹਿਤ ਪੜ੍ਹਨਾ ਉਸ ਦੇ ਲਈ ਜਨੂੰਨ ਹੈ, ਬਿਨਾਂ ਕੋਈ ਸੁਚੇਤ ਯਤਨ ਕੀਤਿਆਂ ਸੰਵੇਦਨਸ਼ੀਲ ਵਾਕਫ਼ ਦੇ ਮਨ-ਮਸਤਕ ਉੱਤੇ ਤਾ-ਉਮਰ ਲਈ ਅਸਰਅੰਦਾਜ਼ ਹੋ ਜਾਣਾ, ਉਹ ਸਭ ਕਰਨ ਦਾ ਵੱਲ (ਢੰਗ) ਉਸ ਨੂੰ ਆਉਂਦਾ ਹੈ, ਹਾਂ ਕਦੇ ਜ਼ਿੰਦਗੀ ਦੇ ਕਿਸੇ ਮੋੜ 'ਤੇ ਉਹ ਮਿਲ ਪਵੇ ਜਾਂ ਯਕੀਨੀ ਤੌਰ 'ਤੇ ਇੰਜ ਹੀ ਹੋਵੇਗਾ।
ਉਹ ਇਸ ਵੇਲੇ ਪੰਜਾਬੀ ਦੀ ਸਿਰਮੌਰ ਅਖ਼ਬਾਰ 'ਪੰਜਾਬੀ ਜਾਗਰਣ' ਦੇ ਨਿਊਜ਼ ਡੈਸਕ 'ਤੇ ਕੰਮ ਕਰਦਾ ਹੈ।
ਪੇਸ਼ਕਸ਼ : ਧੀਰਜ ਰਾਓਵਾਲੀ
ਸੰਪਰਕ 81949 75810