CHRISTIANFORT

THE NEWS SECTION

ਬੱਸ ਅੱਡਿਆਂ ਲਾਗੇ ਅੱਡਾ ਬਣਾ ਕੇ ਬੈਠੇ ਅਨਸਰ ' ਤਾਕ਼ਤ ਦੇ ਮਾਹਰ' ਨਹੀਂ, ਕੁਐਕ ਹਨ!


ਦੀਦਾਵਰ ਦਾ ਹੁਨਰ -31


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਚਿੱਟੇ ਦਿਨ ਲੁੱਟਦੇ ਤਾਕ਼ਤ ਦੇ ਵਪਾਰੀ ਤੇ ਕੁਐਕਾਂ ਨੇ ਗੁਮਰਾਹ ਕੀਤਾ ਸਮਾਜ
Why quack's offices are very near to bus stands? ਸੜਕਾਂ ਤੋਂ ਲੰਘੀਏ ਤਾਂ ਅਕਸਰ ਕੁਝ ਵੈਦ, ਹਕੀਮਾਂ ਤੇ ਖਾਨਦਾਨੀ ਹਕ਼ੀਮਾਂ ਦੇ ਬੋਰਡ ਤੇ ਹੋਰਡਿੰਗ ਲੱਗੇ ਵੇਖੇ ਜਾਂਦੇ ਹਨ। ਇਨ੍ਹਾਂ ਹੋਰਡਿੰਗਾਂ ਤੇ ਬੋਰਡਾਂ ਉੱਤੇ ਅਖੌਤੀ ਵੈਦ ਦੀ ਤਸਵੀਰ, ਲੱਛੇਦਾਰ ਸ਼ਬਦਾਵਲੀ ਵਿਚ ਰੋਗਾਂ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਦੇ ਦਾਅਵੇ ਆਦਿ ਲਿਖੇ ਹੁੰਦੇ ਹਨ। ਜੇ ਖ਼ਾਸਕਰ ਪੰਜਾਬ ਦੀ ਗੱਲ ਕਰੀਏ ਤਾਂ ਇਹੋ ਜਿਹੇ ਲੋਕ ਬਹੁਤੀ ਵਾਰ ਬਸ ਸਟੈਂਡਾਂ ਦੇ ਨੇੜੇ ਹੀ ਦਫਤਰ ਕਿਰਾਏ ਉੱਤੇ ਲੈਂਦੇ ਹਨ। ਜਿਸ ਦਾ ਸਿੱਧਾ ਜਿਹਾ ਫਾਇਦਾ ਸ਼ਾਇਦ ਇਹ ਹੁੰਦਾ ਹੋਵੇਗਾ ਕਿ ਉਧਰੋਂ ਗਾਹਕ ਬੱਸ ਤੋਂ ਉੱਤਰੇ, ਤੇ ਉਧਰ ਵੈਦ ਦੇ ਸ਼ਫ਼ਾਖ਼ਾਨੇ ਵਿਚ ਜਾ ਵੜੇ।


***

ਜੇ ਅਸੀਂ ਇਸ ਯੁੱਗ ਦੇ ਮਹਾਨ ਸੈਕਸੋਲੋਜਿਸਟ ਸ਼੍ਰੀ ਪ੍ਰਕਾਸ਼ ਕੋਠਾਰੀ ਦੀਆਂ ਲਿਖਤਾਂ ਪੜ੍ਹੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਸੈਕਸ ਰੋਗਾਂ ਦਾ ਨਿਵਾਰਣ ਕਰਨ ਦੇ ਦਾਅਵੇ ਕਰਨ ਵਾਲੇ ਲੋਕਾਂ ਦੀ ਬੋਲੀ ਹੀ ਪੈਸੇ ਭੋਟਣ ਵਾਲੀ ਹੁੰਦੀ ਹੈ। ਸਾਊ ਬੋਲੀ ਵਿਚ ਜਿਹੜੀ ਗੱਲ ਕੀਤੀ ਜਾਵੇ, ਓਸੇ ਨੂੰ ਸੱਭਿਅਕ ਆਖਿਆ ਜਾਂਦਾ ਹੈ.. ਪਰ ਬਸ ਸਟੈਂਡਾਂ ਦੇ ਕੋਲ ... ਬਿਲਡਿੰਗਾਂ ਦੇ ਚੁਬਾਰਿਆਂ ਉੱਤੇ ਦਫ਼ਤਰ ਮੁੱਲ ਖਰੀਦ ਕੇ ਬੈਠੇ ਤੇ ਮੋਟੇ ਕਿਰਾਏ ਦੇ ਕੇ ਮੋਟੀ ਦਿਹਾੜੀ ਬਣਾਉਣ ਵਾਲੇ ਲੋਕ, ਅਸਲ ਵਿਚ 'ਕੁਐਕ' ਹਨ। ਕੁਐਕ ਅੰਗਰੇਜ਼ੀ ਬੋਲੀ ਦਾ ਲਫਜ਼ ਹੈ, ਜੋ ਕਿ ਅੰਗਰੇਜ਼ੀ ਬੋਲੀ ਨੇ ਕਿਸੇ ਹੋਰ ਬੋਲੀ ਜਾਂ ਲਾਤੀਨੀ ਅਮਰੀਕੀ ਬੋਲੀ ਵਿਚੋਂ ਲਿਆ ਲੱਗਦਾ ਹੈ। (ਸਾਡੀ ਭਾਵਨਾ ਮੁਤਾਬਕ) ਕੁਐਕ ਦਾ ਇਕੋ ਅਰਥ ਹੈ, ਨਿਰਾ ਪੁਰਾ ਠੱਗ।


****

ਇਹ ਕੁਐਕ ਟੋਲੇ, ਅਸਲ ਵਿਚ ਜਾਣਦੇ ਹੀ ਨਹੀਂ ਹੁੰਦੇ ਕਿ ਜਿਹੜੇ ਰੋਗ ਦਾ ਇਲਾਜ ਕਰਨ ਲਈ ਉਹ ਦਾਅਵੇ ਕਰਦੇ ਹਨ, ਉਸ ਦਾ ਹਕੀਕੀ ਢੰਗ ਨਾਲ ਇਲਾਜ ਕਿੱਦਾਂ ਕੀਤਾ ਜਾਂਦਾ ਹੈ। ਇਕ ਤਾਂ ਅਸਲੀ ਡਿਗਰੀ ਨਹੀਂ ਹੁੰਦੀ ਕੋਲ, ਤੇ ਦੂਜੀ ਗੱਲ ਇਹ ਕਿ ਇਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਹੱਥ ਸ਼ਾਇਦ ਬੰਨ੍ਹੇ ਹੁੰਦੇ ਹਨ ਤੇ ਸਰਕਾਰ ਨੂੰ ਦੱਸਣ ਵਾਲਾ ਕੋਈ ਨਹੀਂ ਹੁੰਦਾ।.. ਜਾਂ ਫੇਰ ਜਨਤਕ ਨੁਮਾਇੰਦਿਆਂ ਦਾ ਮਾਨਸਿਕ ਪੱਧਰ ਨੀਵਾਂ ਹੈ ਕਿ ਉਹ ਵੋਟਰਾਂ ਨੂੰ ਕਿਸੇ ਅਸਲੀ ਮਸਲੇ ਬਾਰੇ ਚੇਤਨ ਕਰਨ ਦੀ ਸਮਰੱਥਾ ਨਹੀਂ ਰੱਖਦੇ.


*****

ਸੋਚਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਖਾਨਦਾਨੀ ਕੁਐਕਾਂ ਕੋਲ ਜਾ ਕੇ ਕੌਣ ਫਸਦਾ ਹੈ? ਤੇ ਕਿਹੜੇ ਹਾਲਾਤ ਹੁੰਦੇ ਹਨ? ਇਸ ਦਾ ਨਿੱਕਾ ਜਿਹਾ ਜਵਾਬ ਹੈ ਕਿ ਜਦੋਂ ਨੌਜਵਾਨਾਂ ਨੂੰ ਕਿਸੇ ਦਾ ਸਾਥ ਮਿਲਦਾ ਹੈ ਤਾਂ ਉਨ੍ਹਾਂ ਕੋਲ ਆਪਣੀ ਸਾਥਣ ਨੂੰ ਸੰਤੁਸ਼ਟ ਕਰਨ ਲਈ ਖ਼ਾਸ ਤਜਰਬਾ ਨਹੀਂ ਹੁੰਦਾ। ਇਸ ਸੰਜੀਦਾ ਵਜ੍ਹਾ ਨਾਲ ਉਹ ਸ਼ਰਮਿੰਦਗੀ, ਮਹਿਸੂਸ ਕਰਦੇ ਹਨ ਤੇ ਆਖ਼ਰ ਤੰਗ ਆ ਕੇ ਇਨ੍ਹਾਂ ਕੁਐਕਾਂ ਕੋਲ ਪਹੁੰਚ ਜਾਂਦੇ ਹਨ ਜਿਥੇ ਰੱਜ ਕੇ ਇਨ੍ਹਾਂ ਦਾ ਆਰਥਕ ਤੇ ਮਾਨਸਕ ਸ਼ੋਸ਼ਣ ਕੀਤਾ ਜਾਂਦਾ ਹੈ। ਡਰ ਤੇ ਸ਼ਰਮ ਕਰ ਕੇ ਇਹ ਨਾ ਤਾਂ ਆਪਣੇ ਘਰ ਕਿਸੇ ਸਿਆਣੇ ਜੀਅ ਨਾਲ ਗੱਲ ਕਰਦੇ ਹਨ ਤੇ ਨਾਂ ਹੀ ਕਿਸੇ ਕੋਲ ਸ਼ਿਕਾਇਤ ਕਰਨ ਜਾਂਦੇ ਹਨ। ਜਿਸ ਕਾਰਨ ਕੁਐਕਾਂ ਦੀ ਚੜ੍ਹ ਮਚੀ ਹੋਈ ਹੈ.


******

ਪਰਦੇਸੀ ਪੰਜਾਬੀਆਂ ਨੂੰ ਠੱਗ ਰਹੇ ਨੇ ਫ਼ਰਜ਼ੀ ਇਲਾਜ ਮਾਹਰ

ਅਜੋਕੇ ਦੌਰ ਵਿਚ ਪੱਛਮੀ ਦੇਸ਼ਾਂ ਵਿਚ ਵਸੇ ਪੰਜਾਬੀ, ਜਿੰਨੀ ਮਿਕਦਾਰ ਵਿਚ ਪੰਜਾਬ ਦੇ ਕੁਐਕਾਂ ਤੋਂ ਫਰਾਡ ਦਵਾਈਆਂ ਮੰਗਾਂਦੇ ਹਨ, ਉਹ ਸ਼ਾਇਦ ਇੰਨੀ ਗਿਣਤੀ ਤੇ ਇੰਨੀ ਤਾਦਾਦ ਵਿਚ ਪਹਿਲਾਂ ਨਹੀਂ ਸੀ ਭੇਜੀ ਜਾਂਦੀ। ਪਾਰਸਲ ਤੇ ਕੋਰੀਅਰ ਪੈਕ ਕਰਨ ਵਾਲੇ ਦੱਸਦੇ ਹਨ ਕਿ ਸਾਡੇ ਕੋਲ 'ਮਰਦਾਨਾ ਤਾਕਤਾਂ ਦੇ ਬਾਦਸ਼ਾਹ' ਜ਼ਿਆਦਾਤਰ ਆਪਣਾ ਖੇਹ ਸੁਆਹ ਲੈ ਕੇ ਆ ਜਾਂਦੇ ਹਨ ਤੇ ਕੋਰੀਅਰ ਭੇਜਣ ਲਈ ਮੂੰਹ ਮੰਗਿਆ ਮਾਲ੍ਹ ਦੇ ਜਾਂਦੇ ਹਨ।

ਭਾਰਤ ਦੇ ਜਿਹੜੇ ਮੰਨੇ ਪ੍ਰਮੰਨੇ ਕਾਮ ਸੁਖ ਮਾਹਰ ਹਨ, ਅਕਸਰ ਦੱਸਦੇ ਹਨ ਕਿ ਰਾਤ ਨੂੰ ਸੁਪਨਦੋਸ਼ ਹੋਣਾ ਕੋਈ ਰੋਗ ਨਹੀਂ ਹੈ..ਕਿਉਂਕਿ ਜੇ ਪਿਆਲਾ ਭਰ ਜਾਵੇ ਤਾਂ ਛਲਕ ਆਉਂਦਾ ਹੈ। 17 ਸਾਲ ਤੋਂ ਲੈ ਕੇ ਮੁੰਡਿਆਂ ਨੂੰ ਇਹ ਵਹਿਮ ਪੈ ਜਾਂਦਾ ਹੈ ਕਿ ਸੁਪਨਦੋਸ਼ ਕੋਈ ਰੋਗ ਹੈ ਤੇ ਉਸ ਨੂੰ ਲੱਗ ਚੁੱਕਾ ਹੈ ਜਦਕਿ ਇਹ ਕੁਦਰਤ ਦਾ ਇਕ ਢੰਗ ਹੈ ਕਿ ਜੇ ਕਿਸੇ ਨੂੰ ਪਿਆਰ ਕਰਨ ਦਾ ਮੌਕਾ ਨਾ ਮਿਲੇ ਜਾਂ ਉਹ ਸੰਗਾਊ ਜਿਹਾ ਹੋਵੇ ਤਾਂ ਮਨ ਦੀਆਂ ਸੋਚਾਂ, ਅਚੇਤ ਮਨ ਵਿਚ ਰਿੜਕ ਕੇ ਰਾਤ ਨੂੰ ਸੁਪਨੇ ਵਿਚ, ਜਿੱਥੇ ਚੇਤਨਾ ਅਚੇਤ ਤੌਰ ਉੱਤੇ ਗਤੀ ਕਰ ਰਹੀ ਹੁੰਦੀ ਹੈ, ਓਥੇ ਮਨ ਆਪਣੇ ਆਪ ਜਾਲ ਬੁਣ ਕੇ ਫ਼ਾਰਗ ਹੋ ਜਾਂਦਾ ਹੈ।

ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਕਿਸੇ ਨੂੰ ਸੱਚਮੁੱਚ ਕੋਈ ਰੋਗ ਹੋਵੇ ਵੀ ਤਾਂ ਪਹਿਲਾਂ ਤਾਂ ਐਮ ਬੀ ਬੀ ਐਸ ਡਾਕਟਰ ਤੋਂ ਜਾਂ ਕਿਸੇ ਮਾਹਰ ਤੋਂ ਚੈੱਕਅਪ ਕਰਾ ਕੇ ਦਵਾਈ ਲੈਣੀ ਚਾਹੀਦੀ ਹੈ।


*******

ਅਗਲੀ ਗੱਲ ਇਹ ਕਿ ਕਈ ਬਰਾਂਡਿਡ ਤੇ ਸਿੱਕੇਬੰਦ ਕੰਪਨੀਆਂ ਹਨ ਜੋ ਵਧੀਆ ਤੇ ਅਸਲੀ ਤੱਤਾਂ ਵਾਲੀਆਂ ਦਵਾਈਆਂ ਬਣਾਉਂਦੀਆਂ ਹਨ ਤੇ ਕੁਆਲੀਫਾਈਡ ਡਾਕਟਰ ਦੀ ਸਲਾਹ ਨਾਲ ਸੇਵਨ ਕਰਨਾ ਕੋਈ ਮਾੜੀ ਗੱਲ ਨਹੀਂ। ਇਸ ਵੈੱਬਸਾਈਟ ਵਿਚ ਕਿਸੇ ਦੀ ਮਸ਼ਹੂਰੀ ਕਰਨੀ ਜਾਇਜ਼ ਨਹੀਂ ਜਾਪਦੀ, ਪਰ ਨਾਮਣੇ ਵਾਲੀਆਂ ਤੇ ਭਰੋਸਾ ਕਾਇਮ ਕਰ ਚੁੱਕੀਆਂ ਕੰਪਨੀਆਂ ਵਲੋਂ ਸਹਿਵਾਸ ਦੀ ਕਾਬਲੀਅਤ ਵਧਾਉਣ ਲਈ ਜਿਹੜੀਆਂ ਸਿੱਕੇਬੰਦ ਦਵਾਈਆਂ ਹਨ, ਉਹ ਲਈਆਂ ਜਾ ਸਕਦੀਆਂ ਹਨ। ਆਖ਼ਰੀ ਗੱਲ ਇਹ ਹੈ ਕਿ ਖਾਨਦਾਨੀ ਦਾਅਵੇ ਕਰਨ ਵਾਲੇ ਕੁਐਕਾਂ ਤੇ ਮਹਾਠੱਗਾਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617