ਹਮਸ਼ਕਲ.... ਹਮਜ਼ਾਦ ..!
ਦੀਦਾਵਰ ਦੀ ਜ਼ੁਬਾਨੀ-2 ਯਾਦਵਿੰਦਰ ਸਿੰਘ
Posted on
byYADWINDER SINGH (SENIOR SUB-EDITOR, PUNJABI JAGRAN, JALANDHAR)
JALANDHAR: ਕੁਦਰਤ, ਇਹ ਇਕ ਸ਼ਬਦ ਇਕ ਮਹਾਂਵਰਤਾਰੇ ਦਾ ਨਾਂ ਹੈ। ਕੁਦਰਤ ਹੈ ਇਹ ਸਾਨੂੰ ਸਭ ਨੂੰ ਸਾਫ਼ ਨਜ਼ਰ ਆਉਂਦੈ ਜਦਕਿ ਬਹੁਤ ਸਾਰੇ ਲੋਕ ਨੇ, ਜਿਹੜੇ ਕਿਸੇ ਕਾਦਿਰ (ਕੰਟਰੋਲਰ) ਦੇ ਹੋਣ ਜਾਂ ਨਾ ਹੋਣ ਬਾਰੇ ਵੰਡੇ ਹੋਏ ਹਨ ਪਰ 'ਕਾਦਿਰ' ਦੀ ਕੁਦਰਤ ਲਾ-ਮਿਸਾਲ ਹੈ।
ਬਹੁਤ ਸਾਰੇ ਲੋਕ ਮਹਿਜ਼ ਏਸ ਕਰ ਕੇ ਚਰਚਾ ਹਾਸਿਲ ਕਰ ਲੈਂਦੇ ਹਨ ਕਿਉਂਜੋ ਉਹ ਕਿਸੇ ਸਫਲ ਵਿਅਕਤੀ ਦੇ ਹਮਸ਼ਕਲ ਹਨ। ਕਿਸੇ ਦੇ ਚਿਹਰੇ ਨਾਲ ਆਪਣੇ ਚਿਹਰੇ ਦੇ ਨੈਣ-ਨਕਸ਼ ਮਿਲਣ ਕਾਰਨ ਉਹ ਖ਼ੁਦ ਛੋਟੀ-ਮੋਟੀ ਸੈਲੀਬ੍ਰਿਟੀ ਦਾ ਦਰਜਾ ਹਾਸਿਲ ਕਰ ਲੈਂਦੇ ਹਨ। ਲੰਘੀ 31 ਅਕਤੂਬਰ ਨੂੰ ਚੰਡੀਗੜ੍ਹ ਦੇ ਲੋਕਾਂ ਨੇ ਬਾਗ਼ਾਂ ਵਿਚ ਤੇ ਕੋਈ ਹੋਰ ਥਾਵਾਂ 'ਤੇ ਇਕ ਸ਼ਖ਼ਸ ਅਭਿਨੰਦਨ ਪਾਠਕ ਵੇਖਿਆ ਜੋ ਕਿ ਦੂਰੋਂ ਬਿਲਕੁਲ ਸਾਡੇ ਮੁਲਕ ਦੀ ਕੇਂਦਰੀ ਵਜ਼ਾਰਤ ਦੇ ਵਜ਼ੀਰ ਏ ਆਜ਼ਮ ਜਨਾਬ ਨਰਿੰਦਰ ਮੋਦੀ ਵਰਗਾ ਲੱਗਦਾ ਹੈ। ਹਾਂ, ਪਾਠਕ ਦੀ ਦਿੱਖ ਦੂਰੋਂ ਵੇਖਿਆਂ ਮੋਦੀ ਹੁਰਾਂ ਦੀ ਦਿੱਖ ਵਰਗੀ ਹੈ, ਉਹੋ ਜਿਹਾ ਚਿਹਰਾ, ਉਹੋ ਜਿਹੇ ਅੰਦਾਜ਼ ਵਿਚ ਕਟਾਈ ਦਾੜ੍ਹੀ, ਵਗੈਰਾ ਵਗੈਰਾ। ਅਸੀਂ ਨਹੀਂ ਜਾਣਦੇ ਕਿ ਪਾਠਕ ਦਾ ਹਿੰਦੀ ਉਚਾਰਣ ਕਿਹੋ ਜਿਹਾ ਹੈ! ... ਪਰ ਹਾਂ, ਉਹ ਪ੍ਰਧਾਨ ਮੰਤਰੀ ਦਾ ਹਮਸ਼ਕਲ ਹੋਣ ਕਰ ਕੇ ਜਿੱਥੇ ਜਾਂਦੈ, ਉਥੇ ਭੀੜ ਨੂੰ ਖਿੱਚ ਲਾ ਲੈਂਦੇ। ਇਹੀ ਨਹੀਂ ਬਹੁਤ ਸਾਰੇ ਲੋਕ ਸਫਲ ਫਿਲਮੀ ਕਲਾਕਾਰਾਂ ਦੇ ਹਮਸ਼ਕਲ ਹੁੰਦੇ ਹਨ। ਕਿਸੇ ਸਮੇਂ ਫਿਲਮੀ ਕਲਾਕਾਰ ਦੇਵ ਅਨੰਦ, ਅਮਿਤਾਭ ਬੱਚਨ, ਮਹਿਮੂਦ, ਵਗੈਰਾ ਦੇ ਹਮਸ਼ਕਲ ਜਿਹੜੀ ਵੀ ਮਹਿਫ਼ਿਲ ਜਾਂ ਮੰਚ 'ਤੇ ਜਾ ਪੁੱਜਦੇ ਸਨ, ਉਥੇ ਬਹੁਤ ਸਾਰਾ ਸਨਮਾਣ ਤੇ ਕੁਝ ਚੁਣਿੰਦਾ ਹਾਰ ਉਨ੍ਹਾਂ ਹਮਸ਼ਕਲਾਂ ਦੇ ਗਲ਼ ਵਿਚ ਪੈਣ ਲਈ ਰਾਖਵੇਂ ਹੋ ਜਾਂਦੇ ਸਨ। ਹਮਸ਼ਕਲ ਜਾਂ ਕਿਸੇ ਵਰਗਾ ਹੂ ਬ ਹੂ ਚਿਹਰਾ ਹੋਣਾ ਨਾਵਲਾਂ, ਕਹਾਣੀਆਂ ਤੇ ਬੰਬਈਆ ਫਿਲਮਾਂ ਵਿਚ ਆਮ ਵਿਸ਼ਾ ਹੈ, ਮੈਨੂੰ ਬਚਪਨ ਵਿਚ ਵੇਖੀ ਇਕ ਫਿਲਮ 'ਸੀਤਾਪੁਰ ਕੀ ਗੀਤਾ' ਹਾਲੇ ਤਕ ਨਹੀਂ ਭੁੱਲਦੀ। ਹੇਮਾ ਮਾਲਿਨੀ ਦੀ ਪਰਪੱਕ ਅਦਾਕਾਰੀ ਤੇ ਸੰਜੀਵ ਕੁਮਾਰ ਦੀ ਅਸਲੀ ਵਿਚਰਣ ਵਾਲੀ ਅਦਾਕਾਰੀ, ਉਸ ਫਿਲਮ ਦੇ ਸੰਵਾਦ, ਹਿਦਾਇਤਕਾਰੀ ਵਗੈਰਾ ਸਭ ਬਾ-ਕਮਾਲ ਸਨ। ਬੇਸ਼ੱਕ, ਕੁਝ ਮਜ਼ਾਹੀਆ ਫਿਲਮਾਂ ਸਾਨੂੰ ਵਕਤੀ ਤੌਰ 'ਤੇ ਹਸਾਅ ਦਿੰਦੀਆਂ ਹਨ ਤੇ ਸਾਡੇ ਜ਼ਿਹਨ ਨੂੰ ਸੁਕੂਨ ਅਦਾ ਕਰਦੀਆਂ ਹਨ। ਹਮਸ਼ਕਲਾਂ ਬਾਰੇ ਘਟੀਆ ਪੱਧਰ ਦੇ ਫੰਤਾਸੀ ਨਾਵਲ ਤੇ ਕਹਾਣੀਆਂ ਦੀ ਬਹੁਤਾਤ ਹੈ। ਮਸ਼ਹੂਰ ਸੜਕਾਂ 'ਤੇ ਬਣੇ ਸਿਨਮਿਆਂ ਦੇ ਬਾਹਰ ਸੜਕ 'ਤੇ ਹੀ ਦਰੀ ਵਿਛਾਅ ਕੇ ਜ਼ਮੀਨ 'ਤੇ ਲਾਲ ਜਾਂ ਨੀਲੇ ਕਵਰ ਵਾਲੀਆਂ ਕਿਤਾਬਾਂ ਅਕਸਰ ਵਾਹਯਾਤ ਹੁੰਦੀਆਂ ਹਨ, ਇਨ੍ਹਾਂ ਵਿਚ ਕਾਮੁਕ ਸਬੰਧ ਬਣਾਉਣ ਤੋਂ ਲੈ ਕੇ ਫਿਜ਼ੂਲ਼ ਦੀ ਫੰਤਾਸੀ (ਕਲਪਨਾ) ਬਾਰੇ ਕਿਤਾਬਾਂ ਹੁੰਦੀਆਂ ਹਨ, ਸਾਡੇ ਪੰਜਾਬ ਵਿਚ ਵੀ ਮੇਰੇ ਜੰਮਣ ਤੋਂ ਕਾਫ਼ੀ ਸਮਾਂ ਪਹਿਲਾਂ ਇਕ ਲਿਖਾਰੀ 'ਮਸਤ ਰਾਮ' ਦੇ ਕਲਮੀ ਨਾਂ ਹੇਠ ਲੱਚਰ ਨਾਵਲ ਲਿਖਦਾ ਹੁੰਦਾ ਸੀ (ਮੈਂ ਸਿਰਫ਼ ਸੁਣਿਐ, ਵੇਖਿਆ/ਪੜ੍ਹਿਆ ਨਹੀਂ)। ਹਲਕਾ ਲਿਖਣ ਵਾਲੇ ਉਦੋਂ ਵੀ ਬਹੁਤ ਸਨ ਤੇ ਅੱਜ ਵੀ ਹੈਨ। ਖ਼ੈਰ ਕੁਝ ਵੀ ਹੈ, ਕਿਸੇ ਕਾਮਯਾਬ ਜਾਂ ਮਸ਼ਹੂਰ ਬਸ਼ਰ ਦਾ ਹਮਸ਼ਕਲ ਹੋਣਾ ਕਿਸੇ ਸਧਾਰਨ ਬੰਦੇ ਲਈ ਕੁਦਰਤ ਦੇ ਤੋਹਫ਼ੇ ਤੋਂ ਘੱਟ ਨਹੀਂ ਹੁੰਦਾ। ਉਸ ਨੂੰ ਆਪਣੇ ਚਿਹਰੇ ਮੋਹਰੇ ਤੇ ਮੜ੍ਹੰਗੇ ਕਰ ਕੇ ਹੀ ਲੋਕਾਈ ਨੇ ਪਛਾਣ ਲੈਣਾ ਹੁੰਦਾ ਹੈ, ਇਹ ਵੀ ਬਹੁਰੂਪੀਏ ਹੋਣ ਵਾਂਗ ਹੈ ਪਰ ਦੁਨੀਆਂ ਵਿਚ ਬਹੁਤ ਸਾਰੇ ਲੋਕ ਜਿਹੜੇ ਕਿ ਬਿਨਾਂ ਕਿਸੇ ਨਿਸ਼ਾਨੇ ਤੇ ਕਿਸੇ ਵਿਚਾਰਧਾਰਾ ਤੋਂ ਵਿਚਰਦੇ ਹਨ, ਉਨ੍ਹਾਂ ਲਈ ਹਮਸ਼ਕਲ ਹੋਣਾ ਆਪਣਾ ਤੇ ਦੂਜਿਆਂ ਦਾ ਮਨ ਪਰਚਾਵਾ ਕਰਨ ਲਈ ਇਕ ਬਿਹਤਰੀਨ ਮੌਕਾ ਮੁਹੱਈਆ ਹੋਣ ਵਾਂਗ ਹੈ। ਸਾਰੇ ਹਮਸ਼ਕਲਾਂ ਨੂੰ ਉਨ੍ਹਾਂ ਦੀ ਇਸ ਕੁਦਰਤੀ ਦਾਤ 'ਤੇ ਮੇਰੇ ਵੱਲੋਂ ਮੁਬਾਰਿਕਬਾਦ। ਇਕ ਹੋਰ ਗੱਲ ਕਰਨੀ ਰਹਿ ਗਈ। ਹਮਸ਼ਕਲ ਤੋਂ ਇਲਾਵਾ ਇਕ ਕੰਪੈਸਟ 'ਹਮਜ਼ਾਦ' ਦਾ ਵੀ ਚੱਲਦੈ। ਇਹ ਗੱਲ ਹੁਣ ਸੂਰਤ ਦੀ ਤਾਂ ਨਹੀਂ ਸਗੋਂ ਸੀਰਤ ਦੀ ਹੈ। ਮੈਂ ਸੁਣਿਐ ਕਿ ਖ਼ਾਸਕਰ ਅਰਬੀ ਸਾਹਿਤ ਵਿਚ 'ਹਮਜ਼ਾਦ' ਦੀ ਇਕ ਧਾਰਨਾ ਐ। ਉਹ ਧਾਰਨਾ ਦੱਸਦੀ ਹੈ ਕਿ ਜਦੋਂ ਵੀ ਕੋਈ ਬੰਦਾ, ਜਨਮ ਲੈਂਦਾ ਹੈ ਤਾਂ ਉਸ ਦੇ ਨਾਲ ਹੀ ਇਕ 'ਹਮਜ਼ਾਦ' ਜਨਮ ਲੈ ਲੈਂਦੈ। ਬੱਚਾ, ਵੱਡਾ ਹੋਣ 'ਤੇ ਆਪਣੇ ਪਰਿਵਾਰਕ ਮਾਹੌਲ, ਮੁਲਕ ਦੇ ਸਿਆਸੀ/ਵਿੱਤੀ ਹਾਲਾਤ ਮੁਤਾਬਕ ਢਲ ਜਾਂਦੈ। ਹੋ ਸਕਦੈ ਕਿ ਵੱਡੇ ਹੋਣ ਤਕ ਸਮਝੌਤਾ ਦਰ ਸਮਝੌਤਾ ਕਰਦੇ ਰਹਿਣ ਕਰ ਕੇ ਉਹ ਆਪਣੀ ਸੀਰਤ ਦੇ ਅਸਲੀ ਖ਼ਮੀਰ ਨੂੰ ਮਨਫ਼ੀ ਕਰ ਬੈਠੇ। ਹੋ ਸਕਦੈ ਕਿਸੇ ਖ਼ਾਸ ਮਾਹੌਲ ਕਾਰਨ ਉਸ ਨੂੰ ਸਾਰੀ ਉਮਰ 'ਬਣਾਓਟੀਪੁਣਾ' ਹੰਢਾਉਣਾ ਪਵੇ ਪਰ ਹਾਂ, ਇੰਨਾ ਜ਼ਰੂਰ ਹੈ ਕਿ ਉਸ ਦਾ 'ਹਮਜ਼ਾਦ' ਉਸ ਦੇ ਦਿਲ ਦੇ ਇਕ ਖ਼ਾਨੇ ਵਿਚ ਬੈਠਾ ਉਡੀਕਦਾ ਰਹਿੰਦੈ। ਜਮਾਂਦਰੂ ਨਿਰਛਲਤਾ ਤਕ ਜਾਂ ਆਪਣੇ 'ਅਸਲ ਨਿੱਜ' ਤਕ ਪਹੁੰਚਾਉਣਾ ਅਧਿਆਤਮਕਤਾ ਦਾ ਵਿਸ਼ਾ ਖੇਤਰ ਹੈ। ਈਸਾਈ ਲੋਕ 'ਨਿੱਜੀ ਮੁਕਤੀ' ਨੂੰ 'ਸਾਲਵੇਸ਼ਨ' ਆਖਦੇ ਹਨ, ਇਸਲਾਮ ਨੂੰ ਮੰਨਣ ਵਾਲੇ 'ਤਕਵਾ' ਲਈ ਬੇਕਰਾਰ ਰਹਿੰਦੇ ਹਨ, ਹਰ ਮੁਸਲਿਮ ਆਪਣੇ ਮੋਮਿਨ ਤੇ ਫੇਰ ਮੋਹਸਿਨ ਹੋਣ ਲਈ ਤਰਦੁੱਦ ਕਰਦੈ। ਸਿੱਖੀ ਵਿਚ 'ਸਚਿਆਰ' ਹੋਣ ਨੂੰ ਅੰਤਮ ਨਿਸ਼ਾਨਾ ਮੰਨਿਆ ਜਾਂਦਾ ਹੈ। ਮੇਰੇ ਵੇਖਿਆਂ ਤਾਂ ਇਹ ਹਮਜ਼ਾਦ ਹੋਰ ਕੋਈ ਨਹੀਂ, ਜਮਾਂਦਰੂ ਨਿਰਮਲਤਾ ਹੈ, ਜਿਸ ਨੂੰ ਬਹੁਤ ਵਾਰ ਅਸੀਂ ਆਪਣੇ ਵੱਡੇ ਹੋਣ ਤਕ, ਆਪਣੇ ਮਾਹੌਲ ਕਾਰਨ ਗੁਆ ਲੈਂਦੇ ਹਾਂ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੇ ਬਚਪਨ ਨੂੰ ਜਿੰਦਗੀ ਦਾ ਸੁਨਹਿਰੀ ਦੌਰ ਮੰਨਦੇ ਹਨ, ਪਰ ਜਦੋਂ ਕੋਈ ਬੱਚਾ ਹੁੰਦੈ ਤਾਂ ਉਹ ਵੱਡਾ ਹੋਣ ਲਈ ਕੀਹ ਨਹੀਂ ਕਰਦਾ!!! ਬੱਚੇ, ਨੌਜਵਾਨ ਬਣਨਾ ਚਾਹੁੰਦੇ ਹਨ ਤੇ ਨੌਜਵਾਨ ਬੁੱਢੇ ਹੋਣੋਂ ਡਰਦੇ ਹਨ। ਹਾਂ, ਸਾਡਾ ਸਾਰਿਆਂ ਦਾ 'ਹਮਜ਼ਾਦ' ਸਾਡੇ ਇੰਤਜ਼ਾਰ ਵਿਚ ਹੈ। ਇਹ ਸ਼ੇਅਰ ਜਜ਼ਬ ਕਰਦੇ ਜਾਓ। ਸਫ਼ਰ ਹੈ ਦੂਰ ਕਾ ਔਰ ਜਾਨਾ ਕਹੀ ਨਹੀਂ ਹੈ! ਅਬ ਇਸੇ ਇਬਤੇਦਾ ਕਹੀਏ ਯਾਂ ਇੰਤੇਹਾ ਕਹੀਏਗਾ। ਫੇਰ ਮਿਲਾਂਗੇ। ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ। To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph ਸੰਪਰਕ - 94 653 29 617