ਮੌਤ ਵੰਡਦੇ ਵਾਹਨ ਤੇ ਲਾਪਰਵਾਹ ਸਰਕਾਰਾਂ
ਦੀਦਾਵਰ ਦੀ ਜ਼ੁਬਾਨੀ-3 ਯਾਦਵਿੰਦਰ ਸਿੰਘ
Posted on
byYADWINDER SINGH (SENIOR SUB-EDITOR, PUNJABI JAGRAN, JALANDHAR)
JALANDHAR: ਸਾਡੇ ਮੁਲਕ ਵਿਚ ਬੱਸਾਂ ਦੇ ਡਰਾਈਵਰ, ਮਾਲ ਢੋਣ ਵਾਲੇ ਟਰੱਕਾਂ ਦੇ ਡਰਾਈਵਰ ਤੇ ਖ਼ਾਸਕਰ ਬਿਨਾਂ ਨੰਬਰ ਪਲੇਟ ਤੋਂ ਸੜਕਾਂ 'ਤੇ ਦੌੜਦੀਆਂ ਟਰੈਕਟਰ-ਟਰਾਲੀਆਂ ਦੀ ਕੋਈ ਗਿਣਤੀ ਨਹੀਂ ਹੈ। ਕੁਝ ਲੋਕਾਂ ਨੂੰ ਟਰੈਕਟਰ-ਟਰਾਲੀਆਂ ਸੜਕਾਂ 'ਤੇ ਚੱਲਣ ਤੋਂ ਸਖ਼ਤ ਇਤਰਾਜ਼ ਹਨ, ਉਨ੍ਹਾਂ ਦੀ ਦਲੀਲ ਇਹ ਹੈ ਕਿ ਟਰੈਕਟਰ ਤੇ ਟਰਾਲੀਆਂ ਖੇਤਾਂ ਤੇ ਖੱਤਿਆਂ ਲਈ ਹਨ, ਇਨ੍ਹਾਂ ਦਾ ਸੜਕਾਂ 'ਤੇ ਚੱਲਣ ਦਾ ਕੀ ਕੰਮ?
ਇਹ ਕਾਲਾ ਦੌਰ ਸਾਡੇ ਸਭ ਦੇ ਸਾਹਮਣੇ ਹੈ, ਹਰ ਰੋਜ਼ ਲੋਕ ਮਰਦੇ ਹਨ ਤੇ ਕਲ੍ਹ ਨੂੰ ਕੀ ਹੋਣਾ ਹੈ, ਕਿੰਨੇ ਮਾਸੂਮ ਬੱਚੇ ਇਨ੍ਹਾਂ ਦਾ ਸ਼ਿਕਾਰ ਬਣਨੇ ਹਨ? ਕਿੰਨੇ ਬਜ਼ੁਰਗ ਸੈਰ ਕਰਦਿਆਂ ਇਨ੍ਹਾਂ ਵਾਹਨਾਂ ਦੇ ਹੇਠਾਂ ਆਉਣੇ ਹਨ, ਕੋਈ ਨਹੀਂ ਜਾਣਦਾ ਪਰ ਹਾਂ, ਏਨਾ ਜ਼ਰੂਰ ਹੈ ਕਿ ਪਿੰਡਾਂ ਦੇ ਸਰਪੰਚਾਂ, ਨਗਰ ਕੌਂਸਲਾਂ ਦੇ ਕੌਂਸਲਰਾਂ, ਵਿਧਾਨਕਾਰਾਂ, ਮੰਤਰੀਆਂ, ਪਾਰਲੀਮਾਨੀ ਸਕੱਤਰਾਂ ਦੀ ਫ਼ੌਜ ਤੇ ਮੁੱਖ ਮੰਤਰੀ ਨੂੰ ਇਸ ਅਰਾਜਕਤਾ ਬਾਰੇ 'ਨਹੀਂ ਪਤਾ' ਹੈ, ਬਾਕੀ ਸਾਰਾ ਜੱਗ ਜਾਣਦਾ ਹੈ। ਦਰਅਸਲ, ਇਸੇ ਤਰ੍ਹਾਂ ਦੇ ਹਾਲਾਤ ਛੋਟੇ-ਛੋਟੇ ਬੱਚਿਆਂ ਨੂੰ ਢੋਹਣ ਵਾਲੇ ਖ਼ਸਤਾਹਾਲ ਤੇ ਧੂੰਆਂ ਛੱਡਦੇ ਥ੍ਰੀਵੀਲ੍ਹਰਾਂ ਤੇ ਸਕੂਲੀ ਬੱਸਾਂ ਦਾ ਹੁੰਦਾ ਹੈ। ਸਕੂਲਾਂ ਦੇ ਮਾਲਕਾਂ ਦੀ ਨੀਤ ਉਸ ਬਾਲਟੀ ਵਰਗੀ ਹੁੰਦੀ ਹੈ, ਜਿਹਦਾ ਥੱਲਾ ਨਾਲੋਂ ਲੱਥ ਗਿਆ ਹੋਵੇ, ਨਹੀਂ ਤਾਂ ਅਥਾਹ ਫੀਸਾਂ ਵਸੂਲ ਕੇ, ਕਿਤਾਬਾਂ, ਯੂਨੀਫਾਰਮਾਂ ਵੇਚ ਕੇ ਅਤੇ ਧਨ ਦੇ ਅੰਬਾਰ ਲਗਾ ਕੇ ਵੀ ਇਨ੍ਹਾਂ ਧਨਾਢਾਂ ਦੀ ਨੀਤ ਨਹੀਂ ਭਰਦੀ ਤੇ ਆਪਣੇ ਆਵਾਜਾਈ ਦੇ ਸਾਧਨ ਖਟਾਰਾ ਹੀ ਰੱਖਦੇ ਹਨ। ਜਲੰਧਰ ਵਿਚ ਕੁਝ ਸਾਲ ਪਹਿਲਾਂ ਇਕ ਘਟਨਾ ਵਾਪਰੀ ਕਿ ਉਸ ਸਮੇਂ ਦੇ ਸੀਨੀਅਰ ਡਿਪਟੀ ਮੇਅਰ ਦਾ ਇੱਕੋ ਇਕ ਪੁੱਤਰ ਉਸ ਸਮੇਂ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨਾਲ ਟਕਰਾਅ ਕੇ ਮਾਰਿਆ ਗਿਆ ਜਦੋਂ ਉਹ ਇਕ ਪੇਸ਼ੇਵਰ ਪੱਗਾਂ ਬੰਨਣ ਵਾਲੇ ਨੂੰ ਪੈਸੇ ਅਦਾ ਕਰ ਕੇ ਪੱਗ ਬੰਨ੍ਹਾ ਕੇ ਦੋਸਤ ਨਾਲ ਵਾਪਸ ਮੁੜਦਾ ਪਿਆ ਸੀ। ਉਦੋਂ ਇਸ ਘਟਨਾ ਦੀ ਇਸ ਪਹਿਲੂ ਤੋਂ ਕਿਸੇ ਮੁੱਦੇ ਵਾਂਗ ਚਰਚਾ ਹੋਈ ਕਿ ਇੱਟਾਂ, ਮਿੱਟੀ, ਲੋਹੇ ਦਾ ਸਾਮਾਨ, ਸ਼ਟਰਿੰਗ ਦਾ ਸਾਮਾਨ ਢੋਂਹਦੇ ਟਰੈਕਟਰ-ਟਰਾਲੀਆਂ ਦੀ ਸੜਕਾਂ 'ਤੇ ਬੇਲਗ਼ਾਮ ਆਵਾਜਾਈ ਦੀ ਕੀ ਵਾਜਬੀਅਤ ਹੈ? ਇਸ ਮਗਰੋਂ ਸਧਾਰਨ ਲੋਕਾਂ ਦੇ ਧੀਆਂ-ਪੁੱਤ ਵੀ ਕਮਰਸ਼ੀਅਲ ਵਾਹਨਾਂ ਦੀ ਜ਼ਦ ਵਿਚ ਆਉਂਦੇ ਗਏ ਤੇ ਅਣਆਈ ਮੌਤ ਮਰਦੇ ਗਏ ਪਰ ਕੌਂਸਲਰਾਂ ਤੋਂ ਲੈ ਕੇ ਵਿਧਾਨਕਾਰ, ਵਿਧਾਨਕਾਰਾਂ ਤੋਂ ਲੈ ਕੇ ਪਾਰਲੀਮਾਨੀ ਸਕੱਤਰਾਂ ਦੀ ਫ਼ੌਜ ਹਮੇਸ਼ਾਂ ਵਾਂਗ ਚੁੱਪ ਰਹੀ। ਗ਼ਰੀਬ ਜਨਤਾ ਅੱਜ ਵੀ ਮਰਦੀ ਹੈ ਪਰ ਖ਼ਬਰਾਂ ਲੱਗਣ ਪਿੱਛੋਂ ਸਭ ਕੁਝ 'ਆਮ ਵਾਂਗ' ਹੋ ਜਾਂਦਾ ਹੈ। ਉਹ ਲੋਕ ਜਿਹੜੇ ਇਨ੍ਹਾਂ ਟਰਾਂਸਪੋਰਟਾਂ ਤੇ ਟਰੈਕਟਰ-ਟਰਾਲੀਆਂ ਦੇ ਮਾਲਕ ਹਨ, ਹਮੇਸ਼ਾਂ ਪੈਸਿਆਂ ਵਿਚ ਖੇਡਦੇ ਹਨ, ਉਹ ਕਿਉਂ ਨਹੀਂ ਸਮਾਜ ਦੇ ਲੋਕਾਂ ਖ਼ਾਸਕਰ ਬੱਚਿਆਂ ਤੇ ਜਵਾਨਾਂ 'ਤੇ ਤਰਸ ਖਾਂਦੇ। ... ਜਾਂ ਉਨ੍ਹਾਂ ਨੂੰ ਕਿਉਂ ਨਹੀਂ ਪੁਲਿਸ ਤੇ ਪ੍ਰਸ਼ਾਸਨ ਤੋਂ ਡਰ ਲੱਗਦਾ? ਇਸ ਦਾ ਸਿੱਧਾ ਜਿਹਾ ਜਵਾਬ ਇਹ ਹੈ ਕਿ ਇਹ ਪੈਸਿਆਂ ਵਿਚ ਖੇਡਣ ਵਾਲੇ ਲੋਕ ਸਿਆਸੀ ਪਾਰਟੀਆਂ ਲਈ ਥੈਲੀਸ਼ਾਹ ਹਨ, ਕੋਈ ਉਮੀਦਵਾਰ ਹਾਰੇ ਜਾਂ ਜਿੱਤੇ, ਕੋਈ ਫ਼ਰਕ ਨਹੀਂ ਪੈਂਦਾ!!! ਇਹ ਦਰ ਆਏ ਉਮੀਦਵਾਰ ਨੂੰ ਇੱਕੋ ਜਿੰਨੀ ਬੁਰਕੀ ਪਾ ਦਿੰਦੇ ਹਨ, ਮੁੜ ਕੇ ਜਿਹੜਾ ਜਿੱਤ ਜਾਂਦਾ ਹੈ, ਉਹਨੂੰ ਆਪਣੇ ਅਦਾਰੇ ਵਿਚ ਸੱਦ ਕੇ ਇਕ ਹੋਰ ਥੈਲੀ (ਪਾਰਟੀ ਫੰਡ) ਦੇ ਦਿੰਦੇ ਹਨ। ਇਸ ਤਰ੍ਹਾਂ ਕਦੇ ਫੜੇ ਜਾਣ 'ਤੇ ਵੀ ਇਕ ਪਾਸੇ ਹਲਕੇ ਦਾ ਵਿਧਾਨਕਾਰ ਇਨ੍ਹਾਂ ਲਈ ਫੋਨ ਕਰਦਾ ਹੁੰਦਾ ਹੈ ਤਾਂ ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਲੈ ਕੇ ਹੋਰ ਸਰਕਾਰੀ ਦਫ਼ਤਰਾਂ ਵਿਚ ਬੈਠੇ ਦਲਾਲ ਤੇ ਹੋਰ ਮਲਾਈਖਾਣੇ ਅਨਸਰ ਜ਼ੋਰ ਲਾ ਦਿੰਦੇ ਹਨ। ਇਸ ਮਸਲੇ 'ਤੇ ਗ਼ੌਰ ਕਰਨ ਦੀ ਲੋੜ ਹੈ ਪਰ ਸਾਨੂੰ ਅਜੋਕੇ ਸਿਆਸਤਦਾਨਾਂ ਤੋਂ ਇਹ ਵੀ ਆਸ ਨਹੀਂ ਰਹੀ। ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ। To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph ਸੰਪਰਕ - 94 653 29 617