CHRISTIANFORT

THE NEWS SECTION

ਲੋਕ-ਬੋਧ ਦੀ ਸੇਧ 'ਚ ਲਾਏ ਕਿਸਾਨੀ ਮੋਰਚੇ ਦੇ ਫ਼ੌਰੀ ਸਬਕ਼


ਦੀਦਾਵਰ ਦਾ ਹੁਨਰ -32


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਸੁਧਾਰ ਕਨੂੰਨਾਂ ਨੂੰ ਜੇ ਕਿਸੇ ਸੂਬੇ ਦੇ ਕਿਸਾਨਾਂ ਨੇ ਮੁਕੰਮਲ ਤੌਰ ਉੱਤੇ ਰੱਦ ਕੀਤਾ ਹੈ ਤਾਂ ਓਹ ਪੰਜਾਬ ਹੈ. ਦਰਅਸਲ, ਇਹਦੇ ਪਿੱਛੇ ਵਜ੍ਹਾ ਇਹ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ 'ਖੇਤੀ ਸੁਧਾਰ' ਸਬੰਧੀ ਬਿੱਲ (ਖਰੜਾ) ਲਿਆਉੰਦਾ ਤੇ ਫੇਰ, ਕਿਸਾਨਾਂ ਨਾਲ ਸਲਾਹੀਂ ਪਏ ਬਿਨਾਂ 'ਐਕਟ' ਪਾਸ ਕਰ ਦਿੱਤੇ. ਇਨ੍ਹਾਂ ਕਨੂੰਨਾਂ ਵਿਰੁੱਧ ਰਸਮੀ ਧਰਨੇ ਲੱਗੇ, ਰਸਮੀ ਤੌਰ 'ਤੇ ਰੋਸ ਮੁਜ਼ਾਹਰੇ ਕੀਤੇ ਗਏ ਤੇ ਫੇਰ 'ਸਾਹਿਤਕ ਚਾਨਣ' ਤੋਂ ਸੇਧ ਲੈਣ ਵਾਲੇ ਕਿਰਸਾਨੀ ਅਗਵਾਈਕਾਰਾਂ ਨੇ ਆਰ-ਪਾਰ ਦੀ ਲੜਾਈ ਛੇੜ ਦਿੱਤੀ.

**


ਏਸ ਸੁਲੇਖ ਦੀਆਂ ਇਹ ਸਤਰਾਂ ਲਿਖਦਿਆਂ ਹੋਇਆ ਬਹੁਤ ਸਾਰੇ ਓਹ ਫੋਕੇ ਰੋਸ ਮੁਜ਼ਾਹਰੇ ਤੇ ਧਰਨੇ ਮੱਲੋਮੱਲੀ ਚੇਤੇ ਆ ਰਹੇ ਨੇ ਜਿਨ੍ਹਾਂ ਵਿਚ ਰੋਸ ਮੁਜ਼ਾਹਰੇ ਕਰਨ ਵਾਲੇ ਫੋਕੇ ਲਲਕਾਰੇ ਮਾਰਦੇ ਕੰਨੀਂ ਪੈਂਦੇ ਹਨ, ਇਹੋ ਜਿਹੇ ਲੋਕ ਮਜਮਾ ਲਾਉਣ ਵਾਂਗ ਧਰਨਾ ਲਾਉਂਦੇ ਹਨ ਪਰ ਸਰਕਾਰ ਨੂੰ 'ਧਰਨ' ਨਹੀਂ ਪਾ ਸਕਦੇ ਹੁੰਦੇ. ਓਹ ਧਰਨਾ ਈ ਕੀ ਜਿਹੜਾ ਵਿਰੋਧੀ ਦੇ ਧਰਨ ਨਾ ਪਾ ਸਕੇ!

***


PHOTO: ND TV

ਬਿਨਾਂ ਸ਼ਕ਼ ਕਿਸਾਨਾਂ ਵੱਲੋਂ ਲਾਇਆ ਇਹ ਮੋਰਚਾ, ਇਤਿਹਾਸ ਵਿਚ ਥਾਂ ਬਣਾ ਗਿਆ ਹੈ. ਕਿਸਾਨਾਂ ਨੇ ਜਦੋਂ ਅੰਬਾਲਾ (ਹਰਿਆਣੇ ਸੂਬੇ 'ਚ) ਬੈਰੀਕੇਡ ਵਗੈਰਾ ਚੱਕ ਕੇ ਪਰਾ ਮਾਰੇ ਸੀ, ਉਦੋਂ ਈ ਅੰਦਾਜ਼ਾ ਪੱਕਾ ਹੋ ਗਿਆ ਸੀ ਕਿ ਕਿਸਾਨ ਕਾਰਕੁਨ ਐਤਕੀਂ ਪੱਕੇ ਇਰਾਦੇ ਧਾਰ ਕੇ ਸੰਘਰਸ਼ ਦੇ ਪਿੜ੍ਹ ਵਿਚ ਆਏ ਹਨ. ਵੇਖਿਆ ਜਾਵੇ ਤਾਂ ਇਹੋ ਜਿਹੀਆਂ ਹਰਕ਼ਤਾਂ 'ਮਾਅਰਕੇਬਾਜ਼ੀ' ਨਾਲ ਮੇਲ ਖਾਂਦੀਆਂ ਜਾਪਦੀਆਂ ਹਨ ਪਰ ਅਸੀਂ ਏਸ ਨੂੰ ਮਾਅਰਕੇਬਾਜ਼ੀ ਨਹੀਂ ਆਖਾਂਗੇ ਸਗੋਂ ਜੱਦੋਜ਼ੁਹਦ ਦਾ ਪੈਂਤੜਾ ਹੀ ਮੰਨਾਂਗੇ. ਹਾਂ, ਇਹ ਸਹੀ ਹੈ ਕਿ ਬਹੁਤ ਸਾਰੇ ਤੁਕਬਾਜ਼ ਸ਼ਾਇਰ ਤੇ ਔਸਤ ਜਿਹਾ ਲਿਖਣ ਵਾਲੇ 'ਓ ਦਿੱਲੀਏ, ਅਸੀਂ ਏਦਾਂ ਕਰ ਦਿਆਂਗੇ, ਓ ਦਿੱਲੀਏ ਅਸੀਂ ਓਦਾਂ ਕਰ ਦਿਆਂਗੇ' ਲਿਖ ਲਿਖ ਕੇ ਸੋਸ਼ਲ ਮੀਡੀਆ ਉੱਤੇ ਹਾਜ਼ਰੀ ਲੁਆ ਰਹੇ ਹਨ, ਉਨ੍ਹਾਂ ਨੂੰ ਸੂਰਤੇਹਾਲ ਨੂੰ ਸਮਝਣਾ ਚਾਹੀਦਾ ਹੈ ਤੇ ਇਤਿਹਾਸ ਜ਼ਰੂਰ ਪੜ੍ਹਣਾ ਚਾਹੀਦਾ ਹੈ ਤਾਂ ਜੋ ਪੁਖ਼ਤਾ ਗੱਲ ਕਰਨ ਦਾ ਹੁਨਰ ਆ ਸਕੇ.

**


ਦਿੱਲੀ ਸਲਤਨਤ ਦੇ ਕੁਝ ਉੱਚ ਮਿਆਰੀ ਸੂਤਰਾਂ ਨੇ ਦੱਸਿਆ ਹੈ ਕਿ ਕੇਂਦਰੀ ਹੁਕ਼ਮਰਾਨ ਸੋਚ ਰਹੇ ਸਨ ਕਿ ਕਿਸਾਨ ਖ਼ਾਸਕਰ, ਨੌਜਵਾਨ ਕਾਰਕੁਨ, ਅੰਦੋਲਨ ਕਰਦਿਆਂ ਕਰਦਿਆਂ ਹਿੰਸਕ ਕਾਰਵਾਈ ਕਰਨਗੇ, ਸੜਕਾਂ ਉੱਤੇ ਰੋਟੀ ਖਾ ਕੇ ਗੰਦ ਪਾਉਣਗੇ ਜਾਂ ਲੋਕਾਂ ਦੇ ਵਾਹਨ ਸਾੜਨਗੇ ਤੇ ਸਰਕਾਰ ਨੂੰ ਬਹਾਨਾ ਮਿਲ ਜਾਏਗਾ. ਪਰ ਅਨੁਸ਼ਾਸ਼ਤ ਤੇ ਸਿਆਣੇ ਕਾਰਕੁਨ ਅੰਦੋਲਨ ਨੂੰ ਬਦਨਾਮ ਹੋਣ ਤੋਂ ਬਚਾਅ ਗਏ. ਸਰਕਾਰ ਜੇ ਫ਼ੌਜ ਚਾੜ ਕੇ ਮੋਰਚਾ ਨੇਸਤੋਨਾਬੂਦ ਕਰਨਾ ਵੀ ਚਾਹੁੰਦੀ ਹੋਵੇ, ਤਦ ਵੀ ਕੁਝ ਨਹੀਂ ਕਰ ਸਕੀ.

**


ਸਾਹਿਤ ਸਿਰਜਕਾਂ ਦਾ ਮੁੱਖ ਟਿਕਾਣਾ ਹੁਣ ਬਰਨਾਲਾ ਹੈ. ਬਹੁਤਾ ਸਹੀ ਕਹਿਣਾ ਹੋਵੇ ਤਾਂ ਆਖ ਸਕਦੇ ਹਾਂ ਕਿ ਪੰਜਾਬ ਦਾ ਮਾਲਵਾ ਖਿੱਤਾ ਹੁਣ ਸਾਹਿਤ ਲਿਖਣ ਤੇ ਪੜ੍ਹਣ ਵਾਲਿਆਂ ਦਾ ਖਿੱਤਾ ਹੈ. ਕਿਸਾਨੀ ਸੰਘਰਸ਼ ਦੇ ਅਗਵਾਈਕਾਰ ਵੀ ਲਿਖਦੇ ਪੜ੍ਹਦੇ ਹਨ. ਕੋਈ ਸਮਾਂ ਹੁੰਦਾ ਸੀ ਜਦੋਂ ਮਾਝਾ (ਹੁਣ ਵਾਲਾ ਲਹਿੰਦਾ ਪੰਜਾਬ ਵੀ) ਲਿਖਣ ਪੜ੍ਹਣ ਤੇ ਸੋਚਣ ਵਾਲਿਆਂ ਦਾ ਇਲਾਕਾ ਹੁੰਦਾ ਸੀ, 1947 ਦੀ ਗ਼ੈਰ ਇਨਸਾਨੀ ਤਕ਼ਸੀਮ ਨੇ ਸੂਰਤ ਬਦਲ ਦਿੱਤੀ. ਹੁਣ ਮਾਲਵਾ ਖਿੱਤੇ ਦੀ ਜਾਗ ਖੁੱਲ੍ਹੀ ਹੈ, ਮਾਲਵੇ ਬਾਰੇ ਮਸ਼ਹੂਰ ਹੁੰਦਾ ਸੀ :


ਦੇਸ ਮਾਲਵਾ ਗਹਿਰ ਗੰਭੀਰ

ਪਗ ਪਗ ਰੋਟੀ ਡਗ ਡਗ ਨੀਰ


ਜਦਕਿ ਮਾਲਵਾ ਖਿੱਤੇ ਨੇ ਟਾਪੂ ਵਰਗੀ ਹੋਂਦ ਹੰਢਾਈ ਹੈ. ਹੁਣ ਬਠਿੰਡਾ ਵਿਚ ਟਿੱਬੇ ਨਹੀਂ ਰਹੇ, ਬਠਿੰਡਾ ਹੁਣ ਐਜੂਕੇਸ਼ਨ ਦੀ ਹਬ ਹੈ. ਫ਼ਰੀਦਕੋਟ, ਸੰਗਰੂਰ, ਬਰਨਾਲਾ, ਸ਼ਹਿਣਾ ਵਗੈਰਾ ਉਹੋ ਜਿਹੇ ਨਹੀਂ ਰਹੇ ਜਿਹੋ ਜਿਹੇ ਲੋਕਾਈ ਦੇ ਸਰਬ ਸਾਂਝੇ ਅਚੇਤ ਵਿਚ ਦਰਜ ਸਨ. ਮਲਵਈ ਬੰਦੇ ਹੁਣ ਸਾਹਿਤ ਪੜ੍ਹਦੇ ਹਨ, ਪੰਜਾਬੀ ਦੀ ਨਹੀਂ ਭਾਸ਼ਾ ਜੁਗਤ ਸਾਮ੍ਹਣੇ ਲਿਆ ਰਹੇ ਹਨ. ਇਤਿਹਾਸ ਨੂੰ ਨਾਵਲ ਦੀ ਸ਼ਕਲ ਵਿਚ ਲਿਖਦੇ ਹਨ. ਹੁਣ ਲੋਕ-ਲਹਿਰਾਂ ਦਾ ਕੇਂਦਰ, ਮਾਲਵਾ ਹੈ. ਓਸੇ ਮਾਲਵੇ ਦੇ ਨਾਵਲ ਤੇ ਸਮੁੱਚਾ ਸਾਹਿਤ ਲੋਕਾਂ ਨੂੰ ਸੱਜਰਾ (ਅਪਡੇਟ) ਕਰ ਰਿਹੈ. ਕਿਸਾਨੀ ਮੋਰਚੇ ਦੀ ਰੂਹ, ਗਾਇਕ ਕਲਾਕਾਰਾਂ ਦੇ "ਚੱਕਵੇਂ ਜਿਹੇ ਗੀਤ" ਨਹੀਂ ਹਨ ਬਲਕਿ ਸੱਜਰਾ ਤੇ ਉਸਾਰੂ ਸਾਹਿਤ ਹੈ.

***


ਕਿਸਾਨੀ ਮੋਰਚਾ ਜਦੋਂ ਲੱਗਿਆ ਹੀ ਸੀ ਤਾਂ ਏਸ ਲੋਕ ਕਾਫਲੇ ਨੂੰ ਬੁਰਾੜੀ ਮੈਦਾਨ ਵਿਚ ਰੋਕੇ ਜਾਣ ਦੇ ਹੀਲੇ ਕੀਤੇ ਗਏ ਪਰ ਕਿਸਾਨਾਂ ਦੇ ਅਗਵਾਈਕਾਰ ਤਾਂ ਜਿਵੇਂ ਧਾਰ ਕੇ ਆਏ ਸਨ ਕਿ ਐਤਕੀ ਤਖ਼ਤ ਹਲਾਉਣ ਆਏ ਹਾਂ, ਏਸੇ ਲਈ ਇਹ ਮੋਰਚਾ ਏਨਾ ਖਿੱਚ ਪਾਊ ਸਾਬਤ ਹੋਇਆ ਕਿ ਹਰਿਆਣੇ, ਯੂ ਪੀ, ਰਾਜਸਥਾਨ ਤੋਂ ਇਲਾਵਾ ਹੋਰ ਇਲਾਕਿਆਂ ਦੇ ਕਿਸਾਨ ਕਾਰਕੁਨ ਵੀ ਖਿੱਚੇ ਤੁਰੇ ਆਏ. ਸਾਰੇ ਮੁਲਕ ਦੇ ਕਿਸਾਨਾਂ ਲਈ ਪੰਜਾਬ ਦੇ ਕਿਸਾਨ 'ਨਜ਼ੀਰ' ਸਾਬਤ ਹੋਏ, ਏਨਾ ਲੰਮਾ ਅੰਦੋਲਨ ਚਲਾਉਣਾ ਸਿਆਣਪ ਤੋਂ ਬਿਨਾਂ ਸੰਭਵ ਨਹੀਂ ਹੁੰਦਾ.

***


ਕਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਐਨ ਓਸ ਵੇਲੇ ਮਿੱਠੀ ਜਿਹੀ ਝਿੜਕ ਮਾਰੀ, ਜਦੋਂ ਕੋਈ ਸੋਚ ਨਹੀਂ ਸਕਦਾ ਸੀ ਕਿ ਇਹੋ ਜਿਹਾ ਕੁਝ ਹੋ ਸਕਦਾ ਹੈ, ਕੁਝ ਬੰਦੇ ਇਹ ਸੋਚਦੇ ਹਨ ਕਿ Justin Trudiou ਨੇ ਕਨੇਡਾ ਵਿਚ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਭਾਰਤੀ ਕਿਸਾਨਾਂ ਲਈ ਆਵਾਜ਼ ਚੁੱਕੀ ਸੀ, ਖ਼ੈਰ ਕੁਝ ਵੀ ਹੋਵੇ, ਕੁਲ ਦੁਨੀਆਂ ਨੇ ਏਸ ਜਨਤਕ ਉਭਾਰ ਦਾ ਨੋਟਿਸ ਲਿਆ ਹੈ.ਇਹ ਵੱਡਾ ਹਾਸਲ ਹੈ.

****


ਹੁਣੇ ਜਿਹੇ ਮੈਂ ਇਕ ਵੀਡੀਓ ਕਲਿਪ ਵੇਖਿਆ ਹੈ, 90 ਕੁ ਸਾਲ ਉਮਰ ਦੀ ਮਾਈ, ਹੋਰ ਜ਼ਨਾਨੀਆਂ ਟਰਾਲੀ ਵਿਚ ਲਦ ਕੇ ਮੋਰਚੇ ਵਿਚ ਹਿੱਸਾ ਲੈਣ ਲਈ ਦਿੱਲੀ ਵੱਲ ਜਾ ਰਹੀ ਸੀ. ਟਰੈਕਟਰ ਦਾ ਸਟੇਰਿੰਗ ਓਹਦੇ ਹੱਥ ਵਿਚ ਸੀ!

ਇਹ ਸੱਭੇ ਘਟਨਾਵਾਂ ਇਹੀ ਸੰਕੇਤ ਕਰਦੀਆਂ ਹਨ ਕਿ ਮੌਜੂਦਾ ਦੌਰ ਵਿਚ ਲੋਕ 'ਵਿਵਸਥਾ' ਤੋਂ ਬਦਜ਼ਨ ਹਨ ਤੇ ਨਵਾਂ ਰਾਹ ਭਾਲ ਰਹੇ ਹਨ, ਲੋਕਾਂ ਨੂੰ ਸਿਰਫ਼ ਉਦਾਹਰਣ ਦੀ ਉਡੀਕ ਹੁੰਦੀ ਹੈ, ਕਿਤੋਂ ਵੀ ਚੰਗਿਆੜੀ ਭੜਕੇ ਤਾਂ ਭੜਾਕਾ ਬਣਨ ਲੱਗਿਆ ਦੇਰ ਨਹੀਂ ਲੱਗਦੀ ਹੁੰਦੀ.

***


ਕਿਸਾਨੀ ਮੋਰਚੇ ਕਾਰਨ ਹਰਿਆਣੇ ਦੀ ਖੱਟਰ ਸਰਕਾਰ ਦਾ ਅਕਸ ਕੇਂਦਰੀ ਹਾਕ਼ਮਾਂ ਅੱਗੇ ਖਰਾਬ ਹੋਇਆ ਹੈ. ਕਿਸਾਨ ਪੰਜਾਬ ਤੋਂ ਤੁਰ ਪਏ, ਹਰਿਆਣੇ ਵਿਚ ਪੁੱਜ ਗਏ. ਪਰ ਹਰਿਆਣੇ ਦੀ inteligency, ਸੂਹੀਆ ਏਜੰਸੀਆਂ, ਪੁਲਸ ਦੀ ਸੀ.ਆਈ.ਡੀ. ਦੀ ਨਾਕਾਮੀ ਜ਼ਾਹਰ ਹੋਈ ਹੈ. ਹਰਿਆਣੇ ਸੂਬੇ ਦੀਆਂ ਏਜੰਸੀਆਂ ਜੇ ਸੁਚੇਤ ਹੁੰਦੀਆਂ ਤਾਂ ਕਿਸਾਨ ਕਾਰਕੁਨਾਂ ਦਾ ਰਾਹ ਔਖਾ ਹੋ ਜਾਣਾ ਸੀ. ਹੁਣ ਖਾਪ ਪੰਚੈਤੀਏ ਵੀ ਵਿਰੋਧ ਕਰਦੇ ਕੰਨੀਂ ਪੈ ਰਹੇ ਹਨ. ਰੱਬ, ਖ਼ੈਰ ਕਰੇ !!

***


ਕਿਸਾਨ ਕਾਰਕੁਨ, ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਰੋਟੀ ਕ਼ਬੂਲ ਨਹੀਂ ਕਰ ਰਹੇ, ਆਪਣੇ ਵੱਲੋਂ ਤਿਆਰ ਲੰਗਰ ਛੱਕਦੇ ਹਨ. ਬਾਬੇ ਵਾਰਿਸ ਸ਼ਾਹ ਨੇ 'ਹੀਰ' ਲਿਖੀ ਸੀ. ਇਕ ਕਾਂਡ ਆਉਂਦਾ ਹੈ ਕਿ ਹੀਰ ਜਦੋਂ ਜਬਰਨ ਸੈਦੇ ਨਾਲ ਤੋਰ ਦਿੰਦੇ ਨੇ ਤਾਂ ਕਈ ਦਿਨ ਹੀਰ, ਸਹੁਰੇ ਘਰ ਵਿਚ ਕੁਝ ਵੀ ਖਾਂਦੀ ਪੀਂਦੀ ਨਹੀਂ, ਪੁੱਛਣ ਉੱਤੇ ਦੱਸਦੀ ਹੈ ਕਿ ਓਹਦਾ 'ਰੋਜ਼ਾ' ਹੈ. ਇਹਦੇ ਪਿੱਛੇ ਕਾਰਨ ਇਹ ਸੀ ਕਿ ਹੀਰ, ਜਗੀਰਦਾਰਾਂ ਦਾ ਰੋਟੀ ਪਾਣੀ ਨਹੀਂ ਪਸੰਦ ਕਰਦੀ ਸੀ. ਇਵੇਂ ਹੀ ਇਹ ਇਤਿਹਾਸਕ ਕਿਸਾਨੀ ਮੋਰਚਾ, ਸਰਕਾਰ ਨੂੰ ਸੈਦਾ ਖ਼ੈੜਾ ਬਣਾ ਕੇ ਖ਼ੁਦ ਮਾਣਮੱਤੀ ਹੀਰ ਵਾਂਗ ਅਕਸ ਬਣਾ ਰਿਹੈ. ਕੁਲ ਲੋਕਾਈ ਦਾ ਹਰ ਬੰਦਾ ਇਹਦਾ ਰਾਂਝਾ ਹੈ.

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617