CHRISTIANFORT

THE NEWS SECTION

ਆਮਿਰ ਖ਼ਾਨ ਦੇ ਅਵਚੇਤਨ ਮਨ 'ਤੇ ਤਾਰਿਕ ਜਮੀਲ ਦੀ ਦਸਤਕ


ਦੀਦਾਵਰ ਦਾ ਹੁਨਰ -17


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਹੁਣ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ। ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]

JALANDHAR:

ਬੰਦਾ ਧੁਰ-ਅੰਦਰ ਤਕ ਕੀ ਹੈ? ਇਹ ਬਹੁਤ ਡੂੰਘਾ ਵਿਸ਼ਾ ਹੈ। ਫਿਲਮ ਨਗਰੀ ਵਿਚ ਵੀ ਏਦਾਂ ਹੀ ਹੈ। ਜਦੋਂ ਫਿਲਮੀ ਅਦਾਕਾਰ ਆਮਿਰ ਖ਼ਾਨ ਨੇ ਆਪਣਾ (ਚਰਚਿਤ) ਪ੍ਰੋਗਰਾਮ 'ਸੱਤਿਆਮੇਵ ਜਯਤੇ' ਪੇਸ਼ ਕੀਤਾ ਸੀ, ਉਦੋਂ ਤਾਰੀਫ਼ ਕਰਨ ਵਾਲਿਆਂ ਨਾਲੋਂ, ਵੱਧ ਲੋਕ, ਨੁਕਤਾਚੀਨੀ ਕਰ ਰਹੇ ਸਨ ਕਿਉਂਕਿ ਉਸ (ਆਮਿਰ) ਵੱਲੋਂ ਪੇਸ਼ ਕੀਤੀ ਗਈ ਪ੍ਰੋਗਰਾਮ-ਲੜੀ 'ਸੱਤਿਆਮੇਵ ਜਯਤੇ' ਕਈ ਸਮੱਸਿਆਵਾਂ ਦੀ ਨਿਸ਼ਾਨਦੇਹੀ (ਤਾਂ) ਕਰਦੀ ਰਹੀ ਪਰ ਪੇਸ਼ ਹਾਲਾਤ ਵਿੱਚੋਂ ਬਾਹਰ ਨਿਕਲਣ ਲਈ ਕੋਈ ਪੁਖ਼ਤਾ ਹੱਲ ਪੇਸ਼ ਨਹੀਂ ਕਰਦੀ। ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਉਹ (ਕੋਈ) ਸਮਾਜ ਵਿਗਿਆਨੀ ਤਾਂ ਨਹੀਂ ਕਿ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰੇ ਜਾਂ ਫੇਰ ਮਸਲੇ ਦੱਸਦਾ ਫਿਰੇ ਪਰ ਫੇਰ ਵੀ ਜੇ ਉਸ ਨੇ ਇੰਨੇ ਗੰਭੀਰ ਮਸਲੇ ਸਾਹਮਣੇ ਲਿਆਂਦੇ ਸਨ ਤਾਂ ਸਿਸਟਮ ਦੀਆਂ ਜੜ੍ਹਾਂ ਵਿਚ ਬੈਠੇ ਬੰਦਿਆਂ, ਅਫਸਰਸ਼ਾਹੀ ਤੇ ਘਾਗ ਵਪਾਰੀਆਂ ਨੂੰ ਧੁਰ ਤਕ ਹਿਲਾਉਣ ਲਈ ਕੋਈ ਹੱਲ ਪੇਸ਼ ਕਰਨਾ ਚਾਹੀਦਾ ਸੀ, ਜਿਹੜਾ ਕਿ ਉਹ ਨਹੀਂ ਪੇਸ਼ ਕਰ ਸਕਿਆ ਸੀ।


(2)

ਪੀ.ਕੇ. ਫਿਲਮ ਦੇਖ ਕੇ ਬਹੁਤ ਸਾਰੇ ਨੁਕਤਾਚੀਨਾਂ ਨੇ ਉਸ (ਆਮਿਰ) ਬਾਰੇ ਸਮਝ ਬਦਲ ਲਈ ਹੋਵੇਗੀ। ਪੀ.ਕੇ. ਫਿਲਮ ਦੀ ਕਹਾਣੀ ਵੱਖਰੀ ਭਾਂਤ ਦੀ ਹੈ/ਸੀ। ਹਾਲਾਂਕਿ ਇਹ ਨਹੀਂ ਪਤਾ ਕਿ ਉਹ ਪੱਤਰਕਾਰ, ਲੇਖਕ ਕਿੱਥੇ ਹੈ, ਜਿਸ ਨੇ ਆਮਿਰ ਤੇ ਪੀ.ਕੇ. ਬਣਾਉਣ ਵਾਲੇ ਫਿਲਮਸਾਜ਼ਾਂ 'ਤੇ ਦੋਸ਼ ਲਾਏ ਸਨ ਕਿ ਇਹ ਆਈਡੀਆ ਉਸ ਦਾ ਸੀ ਤੇ ਇਨ੍ਹਾਂ ਨੇ ਬਿਨਾਂ ਕੋਈ ਇਵਜਾਨਾ ਦਿੱਤਿਆਂ ਉਸ ਦੇ ਪਾਤਰ 'ਪੀ.ਕੇ' ਨੂੰ ਫਿਲਮ ਵਿਚ ਪੇਸ਼ ਕਰ ਕੇ ਕਰੋੜਾਂ ਰੁਪਏ ਕਮਾਅ ਲਏ ਹਨ। ਇਹ ਫਿਲਮ ਸਿਨੇਮਾਈ ਦੁਨੀਆਂ ਵਿਚ ਨਵੀਂ ਤਰ੍ਹਾਂ ਦੀ ਪਹਿਲ ਹੈ। ਨਹੀਂ ਤਾਂ ਬੀ.ਆਰ. ਚੋਪੜਾ ਜਾਂ ਚੋਪੜਾ ਵਰਗੇ ਹੋਰ ਫਿਲਮਸਾਜ਼ ਹਨ, ਵਰੁਣ ਧਵਨ ਦਾ ਪਿਤਾ ਡੇਵਿਡ ਧਵਨ ਹੈ, ਜਿਹੜਾ ਕਿ ਕਾਮੇਡੀ ਦੇ ਨਾਂ 'ਤੇ ਫੂਹੜ ਫਿਲਮਾਂ ਬਣਾਉਂਦਾ ਰਿਹਾ ਹੈ, ਇਹ ਫਿਲਮਸਾਜ਼ ਕੁਝ ਚੰਗਾ ਕਿਉਂ ਨਾ ਕਰ ਸਕੇ? ਅੱਜਕਲ੍ਹ ਟੀ.ਵੀ. ਚੈਨਲਾਂ 'ਤੇ ਇਸੇ ਲੜੀ ਵਿਚ ਕਪਿਲ ਸ਼ਰਮਾ ਆਪਣਾ ਸ਼ੋਅ ਲਿਆ ਰਿਹਾ ਹੈ। ਗੋਵਿੰਦੇ ਦਾ ਭਤੀਜਾ ਕ੍ਰਿਸ਼ਨਾ (ਵੀ) ਫੂਹੜ ਕਾਮੇਡੀ ਦਾ ਮਾਸਟਰ ਹੈ। ਸੱਭ ਚੱਲੀ ਜਾਂਦਾ ਹੈ।


(3)

ਪੀ.ਕੇ. ਦਾ ਇਹ ਡਾਇਲਾਗ ਕਿ ''ਈ ਸਸੁਰਾ ਰੌਂਗ ਨੰਬਰ ਹੈ', ਆਪਣੇ ਸਮੁੱਚ ਵਿਚ ਇਹ ਪ੍ਰਭਾਵ ਦਿੰਦਾ ਹੈ ਕਿ ਇਹ 'ਗ਼ਲਤ ਪਹੁੰਚ' ਹੈ। ਯੂ-ਟਿਊਬ 'ਤੇ ਬਹੁਤ ਸਾਰੇ ਵੀਡੀਓ ਮੌਲਾਨਾ ਤਾਰਿਕ ਜਮੀਲ ਨੇ ਅਪਲੋਡ ਕੀਤੇ ਹੋਏ ਹਨ, ਜਿਨ੍ਹਾਂ ਵਿਚ ਉਹ 'ਰੌਂਗ ਨੰਬਰ' ਦਾ ਹਵਾਲਾ ਦਿੰਦੇ ਹਨ। ਤਾਰਿਕ ਜਮੀਲ ਬਾਰੇ ਦੱਸ ਦਈਏ ਕਿ ਉਹ ਪਾਕਿਸਤਾਨ ਦੇ ਆਲਿਮ-ਫ਼ਾਜ਼ਿਲ ਹਾਈਟੈੱਕ ਮੌਲਾਨਾ ਹਨ। ਬੇਹੱਦ ਸਫ਼ਲ ਪ੍ਰਚਵਨਕਰਤਾ, ਬੇਹੱਦ ਕਾਮਯਾਬ ਤੇ ਮਸ਼ਹੂਰ ਓ ਮਾਰੂਫ਼ ਹੋਣ ਦੇ ਬਾਵਜੂਦ ਉਹ ਸਾਦਾ ਜ਼ਿੰਦਗੀ ਜਿਉਂਦੇ ਹਨ ਤੇ ਇਹ ਸਾਦਗ਼ੀ ਉਨ੍ਹਾਂ ਲਈ ਹਾਸਿਲ ਸਾਬਿਤ ਹੋਈ ਹੈ। ਉਹ ਜ਼ਿਆਦਾਤਰ ਉਰਦੂ ਵਿਚ ਦਰਸ (ਪ੍ਰਵਚਨ) ਕਰਦੇ ਹਨ ਤੇ ਪੰਜਾਬੀ ਵਿਚ (ਵੀ) ਆਪਣੀ ਗੱਲ ਰੱਖਦੇ ਹਨ। ਉਹ ਮਸ਼ਹੂਰ ਤਬਲੀਗ਼ੀ (ਇਸਲਾਮ ਪ੍ਰਚਾਰਕ) ਹਨ। ਜਦੋਂ ਮੱਕਾ ਵਿਚ ਹੱਜ ਕਰਨ ਸਮੇਂ ਫਿਲਮ ਅਦਾਕਾਰ ਮੁਹੰਮਦ ਆਮਿਰ ਹੁਸੈਨ ਖ਼ਾਨ (ਆਮਿਰ ਖ਼ਾਨ ਦਾ ਮੁਕੰਮਲ ਨਾਂ) ਦਾ ਮੇਲ ਮੌਲਾਨਾ ਤਾਰਿਕ ਜਮੀਲ ਨਾਲ ਹੋਇਆ ਤਾਂ ਭਾਰਤ ਦੀਆਂ ਕੁਝ ਦੱਖਣਪੰਥੀ ਤੇ ਸ਼ਿਵ ਸੈਨਾ ਟਾਈਪ ਪਾਰਟੀਆਂ ਨੇ ਇਹ ਤਸਵੀਰ ਬਹੁਤ ਪ੍ਰਚਾਰੀ ਤੇ ਆਪਣੀ ਜਹਾਲਤ ਤੋਂ ਵਾਕਿਫ਼ ਕਰਾਉਂਦਿਆਂ ਭੱਦੇ ਕਮੈਂਟ ਲਿਖੇ। ਮੈਂ ਜਦੋਂ ਇਹ ਤਸਵੀਰ ਵੇਖੀ ਸੀ ਤਾਂ ਮੇਰੇ ਲਈ ਮੌ. ਤਾਰਿਕ ਜਮੀਲ, ਨਾਮ ਤੇ ਸ਼ਕਲ ਪੱਖੋਂ ਨਵਾਂ ਚਿਹਰਾ ਸੀ। ਫੇਰ ਮੈਂ ਥੋੜ੍ਹਾ ਦਰਿਆਫ਼ਤ ਕੀਤਾ ਤਾਂ ਪਤਾ ਲੱਗਾ ਤਾਰਿਕ ਜਮੀਲ ਮਸ਼ਹੂਰ ਤਬਲੀਗ਼ੀ (ਇਸਲਾਮ ਪ੍ਰਚਾਰਕ) ਹੈ ਤੇ ਅੱਤਵਾਦ ਨਾਲ ਉਸ ਦਾ ਕੋਈ ਸਬੰਧ ਨਹੀਂ। ਦਰਅਸਲ, ਸਾਡੇ ਜਾਹਿਲਾਂ ਨੇ ਕਾਹਲ ਵਿਚ ਤਸਵੀਰ ਵਾਇਰਲ ਕਰ ਦਿੱਤੀ ਸੀ।


(4)

ਚਰਚਿਤ ਮੁਲਾਕਾਤ ਦਾ ਸਬਬ ਦਰਅਸਲ ਇਕ ਸਾਂਝਾ ਦੋਸਤ ਸੀ, ਜਿਹੜਾ ਕਿ ਆਮਿਰ ਖ਼ਾਨ ਤੇ ਤਾਰਿਕ ਜਮੀਲ ਨੂੰ ਮਿਲਦਾ ਰਹਿੰਦਾ ਹੈ। ਤਾਰਿਕ ਜਮੀਲ ਨੇ ਆਪਣੇ ਇਕ ਭਾਸ਼ਣੀ ਵੀਡੀਓ ਵਿਚ ਦੱਸਿਆ, ''....ਔਰ ਤਬ ਮੈਨੇਂ ਅਪਨੇ ਉਸ ਖ਼ਾਸ ਦੋਸਤ ਸੇ ਕਹਾ ਕਿ ਯਾਰ ਤੁਮ ਆਮਿਰ ਸੇ ਹਮਾਰੀ ਮੁਲਾਕਾਤ ਤੋਂ ਕਰਵਾਓ।'' ਇਸ ਤਰ੍ਹਾਂ ਮੱਕਾ ਵਿਚ ਹੱਜ ਦੌਰਾਨ ਦੋਵਾਂ ਮਕਬੂਲ ਹਸਤੀਆਂ ਦਾ ਸਾਹਮਣਾ ਹੁੰਦਾ ਹੈ। ਤਾਰਿਕ ਅੱਗੇ ਦੱਸਦੇ ਨੇ, ''... ਔਰ ਜਬ ਮੈਂ ਆਮਿਰ ਸੇ ਮੁਲਾਕਾਤ ਕੀ ਗਰਜ਼ ਸੇ ਗਯਾ ਤੋਹ ਮੈਨੇਂ ਦੇਖਾ ਕਿ ਵੋ ਡਰਾ-ਡਰਾ ਥਾ, ਸ਼ਾਯਦ ਸੋਚਤਾ ਹੋਗਾ ਕਿ ਮੌਲਾਨਾ ਮੁਝੇਂ ਦੇਖੇਂਗੇ ਤੋਂ ਪਤਾ ਨਹੀਂ ਕਿਆ ਕਹੇਂਗੇ, ਪਤਾ ਨਹੀਂ ਕਿਆ ਸੋਚੇਂਗੇ ਕਿ ਮੈਂ (ਆਮਿਰ) ਜਿਸੇ ਅੱਲਾਹ ਕੇ ਦੀਨ ਕੇ ਬਾਰੇ ਮੇਂ ਸਬ ਪਤਾ ਹੈ ਔਰ ਸਬ ਸਮਝਤਾ ਹੈ, ਵੋਹ ਨਾਚਨੇ-ਗਾਨੇ ਵਾਲੀ ਫਿਲਮੇਂ ਬਨਾ ਰਹਾ ਹੈ ਪਰ ਜਬ ਮੈਂ ਆਮਿਰ ਸੇ ਮਿਲਾ ਤੋਂ ਮੈਨੇਂ ਉਸੇ ਕੁਛ ਭੀ ਜ਼ਾਹਿਰ ਨਾ ਹੋਨੇ ਦਿਆ। ਤਾਰਿਕ ਜਮੀਲ ਇਸੇ ਪ੍ਰਸੰਗ ਵਿਚ ਅੱਗੇ ਦੱਸਦੇ ਹਨ, ''... ਅਰੇ ਭਈ, ਲੋਗ ਪਿਆਰ ਚਾਹਤੇ ਹੈਂ, ਲੋਗ ਪਿਆਰ ਕੇ ਭੂਖੇਂ ਹੈ, ਲੋਗ ਤੋਂ ਪਿਆਰ ਮੁਹੱਬਤ ਚਾਹਤੇ ਹੋਤੇ ਹੈਂ ਔਰ ਹਮ ਉਨ ਪਰ ਜ਼ਾਬਤਾ ਲਗਾ ਦੇਤੇ ਹੈਂ...''। ਇਹ ਤਾਰਿਕ ਜਮੀਲ ਹੋਰ ਕੋਈ ਨਹੀਂ ਸਗੋਂ ਉਹੀ ਪ੍ਰਚਾਰਕ ਹੈ, ਜਿਸ ਨੇ ਪਾਕਿਸਤਾਨ ਦੀ 'ਨਾਮਵਰ' ਅਦਾਕਾਰਾ ਵੀਨਾ ਮਲਿਕ ਦੀ 'ਜ਼ਿੰਦਗੀ ਬਦਲ' ਦਿੱਤੀ ਸੀ। ਵੀਨਾ, ਜਿਸ ਨੇ ਹੋਛੇ ਹੱਥਕੰਡੇ ਅਪਣਾਅ ਕੇ ਕਾਮਯਾਬੀ ਹਾਸਿਲ ਕਰਨੀ ਚਾਹੀ ਸੀ, ਉਸ ਨੇ ਬੇਹੂਦਗੀ ਦੀਆਂ ਉਹ ਹੱਦਾਂ ਪਾਰ ਕੀਤੀਆਂ ਜਿਹਨਾਂ ਦਾ ਕਲਾ ਜਾਂ ਕਲਾਮਤਕ ਖੇਤਰ ਨਾਲ ਦੂਰ-ਨੇੜੇ ਦਾ ਵਾਹ ਵਾਸਤਾ ਨਹੀਂ ਸੀ, ਉਸ ਨੇ ਭਾਰਤੀ ਪੰਜਾਬ ਵਿਚ ਸਰਬਜੀਤ ਚੀਮੇ ਨਾਲ ਇਕ ਫਿਲਮ ਕੀਤੀ ਸੀ ਤੇ ਹਲਕੇ ਮਿਆਰ ਦੀਆਂ ਹਿੰਦੀ ਫਿਲਮਾਂ ਵਿਚ ਵੀ ਨਜ਼ਰੀਂ ਪੈਂਦੀ ਹੈ। .ਖ਼ੁਦ ਨੂੰ ਡਰਾਮਾ ਕੁਈਨ ਆਖਦੀ ਹੁੰਦੀ ਸੀ.. ਪਰ ਗੱਲ ਨਾ ਬਣੀ। ਵੀਨਾ ਦਾਅਵਾ ਕਰਦੀ ਹੈ ਕਿ ਅਖ਼ੀਰ ਉਸ ਨੇ ਗਲੈਮਰ, ਨੰਗੇਜ਼ ਤੇ ਪੈਸਾਵਾਦ ਦੀ ਦੁਨੀਆਂ ਤੋਂ 'ਤੌਬਾ' ਕਰ ਲਈ। ਇਸ ਦੌਰਾਨ ਉਹ ਜਦੋਂ ਕਿਸੇ ਸ਼ੇਖ਼ ਦੇ ਪ੍ਰੋਗਰਾਮ ਵਿਚ ਧਮਾਲਾਂ ਪਾਉਣ ਗਈ ਸੀ ਤਾਂ ਉਥੇ ਧਰਮ ਪ੍ਰਚਾਰ ਦੇ ਸਿਲਸਿਲੇ ਵਿਚ ਤਾਰਿਕ ਜਮੀਲ ਦੁਬਈ ਵਿਚ ਸੀ, ਦੋਵਾਂ ਦਰਮਿਆਨ ਉਥੇ ਮੁਲਾਕਾਤ ਹੋਈ। ਤਾਰਿਕ ਜਮੀਲ ਦੇ ਦੱਸਣ ਮੁਤਾਬਕ, ''... ਮੈਂ ਕਾਫ਼ੀ ਦੇਰ ਤਕ ਸੋਚਤਾ ਰਹਾ ਕਿ ਇਸ ਲੜਕੀ (ਵੀਨਾ) ਸੇ ਮਿਲੂੰ ਯਾਂ ਨਾ ਮਿਲੂੰ ਪਰ ਫਿਰ ਮੈਨੇਂ ਆਖ਼ਿਰ ਸੋਚਾ ਕਿ ਮੇਰੇ ਰੱਬ ਕਾ ਜੋ ਪੈਗ਼ਾਮ ਹੈ, ਮੇਰੇ ਰਸੂਲ ਕਾ ਜੋ ਪੈਗ਼ਾਮ ਹੈ, ਵੋਹ ਭੂਲੇ ਬੈਠੇ ਬੰਦੋਂ ਤਕ ਪਹੁੰਚਨਾ ਹੀ ਚਾਹੀਏ, ਆਖ਼ਿਰ ਕਿਉਂ ਲੋਗ ਗਲੀਜ਼ ਰਾਹੋਂ ਪਰ ਚਲ ਪੜਤੇ ਹੈਂ, ...ਤੋਹ ਮੈਨੇਂ ਸੋਚਾ ਕਿ ਕੋਈ ਕੁਛ ਭੀ ਕਹਤਾ ਰਹੇ ਪਰ ਵੀਨਾ ਸੇ ਮਿਲੂੰਗਾ ਹੀ।'' ਪਹਿਲੀ ਵਾਰ ਜਦੋਂ ਤਾਰਿਕ ਜਮੀਲ ਨੇ ਵੀਨਾ ਨੂੰ ਮਿਲਣ ਦਾ ਸੁਨੇਹਾ ਲਾਇਆ ਤਾਂ ਉਸ (ਵੀਨਾ) ਨੇ ਨਾਂਹ ਕਰ ਦਿੱਤੀ ਸੀ। ਤਾਰਿਕ ਜਮੀਲ ਦੇ ਦੱਸਣ ਮੁਤਾਬਕ, ''... ਤੋਂ ਭਈ, ਪਹਿਲੀ ਦਫ਼ਾ ਤੋਹ ਉਸ ਨੇ ਭੀ ਕਹ ਦੀਆ ਕਿ ਮੈਨੇਂ ਨਹੀਂ ਮਿਲਨਾ ਹੈ। ਉਸ (ਵੀਨਾ) ਨੇ ਜ਼ਰੂਰ ਸੋਚਾ ਹੋਗਾ ਕਿ ਮੈਂ ਫਿਲਮੋਂ ਵਗੈਰਾ ਮੇਂ ਕਾਮ ਕਰਤੀ ਹੂੰ ਔਰ ਮੌਲਾਨਾ ਮੁਝੇ ਦੀਨ ਕਾ ਵਾਸਤਾ ਦੇਗਾ, ਯੇ ਕਹੇਗਾ, ਵੋ ਕਹੇਗਾ, ਸੋ ਉਸ (ਵੀਨਾ) ਨੇ ਇਨਕਾਰ ਕਰ ਦੀਆ...''। ਫੇਰ ਵੀਨਾ ਮੁਲਾਕਾਤ ਲਈ ਮੰਨ ਗਈ ਤੇ ਉਸ ਆਖ ਦਿੱਤਾ ਕਿ ਮੈਂ ਮਿਲਣ ਨਹੀਂ ਕਿਤੇ ਨਹੀਂ ਆਉਣਾ, ਤਾਰਿਕ ਮੈਨੂੰ ਮਿਲਣਾ ਚਾਹੁੰਦੇ ਹਨ ਤਾਂ ਆਪ ਆਉਣ। ਮੌ. ਤਾਰਿਕ ਨੇ ਵੀਨਾ ਨਾਲ ਪਹਿਲੀ ਮਿਲਣੀ ਦੌਰਾਨ ਉਸ ਨੂੰ ਵਾਰ ਵਾਰ ਬੇਟੀ-ਬੇਟੀ ਆਖ ਕੇ ਸੰਬੋਧਨ ਕੀਤਾ। ਖ਼ੁਦ ਵੀਨਾ ਆਪਣੇ ਵੱਲੋਂ ਜਾਰੀ ਵੀਡੀਓਜ਼ ਵਿਚ ਦੱਸਦੀ ਹੈ, ''... ਜਬ ਵੋ (ਤਾਰਿਕ ਜਮੀਲ) ਮੁਝੇ ਬਾਰ-ਬਾਰ ਬੇਟੀ ਕਹ ਰਹੇ ਥੇ ਤੋਂ ਮੁਝੇ ਅੱਛਾ ਲਗਾ, ਔਰ ਮੈਂ ਸੋਚ ਰਹੀ ਥੀ ਕਿ ਮੈਨੇਂ ਜ਼ਿੰਦਗੀ ਕਾ ਸੱਚਾ ਰਾਸਤਾ ਛੋੜ ਕਰ ਵੋ ਸਭ ਕੀਆ, ਜੋ ਮੁਝੇ ਕਤੱਈ ਤੌਰ ਪਰ ਜ਼ੇਬ ਨਹੀਂ ਦੇਤਾ ਥਾ ਪਰ ਫਿਰ ਭੀ ਉਨਹੋਨੇਂ ਇਸ ਕਾ ਜ਼ਿਕਰ ਤਕ ਨ ਕੀਆ'' ਇਸ ਤਰ੍ਹਾਂ ਵੀਨਾ ਨੇ ਬਦਨ-ਦਿਖਾਊ ਫਿਲਮਾਂ ਤੇ ਹੋਛੇਪਣ ਤੋਂ ਤੌਬਾ ਕਰ ਲਈ ਸੀ। ਪਹਿਲਾ ਵੀਨਾ ਤੇ ਫੇਰ ਆਮਿਰ ਖ਼ਾਨ ਨਾਲ ਤਾਰਿਕ ਜਮੀਲ ਦੀਆਂ ਨਜ਼ਦੀਕੀਆਂ ਕਾਰਨ ਭਾਰਤ ਦੇ ਭਗਵੇਂ ਕੱਟੜ ਅਨਸਰ ਖਿਝੇ ਪਏ ਸਨ। ਵੀਨਾ ਨੇ 'ਮੀਠਾ ਮੀਠਾ ਹੈ ਮੇਰੇ ਮੁਹੰਮਦ ਕਾ ਨਾਮ...' ਵਾਲੇ ਬੋਲਾਂ ਵਾਲੀ ਨਾਅਤ ਦੀ ਵੀਡੀਓ (ਰਸੂਲ ਦੀ ਸਿਫ਼ਤ ਵਿਚ ਗੀਤ) ਇੰਟਰਨੈੱਟ 'ਤੇ ਪਾਈ ਹੈ ਤੇ ਹੋਰ ਬਹੁਤ ਕੁਝ ਮੌਜੂਦ ਹੈ।


(5)

ਆਮਿਰ ਖ਼ਾਨ ਦਾ ਜਨਮ 1965 ਸੰਨ ਵਿਚ ਮਾਰਚ ਮਹੀਨੇ ਦੌਰਾਨ ਮਾਂ ਜ਼ੀਨਤ ਦੀ ਕੁੱਖੋਂ ਤਾਹਿਰ ਹੁਸੈਨ ਦੇ ਘਰ ਹੋਇਆ ਸੀ। ਆਮਿਰ ਹੁਰੀਂ ਦਾਅਵਾ ਕਰਦੇ ਹਨ ਕਿ ਪਿਛੋਕੜ ਉੱਤਰ ਪ੍ਰਦੇਸ਼ ਨਾਲ ਜੁੜਦਾ ਹੈ ਤੇ ਪੁਰਖੇ ਖੇਤੀਬਾੜੀ ਕਰਦੇ ਰਹੇ ਹਨ। (ਜਾਂ ਹੋ ਸਕਦਾ ਹੈ ਕਿ ਟੈਕਸ ਤੋਂ ਬਚਣ ਲਈ ਸਸਤੀ ਜ਼ਮੀਨ ਲੈਣ ਵਾਸਤੇ ਆਮਿਰ ਹੁਰੀਂ ਖ਼ੁਦ ਨੂੰ ਕਾਸ਼ਤਕਾਰ ਦੱਸਦੇ ਹੋਣ, ਜਿਵੇਂ ਕਿ ਇਕ ਵਾਰ ਅਮਿਤਾਭ ਬੱਚਨ ਫਸ ਗਿਆ ਸੀ। ਅਮਿਤਾਭ ਦਾ ਪੂਰਾ ਨਾਮ ਤਾਂ 'ਇਨਕਲਾਬ ਕੁਮਾਰ ਸ਼੍ਰੀਵਾਸਤਵ' ਹੈ ਪਰ ਉਸ ਨੇ ਸ਼ਾਇਰ ਬਾਪ ਦਾ ਤੱਖ਼ਲਸ 'ਬੱਚਨ' ਨਾਂ ਨਾਲ ਜੋੜ ਲਿਆ ਹੈ। ਹਰਵੰਸ਼ ਰਾਏ ਬੱਚਨ ਨੇ ਅਮਿਤਾਭ ਦਾ ਨਾਂ ਇਨਕਲਾਬ ਕੁਮਾਰ ਰੱਖਿਆ ਸੀ।' ਖ਼ੈਰ... ਸਾਰੇ ਫਿਲਮੀ ਕਲਾਕਾਰ ਟੈਕਸ ਦੇਣ ਤੋਂ ਬਚਣ ਲਈ ਖ਼ੁਦ ਨੂੰ 'ਕਿਸਾਨ' ਦੱਸ ਦਿੰਦੇ ਹਨ ਤੇ ਇਸ ਤਰ੍ਹਾਂ ਸਸਤੀ ਜ਼ਮੀਨ ਖ਼ਰੀਦ ਕੇ ਦੋ ਤੇ ਇਕ ਨੰਬਰ ਦਾ ਪੈਸਾ ਖਪਾ ਦਿੰਦੇ ਹਨ।

53ਵਿਆਂ ਵਿਚ ਧੜਕਦਾ ਆਮਿਰ ਬਚਪਨ ਤੋਂ ਸੰਵੇਦਨਸ਼ੀਲ ਸੀ। 'ਯਾਦੋਂ ਕੀ ਬਾਰਾਤ' ਨਾਂ ਦੀ ਫਿਲਮ ਵਿਚ ਬਾਲ-ਕਲਾਕਾਰ ਵਜੋਂ ਹਾਜ਼ਰੀ ਲੁਆ ਚੁੱਕਾ ਹੈ। ਵੱਡਾ ਹੋਇਆ ਤਾਂ ਫਿਲਮੀ ਹੀਰੋ ਬਣਨ ਦਾ ਸੁਪਨਾ ਪਾਲ ਲਿਆ। ਆਮਿਰ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਨਿੱਕੇ ਹੁੰਦਿਆਂ ਉਸ ਦੇ ਕੰਨ ਬਹੁਤ ਵੱਡੇ ਨਜ਼ਰ ਆਉਂਦੇ ਸਨ, ਕਈ ਵਾਰ ਦੁਖੀ ਜਾਂ ਪਰੇਸ਼ਾਨ ਹੋਣ 'ਤੇ ਜਦੋਂ ਉਸ ਦਾ ਚਿਹਰਾ ਉਤਰ ਜਾਂਦਾ ਸੀ ਤਾਂ ਉਹ ਹੋਰ ਬੇਨੂਰ ਨਜ਼ਰ ਆਉਣ ਲੱਗਦਾ ਸੀ ਪਰ ਬਾਅਦ ਵਿਚ ਇਸ ਦੇ ਉਲਟ ਹੋਇਆ। ਜਦੋਂ ਬਚਪਨ ਬੀਤਣ ਮਗਰੋਂ ਆਮਿਰ ਦੇ ਚਿਹਰੇ 'ਤੇ ਮਰਦ ਦੀ ਵਜਾਹਤ ਨਜ਼ਰ ਆਉਣ ਲੱਗੀ ਤਾਂ ਉਹ ਫਿਲਮੀ ਦੁਨੀਆਂ ਲਈ ਮਾਫ਼ਿਕ ਹੁੰਦਾ ਗਿਆ। ਬਚਪਨ ਵਿਚ ਵੱਡੇ ਕੰਨਾਂ ਕਾਰਨ ਆਮਿਰ ਸੋਚ-ਸੋਚ ਕੇ ਪਰੇਸ਼ਾਨ ਹੁੰਦਾ ਰਹਿੰਦਾ ਸੀ। ਚੰਗੀਆਂ ਕਿਤਾਬਾਂ ਨਾ ਪੜ੍ਹਣ ਕਾਰਨ ਉਹ 'ਭਾਰਤੀ ਮੁਹੱਲਾਛਾਪ' ਸੋਚ ਦਾ ਸ਼ਿਕਾਰ ਰਿਹਾ ਹੈ। ਨਹੀਂ ਤਾਂ ਸ਼ਕਲ ਸੂਰਤ ਨੂੰ ਲੈ ਕੇ ਇੰਨਾ ਪਰੇਸ਼ਾਨ ਹੋਣ ਦੀ ਵੀ ਕਿਹੜੀ ਲੋੜ ਹੁੰਦੀ ਹੈ।


(6)

ਕਿਸੇ ਨੇ ਕਿੰਨਾ ਖ਼ੂਬ ਕਿਹਾ ਹੈ ਕਿ ਬਚਪਨ ਦੀਆਂ ਯਾਦਾਂ ਬੁਢਾਪੇ ਤਕ ਬੰਦੇ 'ਤੇ ਜੱਫਾ ਪਾਈ ਰੱਖਦੀਆਂ ਹਨ। ਆਮਿਰ ਖ਼ਾਨ ਭਾਵੇਂ ਬਹੁਤਾ ਦੱਸਦਾ ਨਹੀਂ ਪਰ ਇਕ ਗੱਲ ਦਾ ਮਲਾਲ ਉਸ ਨੂੰ ਹਮੇਸ਼ਾ ਤੋਂ ਰਿਹਾ ਹੈ ਕਿ ਉਹ 'ਸੱਚੇ ਧਰਮ' ਜਿਸ ਨੂੰ ਉਹ ਮੰਨਦਾ ਹੈ, ਦਾ ਪੈਗ਼ਾਮ ਫਿਲਮਾਂ ਜ਼ਰੀਏ ਰਾਹੀਂ ਦਰਸ਼ਕਾਂ ਨੂੰ ਨਹੀਂ ਪਹੁੰਚਾ ਸਕਿਆ। ਆਮਿਰ ਖ਼ਾਨ ਦਰਅਸਲ ਜਤਿੰਦਰ ਜਾਂ ਧਰਮਿੰਦਰ ਵਰਗਾ ਨਹੀਂ ਹੈ। ਉਸ ਨੇ ਲਗਾਨ, ਥ੍ਰੀ ਈਡੀਅਟ, ਦੰਗਲ ਜਿਹੀਆਂ ਫਿਲਮਾਂ ਬਣਾ ਕੇ ਉਸਾਰੂ ਸੁਨੇਹੇ ਦਿੱਤੇ ਹਨ। ਦਾਨਿਸ਼ਵਰ ਨਾ ਵੀ ਮੰਨੀਏ ਤਾਂ ਵੀ ਆਖ ਸਕਦੇ ਹਾਂ ਕਿ ਉਸ ਦੇ ਕੋਲ 'ਸਿਰ' ਹੈ ਤੇ ਇਹ ਸਿਰ ਸੋਚਦਾ ਰਹਿੰਦਾ ਹੈ। ਬਹੁਤ ਸਾਰੇ ਲੋਕ, ਫਿਲਮੀ ਰਸਾਲਿਆਂ ਦੀ ਮਸਾਲਾ ਪੱਤਰਕਾਰ ਕਿਰਨ ਰਾਓ ਨਾਲ, ਉਸ ਦੇ ਦੂਜੇ ਵਿਆਹ ਦੇ ਕਦਮ ਨੂੰ ਪਹਿਲੀ ਬੀਵੀ ਰੀਨਾ ਨਾਲ ਧੱਕਾ ਕਰਾਰ ਦਿੰਦੇ ਹਨ ਪਰ ਇਸ ਦੇ ਬਾਵਜੂਦ ਉਹ ਲੋਕਾਂ ਨੂੰ ਪਰਵਾਨ ਹੈ। ਉਹ ਚਾਹੁੰਦਾ ਤਾਂ ਦਿਖਾਵੇ ਲਈ ਪਹਿਲੀ ਪਤਨੀ ਨਾਲ ਰਹਿ ਸਕਦਾ ਸੀ ਪਰ ਨਿੱਤ ਦੇ ਕਲੇਸ਼ ਤੇ ਨਾ-ਪਸੰਦਗੀ ਤੋਂ ਬਚਣ ਲਈ ਉਸ ਨੇ ਸਿੱਧਾ ਰਾਹ ਅਪਣਾਇਆ।


(7)

ਤਾਰਿਕ ਜਮੀਲ ਦਾ ਜਨਮ ਚੂਨਾ ਮੰਡੀ ਦਾ ਹੈ, ਇਹ ਇਲਾਕਾ ਰਾਏਵਿੰਡ ਦੇ ਕੋਲ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਪੁਰਖੇ ਜਿਮੀਦਾਰ ਸਨ। ਤਾਰਿਕ ਦਾ ਪਿਤਾ ਪੈਸੇ ਪੱਖੋਂ ਸੌਖਾ ਸੀ ਤੇ ਵਪਾਰ ਕਰਦਾ ਸੀ। ਤਾਰਿਕ ਨੂੰ ਬਿਹਤਰੀਨ ਸਕੂਲਾਂ ਵਿਚ ਪੜ੍ਹਣ ਭੇਜਿਆ ਗਿਆ ਤੇ ਉਸ ਨੇ ਪੜ੍ਹਾਈ ਦੇ ਦੌਰ ਵਿਚ ਹੋਸਟਲ ਵਿਚ ਵੀ ਵਾਸ ਕੀਤਾ ਸੀ। ਜਵਾਨੀ ਦੀ ਦਹਿਲੀਜ਼ 'ਤੇ ਪੁੱਜੇ ਤਾਂ ਫਿਲਮਾਂ ਖ਼ਾਸਕਰ ਭਾਰਤੀ ਫਿਲਮਾਂ ਦਾ ਸ਼ੌਕ ਜਨੂੰਨ ਬਣ ਗਿਆ। ਤਾਰਿਕ ਜਮੀਲ ਕਈ ਭਾਰਤੀ ਕਲਾਕਾਰਾਂ ਦੀ ਆਵਾਜ਼ ਹੂ ਬ ਹੂ ਕੱਢ ਲੈਂਦੇ ਸਨ ਤੇ ਭਾਰਤੀ ਫਿਲਮਾਂ ਬਾਰੇ ਭਾਰਤੀ ਨਿਰਦੇਸ਼ਕਾਂ ਤੇ ਨਿਰਮਾਤਿਆਂ ਨਾਲੋਂ ਵੱਧ ਜਾਣਕਾਰੀ ਰੱਖਦੇ ਸਨ। ਤਾਰਿਕ ਜਮੀਲ ਨੂੰ ਇਸਲਾਮੀ ਫ਼ਲਸਫ਼ੇ ਵਿਚ ਦਿਲਚਸਪੀ ਸੀ, ਜਿਹੜਾ ਕਿ ਮਨੁੱਖ ਨੂੰ ਸੂਫ਼ੀ ਬਣਨ ਲਈ ਪ੍ਰੇਰਦਾ ਹੈ। ਕੁਦਰਤਨ, ਉਨ੍ਹਾਂ ਦੀ ਮੁਲਾਕਾਤ ਜ਼ਹੀਨ ਤੇ ਫ਼ਰਾਖ਼ਦਿਲ ਫ਼ਿਤਰਤ ਵਾਲੇ ਤਬਲੀਗ਼ੀਆਂ (ਇਸਲਾਮੀ ਪ੍ਰਚਾਰਕਾਂ) ਨਾਲ ਹੁੰਦੀ ਰਹੀ। ਇਹ ਲੋਕ ਕਾਫ਼ੀ ਹੱਦ ਤਕ ਸੂਫ਼ੀਆਂ ਵਰਗੇ ਸਨ। ਇਸ ਤਰ੍ਹਾਂ ਤਾਰਿਕ ਜਮੀਲ ਦਾ ਮਨ ਤਬਲੀਗ਼ੀ ਬਣਨ ਵੱਲ ਪ੍ਰੇਰਿਤ ਹੁੰਦਾ ਗਿਆ ਤੇ ਅਖ਼ੀਰ ਉਨ੍ਹਾਂ ਨੇ ਹੁਣ ਵਾਲੀ ਸ਼ਕਲ ਅਖ਼ਤਿਆਰ ਕਰ ਲਈ। ਉਹ ਆਪਣੇ ਪ੍ਰਵਚਨਾਂ ਵਿਚ ਗੱਲ-ਕੱਥ ਸੁਹਣੀ ਕਰ ਲੈਂਦੇ ਹਨ। ਉਰਦੂ ਰਲ਼ੀ ਪੰਜਾਬੀ ਬੋਲਣ ਦਾ ਢੰਗ ਠੇਠ ਹੈ ਤੇ ਜਿਹੜੇ ਬੰਦੇ ਇਸਲਾਮ ਤੋਂ ਦੂਰ ਹੋ ਗਏ ਹਨ, ਨੂੰ ਝਿੜਕਾਂ ਮਾਰਨ ਨਾਲੋਂ ਪਿਆਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਬੋਲ (ਕੁਓਟਸ) ਵੀ ਸ਼ੇਅਰ ਕੀਤੇ ਜਾਂਦੇ ਹਨ। ਬਹੁਤ ਸਾਰੇ ਮੁਨਕਰ (ਨਾਸਤਿਕ) ਲੋਕ ਵੀ ਤਾਰਿਕ ਦੀ ਸਮਝਦਾਰੀ ਦੀ ਕਦਰ ਕਰਦੇ ਹਨ। ਆਮਿਰ ਦੇ ਅਵਚੇਤਨ ਮਨ ਦੀ ਗੱਲ ਕਰੀਏ ਤਾਂ ਉਸ ਨੂੰ ਮਨ ਦੀ ਸ਼ਾਂਤੀ ਲਈ ਇਹੋ-ਜਿਹੇ ਭਾਸ਼ਣਕਾਰ ਦੀ ਲੋੜ ਸੀ। ਤਾਰਿਕ ਜਮੀਲ ਕੋਲ ਆਪਣੀ ਗੱਲ ਕਹਿਣ ਦਾ ਢੰਗ ਹੈ ਤੇ ਉਹ ਚੁਟਕਲੇ ਵਗੈਰਾ ਸੁਣਾਅ ਕੇ ਗੱਲ-ਕੱਥ ਨੂੰ (ਹੋਰ) ਰਸੀਲੀ ਬਣਾ ਦਿੰਦੇ ਹਨ। ਖ਼ੁਦ ਫਿਲਮੀ ਅਦਾਕਾਰੀ ਜਾਣਦੇ ਹਨ ਤੇ ਆਪਣੀ ਐਕਟਿੰਗ ਸਕਿੱਲ ਨੂੰ ਉਨ੍ਹਾਂ ਨੇ ਧਰਮ ਪ੍ਰਚਾਰ ਦੇ ਖੇਤਰ ਵਿਚ ਬਾਖ਼ੂਬੀ ਵਰਤਿਆ ਹੈ। ਆਮਿਰ ਨੂੰ ਕਈ ਪੱਖਾਂ ਤੋਂ ਤਾਰਿਕ ਜਮੀਲ ਆਪਣੇ ਨਾਲੋਂ ਉੱਤਲੀ ਸ਼ੈਅ ਲੱਗਦਾ ਹੈ। ਆਮਿਰ ਨੇ ਆਪਣੇ ਅੰਦਰ ਜਿਹੜਾ ਬੱਚਾ ਸੰਭਾਲਿਆ ਹੋਇਆ ਹੈ, ਉਸ ਦੀ ਪਸੰਦ ਹੈ : ਤਾਰਿਕ ਜਮੀਲ। ਮੌਡਰਨ ਧਰਮ ਉਪਦੇਸ਼ਕ।


(8)

ਆਮਿਰ ਦਾ ਪਿਤਾ ਰਸੂਖ਼ ਵਾਲਾ ਬੰਦਾ ਸੀ ਫਿਲਮਾਂ ਨਾਲ ਵਾਬਸਤਾ ਸੀ। ਉਸ ਨੇ ਪੁੱਤਰ ਦੀ ਜ਼ਿੱਦ ਵੇਖ ਕੇ ਉਸ ਨੂੰ 'ਯਾਦੋਂ ਕੀ ਬਾਰਾਤ' ਵਿਚ ਕੰਮ ਪ੍ਰਾਪਤ ਕਰਵਾਇਆ। ਆਮਿਰ, ਅੱਧਾ ਕੁ ਫ਼ਿਲਾਸਫ਼ਰ ਹੈ। ਵਪਾਰਕ ਢੰਗ ਦੀਆਂ ਮਸਾਲਾ ਫਿਲਮਾਂ ਲਈ ਬ੍ਰਾਂਡ ਹੈ। ਇਸੇ ਤਰ੍ਹਾਂ ਤਾਰਿਕ ਜਮੀਲ ਵੀ ਕੈਰੀਅਰਿਸਟ ਹੈ। ਦੋਵੇਂ ਵਿਅਕਤੀ ਭਾਵੇਂ ਸੰਵੇਦਨਸ਼ੀਲ ਹਨ, ਭਾਵੇਂ ਅਧਿਆਪਕ ਵਰਗਾ ਗੁਣੀ ਦਿਮਾਗ਼ ਰੱਖਦੇ ਹਨ ਪਰ ਦੁਨੀਆਂਦਾਰੀ ਤੋਂ ਕੋਰੇ ਨਹੀਂ ਹਨ। ਨਾਪ-ਤੋਲ ਕੇ ਬੋਲਦੇ ਹਨ ਤੇ ਪੈਸਿਆਂ ਲਈ ਮਰਦੀ ਜਾਂਦੀ ਦੁਨੀਆਂ ਦੇ ਸਾਰੇ ਢੰਗ-ਤਰੀਕੇ ਜਾਣਦੇ ਹਨ। ਦਰਅਸਲ ਮਾਪਿਆਂ ਤੇ ਹਾਲਾਤ ਵੱਲੋਂ ਬਖ਼ਸ਼ੀ ਅਮੀਰੀ ਨੇ ਵੀ ਦੋਵਾਂ ਨੂੰ ਉਹ ਸਭ ਕੁਝ ਮੁਹੱਈਆ ਕਰਵਾਇਆ, ਜਿਹੜੇ ਚੜ੍ਹਦੀ ਉਮਰ ਦੇ ਮੁੰਡੇ ਨੂੰ ਚਾਹੀਦਾ ਹੁੰਦਾ ਹੈ। ਇਨ੍ਹਾਂ ਨੇ ਪਦਾਰਥਾਂ ਦੀ ਭਰਪੂਰਤਾ ਨੂੰ ਮਾਣਿਆ ਹੈ। ਸਫਲਤਾ ਦੇ ਮਹਿਲ ਨੂੰ ਜਾਂਦੇ ਰਾਹ ਵਿਚ ਬਹੁਤ ਔਕੜਾਂ ਹੁੰਦੀਆਂ ਹਨ। ਅਰਬੀ ਦੁਨੀਆਂ ਦੀਆਂ ਗੱਪ-ਕਥਾਵਾਂ ਵਿਚ 'ਖੁਲ ਜਾ ਸਿਮ ਸਿਮ' ਦਾ ਇਕ ਜ਼ਿਕਰ ਹੁੰਦਾ ਹੈ। ਪਰ ਇਸ ਗੱਪ-ਕਥਾ ਨੂੰ ਹੁਣ ਡੀ-ਕੋਡ ਕਰਨ ਦੀ ਲੋੜ ਹੈ। ਗੱਲ ਇਹ ਹੈ ਕਿ ਸਫਲਤਾ ਦੇ ਮਹਿਲ ਦਾ ਦਰਵਾਜਾ ਲੋਹੇ ਦਾ ਹੁੰਦਾ ਹੈ, ਲੋਹ-ਕਪਾਟ ਖੋਲ੍ਹਣ ਲਈ ਇਕ 'ਪਾਸਵਰਡ' ਹੁੰਦਾ ਹੈ। ਮਸਲਨ : ਖੁਲ ਜਾ ਸਿਮ-ਸਿਮ ਜਾਂ ਕੁਝ ਹੋਰ। ਇਹ ਲੋਕ ਜਿਹੜੇ ਮਸ਼ਹੂਰ ਹਨ, ਪੈਸੇ ਵਾਲੇ ਜਿਨ੍ਹਾਂ 'ਤੇ ਦਿਲ ਵਾਰਦੇ ਹਨ, ਇਹ ਲੋਕ ਐਵੇਂ ਹੀ ਨਈਂ ਹੁੰਦੇ! ਇਹਦੇ ਪਿੱਛੇ ਬਾਕਾਇਦਾ ਇਕ ਰਣਨੀਤੀ ਕੰਮ ਕਰਦੀ ਹੁੰਦੀ ਹੈ। ਗੱਲ ਭਾਵੇਂ ਉਲਝੇਵੇਂ ਵਾਲੀ ਹੈ ਪਰ ਇਸ ਨੂੰ ਇਸੇ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ। ਧੁਰ ਅੰਦਰ ਤਕ ਬੰਦਾ ਕੀ ਹੈ, ਇਸ ਬਾਰੇ ਹਾਲੇ ਹੋਰ ਸਮਝੇ ਜਾਣ ਦੀ ਲੋੜ ਹੈ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617