CHRISTIANFORT

THE NEWS SECTION

ਅਫ਼ਗ਼ਾਨ ਹਿੰਦੂ ਤੇ ਸਿੱਖ, ਅਮਰੀਕਾ 'ਚ ਵੱਸਣ ਬਾਰੇ ਸੋਚਣ ਤੇ ਵੇਲਾ ਵਿਚਾਰਨ


ਦੀਦਾਵਰ ਦਾ ਹੁਨਰ -28


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਅਫ਼ਗ਼ਾਨਿਸਤਾਨ ਵਿਚ ਹਿੰਦੂ ਤੇ ਸਿੱਖ ਪਰਵਾਰ ਬਹੁਤ ਥੋੜ੍ਹੀ ਗਿਣਤੀ ਵਿਚ ਰਹਿੰਦੇ ਹਨ. ਸੂਰਤੇਹਾਲ ਦਾ ਦੂਜਾ ਪਾਸਾ ਇਹ ਹੈ ਕਿ ਅਖਬਾਰਾਂ ਤੇ ਰਸਾਲੇ ਨਾ ਪੜ੍ਹਣ ਵਾਲੇ ਲੋਕ, ਜਦੋਂ ਇਹੋ ਜਿਹੀ ਕੋਈ ਖ਼ਬਰ, ਜਿਹਦੇ ਵਿਚ ਅਫ਼ਗ਼ਾਨ ਹਿੰਦੂ ਜਾਂ ਸਿੱਖ ਵਰਗਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੰਗ ਰਹਿ ਜਾਂਦੇ ਹਨ. ਵਜ੍ਹਾ ਇਹ ਹੈ ਕਿ ਸਰਕਾਰਾਂ ਆਪਣੇ ਪ੍ਰਚਾਰ ਦੇ ਬਲ ਉੱਤੇ ਇਹੋ ਜਿਹੇ ਨਾਗਰਿਕ ਘੜ੍ਹ ਦਿੰਦੀਆਂ ਹਨ ਕਿ ਉਨ੍ਹਾਂ ਲਈ ਆਪਣੇ ਮਨ ਦੀ ਹੱਦ, ਦੁਨੀਆ ਦੀ ਹੱਦ ਹੁੰਦੀ ਹੈ.

ਬਹੁਤ ਵਾਰ ਜਦੋਂ ਭਾਰਤ ਵਿਚ ਬਹੁ- ਗਿਣਤੀ ਵਰਗਾਂ ਨਾਲ ਸਬੰਧਤ ਸਵੈ-ਸਜੇ 'ਆਗੂ', ਸ਼ਰਾਰਤਨ, ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਮੰਦੇ ਬਿਆਨ ਦਿੰਦੇ ਹਨ ਤਾਂ ਅਸੀਂ ਹਮੇਸ਼ਾ ਇਸ ਗ਼ਲਤ ਤੋਰੇ ਦੀ ਨਿਖੇਧੀ ਕੀਤੀ ਹੈ. ਸਾਫ਼ ਵਜ੍ਹਾ ਇਹ ਹੈ ਕਿ ਜੇ ਅਸੀਂ ਏਥੇ ਭਾਰਤ ਵਿਚ ਘੱਟ ਗਿਣਤੀ ਲੋਕਾਂ ਨਾਲ ਨਾਲ ਜ਼ਿਆਦਤੀ ਕਰਾਂਗੇ ਤਾਂ ਅਫ਼ਗ਼ਾਨਿਸਤਾਨ ਵਿਚ ਤਾਲੀਬਾਨ ਜਾਂ ਹੋਰ ਕੱਟੜ ਅਨਸਰ, ਹਿੰਦੂ ਤੇ ਸਿੱਖਾਂ ਨਾਲ ਸਖ਼ਤੀ ਕਰ ਸਕਦੇ ਹਨ.

ਯਾਦ ਰਹੇ 1992 ਵਿਚ ਜਦੋਂ ਬਾਬਰੀ ਵਿਵਾਦਤ ਢਾਂਚਾ ਤੋੜਿਆ ਗਿਆ ਸੀ ਤਾਂ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਜਨੂੰਨੀਆਂ ਨੇ ਹਿੰਦੂ ਵਰਗ ਦੇ ਲੋਕਾਂ ਦੀਆਂ ਹੱਟੀਆਂ ਤੇ ਘਰ ਫੂਕ ਦਿੱਤੇ ਸਨ. ਇਹ ਹੋਣਾ ਈ ਸੀ ਕਿਉਂਕਿ ਮਜ਼ਲੂਮ ਉੱਤੇ ਜ਼ੁਲਮ ਕਰਨਾ, ਤਕੜੇ ਉੱਤੇ ਜ਼ੁਲਮ ਕਰਨ ਨਾਲੋਂ ਕਿਤੇ ਵੱਧ ਆਸਾਨ ਹੁੰਦਾ ਹੈ. ਇਨ੍ਹਾਂ ਕਾਲਮਾਂ ਰਾਹੀਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਦ ਵੀ ਕੋਈ ਹਿੰਦੂ ਜਾਂ ਸਿੱਖ ਵਿਅਕਤੀ ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਤੋਂ ਏਧਰ ਆਉਂਦਾ ਹੈ ਤਾਂ ਇਹ ਗੱਲ ਉਚੇਚੇ ਤੌਰ ਉੱਤੇ ਦੱਸਦਾ ਹੈ ਕਿ ਹੁਣ, ਓਧਰ, ਦੋਵਾਂ ਵਰਗਾਂ ਦੇ ਲੋਕਾਂ ਵਿਚ ਖ਼ਾਸ ਸਾਂਝ ਨਹੀਂ ਰਹਿ ਗਈ ਹੈ. ਜਦਕਿ ਇਹ ਮੰਦ ਭਾਗਾ ਵਰਤਾਰਾ ਹੈ. ਏਸ ਕਾਲਮ ਰਾਹੀਂ ਅਸੀਂ ਦੋਵਾਂ ਧਰਮਾਂ ਦੇ ਲੋਕਾਂ ਨੂੰ ਅਰਜ਼ ਕਰਦੇ ਹਾਂ ਕਿ ਤੁਹਾਡਾ ਬੀਤਿਆ ਵੇਲਾ, ਨਾ ਅਸੀਂ ਬਦਲ ਸਕਦੇ ਹਾਂ ਤੇ ਨਾ ਤੁਸੀਂ ਬਦਲ ਸਕਦੇ ਓ, ਪਰ, ਹਾਂ ਕਿ ਮੌਜੂਦਾ ਸੋਚ ਬਦਲਣੀ ਸ਼ੁਰੂ ਕਰ ਦਿਓਂਗੇ ਤਾਂ ਤੁਹਾਡਾ ਭਵਿੱਖ ਯਕੀਨਨ ਬਦਲੇਗਾ. ਉਂਝ ਵੀ ਅਜੋਕਾ ਦੌਰ ਧਾਰਮਕ ਕੱਟੜਤਾ ਦਾ ਨਹੀਂ ਹੈ. ਸਗੋਂ ਇਹ ਓਹ ਦੌਰ ਹੈ ਕਿ ਵਿਗਿਆਨਕ ਤੇ ਤਕਨੀਕੀ ਗਿਆਨ ਹਾਸਿਲ ਕਰ ਕੇ ਖੁਸ਼ਹਾਲ ਜ਼ਿੰਦਗੀ ਬਿਤਾਈ ਜਾ ਸਕਦੀ ਹੈ.


****

ਆਓ, ਓਸ ਰਿਪੋਰਟ ਉੱਤੇ ਝਾਤ ਮਾਰਦੇ ਹਾਂ, ਜਿਹਨੂੰ ਪੜ੍ਹ ਕੇ ਅਸੀਂ ਇਹ ਸੁਲੇਖ ਲਿਖਣ ਦਾ ਮਨ ਬਣਾਇਆ ਸੀ... ਅਮਰੀਕੀ ਰਾਜਧਾਨੀ ਵਾਸ਼ਿੰਗਟਨ ਤੋਂ ਖ਼ਬਰ ਏਜੰਸੀ ਪੀਟੀਆਈ ਵੱਲੋਂ ਨਸ਼ਰ ਖ਼ਬਰ ਮੁਤਾਬਕ ਅਫ਼ਗਾਨਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਤੇ ਹਿੰਦੂਆਂ ਦੇ ਵਜੂਦ ਨੂੰ ਸੰਕਟ ਵਿਚ ਦੱਸਦੇ ਹੋਏ ਅਮਰੀਕੀ ਸੰਸਦ ਵਿਚ ਮਤਾ ਪੇਸ਼ ਕੀਤਾ ਗਿਆ ਹੈ। ਏਸ ਤਜਵੀਜ਼ ਵਿਚ ਅਮਰੀਕਨ ਸਰਕਾਰ ਤੋਂ ਦੋਵਾਂ ਧਰਮਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਵਸਾਉਣ ਦੀ ਮੰਗ ਕੀਤੀ ਗਈ ਹੈ। ਬੀਤੇ ਹਫ਼ਤੇ ਅਮਰੀਕੀ ਸੰਸਦ ਮੈਂਬਰ ਜੈਕੀ ਸਪੀਅਰ ਨੇ ਹੇਠਲੇ ਸਦਨ ਵਿਚ ਮਤਾ ਪੇਸ਼ ਕੀਤਾ ਸੀ ਜਿਸ ਨੂੰ 7 ਹੋਰ ਐੱਮ ਪੀਜ਼ ਦਾ ਸਮਰਥਨ ਹਾਸਿਲ ਹੈ। ਅਫ਼ਗ਼ਾਨ ਹਿੰਦੂ ਤੇ ਸਿੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਤੇ ਵਿਚ ਦੋਵਾਂ ਧਰਮਾਂ ਦੇ ਲੋਕਾਂ ਨੂੰ ਹਿਫਾਜ਼ਤ ਦੇਣ ਦੀ ਵਕਾਲਤ ਕੀਤੀ ਗਈ ਹੈ।

ਮਤੇ ਵਿਚ ਕਿਹਾ ਗਿਆ ਹੈ ਕਿ ਸਿੱਖ ਅਤੇ ਹਿੰਦੂ ਅਫ਼ਗਾਨਿਸਤਾਨ ਅੰਦਰ ਵਪਾਰ ਕਰਦੇ ਆਏ ਹਨ, ਕਾਫੀ ਵਕ਼ਤ ਪਹਿਲਾਂ ਇਹ ਲੋਕ ਇੰਡੀਆ ਤੋਂ ਅਫ਼ਗ਼ਾਨਿਸਤਾਨ ਆਏ ਸਨ ਤੇ ਓਥੇ ਹੀ ਰਹਿਣ ਲੱਗੇ ਜਦਕਿ ਹੁਣ ਪਛਾਣ ਦੇ ਸੰਕਟ ਨਾਲ ਜੂਝ ਰਹੇ ਹਨ। ਹੁਣ ਦੋਵਾਂ ਧਰਮਾਂ ਦੇ ਲੋਕਾਂ ਦੀ ਗਿਣਤੀ ਸਿਰਫ਼ 700 ਬਚੀ ਹੈ ਜਦਕਿ ਕੁਝ ਸਮਾਂ ਪਹਿਲੇ ਤਕ ਇਨ੍ਹਾਂ ਦੀ ਗਿਣਤੀ 8000 ਤੋਂ ਜ਼ਿਆਦਾ ਹੁੰਦੀ ਸੀ।

ਤਜਵੀਜ਼ ਵਿਚ ਅਮਰੀਕੀ ਰਫਿਊਜ਼ੀ ਪਾਲਿਸੀ ਅਤੇ ਇਮੀਗ੍ਰੇਸ਼ਨ ਤੇ ਕੌਮੀਅਤ ਕਾਨੂੰਨ ਦਾ ਹਵਾਲਾ ਦੇ ਕੇ ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਨੂੰ ਅਮਰੀਕਾ ਵਿਚ ਵਸਾਉਣ ਦੀ ਹਿਮਾਇਤ ਕੀਤੀ ਗਈ ਹੈ. ਏਸ ਤਜਵੀਜ਼ ਵਿਚ ਅੱਤਵਾਦੀਆਂ ਵੱਲੋਂ ਲੰਘੀ 25 ਮਾਰਚ ਨੂੰ ਕਾਬੁਲ ਸਥਿਤ ਗੁਰਦੁਆਰੇ 'ਤੇ ਕੀਤੇ ਗਏ ਹਮਲੇ ਦਾ ਜ਼ਿਕਰ ਹੈ ਜਿਸ ਵਿਚ ਚਾਰ ਸਾਲਾਂ ਦੀ ਬੱਚੀ ਸਮੇਤ 25 ਵਿਅਕਤੀਆਂ ਦੀ ਮੌਤ ਹੋ ਗਈ ਸੀ। ਏਸ ਤਜਵੀਜ਼ ਵਿਚ ਟਰੰਪ ਹਕੂਮਤ ਦੇ ਉਸ ਫ਼ੈਸਲੇ 'ਤੇ ਅਫ਼ਸੋਸ ਜ਼ਾਹਿਰ ਕੀਤਾ ਗਿਆ ਹੈ ਜਿਸ ਵਿਚ ਚਲੰਤ ਸਾਲ 2020 ਲਈ ਸਿਰਫ਼ 18 ਹਜ਼ਾਰ ਰਫੀਉਜੀਆਂ ਦੇ ਮੁੜ ਵਸੇਬੇ ਦਾ ਮਤਾ ਰੱਖਿਆ ਗਿਆ ਹੈ ਜਦਕਿ ਟਰੰਪ ਤੋਂ ਪਹਿਲੇ ਅਮਰੀਕੀ ਸਦਰ ਬਰਾਕ਼ ਓਬਾਮਾ ਨੇ ਸਾਲ 2016 ਵਿਚ ਇਕ ਲੱਖ 10 ਹਜ਼ਾਰ ਵਿਅਕਤੀਆਂ ਦੇ ਅਮਰੀਕਾ ਵਿਚ ਵਸੇਬੇ ਦਾ ਮਤਾ ਰੱਖਿਆ ਸੀ।


# ਆਖ਼ਰੀ ਤੇ ਨੁਕ਼ਤੇ ਵਾਲੀ ਗੱਲ *

ਅਫ਼ਗ਼ਾਨ ਹਿੰਦੂ ਤੇ ਸਿੱਖਾਂ ਲਈ, ਬਿਨਾਂ ਸ਼ਕ਼ ਇਹ ਸੋਚਣ ਦਾ ਵੇਲਾ ਹੈ. ਉਨ੍ਹਾਂ ਨੂੰ ਏਸ ਅਮਰੀਕੀ ਪ੍ਰੋਗਰਾਮ ਤਹਿਤ ਲਾਹਾ ਲੈਂਦੇ ਹੋਏ ਅਮਰੀਕਾ ਜਾਣ ਲਈ ਮਨ ਬਣਾਉਣਾ ਚਾਹੀਦਾ ਹੈ ਪਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਏਸ ਵੇਲੇ ਪੂਰੇ ਜਗਤ ਵਿਚ ਧਰਮਾਂ ਵਿਚ ਸਹਿ ਹੋਂਦ ਦਾ ਨਵਾਂ ਜ਼ਮਾਨਾ ਹੈ, ਏਸ ਲਈ ਇਹ ਲੋਕ ਆਪਣੀਆਂ ਧਾਰਮਕ ਮਨੌਤਾਂ ਤੇ ਨਿੱਜੀ ਧਾਰਨਾਵਾਂ ਬਾਰੇ ਸੋਚਣ ਤੇ ਵੇਲਾ ਵਿਹਾਅ ਚੁੱਕੇ ਰੀਤ ਰਿਵਾਜ਼ ਛੱਡ ਦੇਣ. ਹੁਣ ਤਾਂ ਓਹ ਤਾਲੀਬਾਨ ਦੇ ਅਫ਼ਗ਼ਾਨਿਸਤਾਨ ਵਿਚ ਰਹਿੰਦੇ ਹਨ ਪਰ ਜੇ ਕਿਤੇ ਗੋਰਿਆਂ ਦੇ ਦੇਸ ਪੁੱਜ ਗਏ ਤੇ ਗੋਰਿਆਂ ਦਾ ਕਲਚਰ ਪਸੰਦ ਨਾ ਆਇਆ ਤਾਂ ਕਿਸੇ ਪਾਸੇ ਜੋਗੇ ਨਹੀਂ ਰਹਿਣਗੇ. ਏਸ ਲਈ ਜੋ ਕਰਨਾ ਹੋਇਆ, ਸਿਰ ਜੋੜ ਕੇ, ਸੋਚ ਕੇ ਕਰਿਓ, ਨਹੀਂ ਤਾਂ ਪਿੱਛੇ ਮੁੜਣਾ ਵਾਹਵਾ ਔਖਾ ਹੋ ਜਾਂਦਾ ਹੈ.

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617