CHRISTIANFORT

THE NEWS SECTION

ਪਦਮਾਵਤੀ ; ਪਲੈਨਡ ਵਿਰੋਧਤਾ ਤੇ ਤੱਥ


ਦੀਦਾਵਰ ਦੀ ਜ਼ੁਬਾਨੀ-7


ਯਾਦਵਿੰਦਰ ਸਿੰਘ

 

JALANDHAR: ਕਾਰੋਬਾਰ ਦਾ ਬਹੁਤ ਪੁਰਾਣਾ ਜਾਂ ਬਹੁਤ ਨਵਾਂ 'ਤਰੀਕਾ' ਹੁੰਦਾ ਹੈ, ਉਹ ਇਹ ਕਿ 'ਮੰਗ' ਪੈਦਾ ਕਰੋ, ਤਾਂ ਜੋ ਸਪਲਾਈ ਕਰਨ ਮਗਰੋਂ ਖਪਤ ਹੁੰਦੀ ਰਹੇ ਤੇ 'ਮਾਲ' ਵਾਪਸ ਨਾ ਮੁੜੇ। ਦੂਰ ਕੀ ਜਾਣਾ! ਅੱਜਕਲ੍ਹ ਮੀਡੀਆ ਵਿਚ ਇਕ ਖ਼ਬਰ ਨੇ ਕਾਫ਼ੀ ਥਾਂ ਘੇਰੀ ਹੋਈ ਹੈ, ਉਹ ਗ਼ਾਲਪਨਿਕ (ਗੱਪ+ਕਲਪਨਾ) ਖ਼ਬਰ ਇਹ ਹੈ ਕਿ ਸੰਜੇ ਲੀਲ੍ਹਾ ਭੰਸਾਲੀ ਜਿਹੜੀ ਫਿਲਮ ਬਣਾਉਂਦਾ ਪਿਆ ਹੈ, ਪਦਮਾਵਤੀ, ਉਸ ਫਿਲਮ ਦਾ ਇਕ ਖ਼ਾਸ ਫ਼ਿਰਕਾ ਵਿਰੋਧ ਕਰਨ 'ਤੇ ਉਤਾਰੂ ਹੈ। ਮੈਂ ਨੀਝ ਨਾਲ ਇਹ ਤਸਵੀਰਾਂ ਦੇਖੀਆਂ ਹਨ, ਕੁਝ ਹਿੜ ਹਿੜ ਕਰਦੇ ਲੋਕ 'ਵਿਰੋਧ' ਕਰਦੇ ਨਜ਼ਰੀਂ ਪੈਂਦੇ ਹਨ... ਪਰ ਜਦੋਂ ਤਸਵੀਰਾਂ ਗ਼ੌਰ ਨਾਲ ਦੇਖਦੇ ਹਾਂ ਤਾਂ ਜਿਹੜੀਆਂ ਕੁੜੀਆਂ ਤੇ ਕਾਕੇ ਅਤੇ ਅੱਧਖੜ੍ਹ ਉਮਰ ਦੇ ਲੋਕ ਨਜ਼ਰੀਂ ਪੈਂਦੇ ਹਨ, ਉਨ੍ਹਾਂ ਵਿੱਚੋਂ ਕਿਸੇ ਦੇ ਵੀ ਚਿਹਰੇ 'ਤੇ ਵਿਰੋਧ ਦਾ ਤਣਾਅ ਤੇ ਤਲਖ਼ੀ ਨਹੀਂ ਦਿਸਦੀ।


(2)

ਹੁਣ ਇਸ ਗਿਣੇ ਮਿੱਥੇ ਵਿਰੋਧ ਦੀ ਵਜ੍ਹਾ ਲੱਭਦੇ ਹਾਂ! ਜਾਅਲੀ ਵਿਰੋਧ ਇਹ ਹੈ ਕਿ ਕੁਝ ਲੋਕ ਜਿਹੜੇ ਖ਼ੁਦ ਨੂੰ ਪਦਮਾਵਤੀ ਦੀ ਬਰਾਦਰੀ ਨਾਲ ਸਬੰਧਤ ਦੱਸਦੇ ਪਏ ਹਨ, ਉਹ ਕਹਿੰਦੇ ਨੇ ਕਿ ਇਸ ਫਿਲਮ ਨਾਲ ਸਾਡੇ ਸਮਾਜ ਦੀ ਕਿਰਦਾਰਕੁਸ਼ੀ ਹੁੰਦੀ ਪਈ ਹੈ ਤੇ ਅਲਾ ਉਦ ਦੀਨ ਖ਼ਿਲਜੀ ਦਾ ਕਿਰਦਾਰ ਬੁਲੰਦ ਕੀਤਾ ਜਾ ਰਿਹਾ ਹੈ?


(3)

ਆਓ, ਤੱਥਾਂ ਦੀ ਪੁਣਛਾਣ ਕਰਦੇ ਹਾਂ। ਭੰਸਾਲੀ ਹਾਲੇ ਫਿਲਮ ਬਣਾਉਂਦਾ ਪਿਆ ਹੈ, ਹੀਰੋਇਨ ਦੀਪਿਕਾ ਪਾਦੂਕੋਨ ਕਈ ਥਾਈਂ ਰੁੱਝੀ ਹੋਈ ਹੈ, ਉਹਦੀ ਇਕ ਲੱਤ ਇੱਥੇ ਹੈ ਤੇ ਇਕ ਲੱਤ ਹਾਲੀਵੁੱਡ ਵਿਚ ਹੈ, ਉਥੇ ਉਹ ਵਿਨ ਡੀਜ਼ਲ ਵਰਗਿਆਂ ਨਾਲ ਕਈ ਫਿਲਮਾਂ ਵਿਚ ਕੰਮ ਕਰਦੀ ਪਈ ਹੈ, ਖ਼ਿਲਜੀ ਬਣਿਆ ਰਣਵੀਰ ਸਿੰਹ ਵੀ ਕਈ ਥਾਈਂ ਰੁੱਝਾ ਹੈ, ਯੂਨਿਟ ਦੇ ਮੈਂਬਰਾਂ ਨੇ ਟੀ.ਵੀ. ਚੈਨਲਾਂ 'ਤੇ ਦੱਸਿਆ ਹੈ ਕਿ ਸ਼ੂਟਿੰਗ ਰੁੱਕ ਰੁੱਕ ਕੇ ਚੱਲਦੀ ਪਈ ਹੈ।


(4)

ਫਿਲਮ ਬਣੀ ਨਹੀਂ! ਸੈਂਸਰ ਬੋਰਡ ਕੋਲ ਪੁੱਜੀ ਨਹੀਂ!! ਪਹਿਲਾਂ ਤਾਂ ਕਹਿੰਦੇ ਸੀ ਕਿ ਪਹਿਲਾਜ ਨਿਹਲਾਨੀ 'ਸੰਸਕਾਰੀ' (ਦਰਅਸਲ ਫੂਹੜ) ਜਿਹਾ ਹੈਗੈ, ਉਹ ਇੰਟੀਮੇਟ ਸੀਨ ਕਟਾ ਦਿੰਦੈ, ਦੋ-ਅਰਥੀ ਡਾਇਲਾਗ ਕਟਾ ਦਿੰਦੈ, ਵਗੈਰਾ ਵਗੈਰਾ ਪਰ ਹੁਣ ਤਾਂ ਨਿਹਲਾਨੀ ਲਾਹ ਦਿੱਤਾ ਐ ਤੇ ਅਨੁਪਮ ਖੇਰ ਆ ਗਿਐ। ਹੁਣ ਕੀ ਦਿੱਕਤ ਹੈ? ਅਨੁਪਮ ਤਾਂ ਨਹੀਂ 'ਸੰਸਕਾਰੀ'? ਅਨੁਪਮ ਹਾਲੇ ਖ਼ੁਦ ਫਿਲਮ ਵੇਖ ਨਹੀਂ ਸਕੇ, ਨਿਹਲਾਨੀ 'ਜੂਲੀ-2' ਬਣਾ ਕੇ ਡਿਸਟ੍ਰੀਬਿਊਟਰ ਲੱਭਦਾ ਫਿਰਦੈ! ਤੇ ਵਿਰੋਧ ਕਰਨ ਵਾਲੀ ਭੀੜ ਫੇਰ ਕੌਣ ਹੋਈ?


(5)

ਇਹ ਭੀੜ ਉਦੋਂ ਕਿੱਥੇ ਸੀ ਜਦੋਂ ਪਹਿਲੂ ਖ਼ਾਂ ਨੂੰ ਮਰੀ ਮੱਝ ਢੋਂਹਦੇ ਨੂੰ ਹਮਲੇ ਦਾ ਸ਼ਿਕਾਰ ਬਣਾ ਦਿੱਤਾ ਸੀ ਕਿ ਇਹਦੇ ਕੋਲ ਮੱਝ ਨਹੀਂ 'ਕੁਝ ਹੋਰ' ਹੈ। ਇਖ਼ਲਾਕ ਆਪਣੇ ਘਰ ਬੈਠਾ ਸੀ ਤੇ ਉਹਦੀ ਫਰਿਜ ਵਿਚ 'ਪਾਬੰਦੀਸ਼ੁਦਾ ਗੋਸ਼ਤ' ਹੋਣ ਦੀ ਅਫ਼ਵਾਹ ਫੈਲਾ ਕੇ ਉਹਨੂੰ ਮਾਰ ਦਿੱਤਾ, ਪਦਮਾਵਤੀ ਦਾ ਜਾਅਲੀ ਵਿਰੋਧ ਕਰਨ ਵਾਲਾ ਲਾਣਾ ਉਦੋਂ ਕਿੱਥੇ ਸੀ? ਜਦੋਂ ਬੰਬਈ (ਮੁੰਬਈ ਲਿਖਣਾ ਨਹੀਂ ਪ੍ਰਵਾਨ) ਇਕ ਸਿੱਖ ਨੌਜਵਾਨ ਨੇ ਇਕ ਚਾਂਭਲੇ ਅਨਸਰ ਨੂੰ ਕਹਿ ਦਿੱਤਾ ਕਿ ਤੂੰ ਸਿਗਰਟ ਪੀਣੀ ਆ ਤਾਂ ਪਾਸੇ ਹੋ ਕੇ ਪੀ, ਸਾਡੇ ਵੱਲ ਧੂੰਆਂ ਨਾ ਛੱਡ, ਉਹਨੇ ਤੇ ਉਹਦੇ ਜਾਹਿਲ ਦੋਸਤਾਂ ਨੇ ਮੁੰਡਾ ਕੁੱਟ ਦਿੱਤਾ, ਮੁੜ ਕੇ ਉਹ ਵੀ ਦਮ ਤੋੜ ਗਿਆ, ਉਦੋਂ ਇਹ ਧਰਨਾਬਾਜ਼ ਭੀੜ ਕਿੱਥੇ ਸੀ? ਉਦੋਂ ਤਾਂ ਧਰਨਾ ਨਹੀਂ ਲਾਇਆ। ਭੰਸਾਲੀ ਏਸ ਗੱਲ ਦਾ ਜਵਾਬ ਦੇ ਸਕਦੈ ਕਿ ਫਿਲਮ ਹਾਲੇ ਮੁਕੰਮਲ ਨਹੀਂ ਹੋਈ, ਅਨੁਪਮ ਦੇ ਟੇਬਲ 'ਤੇ ਨਹੀਂ ਪਹੁੰਚੀ ਤਾਂ ਫੇਰ ਵੇਖੀ ਕਿਸ ਨੇ ਹੈ?? ਸਾਰਾ ਵਿਰੋਧ ਦਰਅਸਲ ਇਸ਼ਤਿਹਾਰੀ ਮੁਹਿੰਮ ਦਾ ਹਿੱਸਾ ਹੈ ਤੇ ਉਸੇ ਮੁਤਾਬਕ ਡਰਾਮਾ ਕੀਤਾ ਜਾ ਰਿਹਾ ਹੈ?


(6)


ਪਦਮਾਵਤੀ ਪਲੈਨਡ ਵਿਰੋਧ ਤੇ ਤੱਥ


ਜੇ ਗੱਲ ਫਿਲਮ ਦੀ ਮੁੱਖ ਨਾਇਕਾ ਦੀਪਿਕਾ ਦੀ ਕਰੀਏ ਤਾਂ ਇਹ ਇਤਿਹਾਸ ਬਾਰੇ ਜਾਂ ਰਾਣੀ ਪਦਮਾਵਤੀ ਬਾਰੇ ਕਿੰਨਾ ਕੁ ਜਾਣਦੀ ਹੋਵੇਗੀ? ਦੀਪਿਕਾ ਇਤਿਹਾਸ ਨਾਲ ਸਬੰਧਤ ਕਿਤਾਬਾਂ ਪੜ੍ਹਦੀ ਹੋਵੇਗੀ? ਪੁੱਛ ਕੇ ਦੇਖ ਲਓ, ਹੱਸ ਪਏਗੀ। ਉਸ ਦਾ ਸਹਿ-ਨਾਇਕ ਰਣਵੀਰ ਸਿੰਹ ਦੀਪਿਕਾ ਨੂੰ ਪਤਨੀ ਬਣਾਉਣ ਲਈ ਤੀਬਰ ਇੱਛਾਵਾਨ ਹੈ, ਰਣਵੀਰ ਨੇ ਫਿਲਮੀ ਪੱਤਰਕਾਰਾਂ ਨੂੰ ਗੱਲਾਂ ਗੱਲਾਂ ਵਿਚ ਆਖ ਦਿੱਤਾ ਕਿ ਦੀਪਿਕਾ ਲਈ ਸਾਰੀ ਉਮਰ ਉਡੀਕ ਕਰ ਲਊਗਾ ਫਿਲਮੀ ਪੱਤਰਕਾਰਾਂ ਨੇ ਜਾ ਕੇ ਇਹੀ ਗੱਲ ਦੀਪਿਕਾ ਅੱਗੇ ਕਰ ਦਿੱਤੀ। ਦੀਪਿਕਾ ਹੱਸ ਪਈ ਤੇ ਆਖਣ ਲੱਗੀ ਕਿ ਜਾਓ ਰਣਵੀਰ ਤੋਂ ਹੀ ਪੁੱਛ ਲਓ, ਕਿਹੜੀ ਫਿਲਮ ਵਿਚ ਕੰਮ ਕਰਨ ਵਾਸਤੇ ਪੂਰੀ ਉਮਰ ਉਡੀਕ ਕਰਨ ਦੀ ਗੱਲ ਆਖਦੈ। ਸੋ, ਗੱਲ ਇਹ ਹੈ ਕਿ ਦੀਪਿਕਾ ਭਲੀਭਾਂਤ ਜਾਣਦੀ ਹੈ ਕਿ ਫਿਲਮਾਂ ਦਾ ਵਪਾਰ ਏਸੇ ਤਰ੍ਹਾਂ ਹੀ ਚਮਕਾਇਆ ਜਾਂਦੈ ਪਰ ਅਸੀਂ ਕਦੋਂ ਇਹ ਸਭ ਸਮਝਾਂਗੇ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617