CHRISTIANFORT

THE NEWS SECTION

ਜਿੱਥੇ ਨਰਸਾਂ ਵੀ ਨੇ ਪਰੇਸ਼ਾਨ, ਉਹ ਮੁਲਕ ਮੇਰਾ ਐ!


ਦੀਦਾਵਰ ਦੀ ਜ਼ੁਬਾਨੀ-12


ਯਾਦਵਿੰਦਰ ਸਿੰਘ

 

JALANDHAR: ਹੁਣੇ ਜਿਹੇ ਨਸ਼ਰ ਹੋਈ ਇਕ ਰਿਪੋਰਟ ਨੇ ਬਹੁਤ ਸਾਰੇ ਸੰਵੇਦਨਸ਼ੀਲ ਸਿਰਾਂ ਨੂੰ ਸੋਚਣ ਲਾ ਦਿੱਤਾ ਸੀ। ਅਸੀਂ ਬਹੁਤ ਹੈਰਾਨ ਹਾਂ ਕਿ ਜਿਨ੍ਹਾਂ ਨੂੰ ਅਸੀਂ ਆਪਣੀ ਦੇਖ-ਭਾਲ ਦੇ ਕਾਬਿਲ ਸਮਝਦੇ ਹਾਂ, 'ਕੋਈ' ਉਨ੍ਹਾਂ ਦੀ ਜਾਨ ਵੀ ਵੱਢ ਵੱਢ ਕੇ ਖਾਂਦਾ ਹੈ। ਇਸ ਰਿਪੋਰਟ ਨੇ ਜਿੱਥੇ ਨਰਸਾਂ ਦੇ ਦੁੱਖਾਂ ਤੇ ਦਰਦਾਂ ਬਾਰੇ ਬਾਕੀ ਦੁਨੀਆਂ ਦਾ ਧਿਆਨ ਖਿੱਚਿਆ ਹੈ ਓਥੇ ਇਸ ਪੁਾਸੇ ਵੀ ਨਿਸ਼ਾਨਦੇਹੀ ਕੀਤੀ ਹੈ ਕਿ ਹਸਪਤਾਲਾਂ ਵਿਚ ਸੱਭ ਅੱਛਾ ਨਹੀਂ। ਚੰਡੀਗੜ੍ਹ ਦੇ ਇਕ ਹਸਪਤਾਲ ਦੇ ਸਬੰਧ ਵਿਚ ਨਸ਼ਰ ਹੋਈ ਰਿਪੋਰਟ ਕਿਸੇ ਜ਼ਲਜ਼ਲੇ ਤੋਂ ਘੱਟ ਨਹੀਂ। ਸਬੰਧਤ ਰਿਪੋਰਟ ਦਾ ਸਾਰ-ਅੰਸ਼ ਇੰਜ ਸੀ ਕਿ ਪੀ ਜੀ ਆਈ ਵਿਚ ਵਾਰਡ ਤੇ ਆਈ ਸੀ ਯੂ ਵਿਚ ਦਾਖ਼ਲ ਮਰੀਜ਼ਾਂ ਦੀ ਦੇਖ-ਭਾਲ ਕਰਨ ਵਾਲੀਆਂ ਬਹੁਤੀਆਂ ਨਰਸ ਭੈਣਾਂ ਖ਼ੁਦ ਤਣਾਅ, ਉਨੀਂਦਰੇ ਤੇ ਥਕੇਵੇਂ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਦਰਅਸਲ, ਮਰੀਜ਼ਾਂ ਤੇ ਮਰੀਜ਼ਾਂ ਦੇ ਸੰਭਾਲੂਆਂ 'ਤੇ ਭਾਰੀ ਪੈ ਜਾਂਦਾ ਹੈ ਕਿਉਂਜੋ ਨਰਸਾਂ ਨੇ ਹਮੇਸ਼ਾਂ ਮਰੀਜ਼ਾਂ ਲਾਗੇ ਹੀ ਵਿਚਰਣਾ ਹੁੰਦਾ ਹੈ, ਜੇ ਨਰਸਾਂ ਦੁਖੀ ਹੋਣਗੀਆਂ ਤਾਂ ਮਰੀਜ਼ਾਂ ਜਾਂ ਉਨ੍ਹਾਂ ਦੇ ਸੰਭਾਲੂਆਂ ਨਾਲ ਮਿੱਠਾ ਬੋਲ ਕਿਵੇਂ ਬੋਲ ਲੈਣਗੀਆਂ?


ਬਾਜ਼ਾਰ 'ਤੇ ਕਾਬਜ਼ ਤਾਕਤਾਂ ਨੇ ਸਰਕਾਰੀ ਹਸਪਤਾਲਾਂ ਨੂੰ ਨਾਕਾਮ ਸਾਬਿਤ ਕਰਨ ਲਈ

ਪ੍ਰਾਈਵੇਟ ਹਸਪਤਾਲਾਂ ਦਾ ਜਾਲ ਵਿਛਾ ਦਿੱਤਾ ਹੈ। ਇਕੱਲੇ ਜਲੰਧਰ ਵਿਚ ਹੀ 1000 ਤੋਂ ਵੱਧ ਹਸਪਤਾਲ ਹਨ ਜਿਹੜੇ ਕਿ ਏਸ਼ੀਆ ਦੀ ਪੱਧਰ 'ਤੇ ਇਕ ਵੱਡਾ 'ਵਰਲਡ ਰਿਕਾਰਡ' ਹੈ ਪਰ ਕਿਸੇ ਨੂੰ ਇੰਜ ਨਹੀਂ ਸੋਚਣਾ ਚਾਹੀਦਾ ਕਿ ਕੁਲ ਦੁਨੀਆਂ ਦੇ ਬੀਮਾਰ ਇੱਕੋਂ ਸ਼ਹਿਰ ਵਿਚ ਇਕੱਠੇ ਹੋ ਕੇ ਰਹਿਣ ਲੱਗ ਪਏ ਹਨ!!! ਸਗੋਂ ਬਾਜ਼ਾਰ ਦੀ ਸ਼ਕਤੀਆਂ ਨੇ ਆਪਣੀ ਸੌਖ ਤੇ ਰਣਨੀਤੀ ਤਹਿਤ ਜਲੰਧਰ ਨੂੰ ਮਾਰ ਹੇਠ ਲਿਆਂਦਾ ਹੈ, ਜਿਸ ਦੇ ਕਈ ਕਾਰਨ ਹੋਣਗੇ, ਇਕ ਪੁਖ਼ਤਾ ਕਾਰਨ ਇਹ ਵੀ ਹੋ ਸਕਦੈ ਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਇਹ ਐੱਨ ਆਰ ਆਈ ਬੈਲਟ ਹੈ ਤੇ ਪਰਦੇਸਾਂ ਵਿਚ ਬੈਠੇ ਲੋਕ ਆਪਣੇ ਬਜ਼ੁਰਗਾਂ ਦਾ ਇਲਾਜ ਕਰਾਉਣ ਲਈ ਵਿੱਤੀ ਹਿੰਮਤ ਰੱਖਦੇ ਹਨ। ਹਸਪਤਾਲਾਂ ਵਿਚ ਮਾਮੂਲੀ ਤਨਖ਼ਾਹ ਪਿੱਛੇ ਕੰਮ ਕਰਨ ਵਾਲੀਆਂ ਨਰਸਾਂ ਤਕ ਉਹ ਮੁਨਾਫ਼ਾ ਨਹੀਂ ਪਹੁੰਚਦਾ, ਜਿਹੜਾ ਸਿਰਫ਼ ਤੇ ਸਿਰਫ਼ ਹਸਪਤਾਲ ਮਾਲਕਾਂ ਦੀਆਂ ਜੇਬਾਂ ਵਿਚ ਪੈਣ ਲਈ ਰਾਖਵਾਂ ਹੋ ਚੁੱਕਾ ਹੈ। ਇਹ ਬਹੁ-ਚਰਚਿਤ ਰਿਪੋਰਟ ਚੀਕ ਚੀਕ ਕੇ ਆਖਦੀ ਹੈ ਕਿ ਜਨਰਲ ਵਾਰਡ ਵਿਚ ਕੰਮ ਕਰ ਰਿਹਾ 54.5 ਫ਼ੀਸਦ ਨਰਸਿੰਗ ਸਟਾਫ ਨਾ-ਖ਼ੁਸ਼ ਹੈ, ਆਈਸੀਯੂ ਵਿਚ ਰੱਖੇ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਇਹ 57 ਫ਼ੀਸਦ ਬਣ ਜਾਂਦਾ ਹੈ। ਲੱਗਭੱਗ 12 ਫ਼ੀਸਦ ਨਰਸਿੰਗ ਸਟਾਫ 'ਤੇ ਕੰਮ ਦਾ ਇੰਨਾ ਦਬਾਅ ਹੈ ਕਿ ਉਹ ਚਿੜਚਿੜੇਪਣ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਉਨ੍ਹਾਂ ਦਾ ਦਿਮਾਗ਼ ਹਰ ਵੇਲੇ ਉਤਸ਼ਾਹਹੀਣ ਰਹਿੰਦਾ ਹੈ। ਇਸ ਦਾ ਅਸਰ ਮਰੀਜ਼ਾਂ 'ਤੇ ਪੈਣਾ ਹੁੰਦਾ ਹੈ ਤੇ ਪੈਂਦਾ ਵੀ ਹੈ। ਦਰਅਸਲ ਇਹ ਪੀ ਜੀ ਆਈ 'ਤੇ ਅਧਾਰਤ ਰਿਪੋਰਟ ਹੈ ਜਿੱਥੇ ਤਕਰੀਬਨ 2250 ਸਟਾਫ ਨਰਸਾਂ ਹਨ ਪਰ ਵਿਆਪਕ ਤੌਰ 'ਤੇ ਵੇਖੀਏ ਤਾਂ ਇਹ ਰਿਪੋਰਟ ਤਕਰੀਬਨ ਹਰ ਹਸਪਤਾਲ 'ਤੇ ਢੁੱਕਦੀ ਹੈ। ਜਦੋਂ ਫਿਲਮੀ ਕਲਾਕਾਰ ਦੀਪਿਕਾ ਪਾਦੂਕੋਣ 2 ਮਹੀਨਿਆਂ ਲਈ ਡਿਪ੍ਰੈਸ਼ਨ ਵਿਚ ਜਾਂਦੀ ਹੈ ਤਾਂ ਸਾਰੇ ਜੱਗ ਵਿਚ ਹਾਲ-ਦੁਹਾਈ ਮੱਚ ਜਾਂਦੀ ਹੈ ਪਰ ਮਨੁੱਖਤਾ ਦੀਆਂ ਸੇਵਕਾਵਾਂ ਕਾਫ਼ੀ ਅਰਸੇ ਤੋਂ ਡਿਪ੍ਰੈਸ਼ਨ ਵਿਚ ਹਨ, ਨੂੰ ਹਰ ਪਰਤ 'ਤੇ ਲੁਕੋਅ ਲਿਆ ਜਾਂਦਾ ਹੈ। ਅਜਿਹੇ ਅਧਿਐਨ ਨਾ ਹੋਣ ਤਾਂ ਤੁਸੀਂ ਅਸੀਂ ਉਸ ਤਲਖ਼ ਹਕੀਕਤ ਤੋਂ ਨਾਵਾਕਿਫ਼ ਰਹਿ ਸਕਦੇ ਸਾਂ, ਜਦਕਿ ਇਸ ਨੂੰ ਜਾਨਣਾ ਸਾਡਾ ਸੰਵਿਧਾਨਕ ਹੱਕ ਹੈ ਤੇ ਹਾਲਾਤ ਦੀ ਜ਼ਰੂਰਤ ਵੀ।

ਅਸੀਂ ਮੁੜ ਉਸ ਰਿਪੋਰਟ ਦੀ ਚੀਰਫਾੜ ਕਰਦੇ ਹਾਂ। ਖੋਜਨਿਗ਼ਾਰਾਂ ਨੇ ਆਪਣੀ ਖੋਜ ਵਿਚ ਉਘਾੜਿਆ ਹੈ ਕਿ ਵਾਰਡਾਂ ਤੇ ਆਈ ਸੀ ਯੂ 'ਚ ਡਿਊਟੀ ਕਰ ਰਿਹਾ ਨੌਜਵਾਨ ਸਟਾਫ ਜ਼ਿਆਦਾ ਤਣਾਅ 'ਚੋਂ ਲੰਘ ਰਿਹਾ ਹੈ, ਜਾਂ ਜੇ ਜ਼ਿਆਦਾ ਸਪਸ਼ਟ ਆਖੀਏ ਤਾਂ ਉਨ੍ਹਾਂ ਲਈ ਇਹ ਹਾਲਾਤ ਪੈਦਾ ਕਰ ਦਿੱਤੇ ਗਏ ਹਨ। ਵਾਰਡਾਂ ਵਿਚ ਨੌਜਵਾਨ ਸਟਾਫ 60 ਫ਼ੀਸਦ ਹੈ ਤੇ ਆਈ ਸੀ ਯੂ ਵਿਚ 68 ਫੀਸਦੀ ਹੈ, ਸਿਲਸਿਲੇਵਾਰ 67.7 ਤੇ 97.8 ਫ਼ੀਸਦ ਸਟਾਫ ਤਣਾਅ ਦੀ ਦਲਦਲ ਵਿਚ ਧੱਸ ਚੁੱਕਾ ਹੈ। ਉੱਥੇ ਆਈ ਸੀ ਯੂ ਵਿਚ ਸਥਿਤੀ ਹੋਰ ਬਦਤਰੀਨ ਹੈ। ਖੋਜਨਿਗ਼ਾਰਾਂ ਮੁਤਾਬਕ ਉਹ ਨਰਸਿੰਗ ਸਟਾਫ, ਜਿਹੜਾ ਪੀ ਜੀ ਆਈ ਤੋਂ 5 ਕਿਲੋਮੀਟਰ ਦੇ ਦਾਇਰੇ ਵਿਚ ਰਿਹਾਇਸ਼ ਰੱਖਦਾ ਹੈ ਉਹ ਜ਼ਿਆਦਾ ਤਣਾਅ ਦਾ ਸ਼ਿਕਾਰ ਹੈ। ਵਾਰਡ ਵਿਚ ਕੰਮ ਕਰ ਰਿਹਾ 66.7 ਫ਼ੀਸਦ ਸਟਾਫ ਤਣਾਅ ਦੀ ਮਾਰੂ ਦਲਦਲ ਵਿਚ ਫਸ ਚੁੱਕਾ ਹੈ।

ਆਈ ਸੀ ਯੂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਬਾਰੇ ਜਾਣੀਏ ਤਾਂ ਮੌਜੂਦਾ ਸਥਿਤੀ ਸਾਨੂੰ ਹੋਰ ਫ਼ਿਕਰਮੰਦ ਕਰ ਦਿੰਦੀ ਹੈ। ਇਸ ਦੇ ਉਲਟ, ਦੂਰੋਂ ਆਉਣ ਵਾਲੇ ਸਟਾਫ ਵਿਚ ਸਮੱਸਿਆ 'ਘੱਟ' ਹੈ। ਨਰਸਿੰਗ ਸਟਾਫ ਵਿਚ ਜ਼ਨਾਨਾ ਤੇ ਮਰਦਾਵਾ ਦੋਵੇਂ ਤਬਕੇ ਹਨ। ਹਾਲਾਤ ਇਹ ਹਨ ਕਿ 72.9 ਫ਼ੀਸਦ ਔਰਤ ਨਰਸਿੰਗ ਸਟਾਫ ਨੂੰ ਇੰਨਾ ਤਣਾਅ ਹੈ ਕਿ ਇਸ ਘੁੰਮਣਘੇਰੀ ਵਿੱਚੋਂ ਕਿਵੇਂ ਨਿਕਲਣਾ ਹੈ, ਬਾਰੇ ਵੀ ਕੁਝ ਨਹੀਂ ਸੁੱਝਦਾ। ਤਣਾਅ ਦਾ ਦਰਿਆ, ਉਨ੍ਹਾਂ ਦੀ ਸਾਰੀ ਕਾਬਲੀਅਤ ਤੇ ਨਿੱਜੀ ਹਿੰਮਤ ਵੀ ਨਾਲ ਹੀ ਵਗਾ ਕੇ ਲੈ ਗਿਆ ਹੈ।

ਖੋਜ ਦਾ ਉਦਾਸ ਕਰਨ ਦੇਣ ਵਾਲਾ ਪੱਖ ਇਹ ਵੀ ਹੈ ਕਿ ਆਈਸੀਯੂ ਅਤੇ ਵਾਰਡਾਂ ਵਿਚ ਕੰਮ ਕਰ ਰਿਹਾ ਅਣਵਿਆਹਿਆ ਸਟਾਫ ਵੱਧ ਪਰੇਸ਼ਾਨੀ ਵਿਚ ਹੈ। ਆਈ ਸੀ ਯੂ ਵਿਚ ਕੰਮ ਕਰਦੀਆਂ ਅਣਵਿਆਹੀਆਂ ਨਰਸਾਂ ਵਿੱਚੋਂ 58.7 ਫ਼ੀਸਦ ਤਣਾਅਗ੍ਰਸਤ ਹਨ। ਯਾਦ ਰਹੇ, 26 ਫ਼ੀਸਦ ਅਣਵਿਆਹੇ ਇਸ ਸਟੱਡੀ ਦਾ ਹਿੱਸਾ ਸਨ।

ਆਈ ਸੀ ਯੂ ਵਿਚ ਸਟਾਫ ਵਿਚ ਜ਼ਿਆਦਾ ਤਣਾਅ ਦਾ ਕਾਰਨ ਹੈ ਉੱਥੇ ਜ਼ਿੰਮੇਵਾਰੀ ਜ਼ਿਆਦਾ ਹੋਣਾ ਹੈ। ਇੱਥੇ ਹੀ ਤਾਂ ਦਿਲ, ਫੇਫੜੇ, ਗੁਰਦੇ ਜਾਂ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ ਦਾਖ਼ਲ ਕੀਤੇ ਹੁੰਦੇ ਹਨ। ਇਨ੍ਹਾਂ ਨੂੰ ਲਗਾਤਾਰ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ ਪਰ ਹਸਪਤਾਲਾਂ ਦੇ ਮਾਲਕ ਤੇ ਪ੍ਰਬੰਧਕ ਇਹ ਨਹੀਂ ਸੋਚਦੇ ਕਿ ਸਾਡੇ ਮੁਲਾਜ਼ਮ, ਖ਼ਾਸਕਰ ਨਰਸਾਂ ਦਾ, ਮਾਨਸਿਕ ਪੱਧਰ ਕਿਹੋ ਜਿਹਾ ਹੈ? ਉਹ ਖ਼ੁਸ਼ ਵੀ ਨੇ? ਜਾਂ ਸਮਾਂਕਟੀ ਕਰ ਰਹੀਆਂ ਹਨ, ਇਹ ਸਵਾਲ ਹਸਪਤਾਲਾਂ ਦੀਆਂ ਗੂੰਗੀਆਂ ਕੰਧਾਂ ਦੁਆਲੇ ਹੀ ਘੁੰਮਦੇ ਰਹਿੰਦੇ ਹਨ, ਕਦੇ ਬਾਹਰ ਨਹੀਂ ਆਉਂਦੇ ਹੁੰਦੇ।


ਆਓ ਜਾਣੇ ਹਾਂ! ਕਿਵੇਂ ਕੀਤੀ ਗਈ ਖੋਜ :

ਖੋਜ ਵਿਚ ਪੀ ਜੀ ਆਈ ਵਿੱਚੋਂ ਕੁਲ 285 ਨਰਸਿੰਗ ਸਟਾਫ ਨੂੰ ਸ਼ਾਮਲ ਕੀਤਾ ਗਿਆ ਸੀ। 109 ਦਾ ਨਰਸਿੰਗ ਸਟਾਫ, ਲਿਵਰ, ਕੋਰੋਨੇਰੀ ਕੇਅਰ ਯੂਨਿਟ, ਰੈਸਪੀਰੇਟਰੀ, ਕਾਰਡਿਓਥੋਰੇਸਿਕ ਤੇ ਵਸਕੁਲਰ ਆਈਸੀਯੂ ਵਿਚ ਲਾਇਆ ਹੈ। ਵਾਰਡ ਵਿਚ ਕੰਮ ਕਰਨ ਵਾਲੇ 176 ਜ਼ਨਾਨਾ ਤੇ ਪੁਰਸ਼ ਨਰਸਿੰਗ ਸਟਾਫ ਨੂੰ ਇਸ ਵਿਚ ਸ਼ਾਮਲ ਸਨ, ਦੋ ਮਹੀਨਿਆਂ ਵਿਚ ਡਾਟਾ ਇਕੱਤਰ ਕੀਤਾ ਗਿਆ ਸੀ। ਹਰ ਨਰਸ ਤੋਂ 30 ਮਿੰਟ ਦੀ ਮੁਲਾਕਾਤ ਵਿਚ ਨੌਕਰੀ ਸਬੰਧੀ ਸਵਾਲ ਪੁੱਛੇ ਗਏ। ਬਿਨਾਂ ਸ਼ੱਕ, ਕੁਝ ਕਾਰਨ ਹੋਰ ਵੀ ਭਿਆਨਕ ਹੋਣਗੇ ਪਰ ਇਥੇ ਸਪੇਸ ਘੱਟ ਰੱਖਣ ਦੀ ਮਜਬੂਰੀ ਕਾਰਨ ਅਸੀਂ ਸਾਰਾ ਕੁਝ ਨਹੀਂ ਖੋਲ੍ਹ ਸਕਦੇ। ਪਾਠਕਾਂ ਨੂੰ ਪੜ੍ਹ ਕੇ ਆਪਣੀ ਬੁੱਧੀ-ਵਿਵੇਕ ਨਾਲ ਵੀ ਉਹ ਸਮਝ ਲੈਣਾ ਚਾਹੀਦਾ ਹੈ, ਜੋ ਕਿ 'ਲਿਖਿਆ ਨਹੀਂ' ਗਿਆ!!

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617