CHRISTIANFORT

THE NEWS SECTION

ਅਲਵਿਦਾ ਨਿਰਾਸ਼ਾ!


ਦੀਦਾਵਰ ਦਾ ਹੁਨਰ -23


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]

JALANDHAR:

ਜਹਾਨ ਵਿਚ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇ, ਜਿਸ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ । ਸਗੋਂ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਦੁਨੀਆਂ ਵਿਚ ਜਿੰਨੇ ਵੀ ਸਮਰਥਾਵਾਨ ਮਨੁੱਖ ਹੋਏ ਹਨ, ਸਾਰਿਆਂ ਨੇ ਕਦਮ ਕਦਮ ’ਤੇ ਨਿਰਾਸ਼ਾ ਦਾ ਸਾਹਮਣਾ ਕਰ ਕੇ ਹੀ ਆਸ ਦੀ ਤੰਦ ਫੜੀ ਹੁੰਦੀ ਹੈ। ਫ਼ਰਕ ਇੰਨਾ ਹੈ ਕਿ ਅਸੀਂ ਬਹੁਤੀ ਵਾਰ ਘਬਰਾਅ ਜਾਂਦੇ ਹਾਂ ਤੇ ਜੇਤੂ ਮੁਹਿੰਮਾਂ ਦੇ ਨਾਇਕ ਘਬਰਾਉਣ ਦੇ ਬਾਵਜੂਦ ਮੁੜ ਖੜ੍ਹੇ ਹੋ ਜਾਂਦੇ ਹਨ।

ਰਾਜਾ ਬਰੂਸ ਤੇ ਮੱਕੜੀ ਵਾਲੀ ਕਹਾਣੀ ਅੱਜ ਤਕ ਪ੍ਰੇਰਕ ਸਾਬਤ ਹੁੰਦੀ ਹੈ ਕਿ ਹਾਰੀ ਮਾਨਸਿਕਤਾ ਵਾਲਾ ਕਿੰਗ ਬਰੂਸ ਸਿਰਫ ਇਕ ਮੱਕੜੀ ਦੇ ਰੰਗ ਢੰਗ ਵੇਖ ਕੇ ਹੀ ਪ੍ਰੇਰਿਤ ਹੋ ਗਿਆ ਸੀ ਤੇ ਉਸ ਨੇ ਕਿਹਾ ਕਿ ਜੇਕਰ ਅਰਧ-ਚੇਤੰਨ ਮੱਕੜੀ ਵੀ ਹਾਰ ਨਹੀਂ, ਮੰਨਦੀ ਤਾਂ ਮਨੁੱਖ ਹੋ ਕੇ ਵੀ ਕਿਉਂ ਹਾਰ ਮੰਨਾ।

ਇਸ ਲੇਖ ਦਾ ਸਿਰਲੇਖ ‘ਅਲਵਿਦਾ ਨਿਰਾਸ਼ਾ’ ਵੀ ਕੋਈ ਦਾਅਵਾ ਨਹੀਂ, ਸਗੋਂ ਮਾਨਸਿਕਤਾ ਨੂੰ ਬਦਲਣ ਤੇ ਆਪੋ ਆਪਣੇ ਮਨੁੱਖੀ ਮਨ ਦੀ ਥਾਹ ਪਾਉਣ ਲਈ ਸੂਤਰ ਲੱਭਣ ਦਾ ਇਕ ਸੁਨੇਹਾ ਹੈ। ਅਰਬੀ ਦੁਨੀਆਂ ਵਿਚ ਇਕ ਕਹਾਵਤ ਹੈ ਕਿ ਜਿਸ ਨੇ ਨਿਰਾਸ਼ਾ ਤੋਂ ਡਰਣਾ ਬੰਦ ਕਰ ਦਿੱਤਾ, ਸਮਝੋ ਨਾ-ਕਾਮਯਾਬੀਆਂ ਉਸ ਦਾ ਕੁਝ ਨਹੀਂ ਵਿਗਾੜ ਸਕਦੀਆਂ।

ਜ਼ਰਾ ਸੋਚੋ! ਸਾਨੂੰ ਜੀਵਨ ਦੀਆਂ ਸਥਿਤੀਆਂ ਤੋਂ ਇਲਾਵਾ ਕੌਣ ਨਿਰਾਸ਼ਾ ਦੀਆਂ ਡੂੰਘੀਆਂ ਸਿਖ਼ਰਾਂ ਵੱਲ ਸੁੱਟਦਾ ਹੈ? ਅਸੀਂ ਸੋਚਾਂਗੇ ਕਿ ਸਾਡੇ ਕੰਮਕਾਜੀ ਸਾਥੀ, ਕੁਲੀਗ ਜਾਂ ਹੋਰ ਨੇੜਲੇ। ਪਰ ਯਾਦ ਰੱਖਿਓ ਇਹ ਸਿਰਫ ਅੱਧਾ ਸੱਚ ਹੈ। ਹਾਂ, ਉਹ ਕਦੇ ਕਦੇ ਸਾਡੀ ਹਿੰਮਤਸ਼ਿਕਨੀ ਕਰਦੇ ਹਨ, ਪਰ ਇਸ ਦਾ ਦੂਜਾ ਪਾਸਾ ਵੀ ਤਾਂ ਸੋਚੋ। ਉਹ ਸਾਨੂੰ ਸਾਡੇ ਸੋਚ-ਕੇਂਦਰ ਦੇ ਕੇਂਦਰ ਬਿੰਦੂ ਵੱਲ ਸੁੱਟ ਰਹੇ ਹਨ। ਨਿਰਾਸ਼ਾ ਆਪਣੇ ਆਪ ਵਿਚ ਕੁਝ ਵੀ ਨਹੀਂ, ਸਗੋਂ ਮਨੁੱਖ ਦੀ ਮਾੜੇ ਵਿਚਾਰਾਂ ਦੀ ਉਤਪਾਦਕਤਾ ਦਾ ਵੱਧ ਜਾਣਾ ਹੈ। ਤੇ ਆਸ਼ਾਵਾਦ ਜਾਂ ਆਸਪ੍ਰਸਤੀ ਵੀ ਚੰਗੇ ਵਿਚਾਰਾਂ ਦਾ ਹੋਸ਼ ਨਾਲ ਕੀਤਾ ਉਤਪਾਦਨ ਹੈ। ਬਿਹਤਰ ਹੈ ਕਿ ਅਸੀਂ ਮਨ ਦੀ ਇਸ ਕਾਰਜਪ੍ਰਣਾਲੀ ਤੋਂ ਵਾਕਫ ਹੋ ਜਾਈਏ। ਸਾਨੂੰ ਇਹ ਸੋਚਣ ਦੀ ਕੋਈ ਲੋੜ ਨਹੀਂ ਕਿ ਅਸੀਂ ਕੋਈ ਅਜਿਹਾ ਗਣਿਤਕ ਫਾਰਮੂਲਾ ਹੋਂਦ ਵਿਚ ਲਿਆਉਣਾ ਹੈ ਕਿ ਅਸੀਂ ਤਾਂ ਨਿਰਾਸ਼ਾ ਨੂੰ ਲਾਗੇ ਨਹੀਂ ਫਟਕਣ ਦੇਣਾ, ਵਗੈਰਾ ਵਗੈਰਾ। ਨਹੀਂ, ਨਹੀਂ। ਏਦਾਂ ਨਹੀਂ। ਅਸੀਂ ਤਾਂ ਇਹ ਸੋਚਣਾ ਹੈ ਕਿ ਨਿਰਾਸ਼ਾ ਆਉਦੀ ਹੈ ਤਾਂ ਆਵੇ। ਸਾਡਾ ਕੀ ਵਿਗਾੜ ਲਏਗੀ। ਬਾਲ ਵਰੇਸ ਤੋਂ ਹੁਣ ਤਾਈਂ ਅਣਗਿਣਤ ਵਾਰ ਅਸੀਂ ਖ਼ੁਸ਼ੀਆਂ, ਦੁੱਖ ਵੇਖੇ ਹੁੰਦੇ ਹਨ। ਨਿਰਾਸ਼ਾ ਦੀ ਡੂੰਘੀ ਖੱਡ ਵਿਚ ਧਸੇ ਹੁੰਦੇ ਹਾਂ, ਹੁਣ ਤਕ ਨਿਰਾਸ਼ਾਵਾਦ ਨੇ ਕੀ ਵਿਗਾੜ ਲਿਆ? ਅੱਗੋਂ ਵੀ ਕੁਝ ਨਹੀਂ ਵਿਗਾੜੇਗੀ।

ਮਨ, ਆਪਣੇ ਆਪ ਵਿਚ ਜੈਵਿਕ ਅਣੂਆਂ ਦਾ ਸੁਮੇਲ ਤੇ ਸਾਡੇ ਵਲੋਂ ਹੋਏ/ਕੀਤੇ ਦਾ ਰਿਕਾਰਡ ਹੈ। ਨਿਰਾਸ਼ਾ ਵੀ ਸਾਡੀ ਇੱਛਾ ਦੇ ਉਲਟ ਪ੍ਰਾਪਤ ਨਤੀਜਾ ਹੁੰਦਾ ਹੈ। ਸੋ, ਜ਼ਿੰਦਗੀ ਵਿਚ ਧੁਰ ਵਜੂਦ ਤਕ ਨਿਰਾਸ਼ੇ ਜਾਣ ਦੀ ਲੋੜ ਨਹੀਂ ਹੁੰਦੀ, ਇਹ ਤਾਂ ਸੰਕੇਤਕ ਹੈ ਕਿ ਜੋ ਵਰਤਾਰਾ ਵਾਪਰ ਰਿਹਾ ਹੈ, ਇਹ ਸਾਡੇ ਨਾਲ ਪਹਿਲੀ ਵਾਰ ਨਹੀਂ ਤੇ ਸਾਡੇ ਨਾਲ ਵੀ ਆਖ਼ਰੀ ਵਾਰ ਨਹੀਂ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617