CHRISTIANFORT

THE NEWS SECTION

ਡਿਜੀਟਲ ਖ਼ਬਰਨਵੀਸਾਂ ਦੀ ਬਦੌਲਤ ਵਿੱਛੜੇ ਭੈਣ -ਭਰਾ 'ਚ 73 ਸਾਲਾਂ ਪਿੱਛੋਂ ਹੋਇਆ ਮੇਲ


ਦੀਦਾਵਰ ਦਾ ਹੁਨਰ -30


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਅਜੋਕੇ ਦੌਰ ਵਿਚ ਡਿਜੀਟਲ ਮੀਡੀਆ, ਪ੍ਰਿੰਟ ਮੀਡੀਆ ਵਾਂਗ ਅਹਿਮੀਅਤ ਦਰਜ ਕਰਾ ਰਿਹਾ ਹੈ. ਜਦਕਿ ਸੂਰਤੇਹਾਲ ਦਾ ਦੂਜਾ ਪੱਖ ਇਹ ਹੈ ਕਿ ਸੋਸ਼ਲ ਮੀਡੀਆ ਉੱਤੇ ਜਿੱਥੇ ਪੰਜਾਬੀ ਕੌਮ ਵਿਚ ਨਫ਼ਰਤ ਫੈਲਾਉਣ ਵਾਲੇ ਫ਼ਿਰਕੂ ਅਨਸਰ ਸਰਗਰਮ ਹਨ, ਓਥੇ ਪੰਜਾਬੀ ਲੋਕਾਈ ਦੇ ਕੌਮੀ ਦਰਦ ਨੂੰ ਸਮਝਣ ਵਾਲੇ ਪੰਜਾਬੀ ਪਿਆਰੇ ਵੀ ਹਨ, ਜਿਹੜੇ ਆਪਣਾ ਕਿਰਦਾਰ, ਬਾਖ਼ੂਬੀ ਨਿਭਾਅ ਰਹੇ ਹਨ.

ਅਮਰ ਕੌਰ ਤੇ ਹਰਜੀਤ ਜੰਡਿਆਲਾ

ਮਨੋ-ਵਿਗਿਆਨਕ ਬੁਨਿਆਦ ਉੱਤੇ ਗੱਲ ਕਰੀਏ ਤਾਂ ਆਖ ਸਕਦੇ ਹਾਂ ਕਿ ਜਿਹੜੇ ਬਸ਼ਰ ਦੇ ਅਚੇਤ ਮਨ ਵਿਚ ਭਾਵਨਾਵਾਂ ਤੇ ਸੋਚਾਂ ਦਾ ਜਿਹੋ ਜਿਹਾ ਜੰਜਾਲ ਸੀ, ਉਸ ਬੰਦੇ ਨੇ ਅਚੇਤ ਮਨ ਦੇ ਅਹਿਸਾਸ ਨੂੰ ਸਚੇਤ ਮਨ ਦੀ ਸਤਹ ਉੱਤੇ ਲਿਆ ਕੇ, ਆਪਣੀ ਹਕ਼ੀਕ਼ਤ ਦਾ ਖ਼ੁਲਾਸਾ ਆਪ ਹੀ ਕਰ ਦਿੱਤਾ ਹੈ.


***

ਬਹੁਤ ਸਾਰੇ ਬੰਦੇ, ਬੰਦੇ ਦੀ ਬੰਦਿਆਈ ਨੂੰ ਰੱਦ ਕਰ ਕੇ, ਰਵਾਇਤੀ ਨਫ਼ਰਤਾਂ ਨੂੰ ਹਵਾ ਦਿੰਦੇ ਨਜ਼ਰੀਂ ਪੈਂਦੇ ਰਹਿੰਦੇ ਹਨ ਤੇ ਏਸ ਸਾਇੰਸੀ ਜੁੱਗ ਨੂੰ ਹਨੇਰ ਜੁੱਗ ਬਣਾ ਰਹੇ ਹਨ ਜਦਕਿ ਟਾਵੇਂ ਵਿਰਲੇ ਜੀਅ ਇਹੋ ਜਿਹੇ ਵੀ ਨੇ, ਜਿਹੜੇ ਕੁਲ ਇਨਸਾਨੀਅਤ ਵਿਚ ਇੱਕੋ ਕਾਇਨਾਤੀ ਰੌਂ ਦਾ ਜਲਵਾ ਵੇਖ ਕੇ, ਆਪਸੀ ਸਾਂਝਾਂ ਤੇ ਮੁਹੱਬਤਾਂ ਦਾ ਪੈਗ਼ਾਮ ਦੇ ਰਹੇ ਹਨ.


****

ਇਸੇ ਤਰ੍ਹਾਂ ਹੁਣੇ ਜਿਹੇ ਬੜੀ ਚੰਗੀ ਘਟਨਾ ਵਾਪਰੀ ਹੈ. ਲਹਿੰਦੇ ਪੰਜਾਬ ਦੇ ਮੀਡੀਆਕਾਰ ਨਾਸਿਰ ਕਸਾਨਾ ਨੇ ਆਪਣੇ ਯੂ-ਟਿਊਬ ਚੈਨਲ 'IK PIND PUNJAB DA' ਉੱਤੇ ਵੀਡੀਓ ਜਾਰੀ ਕਰ ਕੇ ਚਿਰਾਂ ਦੇ ਵਿੱਛੜੇ ਭੈਣ -ਭਰਾ ਵਿਚ ਮਿਲਾਪ ਕਰਾਉਣ ਵਿਚ ਸਹਯੋਗੀ ਰੋਲ ਅਦਾ ਕੀਤਾ ਹੈ.

ਰਾਣਾ ਅਮੀਰ ਅਲੀ ਤੇ ਨਾਸਿਰ ਕਸਾਨਾ

ਮਾਮਲਾ ਇਹ ਦੱਸਿਆ ਗਿਆ ਹੈ ਕਿ 2018 ਵਿਚ ਸਾਊਦੀ ਅਰਬ ਰੁਜ਼ਗਾਰ ਕਮਾਉਣ ਗਏ ਕਿਰਤੀ ਰਾਸ਼ਿਦ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਵੀਰਾਂ ਦੇ ਸਾਂਝੇ ਵ੍ਹਟਸਐਪ ਗਰੁੱਪਾਂ ਵਿਚ ਇਹ ਆਵਾਜ਼ ਸੁਣੇਹਾ ਰਿਕਾਰਡ ਕਰ ਕੇ ਛੱਡਿਆ ਸੀ ਕਿ ਭਾਰਤੀ ਪੰਜਾਬ ਦੇ ਟਾਂਡਾ ਲਾਗੇ ਪਿੰਡ ਜੌੜਾ ਬਘਿਆੜੀ ਵਿਚ ਉਸਦੀ ਫੂਫੀ (ਭੂਆ) ਅਮਤਲ ਹਫ਼ੀਜ਼, ਮੁਲਕ ਦੀ ਵੰਡ ਪੈਣ ਦੌਰਾਨ ਓਥੇ ਰਹਿ ਗਈ ਸੀ, ਯਾਰੋ ਓਹਦੀ ਸੂਹ ਨਿਕਲ ਸਕੇ ਤਾਂ ਜ਼ਰੂਰ ਕੱਢਿਓ ਤੇ ਇਤਲਾਹ ਕਰ ਦੇਣਾ..". ਇਹ ਆਵਾਜ਼ ਸੁਣੇਹੇ ਸੁਣ ਕੇ ਚੜ੍ਹਦੇ ਪੰਜਾਬ ਦੇ ਸੁਖਵਿੰਦਰ ਸਿੰਘ ਗਿੱਲ ਨੇ ਵਾਹਵਾ ਖੋਜ ਪੜਤਾਲ ਕੀਤੀ ਤੇ ਹਰਜੀਤ ਸਿੰਘ ਜੰਡਿਆਲਾ ਨੇ ਸਾਥ ਦਿੱਤਾ. ਅਖ਼ੀਰ ਇਨ੍ਹਾਂ ਨੇ ਬੀਬਾ ਅਮਤਲ ਹਫ਼ੀਜ਼ ਨੂੰ ਪਿੰਡ ਲਿੱਟਾਂ ਵਿਚ ਲੱਭ ਲਿਆ. ਹੁਣ ਉਸ ਦਾ ਨਾਂ ਅਮਰ ਕੌਰ ਹੋ ਚੁੱਕਾ ਹੈ.

ਮਾਤਾ ਅਮਰ ਕੌਰ ਪੁੱਤ-ਪੋਤਿਆਂ ਵਾਲੀ ਹੈ. ਅਮਰ ਕੌਰ ਦਾ ਪੋਤਾ ਜਿਹੜਾ ਕ਼ਤਰ ਰਿਆਸਤ ਵਿਚ ਕੰਮ ਕਰਨ ਗਿਆ ਸੀ, ਓਹਦੇ ਕੋਲ ਰਾਸ਼ਿਦ ਨੇ ਆਪਣਾ ਦੋਸਤ ਭੇਜਿਆ ਸੀ. ਓਧਰ, ਮਾਤਾ ਅਮਰ ਕੌਰ ਨੂੰ ਆਪਣੇ ਪਿਤਾ ਹੈੱਡ ਮਾਸਟਰ ਬਰਖੁਰਦਾਰ, ਮਾਂ ਸਰਦਾਰਾ, ਭਰਾਵਾਂ ਤੇ ਮਾਮਿਆਂ ਦੇ ਨਾਂ ਹਾਲੇ ਵੀ ਚੇਤੇ ਹਨ, ਜਿਵੇਂ ਕਲ੍ਹ ਪਰਸੋਂ ਦਾ ਵਾਕਿਆ ਹੋਵੇ.


*****

ਨਾਸਿਰ ਕਸਾਨਾ ਨੇ ਦੱਸਿਆ ਕਿ ਓਹ ਲਹਿੰਦੇ ਪੰਜਾਬ ਦੇ ਜੰਮਪਲ ਹਨ ਤੇ ਪਿਛੋਕੜ, ਚੜ੍ਹਦੇ ਪੰਜਾਬ ਦੇ ਹੁਸ਼ਿਆਰਪੁਰ ਇਲਾਕੇ ਦਾ ਹੈ, ਓਹ ਪੰਜਾਬੀ ਪਿਆਰਿਆਂ ਦਰਮਿਆਨ ਸਾਂਝ ਪੀਢੀ ਕਰਨ ਲਈ ਕੰਮ ਕਰ ਰਹੇ ਹਨ. 'ਇਕ ਪਿੰਡ ਪੰਜਾਬ ਦਾ' ਉਨਵਾਨ ਤਹਿਤ ਓਹ ਯੂ-ਟਿਊਬ ਚੈਨਲ ਚਲਾਉਂਦੇ ਹਨ. ਫੇਰ ਪਤਾ ਲੱਗਿਆ ਕਿ ਚੜ੍ਹਦੇ ਪੰਜਾਬ ਦੇ ਟਾਂਡਾ ਉੜ੍ਹਮੁੜ ਲਾਗੇ ਪਿੰਡ ਬਘਿਆੜੀ ਤੋਂ ਉੱਜੜ ਕੇ ਲਹਿੰਦੇ ਪੰਜਾਬ ਵਿਚ ਆਏ ਰਾਣਾ ਅਮੀਰ ਅਲੀ ਨਾਲ ਵੀ ਮੁਲਕ ਦੀ ਵੰਡ ਪੈਣ ਕਾਰਨ ਧੱਕਾ ਹੋਇਆ ਸੀ. ਉਨ੍ਹਾਂ ਨੇ ਰਾਣਾ ਅਮੀਰ ਅਲੀ ਨਾਲ ਚੱਕ ਨੰਬਰ 82, ਬਲਾਕੀ, ਜ਼ਿਲ੍ਹਾ ਲਾਇਲਪੁਰ ਵਿਚ ਰਾਬਤਾ ਕੀਤਾ. ਅਮੀਰ ਅਲੀ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਮਤਲ ਹਫੀਜ਼ਾ (ਫੀਜਾ) ਰੌਲਿਆਂ ਦੌਰਾਨ ਓਥੇ ਰਹਿ ਗਈ ਸੀ.ਮੁਕੰਮਲ ਗੱਲਬਾਤ ਰਿਕਾਰਡ ਕੀਤੀ. ਇਸ ਦੌਰਾਨ ਚੜ੍ਹਦੇ ਪੰਜਾਬ ਦੇ ਸਾਥੀਆਂ ਹਰਜੀਤ ਸਿੰਘ ਜੰਡਿਆਲਾ ਤੇ ਸੁੱਖਵਿੰਦਰ ਸਿੰਘ ਗਿੱਲ ਨੇ ਪਿੰਡ ਲਿੱਟਾਂ ਵਿਚ ਪੁੱਜ ਕੇ ਅਮਰ ਕੌਰ 'ਤੇ ਵੀਡੀਓ ਕਲਿਪ ਵਗੈਰਾ ਫਿਲਮਾਅ ਕੇ ਭੇਜ ਦਿੱਤੇ. ਇਹ ਸਭ ਕੁਝ ਕਿੰਝ ਵਾਪਰਿਆ ਤੇ ਕਿਵੇਂ ਹਾਲਾਤ ਸਾਜ਼ਗਾਰ ਕੀਤੇ ਗਏ, ਏਸ ਮੁੱਤਲਕ਼ ਇਹ ਵੀਡੀਓ ਲਿੰਕ ਦੱਬ ਕੇ ਵੇਖਿਆ ਜਾ ਸਕਦਾ ਹੈ.

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617