CHRISTIANFORT

THE NEWS SECTION

ਸਰਕਾਰੀ ਹਸਪਤਾਲਾਂ ਦੀ ਬਦਇੰਤਜ਼ਾਮੀ ਤੇ ਪਰਦੇ ਪਿੱਛੇ ਲੁਕੇ ਬੈਠੇ ਮਨੁੱਖੀ ਸ਼ੈਤਾਨ


ਦੀਦਾਵਰ ਦਾ ਹੁਨਰ -18


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਹੁਣ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ। ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]

JALANDHAR:

ਸਰੀਰਕ ਪੱਖੋਂ ਰਾਜ਼ੀ ਬੰਦਾ ਹੀ ਜ਼ਿੰਦਗੀਆਂ ਦੀਆਂ ਚੁਣੌਤੀਆਂ ਨਾਲ ਜੂਝਣ ਦੇ ਸਮਰਥ ਹੁੰਦਾ ਹੈ। ਸਾਡਾ ਸੰਵਿਧਾਨ ਵੀ 'ਨਾਗਰਿਕਾਂ' ਨੂੰ ਸਿਹਤ, ਸਿੱਖਿਆ, ਸਨਮਾਨ ਦੀ 'ਗਾਰੰਟੀ' ਦਿੰਦਾ ਹੈ ਪਰ ਉਸ ਮਹਾਨ ਕਿਤਾਬ ਵਿਚ ਦਰਜ ਅਲਫ਼ਾਜ਼ ਕਦੇ ਵੀ ਹਕੀਕੀ ਅਮਲ ਵਿਚ ਨਹੀਂ ਆਉਂਦੇ। ਅੰਨ੍ਹੇਵਾਹ ਪੈਸਾ ਕਮਾਉਣ ਦੀ ਹੋੜ ਤੇ ਦੌੜ ਕਾਰਨ ਮੈਡੀਕਲ ਖੇਤਰ ਵੀ 'ਮਨੀ ਮਾਈਂਡਿਡ' ਲੋਕਾਂ ਦੇ ਗ਼ਲਬੇ ਹੇਠ ਆ ਗਿਆ ਹੈ। ਗ਼ਰੀਬ ਗ਼ੁਰਬਾ ਮਰ ਵੀ ਜਾਵੇ ਤਦ ਵੀ ਨਿਰਮੋਹਿਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸਿਹਤ ਮੰਤਰੀ ਕਾਰਵਾਈ ਨਹੀਂ ਕਰਦਾ, ਸਿਹਤ ਮਾਮਲਿਆਂ ਦਾ ਪਾਰਲੀਮਾਨੀ ਸੱਕਤਰ ਛਾਪੇਮਾਰੀ ਨਹੀਂ ਕਰਦਾ। ਇੱਕੋ ਬਹਾਨਾ ਕਿ ਸਾਡੇ ਕੋਲ ਤਾਂ ਡਾਕਟਰ ਘੱਟ ਨੇ, ਤੁਸੀਂ ਲੱਭ ਕੇ ਲਿਆ ਦਿਓ, ਤੁਰੰਤ ਨਿਯੁਕਤ ਕਰ ਦਿਆਂਗੇ, ਵਗੈਰਾ ਵਗੈਰਾ। ਇਸ ਤਰ੍ਹਾਂ ਪੂਰੀ ਪਲਾਨਿੰਗ ਨਾਲ ਮਨੁੱਖੀ ਦੋਖੀ ਸਿਸਟਮ ਉਸਾਰਿਆ ਤੇ ਵਿਕਸਤ ਕੀਤਾ ਜਾਂਦਾ ਹੈ।


(2)

ਅੱਜ ਦੇਸ਼ ਦੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿਚ ਚਲੇ ਜਾਓ। ਸਾਰੇ ਪਾਸੇ ਸਮਝ ਨਾ ਪੈ ਸਕਣ ਵਾਲਾ ਗੋਰਖਧੰਦਾ ਚੱਲਦਾ ਮਿਲੇਗਾ। ਮਾਲਕਨੁਮਾ ਡਾਕਟਰ ਆਪਣੀ ਟੇਢੀ-ਮੇਢੀ ਲਿਖਾਈ ਵਿਚ ਜਿਹੜੀ ਦਵਾਈ ਖਾਣ ਲਈ ਲਿਖਦੇ ਹਨ, ਉਹ ਸਿਰਫ਼ ਉਸ ਦੀ ਮਾਲਕੀ ਵਾਲੇ ਹਸਪਤਾਲ ਅੰਦਰ ਬਣੀ ਕੈਮਿਸਟ ਸ਼ੌਪ ਤੋਂ ਮਿਲੇਗੀ, ਹੋਰ ਕਿਤਿਓਂ ਨਹੀਂ। ਅਸੂਲ ਤਾਂ ਇਹ ਹੁੰਦਾ ਹੈ ਕਿ ਜਦੋਂ ਕਿਸੇ ਸਰਮਾਏਦਾਰ ਨੂੰ ਨਿੱਜੀ ਹਸਪਤਾਲ ਖੋਲ੍ਹਣ ਦਾ ਲਾਈਸੈਂਸ ਦਿੱਤਾ ਜਾਂਦਾ ਹੈ ਤਾਂ ਉਸ ਵਿਚ ਮੱਦ ਦਰਜ ਹੁੰਦੀ ਹੈ ਕਿ ਉਹ ਸਾਧਨਹੀਣ ਲੋਕਾਂ ਨੂੰ ਲਾਗਤ ਮੁੱਲ 'ਤੇ ਇਲਾਜ-ਲਾਭ ਮੁਹੱਈਆ ਕਰਾਏਗਾ ਪਰ ਖ਼ਰਚਿਆਂ ਤੇ ਮੁਨਾਫ਼ਾ ਘੱਟ ਹੋਣ ਦਾ ਰੌਲਾ ਪਾ ਕੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਮਾਲਕ ਕਿਸੇ ਗ਼ਰੀਬ ਗ਼ੁਰਬੇ ਜਾਂ ਸਾਧਨਹੀਣ ਮਰੀਜ਼ ਦਾ ਇਲਾਜ ਨਹੀਂ ਕਰਦਾ। ਦੇਸ਼ ਵਿਚ ਵੱਡੀ ਗਿਣਤੀ ਵਿਚ ਲੋਕ ਸਰਕਾਰੀ ਜਾਂ ਸਿਵਲ ਹਸਪਤਾਲਾਂ ਵਿਚ ਧੱਕੇ ਖਾਂਦੇ ਹਨ, ਉੱਥੋਂ ਦੇ ਬਦਤਮੀਜ਼ ਸਟਾਫ਼ ਹੱਥੋਂ ਬੇਇੱਜ਼ਤ ਹੁੰਦੇ ਹਨ। ਸਾਡੇ ਹਾਕਮ ਬਹੁਤ ਚਾਲਾਕ ਹਨ, ਉਹ ਲੋਕਾਂ ਨੂੰ ਹੋਰ-ਹੋਰ ਗੱਲਾਂ ਵਿਚ ਉਲਝਾਅ ਕੇ ਰੱਖਦੇ ਹਨ। ਹੈਰਾਨੀ ਇਹ ਹੈ ਕਿ ਜਿਹੜਾ ਡਾਕਟਰ ਸਵੇਰ ਤੋਂ ਸ਼ਾਮ ਤਕ ਕੌੜੇ ਬੋਲ ਬੋਲਦਾ ਮਰੀਜ਼ਾਂ ਨੂੰ ਮਿਲਦਾ ਹੈ, ਸ਼ਾਮ ਨੂੰ ਆਪਣੇ ਨਿੱਜੀ ਕਲੀਨਿਕ ਜਾਂ ਹਸਪਤਾਲ ਵਿਚ ਮਰੀਜ਼ਾਂ ਨਾਲ ਮਿੱਠੇ ਬੋਲ ਬੋਲਦਾ ਨਜ਼ਰੀਂ ਪਵੇਗਾ। ਧੰਨ ਹੈ ਇਸ ਦੇਸ਼ ਦੀ ਜਨਤਾ ਤੇ ਧੰਨ ਨੇ ਉਹ ਲੋਕ ਜਿਹੜੇ ਦੇਸ਼ ਨੂੰ 'ਚਲਾ' ਰਹੇ ਹਨ। ਪਟਿਆਲੇ ਦਾ ਰਜਿੰਦਰਾ ਹਸਪਤਾਲ ਤੇ ਜਲੰਧਰ ਦਾ ਸਿਵਲ ਹਸਪਤਾਲ ਮੇਰੇ ਖ਼ਿਆਲ ਨਾਲ ਪੂਰੇ ਏਸ਼ੀਆ ਵਿਚ 'ਨਾਮਣੇ' ਵਾਲੇ ਹਸਪਤਾਲ ਹਨ। ਕੁਝ ਵੀ ਹੋ ਜਾਵੇ, ਕਿਸੇ ਡਾਕਟਰ ਜਾਂ ਸਿਵਲ ਸਰਜਨ 'ਤੇ ਕਾਰਵਾਈ ਨਹੀਂ ਹੁੰਦੀ ਸਗੋਂ ਇਹ ਲੋਕ ਪ੍ਰਸ਼ੰਸਾ ਪੱਤਰ ਲੈਂਦੇ ਹਨ ਤੇ ਆਪੋ ਆਪਣੇ ਫੇਸਬੁੱਕ ਪੰਨਿਆਂ 'ਤੇ ਚੜ੍ਹਾ ਕੇ ਆਪਣੇ ਮੋਢੇ ਥਾਪੜ ਲੈਂਦੇ ਹਨ।


(3)

ਦੇਸ਼ ਦੇ ਲੋਕ ਚੇਤੰਨ ਨਾ ਹੋ ਜਾਣ। ਦੇਸ਼ ਦੇ ਲੋਕ ਖਰੀ ਪੜ੍ਹਾਈ ਲਿਖਾਈ ਕਰਨ ਮਗਰੋਂ ਕਿਤੇ ਸਿਹਤ ਤੇ ਸਿੱਖਿਆ ਦਾ ਹੱਕ ਨਾ ਮੰਗ ਲੈਣ ਇਸ ਕਰ ਕੇ ਚਾਲਾਕ ਤੇ ਲੋਕ-ਦੋਖੀ ਹਾਕਮ ਹਮੇਸ਼ਾ ਤੋਂ ਕੁਝ 'ਨਕਲੀ ਤੇ ਬੇਸਿਰ ਪੈਰ ਦੇ ਮੁੱਦੇ' ਜ਼ਰਖ਼ਰੀਦ ਗ਼ੁਲਾਮਾਂ ਤੋਂ ਤਿਆਰ ਕਰਾ ਲੈਂਦੇ ਹਨ। ਮਸਲਨ - ਸਾਡੇ ਦੇਸ਼ ਵਿਚ ਸਰਕਾਰੀ ਹਸਪਤਾਲ ਵਿਚ ਕੋਈ ਮਰੀਜ਼ ਇਲਾਜ ਖੁਣੋਂ ਮਰ ਜਾਵੇ, ਇਹ ਕੋਈ ਖ਼ਬਰ ਨਹੀਂ, ਸਿਵਲ ਸਰਜਨ ਨੂੰ ਪੁੱਛੋਂ ਤਾਂ ਉਹ ਰਟਿਆ ਰਟਾਇਆ ਜਵਾਬ ਦੇਵੇਗਾ ਕਿ ਕਮੇਟੀ ਗਠਤ ਕਰ'ਤੀ ਹੈ ਤੇ ਕਮੇਟੀ ਜਾਂਚ ਰਿਪੋਰਟ ਦੇਵੇਗੀ। ਇਹ ਲੋਕ ਏਨੇ ਘਾਗ ਹੋ ਚੁੱਕੇ ਹਨ ਕਿ ਭਾਰਤ ਦੇ ਅਖ਼ਬਾਰ ਤੇ ਨਿਊਜ਼ ਚੈਨਲ ਤਾਂ ਕੀ ਸਗੋਂ ਬੀ.ਬੀ.ਸੀ ਤੇ ਸੀ.ਐੱਨ.ਐੱਨ. ਜਿਹੇ ਪਰਦੇਸੀ ਮੀਡੀਆ ਅਦਾਰੇ ਵੀ ਪੂਰੀ ਤਰ੍ਹਾਂ ਇਨ੍ਹਾਂ ਲੋਕਾਂ ਦਾ ਪਾਜ ਨਹੀਂ ਨੰਗਾ ਕਰ ਸਕੇ।


(4)

ਦੂਰ ਕੀ ਜਾਣਾ, ਇਕ ਦੋ ਦਿਨ ਪਹਿਲਾਂ, ਫਿਰੋਜ਼ਪੁਰ ਵਿਚ ਲਛਮੀ ਦੇਈ ਨਾਂ ਦੀ ਇਕ ਹਿੰਦੀ ਭਾਸ਼ੀ ਮਜ਼ਦੂਰ ਔਰਤ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਉਹਦਾ ਪੁੱਤਰ ਮੋਹਨ ਥ੍ਰੀਵੀਲ੍ਹਰ 'ਤੇ ਸਰਕਾਰੀ ਹਸਪਤਾਲ ਲੈ ਕੇ ਆਇਆ। ਸਾਧਨਹੀਣ ਮੋਹਨ ਨੇ ਡਿਊਟੀ 'ਤੇ ਮੌਜੂਦ ਡਾਕਟਰ ਨੂੰ ਵਾਸਤੇ ਪਾਏ, ਹਾੜ੍ਹੇ ਕੱਢੇ ਪਰ ਡਾਕਟਰ ਤੋਂ ਲੈ ਕੇ ਪਰਚੀਆਂ ਕੱਟਣ ਵਾਲੇ ਅਦਨੇ ਮੁਲਾਜ਼ਮ ਦਾ ਦਿਲ ਵੀ ਨਾ ਪਸੀਜਿਆ। ਕਿਸੇ ਨੇ ਬੁੱਢੀ ਠੇਰੀ ਔਰਤ ਨੂੰ ਦਾਖ਼ਲ ਨਹੀਂ ਕੀਤਾ। ਗੰਦਗੀ ਦੇ ਗੜ੍ਹ ਸਰਕਾਰੀ ਹਸਪਤਾਲ ਦੇ ਬਦਬੂ ਭਰੇ ਵਾਤਾਵਰਣ ਵਿਚ ਬਾਹਰ ਮੋਹਨ ਨੇ ਮਾਂ ਲਛਮੀ ਦੇਈ ਨੂੰ ਬਿਠਾਈ ਰੱਖਿਆ ਕਿਉਂਕਿ ਇਲਾਜ ਕਾਮੇ ਫਰਮਾਨ ਦੇ ਚੁੱਕੇ ਸਨ ਕਿ ਸਵੇਰੇ ਸਬੰਧਤ ਡਾਕਟਰ ਆਵੇਗਾ ਤੇ ਜਦੋਂ ਤਕ ਉਹ ਡਾਇਗਨੋਜ਼ ਨਹੀਂ ਕਰ ਲੈਂਦਾ, ਬੁੱਢੀ ਔਰਤ ਨੂੰ ਦਾਖ਼ਲ ਨਹੀਂ ਕਰਨਗੇ। ਇਹ 3 ਅਗਸਤ ਦਾ ਇਹ ਮਾਮਲਾ ਹੈ ਤੇ 4 ਅਗਸਤ ਨੂੰ ਔਰਤ ਦੀ ਮੌਤ ਹੋ ਗਈ। ਮੁੜ ਕੇ ਪ੍ਰੈੱਸ ਵਿਚ ਖ਼ਬਰਾਂ ਛਪੀਆਂ ਤੇ ਪੱਤਰਕਾਰਾਂ ਨੇ ਸਿਵਲ ਸਰਜਨ ਨੂੰ ਪੁੱਛਿਆ। ਉਹ ਅੱਗੋਂ ਕਹਿਣ ਲੱਗਾ ਕਿ ਉਹਦੀ ਜਾਣਕਾਰੀ ਵਿਚ ਮਾਮਲਾ ਨਹੀਂ ਹੈ। ਉਹ ਪੜਤਾਲ ਕਰਾਏਗਾ ਤੇ ਦੋਸ਼ੀ ਡਾਕਟਰ ਵਿਰੁੱਧ ਕਾਰਵਾਈ ਹੋਵੇਗੀ। ਹੁਣ ਕਾਰਵਾਈ ਕਿਹੜੇ ਫਰਿਸ਼ਤੇ ਨੇ ਕਰਨੀ ਹੈ? ਸਰਕਾਰੀ ਹਸਪਤਾਲਾਂ ਵਿਚ ਇਲਾਜ ਕਾਮਿਆਂ ਦੇ ਦਬਕਿਆਂ ਤੇ ਰੁੱਖੇ ਵਤੀਰੇ ਕਾਰਨ ਜਿੱਥੇ ਲੱਖਾਂ ਕਰੋੜਾਂ ਲੋਕ ਮਰੇ ਹਨ, ਇਹ ਮੌਤ ਵੀ ਉਸੇ ਗੂੰਗੇ ਖਾਤੇ ਵਿਚ ਸ਼ੁਮਾਰ ਹੋ ਗਈ। ਇਹ ਹੈ ਦੇਸ਼ ਦੀ ਮੌਜੂਦਾ ਤੇ ਮਨੁੱਖ ਮਾਰੂ ਹਾਲਤ। ਇਸ ਦਾ ਐਂਟੀਡੋਟ (ਤੋੜ) ਚਾਲਾਕ ਹਾਕਮਾਂ ਨੇ ਲੱਭਿਆ ਹੋਇਆ ਹੈ।


1. ਕ੍ਰਿਕਟ ਤੇ ਧਾਰਮਿਕ ਕੱਟੜਤਾ।

2. ਹਰ ਵੇਲੇ ਧੋਨੀ ਦੇ ਬੱਲੇ ਦੀਆਂ ਗੱਲਾਂ।

3. ਹਰ ਵੇਲੇ ਖ਼ਬਰੀ ਚੈਨਲ ਵਿਰਾਟ ਦੇ ਬੈਟ ਬੱਲੇ ਦੀ ਕਰਾਮਤ ਬਾਰੇ ਦੱਸਦੇ ਹਨ।

4. ਤੇਂਦੂਲਕਰ ਕਿਹੜੇ ਮੈਚ ਵਿਚ ਕਿੰਨੀਆਂ ਦੌੜਾਂ ਲਾ ਗਿਆ ਸੀ, ਵਗੈਰਾ ਵਗੈਰਾ।

5. ਅਕਬਰ ਜਾਂ ਔਰੰਗਜ਼ੇਬ ਚੰਗੇ ਸ਼ਾਸਕ ਸਨ ਜਾਂ ਬਹੁਤ ਮਾੜੇ

6. ਦੇਸ਼ ਵਿਚ ਈਸਾਈ ਮਿਸ਼ਨਰੀ ਧਰਮ ਤਬਦੀਲੀ ਕਰਵਾ ਰਹੇ ਹਨ। ਵਗੈਰਾ-ਵਗੈਰਾ।


(5) ਲੋਕ ਹਸਪਤਾਲਾਂ ਵਿਚ ਮਰਦੇ ਪਏ ਹਨ, ਆਪਣੀ ਪੈਨਸ਼ਨ ਬਾਰੇ ਪੁੱਛਣ ਗਏ ਬਜ਼ੁਰਗ ਨੂੰ ਬੈਂਕ ਦਾ ਕੈਸ਼ੀਅਰ ਝਈਆ ਲੈ ਲੈ ਕੇ ਪੈਂਦਾ ਸੀ ਜਾਂ ਜਦੋਂ ਕਿਸੇ ਬਜ਼ੁਰਗ ਨੇ ਮੈਨੇਜਰ ਤੋਂ ਦੁਬਾਰਾ ਪੈਨਸ਼ਨ ਬਾਰੇ ਪੁੱਛਿਆ ਤਾਂ ਮੈਨੇਜਰ ਬਾਦਸ਼ਾਹ ਉਸ ਨੂੰ ਟੁੱਟ ਕੇ ਪੈ ਗਿਆ ਸੀ। ਇਹ ਖ਼ਬਰਾਂ ਹੁਣ ਸਾਡੇ ਪੈਸਾ-ਬਣਾਊ ਮੀਡੀਆ ਦੇ ਫੋਕਸ ਵਿਚ ਨਹੀਂ ਹਨ। 4 ਅਗਸਤ ਨੂੰ ਗ਼ਰੀਬਣੀ ਲਛਮੀ ਦੇਵੀ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਕਾਮਿਆਂ ਦੇ ਮਗ਼ਰੂਰ ਵਤੀਰੇ ਕਾਰਨ ਮਰੀ ਹੈ। ਹੁਣ 15 ਅਗਸਤ ਨੂੰ ਇਹ ਲਾਣਾ ਡਿਪਟੀ ਕਮਿਸ਼ਨਰ ਦੇ ਸੱਦੇ 'ਤੇ ਕੌਮੀ ਆਜ਼ਾਦੀ ਦਿਹਾੜ ਮਨਾਏਗਾ ਤੇ ਦੇਸ਼ ਵਿਚ ਪ੍ਰਾਪਤੀਆਂ ਦੇ ਨਾਂ 'ਤੇ ਗਿੱਧੇ ਪਾਏ ਜਾਣਗੇ, ਔਸੀਆਂ ਪੈਣਗੀਆਂ, ਮੁੱਛਾਂ ਨੂੰ ਵੱਟ ਦੇਣ ਵਾਲੇ ਗੱਭਰੂ ਭੰਗੜੇ ਪਾਉਣਗੇ, ਮੋਟਰਸਾਈਕਲ ਨੂੰ ਹੱਥ ਛੱਡ ਕੇ ਚਲਾਉਣ ਵਾਲੇ ਗੱਭਰੂ ਨੱਚਦੇ ਕੁੱਦਦੇ ਨਜ਼ਰੀਂ ਪੈਣਗੇ। ਇਹ ਸਾਰਾ ਪਾਖੰਡ ਸਰਕਾਰੀ ਸਰਪ੍ਰਸਤੀ ਵਿਚ ਹੁੰਦਾ ਰਿਹਾ ਹੈ ਤੇ ਹੁੰਦਾ ਰਹੇਗਾ।


ਸਥਿਤੀ ਦਾ ਦੂਜਾ ਪਾਸਾ

ਇਸ ਮਨੁੱਖ ਦੋਖੀ ਸੂਰਤੇਹਾਲ ਦਾ ਕੋਈ ਬਦਲ ਹੋ ਸਕਦਾ ਹੈ? ਇਹ ਸ਼ਾਇਦ ਕੋਈ ਨਹੀਂ ਜਾਣਦਾ। ਭਾਰਤੀ ਸਮਾਜ ਦਾ ਕਿਰਦਾਰ ਜਾਣਨ ਵਾਲੇ ਮਾਹਿਰਾਂ ਨਾਲ ਮੈਂ ਸੰਵਾਦ ਰਚਾਉਂਦਾ ਰਹਿੰਦਾ ਹਾਂ। ਉਹ ਪਿਆਰੇ ਜਿਹੇ ਲੋਕ ਹਨ, ਬਹੁਤੀ ਚਤਰਾਈਆਂ ਨੀਂ ਜਾਣਦੇ ਪਰ ਗੱਲ ਟੁਣਕਾਅ ਕੇ ਕਰਦੇ ਹਨ ਤੇ ਪਾਏਦਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ-


1. ਸਰਕਾਰੀ ਹਸਪਤਾਲਾਂ ਨੂੰ ਯੋਜਨਾਬੱਧ ਢੰਗ ਨਾਲ ਬਦਨਾਮ ਕੀਤਾ ਜਾਂਦਾ ਹੈ।

2. ਇਹਦੇ ਪਿੱਛੇ ਤਰਕ ਇਹ ਹੈ ਕਿ ਕਾਰਪੋਰੇਟ ਅਦਾਰੇ ਜਿਹੜੇ ਸਿਹਤ ਜਾਂ ਇਲਾਜ ਵੇਚਣ ਲੱਗ ਪਏ ਹਨ, ਉਹ ਚਾਹੁੰਦੇ ਹਨ ਕਿ ਇਲਾਜ ਖੇਤਰ ਦਾ ਪੂਰੀ ਤਰ੍ਹਾਂ ਨਿੱਜੀਕਰਣ ਕਰ ਦਿੱਤਾ ਜਾਵੇ।

3. ਇਲਾਜ ਦੇ ਵਪਾਰੀ, ਸਿਵਲ ਹਸਪਤਾਲਾਂ ਬਾਰੇ ਛਪੀਆਂ ਖ਼ਬਰਾਂ ਦੀਆਂ ਕਾਤਰਾਂ ਨੂੰ ਆਪਣੇ ਹਿੱਤ ਵਿਚ ਜਮ੍ਹਾਂ ਕਰਦੇ ਹਨ ਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਜ਼ਰਖ਼ਰੀਦ ਟੈਕਨੀਕਲ ਸਟਾਫ ਇਸ ਨੂੰ ਵਾਇਰਲ ਕਰਦਾ ਹੈ।

4. ਇਹ ਸਾਰਾ ਕਾਰਪੋਰੇਟ ਲਾਣਾ ਇਹ ਜਚਾ ਦੇਣਾ ਚਾਹੁੰਦਾ ਹੈ ਕਿ ਇਲਾਜ ਖੇਤਰ ਦੇ ਪ੍ਰਾਈਵੇਟਾਈਜ਼ੇਸ਼ਨ ਤੋਂ ਬਿਨਾਂ ਹੁਣ ਕੋਈ ਰਾਹ ਨਹੀਂ ਬਚਿਆ। ਇਸ ਤਰ੍ਹਾਂ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਲੁੱਟ ਖਸੁੱਟ ਦਾ ਨਿਰ-ਵਿਵਾਦ ਹੱਕ ਮਿਲ ਜਾਂਦਾ ਹੈ।

5. ਇਲਾਜ ਦੇ ਵਪਾਰੀ ਜਦੋਂ ਲੁੱਟ ਕਰਨ ਲਈ ਇਕੱਲੇ ਮੈਦਾਨ ਵਿਚ ਰਹਿ ਜਾਣਗੇ ਤਾਂ ਜਿਹੜੀ ਸਧਾਰਨ ਜਿਹੀ ਸਕੈਨ 230 ਰੁਪਏ ਤੋਂ 310 ਰੁਪਏ ਵਿਚ ਹੋ ਸਕਦੀ ਹੈ, ਉਸ ਦਾ 1500 ਤੋਂ ਲੈ ਕੇ 8500 ਰੁਪਏ ਤਕ ਵਸੂਲੀ ਕੀਤੀ ਜਾਵੇਗੀ।

6. ਲੁਟੇਰੇ ਵਪਾਰੀ ਦਵਾਈਆਂ ਨੂੰ ਛਪੇ ਮੁੱਲ 'ਤੇ ਵੇਚਣਗੇ ਤੇ ਪੱਤਰਕਾਰਾਂ ਦਾ ਆਪਣੇ ਹਸਪਤਾਲਾਂ ਵਿਚ ਦਾਖ਼ਲਾ ਬੈਨ ਕਰਾ ਦੇਣਗੇ। ਵਗੈਰਾ-ਵਗੈਰਾ।


(6) ਹਾਲਾਂਕਿ ਮੈਂ ਅਨੇਕ ਵਾਰ ਇਹ ਪੋਲ ਖੋਲ੍ਹਣ ਲਈ ਲਿਖਦਾ ਰਿਹਾ ਹਾਂ ਕਿ ਦਵਾਈਆਂ ਵੇਚਣ ਦੇ ਖੇਤਰ ਵਿਚ 200 ਤੋਂ 300 ਗੁਣਾ ਮੁਨਾਫ਼ਾ ਰੱਖਿਆ ਜਾਂਦਾ ਹੈ। 'ਕ੍ਰਿਸਚੀਅਨ ਫੋਰਟ' 'ਤੇ 'ਦੀਦਾਵਰ ਦਾ ਹੁਨਰ' ਦੇ ਕਾਲਮਾਂ ਵਿਚ ਮੇਰੇ ਲੇਖ ਪਏ ਹੋਏ ਹਨ। ਸੋ, ਬੇਗ਼ੈਰਤ ਹਾਕਮਾਂ ਤੇ ਚਾਲਾਕ ਇਲਾਜ-ਵਪਾਰੀਆਂ ਦਾ ਤੇਂਦੂਆ ਜਾਲ ਅਸੀਂ ਸੌਖਿਆਂ ਨਹੀਂ ਸਮਝ ਸਕਦੇ, ਇਹ ਸਭ ਸਾਡੀ ਦਿਮਾਗ਼ੀ ਪਹੁੰਚ ਵਿਚ ਸਹਿਜ ਨਹੀਂ ਆ ਸਕਦਾ। ਇਸ ਨੂੰ ਪਰਤ ਦਰ ਪਰਤ ਖੋਲ੍ਹਣਾ ਪਵੇਗਾ।


ਆਖ਼ਰੀ ਗੱਲ 1. ਜਲੰਧਰ ਦੇ ਗ਼ੁਲਾਬ ਦੇਵੀ ਹਸਪਤਾਲ ਵਿਚ ਬਲੱਡ ਬੈਂਕ ਨੂੰ ਸੀਲ ਕਰਨਾ ਪਿਆ ਹੈ। ਇਨ੍ਹਾਂ ਇਲਾਜ ਕਾਮਿਆਂ 'ਤੇ ਦੋਸ਼ ਹੈ ਕਿ ਉਹ ਬਿਨਾਂ ਕੋਈ ਰਿਕਾਰਡ ਮੇਨਟੇਨ ਕੀਤਿਆਂ ਬਲੱਡ ਬੈਂਕ ਚਲਾਈ ਜਾਂਦੇ ਸਨ। ਵੇਚੇ ਜਾਣ ਵਾਲੇ ਖ਼ੂਨ ਨਾਲ ਜ਼ਰੂਰੀ ਰਿਪੋਰਟ ਨੱਥੀ ਨਹੀਂ ਹੁੰਦੀ ਸੀ, ਹੋ ਸਕਦਾ ਹੈ ਕਿ ਬੀਮਾਰੀ ਦੀ ਲਾਗ ਵਾਲਾ ਖ਼ੂਨ ਵੀ ਸਪਲਾਈ ਕਰਦੇ ਰਹੇ ਹੋਣ।

2. ਇਹ ਜਲੰਧਰ ਜਾਂ ਪੰਜਾਬ ਤਕ ਸੀਮਤ ਸਕੈਂਡਲ ਹੈ ਜਾਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਹਾਸਕੈਂਡਲ ਪੂਰੇ ਭਾਰਤ ਤੇ ਗੁਆਂਢੀ ਮੁਲਕ ਪਾਕਿਸਤਾਨ ਤਕ ਫੈਲਿਆ ਹੈ, ਇਹ ਸਭ ਭਵਿੱਖ ਦੇ ਗਰਭ ਵਿਚ ਹੈ। ਜਲੰਧਰ ਦੇ ਖੋਜੀ ਪੱਤਰਕਾਰਾਂ ਨੇ ਇਸ ਬਲੱਡ ਬੈਂਕ ਸਕੈਂਡਲ ਦਾ ਪਰਦਾਫ਼ਾਸ ਕਰ ਕੇ ਸੰਚਾਲਕਾਂ ਨੂੰ ਅਹਿਸਾਸ ਕਰਾ ਦਿੱਤਾ ਹੈ ਕਿ ਪ੍ਰੈੱਸ ਕੀਹਨੂੰ ਕਹਿੰਦੇ ਹਨ। ਇੰਚਾਰਜ ਡਾਕਟਰ ਤੇ ਹੋਰ ਲਾਣਾ ਮੁਕੱਦਮੇ ਵਿਚ ਨਾਮਜ਼ਦ ਹੋ ਚੁੱਕਾ ਹੈ। ਇਸ ਸਕੈਂਡਲ ਬਾਰੇ ਵੱਡਾ ਖ਼ੁਲਾਸਾ ਹੋ ਸਕਦਾ ਹੈ।

3. ਆਓ ਅਸੀਂ ਨੀਂਦ ਵਿੱਚੋਂ ਜਾਗੀਏ ਤੇ ਚੇਤੰਨ ਹੋਣ ਲਈ ਯਤਨ ਕਰੀਏ।

ਇਨ੍ਹਾਂ ਸ਼ਬਦਾਂ ਨਾਲ ਦਿਓ ਅਗਲੇ ਕਾਲਮ ਤਕ ਲਈ ਦਿਓ ਆਗਿਆ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617