ਵਿੱਤੀ ਸੋਸ਼ਣ ਕਰੇ ਜਦੋਂ ਦੁਕਾਨਦਾਰ, ਅਵਾਜ਼ ਬੁਲੰਦ ਉਦੋਂ ਕਰਿਓ ਯਾਰ
ਦੀਦਾਵਰ ਦਾ ਹੁਨਰ -25 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]
JALANDHAR:
ਸਾਡੀਆਂ ਅਖਬਾਰਾਂ, ਸਾਡੇ ਖ਼ਬਰੀ ਚੈਨਲ, ਰਾਜਸੀ ਆਗੂਆਂ ਦੀਆਂ ਬੇ ਈਮਾਨੀਆਂ ਤੇ ਖਰ ਮਸਤੀਆਂ ਨੂੰ ਬੇਨਕਾਬ ਕਰਦੇ ਨੇ. ਏਸ ਸਾਰੇ ਰੌਲੇ ਗੌਲੇ ਵਿਚ ਨਾ ਤਾਂ ਕਰੱਪਟ ਵਪਾਰੀ ਦੀ ਕੋਈ ਗੱਲ ਹੋ ਰਹੀ ਹੈ, ਨਾ ਬੇ ਈਮਾਨ ਕਾਰਖ਼ਾਨਾਦਾਰਾਂ ਦੇ ਸਕੈਂਡਲ ਸਾਮ੍ਹਣੇ ਲੈ ਕੇ ਆਉਣ ਲਈ ਖ਼ਾਸ ਕੋਸ਼ਿਸ਼ ਹੋ ਰਹੀ ਹੈ. ਹੋਰ ਤਾਂ ਹੋਰ ਲੁਟੇਰੇ ਦੁਕਾਨਦਾਰਾਂ ਦੇ ਹੌਸਲੇ ਏਨੇ ਵੱਧ ਚੁੱਕੇ ਹਨ ਕਿ ਓਹ 'ਗਾਹਕ ਦੀ ਤਾਕ਼ਤ' ਵਾਲਾ ਸਬਕ ਭੁੱਲ ਚੁੱਕੇ ਹਨ. 2. ਸਾਨੂੰ ਲੱਗਦਾ ਹੈ ਕਿ ਜਿੱਥੇ ਜ਼ਿਆਦਾਤਰ ਲੋਕ, ਦੁਕਾਨਦਾਰਾਂ ਦੀ ਠੱਗੀ ਵੇਖ ਕੇ ਵੀ ਅਣਡਿੱਠ ਕਰ ਦਿੰਦੇ ਨੇ, ਓਥੇ ਕੁਝ ਜਾਗਰੂਕ ਗਾਹਕ ਇਹੋ ਜਿਹੇ ਵੀ ਨੇ ਜਿਹੜੇ ਕਿ ਖਰੀਦਾਰੀ ਕਰਦਿਆਂ ਚੌਕਸੀ ਦਾ ਪੱਲਾ ਨਹੀਂ ਛੱਡਦੇ. ਇਹੋ ਜਿਹੀ ਇਕ ਘਟਨਾ ਹੁਣੇ ਜਿਹੇ ਵਾਪਰੀ ਹੈ ਜਿਹੜੀ ਕਿ ਸਾਨੂੰ ਸਿਆਣੇ ਗਾਹਕ ਬਣਾਉਣ ਲਈ ਸਾਡੀ ਰਾਹ ਰੁਸ਼ਨਾਈ ਕਰ ਸਕਦੀ ਹੈ. ਅਸੀਂ ਸਮਝਦੇ ਹਾਂ ਕਿ ਸਾਨੂੰ ਸਭ ਨੂੰ ਸ਼ੋਪਿੰਗ ਮੌਲ ਵਿਚ ਸ਼ੋਪਿੰਗ ਕਰਨ ਲੱਗਿਆਂ ਇਕ ਇਕ ਸ਼ੈ ਦਾ ਹਿਸਾਬ ਰੱਖਣਾ ਚਾਹੀਦਾ ਹੈ. ਘਟਨਾ ਇਹ ਹੈ ਗਾਹਕ ਨੇ ਸ਼ੋਪਿੰਗ ਮੌਲ ਵਿਚ ਹਜ਼ਾਰਾਂ ਰੁਪਏ ਦੀ ਖਰੀਦਾਰੀ ਕੀਤੀ ਤੇ ਮਾਲ ਘਰ ਲੈ ਕੇ ਜਾਣ ਵੇਲੇ ਹੱਟੀ ਦੇ ਕਰਿੰਦੇ ਨੇ ਨਾ-ਸਿਰਫ਼ ਗਾਹਕ ਤੋਂ ਮੋਮੀ ਲਿਫ਼ਾਫ਼ੇ ਦੇ ਵਾਧੂ ਪੈਸੇ ਵਸੂਲੇ ਸਗੋਂ ਤੂੰ ਤੜੱਕ ਵੀ ਕਰਦਾ ਰਿਹਾ. ਜਦਕਿ ਜਾਗਰੂਕ ਗਾਹਕ ਦੀ ਅਕ਼ਲ ਤੇ ਕਾਨੂੰਨੀ ਪੱਖ ਦੀ ਸਮਝ ਹੋਣ ਕਾਰਨ ਅਖ਼ੀਰ ਜਿੱਤ ਗਾਹਕ ਦੀ ਹੋਈ. ਆਓ ਸਾਰਾ ਮਾਮਲਾ ਜਾਣੀਏ ਸਮਾਨ ਖ਼ਰੀਦਣ ਲਈ ਆਏ ਆਪਣੇ ਗਾਹਕ ਤੋਂ ਕੈਰੀ ਬੈਗ ਦੇ ਵੱਖਰੇ ਤੌਰ 'ਤੇ 10 ਰੁਪਏ ਵਸੂਲਣਾ, ਸ਼ੋਪਿੰਗ ਮੌਲ ਸਥਿਤ ਵੈਸਟ ਸਾਈਡ ਸਟੋਰ ਨੂੰ ਮਹਿੰਗਾ ਪੈ ਗਿਆ। ਖ਼ਪਤਕਾਰ ਫੋਰਮ ਨੇ ਮਾਮਲੇ ਵਿਚ ਸੁਣਵਾਈ ਕਰਦਿਆਂ ਹੋਇਆਂ ਵੈਸਟ ਸਾਈਡ ਸਟੋਰ ਨੂੰ ਸ਼ਿਕਾਇਤਕਰਤਾ ਨੂੰ ਕੈਰੀ ਬੈਗ ਦੇ ਦਸ ਰੁਪਏ ਮੋੜਣ ਦਾ ਹੁਕਮ ਕੀਤਾ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਪੇਸ਼ ਆਈ ਪਰੇਸ਼ਾਨੀ ਦੇ ਮੱਦੇਨਜ਼ਰ 100 ਰੁਪਏ ਤੇ ਮੁਕੱਦਮੇ ਦੇ ਖ਼ਰਚੇ ਲਈ 500 ਰੁਪਏ ਅਦਾ ਕਰਨ ਦੇ ਹੁਕਮ ਕੀਤੇ ਹਨ। ਮਾਮਲਾ ਇਹ ਸੀ ਕਿ ਮੋਹਾਲੀ ਦੇ ਬਾਸ਼ਿੰਦੇ ਤਰੁਣਜੀਤ ਸਿੰਘ ਨੇ ਕੰਜ਼ਿਊਰਮ ਫੋਰਮ ਵਿਚ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਨ੍ਹਾਂ ਨੇ 12 ਨਵੰਬਰ 2018 ਨੂੰ ਏਸ ਸਟੋਰ ਤੋਂ 5559 ਰੁਪਏ ਦੇ ਕੱਪੜੇ ਖ਼ਰੀਦੇ ਸਨ। ਪੈਸੇ ਅਦਾ ਕਰਨ ਪਿੱਛੋਂ ਜਦੋਂ ਉਸ ਨੇ ਬਿੱਲ ਚੈੱਕ ਕੀਤਾ ਤਾਂ ਦੰਗ ਰਹਿ ਗਿਆ ਕਿ ਉਸ ਵਿਚ ਕੈਰੀ ਬੈਗ ਦੇ ਦਸ ਰੁਪਏ ਵੱਖਰੇ ਤੌਰ 'ਤੇ ਜਮ੍ਹਾਂ ਕੀਤੇ ਗਏ ਸਨ। ਸ਼ਿਕਾਇਤਕਰਤਾ ਨੇ ਇਸ ਦਾ ਵਿਰੋਧ ਕੀਤਾ ਤੇ ਆਪਣੀ ਆਵਾਜ਼ ਬੁਲੰਦ ਕੀਤੀ ਪਰ ਨਕਦੀ ਕਾਉਂਟਰ 'ਤੇ ਬੈਠਾ ਮੁਲਾਜ਼ਮ ਟਸ ਤੋਂ ਮਸ ਨਾ ਹੋਇਆ। ਪਰੇਸ਼ਾਨ ਹੋ ਕੇ ਤਰੁਣਜੀਤ ਨੇ ਕੰਜ਼ਿਊਮਰ ਫੋਰਮ ਦਾ ਦਰਵਾਜਾ ਖੜਕਾਇਆ। ਉਥੇ ਇਸ ਮੁਕੱਦਮੇ ਵਿਚ ਵੈਸਟ ਸਾਈਡ ਸਟੋਰ ਨੇ ਪੱਖ ਪੇਸ਼ ਕਰਦਿਆਂ ਕਿਹਾ ਕਿ ਕੈਰੀ ਬੈਗ ਉਦੋਂ ਦਿੱਤਾ ਗਿਆ ਸੀ ਜਦੋਂ ਸ਼ਿਕਾਇਤਕਰਤਾ ਨੇ ਇਸ ਦੀ ਮੰਗ ਰੱਖੀ ਸੀ। ਇਸ ਲਈ ਉਨ੍ਹਾਂ ਇਹ ਖ਼ਰਚਾ ਜੋੜਿਆ ਸੀ। ਅਖ਼ੀਰ, ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਦਿਆਂ ਹੋਇਆਂ ਕੰਜ਼ਿਊਮਰ ਫੋਰਮ ਨੇ ਇਹ ਫ਼ੈਸਲਾ ਸੁਣਾਇਆ ਹੈ। ਇਸ ਫ਼ੈਸਲੇ ਨੂੰ ਹੋਰਨਾਂ ਦੁਕਾਨਦਾਰਾਂ ਲਈ ਨਜ਼ੀਰ ਮੰਨਿਆ ਜਾ ਰਿਹਾ ਹੈ। ਆਪਾਂ ਏਸ ਵਾਕਿਆ ਤੋਂ ਕੀ ਸਿਖਿਆ? 3 ਸਾਡੀ ਸਮਝ ਮੁਤਾਬਕ ਜਦੋਂ ਵੀ ਤੁਹਾਨੂੰ ਲੱਗੇ ਕਿ ਦੁਕਾਨਦਾਰ, ਜ਼ਰੂਰਤ ਤੋਂ ਵੱਧ ਵਸੂਲੀ ਕਰ ਰਿਹਾ ਹੈ ਜਾਂ ਗ਼ਲਤ ਭਾਸ਼ਾ ਵਿਚ ਗੱਲ ਕਰਦਾ ਹੈ ਤਾਂ ਸਾਨੂੰ ਓਹਦੇ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ. ਹਰ ਜ਼ਿਲ੍ਹੇ, ਸ਼ਹਿਰ ਵਿਚ ਕੰਜ਼ਿਊਮਰ ਕੋਰਟ ਕਾਇਮ ਕੀਤੀਆਂ ਗਈਆਂ ਹਨ ਸਾਨੂੰ ਆਪਣੇ ਨਾਲ ਵਧੀਕੀ ਹੋਣ ਵੇਲੇ ਵਪਾਰੀ ਵਿਰੁੱਧ ਅਵਾਜ਼ ਕੱਢਣੀ ਚਾਹੀਦੀ ਹੈ ਤਾਂ ਜੋ ਦੇਸ, ਕੌਮ ਤੇ ਸਮਾਜ ਵਿਚ ਗਾਹਕ ਚੇਤਨਾ ਦਾ ਸਗਲ ਦਿਸ਼ਾਵਾਂ ਵਿਚ ਪਸਾਰਾ ਹੋ ਸਕੇ. ਆਓ ਗਾਹਕ ਚੇਤਨਾ ਦੀ ਅਲਖ ਜਗਾਈਏ. ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ। To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph ਸੰਪਰਕ - 94 653 29 617