CHRISTIANFORT

THE NEWS SECTION

ਮੌਤ ਤੇ ਜ਼ਿੰਦਗੀ ਦੀ ਉਲਝੀ ਹੋਈ ਬੁਝਾਰਤ


ਦੀਦਾਵਰ ਦੀ ਜ਼ੁਬਾਨੀ-4


ਯਾਦਵਿੰਦਰ ਸਿੰਘ

 

JALANDHAR: ਕੁਲ ਆਲਮ ਦੇ ਸਾਇੰਸਦਾਨ ਹਾਲੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਲਾ ਸਕੇ ਹਨ ਕਿ ਜੰਮਣ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਕੀ ਵਾਪਰਦਾ ਹੈ। ਉਂਝ ਤਾਂ ਉਨ੍ਹਾਂ ਕੋਲ ਇਕ ਸ਼ਬਦ 'ਕਲੀਨਿਕਲੀ ਡੈੱਡ' ਹੈ, ਜਿਸ ਦਾ ਸਿੱਧਾ/ਪੱਧਰਾ ਮਤਲਬ ਹੈ, ਭਾਵਸ਼ੂਨਯ ਪ੍ਰਾਣ ਜਾਂ ਬੇਹਰਕਤ ਜ਼ਿੰਦਗੀ। ਪਰ ਹਾਲੇ ਤਕ ਸਟੀਕ ਜਾਣਕਾਰੀ ਨਹੀਂ ਹੈ ਤੇ ਇਸੇ ਕਾਰਨ ਜ਼ਿੰਦਗੀ ਤੇ ਮੌਤ ਦਾ ਹਵਾਲਾ ਦੇ ਕੇ ਗੁਮਰਾਹ ਕਰਨ ਵਾਲਿਆਂ ਦੀਆਂ ਹੱਟੀਆਂ ਨਿਸੰਗ ਚੱਲਦੀਆਂ ਪਈਆਂ ਹਨ।

ਜ਼ਿੰਦਗੀ ਤੇ ਮੌਤ ਨਾਲ ਸਬੰਧਤ ਵਿਸ਼ੇਸ਼ ਗਿਆਨ, ਸਾਇੰਸ ਜਰਨਲਜ਼ (ਵਿਗਿਆਨ ਦੇ ਰਸਾਲਿਆਂ) ਵਿਚ ਛੱਪਦਾ ਹੈ ਪਰ ਸਾਡੇ ਤਕ ਨਹੀਂ ਪਹੁੰਚਦਾ, ਕਿਉਂਜੋ ਇਕ ਤਾਂ ਸਾਡੀ ਦਿਲਚਸਪੀ ਨਹੀਂ ਹੁੰਦੀ ਤੇ ਦੂਜਾ ਸਾਡੇ ਹੁਕਮਰਾਨ (ਪੁਜਾਰੀ + ਸ਼ਾਸ਼ਕ) ਨਹੀਂ ਚਾਹੁੰਦੇ ਹੁੰਦੇ ਕਿ ਅਸੀਂ ਕੱਚਘਰੜ ਗਿਆਨ ਤੋਂ ਸਹੀ ਗਿਆਨ ਵੱਲ ਗਮਨ ਕਰ ਜਾਈਏ, ਇਵੇਂ ਹੁੰਦਾ ਆਇਐ ਤੇ ਇਵੇਂ ਚੱਲੀ ਜਾਂਦਾ ਹੈ। ਅਸੀਂ ਜਿਸ ਨੂੰ ਆਪਣਾ ਸੁਭਾਅ ਸਮਝੀ ਬੈਠੇ ਹਾਂ, ਉਹ ਦਰਅਸਲ ਸਾਡੇ ਹੁਕਮਰਾਨਾਂ ਦੀ ਮਰਜ਼ੀ ਤਹਿਤ ਰਚਿਆ ਮਾਹੌਲ ਹੁੰਦਾ ਹੈ।

ਇਸ ਸਾਜ਼ਿਸ਼-ਏ-ਅਜ਼ੀਮ ਨੂੰ ਸਮਝਣ ਦਾ ਯਤਨ ਕਰਦੇ ਹਾਂ, ਇਕ ਮਿਸਾਲ 'ਤੇ ਗ਼ੌਰ ਕਰਦੇ ਹਾਂ- ਕਿਸੇ ਦਾ ਕੋਈ ਪਰਿਵਾਰਕ ਜੀਅ ਜਾਂ ਕੋਈ ਅਜ਼ੀਜ਼ ਇਸ ਦੁਨੀਆਂ-ਏ-ਫ਼ਾਨੀ ਤੋਂ ਰੁਖ਼ਸਤ ਹੋ ਗਿਐ। ਉਹ ਹਰ ਸੂਰਤ ਇਹੀ ਚਾਹੇਗਾ ਕਿ ਉਸ ਨੂੰ ਮੌਤ ਤੇ ਜ਼ਿੰਦਗੀ ਦਾ ਭੇਤ ਦੱਸ ਦਿੱਤਾ ਜਾਵੇ ਪਰ ਦੁਨੀਆਂ ਵਿਚ ਇੰਨਾ ਈਮਾਨਦਾਰ ਬੰਦਾ ਕਿਤੇ ਨਹੀਂ ਮਿਲਦਾ, ਜਿਹੜਾ ਸਾਨੂੰ ਸੱਚ ਨੂੰ ਸੱਚ ਵਾਂਗ ਬਿਆਨ ਕਰ ਕੇ ਨਿਰਬੋਝ ਕਰ ਦੇਵੇ। ਇਸੇ ਦੌਰਾਨ ਸਾਨੂੰ ਪੁਰਾਤਨ ਗ੍ਰੰਥਾਂ ਨੂੰ ਚੇਤੇ ਕਰ ਚੁੱਕਾ ਕੋਈ ਪੁਜਾਰੀ ਮਿਲ ਪੈਂਦਾ ਹੈ ਤੇ ਦੱਸਦਾ ਹੈ ਕਿ ਉਹਦੇ ਕੋਲੋਂ ਪੂਜਾ-ਅਰਚਨਾ ਜਾਂ ਕੁਝ ਅਨੁਸ਼ਠਾਨ ਕਰਵਾਉਣ 'ਤੇ ਸਵਰਗ ਵਿਚ ਪੁੱਜਾ ਸਾਡਾ ਅਜ਼ੀਜ਼ ਪ੍ਰਸੰਨ ਹੋਵੇਗਾ ਤੇ ਉਸ ਦੀ ਖ਼ੁਸ਼ੀ ਸਾਡੇ ਉੱਤੇ ਅਸੀਸ ਵਾਂਗ ਵਰ੍ਹੇਗੀ। ਦੂਜੀ ਸੰਭਾਵਨਾ ਇਹ ਹੈ ਕਿ ਸਾਨੂੰ ਕੋਈ ਅਜਿਹਾ ਪੁਜਾਰੀ ਮਿਲ ਸਕਦਾ ਹੈ, ਜਿਹੜਾ ਅਗਲੇ-ਪਿਛਲੇ ਜਨਮਾਂ ਨੂੰ ਮਨੁੱਖੀ ਮਨ ਦੀ ਧਾਰਨਾ ਦੱਸ ਕੇ ਰੱਦ ਕਰ ਦੇਵੇ ਤੇ ਸਾਨੂੰ ਇਹ ਆਖ ਕੇ ਸੰਤੁਸ਼ਟ ਕਰ ਦੇਵੇ ਕਿ ਮਰਨਾ ਤੇ ਜੀਊਣਾ 'ਕਿਸੇ ਹੋਰ ਦੇ ਹੱਥਾਂ' ਵਿਚ ਹੈ, ਸਾਨੂੰ ਨਿਸ਼ਚਿੰਤ ਹੋ ਕੇ ਕੁਝ ਹੋਰ ਸੋਚ ਕੇ ਮਨ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੌਲੀ ਹੌਲੀ ਅਸੀਂ ਆਮ ਵਾਂਗ ਹੋਣਾ ਸਿੱਖ ਜਾਂਦੇ ਹਾਂ ਪਰ ਜ਼ਿੰਦਗੀ ਪਿੱਛੋਂ ਮੌਤ ਦੀ ਬੁਝਾਰਤ ਹੋਰ ਉਲਝੇਵੇਂ ਵਾਲੀ ਹੋ ਕੇ ਰਹਿ ਜਾਂਦੀ ਹੈ।

ਇਹ ਪੜ੍ਹ ਕੇ ਤੁਸੀਂ ਸਾਰੇ ਉਪਦੇਸ਼ਕਾਂ ਤੇ ਰਾਹ-ਦਸੇਰਿਆਂ 'ਤੇ ਸ਼ੱਕ ਕਰਨ ਦੀ ਸਥਿਤੀ ਵਿਚ ਆ ਸਕਦੇ ਹੋ। ਹੋ ਸਕਦੈ ਤੁਸੀਂ ਅਧਿਆਤਮਕ ਉਪਦੇਸ਼ਕਾਂ ਤੇ ਪ੍ਰਵਚਨ ਕਰਨ ਵਾਲਿਆਂ ਦੀ ਹੁਣ ਤਕ ਦੀ ਕਾਰਗੁਜ਼ਾਰੀ 'ਤੇ ਥੋੜ੍ਹਾ ਸ਼ੱਕ ਕਰਦੇ ਰਹੇ ਹੋਵੋ ਪਰ ਹਾਲੇ ਰੁਕੋ! ਕਿਸੇ ਵੀ ਨਤੀਜੇ 'ਤੇ ਫ਼ੌਰੀ ਪਹੁੰਚਣ ਦੀ ਲੋੜ ਨਹੀਂ ਹੈ। ਸਾਡੇ ਕੋਲ ਇਕ ਜੀਵੰਤ ਮਨ ਤੇ ਊਰਜਾਵਾਨ ਦਿਮਾਗ਼ ਹੈ, ਸਾਡੇ ਕੋਲ ਚੇਤਨਾ ਰੂਪੀ ਮਸ਼ਾਲ ਹੈ, ਅਸੀਂ ਸਾਰੇ, ਉਨ੍ਹਾਂ ਪੁਰਖਿਆਂ ਦੇ ਵਾਰਿਸ ਹਾਂ, ਜਿਨ੍ਹਾਂ ਨੇ ਬੈਲ-ਗੱਡੀ ਤੋਂ ਸੱਭਿਅਤਾ ਦੀ ਯਾਤਰਾ ਸ਼ੁਰੂ ਕੀਤੀ ਸੀ ਤੇ ਸਾਡੇ ਵਿੱਚੋਂ ਜਿਹੜੇ ਲਿਆਕਤਮੰਦ ਤੇ ਵਧੇਰੇ ਕਲਪਨਾਸ਼ੀਲ ਸਨ, ਉਨ੍ਹਾਂ ਨੇ ਹੈਲੀਕੌਪਟਰ, ਹਵਾਈ ਜਹਾਜ਼ ਬਣਾ ਕੇ ਵਿਖਾ ਦਿੱਤੇ, ਮਨੁੱਖ ਹੱਥੋਂ ਬਣੀਆਂ ਕਿਸ਼ਤੀਆਂ ਮਗਰੋਂ ਸਮੁੰਦਰੀ ਜਹਾਜ਼ ਵਜੂਦ ਵਿਚ ਆਏ ਤੇ ਫੇਰ ਕਾਰਖ਼ਾਨਿਆਂ ਅਤੇ ਵਰਕਸ਼ਾਪਾਂ ਵਿਚ ਵੱਡੇ ਕਰੂਜ਼ ਬਣਾ ਦਿੱਤੇ ਗਏ। ਹਾਲੇ ਸਾਨੂੰ ਮੌਤ ਦਾ ਚਿੰਤਨ ਨਹੀਂ ਕਰਨਾ ਚਾਹੀਦਾ, ਮੌਤ ਨੂੰ ਲਗਾਤਾਰ ਮਨ ਵਿਚ ਰੱਖਣ ਦਾ ਇਕ ਨੁਕਸਾਨ ਹੈ ਕਿ ਜੀਉਂਦੀ ਦੇਹ ਵਿੱਚੋਂ ਸੱਤਿਆ ਘੱਟ ਜਾਂਦੀ ਹੈ, ਅਸੀਂ ਜੀਣ ਵਿਚ ਨਹੀਂ ਜੀਣ/ਥੀਣ ਵਿਚ ਭਰੋਸਾ ਰੱਖਦੇ ਹਾਂ।

ਮੌਤ ਨੂੰ ਪੁਰਾਤਨ ਸੱਭਿਅਤਾ ਦੇ ਗ੍ਰੰਥਾਂ ਵਿਚ 'ਫ਼ਰਿਸ਼ਤਾ' ਵਜੋਂ ਕਲਪਿਆ ਗਿਆ ਹੈ, ਬਹੁਤ ਸਾਰੇ ਲੋਕਾਂ ਦੀ ਦੇਹ ਮੌਤ ਆਉਣ ਤਕ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਮੌਤ ਉਨ੍ਹਾਂ ਦਾ ਛੁਟਕਾਰਾ ਕਰਾਉਣ ਲਈ ਮਦਦਗ਼ਾਰ ਸਾਬਿਤ ਹੁੰਦੀ ਹੈ। ''ਚੰਗਾ ਹੋਇਆ ਮੇਰਾ ਚਰਖਾ ਟੁੱਟਿਆ, ਜਿੰਦ ਅਜ਼ਾਬੋਂ ਛੁੱਟੀ' ਵਾਲਾ ਤੁਕਾਂਤ ਇਸੇ ਵਰਤਾਰੇ ਦੀ ਸੂਹ ਦਿੰਦਾ ਹੈ।

ਪਰ, ਫੇਰ ਵੀ, ਮੌਤ ਕੀ ਹੈ ਤੇ ਉਸ ਮਗਰੋਂ ਕੀ ਵਾਪਰਦਾ ਹੈ, ਇਹ ਸਵਾਲ ਲਗਾਤਾਰ ਸਾਡੇ ਸਨਮੁੱਖ ਖੜ੍ਹਾ ਰਹਿੰਦਾ ਹੈ। ਅਸੀਂ ਖ਼ੁਦ ਨੂੰ ਪਰਚਾਉਣ ਲਈ ਇਹ ਸਮਝ ਸਕਦੇ ਹਾਂ ਕਿ ਮੌਤ ਉਦੋਂ ਵਾਪਰਦੀ ਹੈ ਜਦੋਂ ਇਹ ਜਿਸਮ, 'ਜਾਨ ਜਾਂ ਰੂਹ' ਦੇ ਰਹਿਣ ਲਈ ਢੁਕਵਾਂ ਸਥਾਨ ਨਹੀਂ ਰਹਿੰਦਾ, ਸਗੋਂ ਰੋਗਾਂ ਖਾਧਾ ਸਰੀਰ ਇਕ ਬੋਝ ਬਣ ਜਾਂਦਾ ਹੈ ਤੇ ਨਿਮਾਣੀ ਜਿੰਦ ਅੰਦਰ ਬੈਠੀ ਤੜਫਦੀ ਰਹਿੰਦੀ ਹੈ। ਸਪਸ਼ਟ ਹੈ ਕਿ ਅਸੀਂ ਜਿੰਨਾ ਚਿੰਤਨ ਰੰਗੀਨੀਆਂ ਦਾ ਕਰਾਂਗੇ, ਬਦਲੇ ਵਿਚ ਸਾਡਾ ਦਿਲ ਓਨਾਂ ਹੀ ਜ਼ਿੰਦਾਦਿਲ ਹੋਵੇਗਾ ਤੇ ਅਸੀਂ ਜਵਾਂਮਰਦੀ ਨਾਲ ਇਹ ਹਯਾਤੀ ਗੁਜ਼ਾਰ ਸਕਾਂਗੇ। ਸਾਨੂੰ ਅਜਿਹੇ ਸਾਇੰਸਦਾਨ ਦਾ ਇੰਤਜ਼ਾਰ ਰਹੇਗਾ, ਜਿਹੜਾ ਸੁਭਾਅ ਪੱਖੋਂ ਸਾਇੰਸਦਾਨ ਹੋਵੇ ਤੇ ਆਪਣੇ ਖ਼ਾਸੇ ਪੱਖੋਂ 'ਤਬੀਬ' ਹੋਵੇ, ਉਹ ਵੈਦਾਂ ਦਾ ਵੈਦ ਹੀ ਸਾਡੇ ਗੁੰਝਲਦਾਰ ਸਵਾਲਾਂ ਦਾ ਸਟੀਕ ਜਵਾਬ ਦੇਣ ਦੇ ਕਾਬਿਲ ਹੋਵੇਗਾ, ਮਨੁੱਖਤਾ ਨੂੰ ਨੀਤਸ਼ੇ ਦੇ ਉਸ ਮਹਾਂਮਾਨਵ ਦੀ ਉਡੀਕ ਹੈ, ਜਿਹੜਾ ਆਪਣੀ ਇੱਕੋ ਛੋਹ ਨਾਲ ਬਿਮਾਰਾਂ ਨੂੰ ਫ਼ੈਜ਼ਯਾਬ ਕਰ ਸਕਣ ਦੇ ਸਮੱਰਥ ਹੋਵੇ।

ਵਿਗਿਆਨ ਅਜੋਕੇ ਮਨੁੱਖ ਦੀ ਇੱਕੋ-ਇਕ ਤੇ ਆਖ਼ਰੀ ਟੇਕ ਹੈ, ਵਿਗਿਆਨ ਨੇ ਕਲ੍ਹ-ਭਲਕ ਨੂੰ ਕੀ ਲੱਭ ਲੈਣਾ ਹੈ ਤੇ ਕੀ ਐਲਾਨ ਕਰ ਦੇਣੇ ਹਨ, ਬਾਰੇ ਕੋਈ ਨਹੀਂ ਜਾਣਦਾ, ਵਕਤ ਸੱਭ ਤੋਂ ਵੱਡਾ ਤਬੀਬ ਹੈ, ਯਕੀਨ ਰੱਖੋ, ਅਗਿਆਨਤਾ ਦੀ ਇਹ ਧੁੰਦ ਇਕ ਦਿਨ ਦੂਰ ਹੋ ਜਾਵੇਗੀ ਤੇ ਗਿਆਨ ਦੀ ਲਿਸ਼ਕੋਰ ਕਾਲੇ ਹਨੇਰਿਆਂ ਨੂੰ ਚੀਰ ਦੇਵੇਗੀ, ਇਸ ਦੀ ਕਾਮਨਾ ਕਰਦੇ ਹਾਂ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617