CHRISTIANFORT

THE NEWS SECTION

ਨੇਪਾਲ ਚ 'ਸੋਧਵਾਦੀਆਂ' ਦੇ ਜਿੱਤ ਦੇ ਮਾਇਨੇ ਤੇ ਅਗਲਾ ਪੈਗ਼ਾਮ!


ਦੀਦਾਵਰ ਦੀ ਜ਼ੁਬਾਨੀ-11


ਯਾਦਵਿੰਦਰ ਸਿੰਘ

 

JALANDHAR: ਦਰਅਸਲ ਕੁਝ ਕੁ ਦਿਨ ਪਹਿਲਾਂ ਜਦੋਂ ਨੇਪਾਲ ਵਿਚ ਇਕ ਖੱਬੇਪੱਖੀ ਪਾਰਟੀ ਵਾਹਵਾ ਸੀਟਾਂ ਆਪਣੇ ਨਾਂ ਕਰ ਗਈ ਤਾਂ ਭਾਰਤ ਵਿਚ ਬੈਠੇ ਗ਼ੈਰ-ਰਵਾਇਤ-ਪਸੰਦ ਸਿਆਸੀ ਕਾਰਕੁੰਨਾਂ ਸਮੇਤ ਦੱਖਣੀ ਏਸ਼ੀਅਨ ਸੰਸਾਰ ਵਿਚ ਹਲਚਲ ਹੋਣੀ ਸੁਭਾਵਕ ਹੀ ਸੀ। ਬਹੁਤ ਸਾਰੇ ਲੋਕਾਂ ਤੇ ਖ਼ਾਸਕਰ ਹਮਦਰਦਾਂ ਨੇ ਇਸ ਵਰਤਾਰੇ ਦੀ ਖ਼ੁਸ਼ੀ ਮਨਾਈ ਤੇ ਪ੍ਰਗਟਾਈ ਵੀ। ਉਥੇ 165 ਵਿੱਚੋਂ 80 ਸੀਟਾਂ ਦੀ ਜਿੱਤ ਛੋਟੀ ਜੁ ਨਹੀਂ ਹੈ।

ਫੇਰ, ਇਸ ਮਗਰੋਂ, ਜਦੋਂ ਅਸੀਂ ਬਤੌਰ ਪੱਤਰਕਾਰ ਕੁਝ ਸਬੰਧਤ ਲੋਕਾਂ ਤੋਂ ਪ੍ਰਤੀਕਰਮ ਲੈਣੇ ਚਾਹੇ ਤਾਂ ਇਹ ਸੁਰਾਂ ਜ਼ੋਰ ਫੜਣ ਲੱਗੀਆਂ ਕਿ ਇਹੋ ਜਿਹੇ 'ਸੋਧਵਾਦੀਆਂ' ਦੀ ਜਿੱਤ 'ਤੇ ਖੀਵੇ ਹੋਣ ਦੀ ਲੋੜ ਕੋਈ ਨਹੀਂ, ਇਹੋ ਜਿਹੇ 'ਸੋਧਵਾਦੀ' ਹੀ ਸਾਡੇ ਮੁਲਕ ਭਾਰਤ ਦੇ ਪੱਛਮੀ ਬੰਗਾਲ ਵਿਚ ਪੈਂਤੀ ਕੁ ਸਾਲ ਰਾਜਭਾਗ 'ਤੇ ਗ਼ਾਲਿਬ ਰਹੇ ਹਨ ਤੇ 'ਸੋਧਵਾਦੀ' ਕੁਝ ਨਹੀਂ ਕਰ ਸਕਦੇ। ਵਗੈਰਾ-ਵਗੈਰਾ।

(2)

ਅਸੀਂ ਜਦੋਂ ਇਹ ਸ਼ਬਦ ਸੁਣੇ ਤਾਂ ਸਾਨੂੰ ਲੱਗਾ ਕਿ ਇਹ ਸ਼ਾਇਦ ਇਹ ਅਧੂਰਾ ਸੱਚ ਹੈ, ਕਿਉਂਕਿ ਇੰਨੀ ਵਿਸ਼ਾਲ ਅਵਾਮ ਜੇ ਕਿਸੇ ਧਿਰ ਨੂੰ ਇੰਨੀ ਵੱਡੀ ਪੱਧਰ 'ਤੇ ਜਿਤਾਅ ਦਿੰਦੀ ਹੈ ਤਾਂ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ। ਇਸ ਦੌਰਾਨ ਕੁਝ ਲੋਕਾਂ ਨੇ ਜੋ ਗੱਲ-ਕੱਥ ਕੀਤੀ, ਦਾ ਸਾਰ ਅੰਸ਼ ਇੰਜ ਹੈ।

ਕੁਝ ਹੋਰ ਲੋਕ ਜਿਹੜੇ ਦੇਸ਼-ਦੁਨੀਆਂ ਦੀਆਂ ਖੱਬੀਆਂ ਲਹਿਰਾਂ 'ਤੇ ਸੂਖਮ ਪਕੜ ਰੱਖਦੇ ਹਨ, ਉਨ੍ਹਾਂ ਨੇ ਇਹ ਨੁਕਤੇ ਪੇਸ਼ ਕੀਤੇ ਕਿ ਪਹਿਲੀ ਗੱਲ ਇਹ ਕਿ ਬਿਨਾਂ ਸ਼ੱਕ ਨੇਪਾਲੀ ਖੱਬੇਪੱਖੀ ਫ਼ਤਹਿਯਾਬ ਧਿਰ 'ਸੋਧਵਾਦੀ' ਹੈ ਪਰ 'ਸੋਧਵਾਦੀ' ਕਹਿ ਕੇ ਉਨ੍ਹਾਂ ਦੀ ਜਿੱਤ ਨੂੰ ਘਟਾਅ ਕੇ ਵੀ ਨਹੀਂ ਵੇਖਿਆ ਜਾ ਸਕਦਾ। ਦੂਜੀ ਗੱਲ ਇਹ ਕਿ ਜੇ ਸੀ ਪੀ ਆਈ 'ਸੋਧਵਾਦੀ' ਸੀ ਤਾਂ ਤੱਦੇ ਸੀ ਪੀ ਆਈ ਐੱਮ ਵਜੂਦ ਲੈ ਸਕੀ ਹੈ। ਫੇਰ, ਸੀ ਪੀ ਆਈ ਐੱਮ ਐੱਲ ਵਜੂਦ ਵਿਚ ਆਈ। ਇਹ ਕਹਿਣ ਵਾਲੇ ਦਰਅਸਲ ਇਹ ਆਖਣਾ ਚਾਹੁੰਦੇ ਹਨ ਕਿ ਡਵੈਲਪਮੈਂਟ ਦਾ ਰਸਤਾ ਵਿੰਗਾ ਟੇਢਾ ਤੇ ਅਣਬੁੱਝ ਹੁੰਦਾ ਹੈ, ਇਸ ਲਈ ਚਾਹੇ ਉਹ 'ਸੋਧਵਾਦੀ' ਹੀ ਹੋਣ, ਉਨ੍ਹਾਂ ਦੀ ਨਿਰੀ ਪੁਰੀ ਆਲੋਚਨਾ ਕਰ ਕੇ ਕਿਸੇ ਨਵੇਂ ਦਿਸਹੱਦੇ ਦੀ ਉਸਾਰੀ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।


(3)

ਇਹ ਦੋ ਕੁ ਮਿਸਾਲਾਂ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਨੇਪਾਲ ਦੇ ਕਮਿਊਨਿਸਟ ਤੱਤਾਂ ਨੂੰ ਸ਼ੁੱਧ ਕਮਿਊਨਿਸਟ ਕਰਾਰ ਦੇ ਦਿੱਤਾ ਹੈ ...ਸਗੋਂ ਮੰਤਵੀ ਪੱਖ ਇਹ ਹੈ ਕਿ ਤੁਸੀਂ ਜਾਂ ਅਸੀਂ ਨੇਪਾਲੀ ਜਮਹੂਰੀ ਨਵ-ਉਭਾਰ ਨੂੰ ਅੱਖੋਂ-ਪਰੋਖੇ ਵੀ ਕਿਵੇਂ ਕਰ ਸਕਦੇ ਹਾਂ! ਮਿਸਾਲਾਂ ਦੇਣ ਦਾ ਮਕਸਦ ਦਰਹਕੀਕਤਨ ਇਹ ਹੈ ਕਿ 'ਡਵੈਲਪਮੈਂਟ' ਹਮੇਸ਼ਾ ਊਬੜ ਖਾਬੜ ਰਾਹਾਂ ਵਿੱਚੀਂ ਲੰਘ ਕੇ ਹੀ ਹੁੰਦੀ ਹੈ। 'ਵਿਕਾਸ' ਦਾ ਰਾਹ ਕਦੇ ਵੀ ਸਿੱਧਾ ਸਪਾਟ ਨਹੀਂ ਹੁੰਦਾ ਤੇ ਜ਼ਿੱਗਜ਼ੈਗ ਵਿਚ ਹੀ ਵਿਕਾਸ ਦੇ ਅੰਸ਼ ਪਏ ਹੋਏ ਹੁੰਦੇ ਨੇ। ਠੀਕ ਹੈ, ਨੇਪਾਲ ਵਿਚ ਜਿਹੜੀ ਧਿਰ ਫ਼ਤਿਹਯਾਬ ਹੋਈ ਹੈ, ਉਸ ਨੇ ਪਾਰਟੀ ਲਾਈਨ ਵਿਚ ਕਈ ਸੋਧਾਂ ਕਰ ਕੇ ਜਨਤਕ ਮੁਹਾਜ਼ ਸਿਰਜਿਆ ਹੈ ਪਰ ਅਸੀਂ ਇਹ ਕਿਵੇਂ ਆਖ ਸਕਦੇ ਹਾਂ ਕਿ ਉਹ ਲੋਕ ਆਪਣੀ ਪਾਰਟੀ ਲਾਈਨ ਨੂੰ ਹੋਰ ਦਰੁਸਤ ਨਹੀਂ ਕਰਨਗੇ। ਕਿਉਂਕਿ ਉਹ ਪਾਰਟੀ ਫ਼ਲਸਫ਼ੇ ਤੋਂ ਮੁਨਕਰ ਵੀ ਤਾਂ ਨਹੀਂ ਹਨ।


(4)

ਨੁਕਸ ਕਿੱਥੇ ਹੈ!

ਕਿਸੇ ਨੂੰ 'ਸੋਧਵਾਦੀ' ਆਖ ਦੇਣਾ, ਖੱਬੇਪੱਖੀ ਪਾਰਟੀਆਂ ਦਾ ਨਿੱਜੀ ਭਟਕਾਅ ਤੇ ਮਾਅਰਕੇਬਾਜ਼ੀ ਵਾਲਾ ਰੁਝਾਨ ਹੈ।

ਦਰਅਸਲ, ਭਾਰਤੀ ਜਨ ਮਾਨਸ ਦੇ ਮਨ ਦੀ ਬਣਤਰ ਨੂੰ, ਭਾਰਤੀਆਂ ਦੀ ਸਮੂਹਕ ਮਾਨਸਿਕਤਾ ਦੀਆਂ ਤੰਦਾਂ ਫੜਣ ਵਾਲੇ ਸੱਜਣ ਹਮੇਸ਼ਾਂ ਤੋਂ ਇਹੋ ਕਹਿੰਦੇ ਆਏ ਹਨ ਕਿ ਇਥੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਲਾਈਨ ਵਾਂਗ ਗੁਰੀਲਾ ਲੋਕ ਜੁੱਧ ਕੱਤਈ ਤੌਰ 'ਤੇ ਕਾਮਯਾਬ ਨਹੀਂ ਹੋ ਸਕਣਾ, ਵਜ੍ਹਾ ਇਹ ਹੈ ਕਿ ਲੋਕਾਂ ਦੀ ਸੋਚ ਧਾਰਮਿਕਵਾਦੀ ਹੈ ਜਦਕਿ ਜੇ ਆਪਾਂ ਚੀਨ ਦੀ ਗੱਲ ਕਰੀਏ ਤਾਂ ਉਥੇ ਬੁੱਧ ਧਰਮ ਸੀ, ਜੋ ਕਿ ਬਹੁਤ ਹੀ ਤਾਰਕਿਕ ਹੈ ਤੇ ਭਾਰਤੀ ਅਧਿਆਤਮਵਾਦ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਹੈ ਤੇ ਪਖੰਡਵਾਦ ਦਾ ਸਰੂਪ ਮੁਕਾਬਲਤਨ ਵੱਖਰਾ ਹੈ।

ਗੱਲ ਨੂੰ ਦਾਰਸ਼ਨਿਕ ਤੇ ਔਝੜ ਰਾਹਾਂ 'ਤੇ ਪਾਉਣ ਦੀ ਬਜਾਏ, ਅਸੀਂ ਨੁਕਤੇ ਵੱਲ ਮੁੜਦੇ ਹਾਂ। ਨੁਕਤਾ ਤੇ ਮੁੱਦਾ ਇਹੋ ਹੈ ਕਿ ਜੇ ਨੇਪਾਲ ਵਿਚ 'ਸੋਧਵਾਦੀਏ' ਜਿੱਤ ਵੀ ਗਏ ਨੇ ਤਾਂ ਕੀਹ? ਜਿੱਤਣ ਦਿਓ, ਦਰਅਸਲ ਨਵੀਂ ਤਬਦੀਲੀ ਇਵੇਂ ਹੀ ਆਉਂਦੀ ਹੁੰਦੀ ਹੈ।


ਖੱਬੇਪੱਖੀ ਕਿਸਮ ਦੀ ਸਿਆਸਤ 'ਤੇ ਪਕੜ ਰੱਖਣ ਵਾਲੇ ਇਹ ਪੱਖ ਉਭਾਰ ਕੇ ਆਪਣੇ ਨੁਕਤੇ ਨੂੰ ਦਰੁਸਤ ਠਹਿਰਾਅ ਰਹੇ ਨੇ- 1. ਸਾਰੇ ਪਾਰਟੀ ਕੈਡਰ ਵਿਚ ਇਹ ਨਿਰਾਸ਼ਾ ਵਿਆਪ ਜਾਵੇ ਕਿ ਏਥੇ (ਮਤਲਬ ਨੇਪਾਲ ਵਿਚ) ਕੁਝ ਨਹੀਂ ਹੋ ਸਕਣਾ, ਲੀਡਰਸ਼ਿਪ ਸੋਧਵਾਦੀ ਹੈ ਤੇ ਇਹ ਜਾਅਲੀ ਖੱਬੇਪੱਖੀ ਹਨ ਤੇ ਸਾਨੂੰ ਨਵਾਂ ਰਾਹ ਉਸਾਰਨਾ ਪਵੇਗਾ।

2. ਨਿਰਾਸ਼ਾ ਇੰਨੀ ਵੱਧ ਜਾਵੇ ਕਿ ਕੈਡਰ, ਲੀਡਰਸ਼ਿਪ ਤੋਂ ਬਦਜ਼ਨ ਹੋ ਕੇ ਵੱਖਰੇ ਰਾਹ ਅਖ਼ਤਿਆਰ ਕਰ ਲੈਣ ਤੇ ਵੱਖੋ ਵੱਖਰੇ ਗਰੁੱਪ ਅਖ਼ਤਿਆਰ ਕਰ ਲੈਣ।

3. ਜਦੋਂ ਤਾਈਂ ਖੱਬੇਪੱਖੀ ਕਾਰਕੁੰਨ ਤੇ ਜਨਤਾ ਇਨ੍ਹਾਂ ਹੱਥੋਂ ਤੰਗ ਨਹੀਂ ਆ ਜਾਂਦੀ, ਉਦੋਂ ਤਕ ਕੁਝ ਨਵਾਂ ਉਸਾਰਨ ਬਾਰੇ ਸੋਚਿਆ ਵੀ ਨਹੀਂ ਜਾ ਸਕੇਗਾ।


ਕੁਝ ਹੋਰ ਨੁਕਤੇ

ਸੋ, ਭਾਵੇਂ ਅਸੀਂ ਸਰਗਰਮ ਖੱਬੇਪੱਖੀ ਸਿਆਸਤ ਵਿਚ ਤਜਰਬਾ ਨਹੀਂ ਵੀ ਰੱਖਦੇ ਪਰ ਪੱਤਰਕਾਰੀ ਤੇ ਅਧਿਐਨ ਨਾਲ ਵਾਬਸਤਾ ਹੋਣ ਸਦਕਾ ਇਹ ਆਖ ਸਕਦੇ ਹਾਂ ਕਿ ਨੇਪਾਲ ਵਿਚ ਸੋਧਵਾਦੀਆਂ ਦੀ ਜਿੱਤ ਦਰਅਸਲ ਰਵਾਇਤੀ ਸਿਆਸਤਦਾਨਾਂ ਦੀ ਹਾਰ ਹੈ। ਇਸ ਦੇ ਨਤੀਜੇ ਕਲ੍ਹ ਕਲੋਤਰ ਨੂੰ ਭਾਰਤ ਵਿਚ ਵੀ ਅਸਰ ਪਾ ਸਕਦੇ ਹਨ ਕਿਉਂਕਿ ਫ਼ਲਸਫ਼ਿਆਂ ਤੇ ਲਹਿਰਾਂ ਦਾ ਕੋਈ ਖਿੱਤਾ ਨਹੀਂ ਹੁੰਦਾ ਸਗੋਂ ਇਹ ਹਵਾਵਾਂ 'ਤੇ ਸਵਾਰ ਹੋ ਕੇ ਕਿਤੇ ਵੀ ਪਹੁੰਚ ਜਾਂਦੇ ਹਨ ਤੇ ਕਦੇ ਵੀ ਕੋਈ ਵੀ ਗ਼ੁਲ ਖਿੜਾ ਸਕਣ ਦੀ ਸਲਾਹੀਅਤ ਰੱਖਦੇ ਹੁੰਦੇ ਹਨ। ਬਾਕੀ ਫੇਰ ਕਦੇ..!

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617