ਵਿਜੋਗੇ ਜੀਆਂ ਲਈ ਵੱਡੇ ਜਤਨ 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ' ਦੇ
ਦੀਦਾਵਰ ਦਾ ਹੁਨਰ -19 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਹੁਣ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]
JALANDHAR:
ਇਹ ਹੱਦਾਂ/ਸਰਹੱਦਾਂ, ਜਿਹੜੀਆਂ ਸਾਨੂੰ ਅੱਜ ਹਕੀਕਤ ਲੱਗਦੀਆਂ ਹਨ, ਇਹ ਸਭ ਕੁਦਰਤੀ ਜਾਂ ਭੂਗੋਲਿਕ ਨਹੀਂ ਹਨ ਬਲਕਿ ਸਿਆਸੀ ਕਾਰਨਾਂ ਕਰ ਕੇ ਹਨ। ਤੁਸੀਂ ਕਦੇ ਵੀ ਗਲੋਬ ਦਾ ਨਕਸ਼ਾ ਚੁਕ ਕੇ ਵੇਖੋ, ਓਹਦੇ ਉੱਤੇ ਲਿਖਿਆ ਹੁੰਦੈ, 'ਵਰਲਡ ਪੋਲੀਟੀਕਲ'। ਦੱਸਣ ਦੀ ਲੋੜ ਨਹੀਂ ਕਿ ਕਾਇਨਾਤ ਵਿਚ ਕਿਤੇ ਕੋਈ ਤਕਸੀਮ ਨਹੀਂ। ਕੁਲ ਦੁਨੀਆਂ ਵਿਚ ਜਿੰਨੀ ਵੀ ਜ਼ਮੀਨ ਹੈ, ਇਸ ਵਿਚ ਕੁਦਰਤਨ ਕੋਈ ਤਕਸੀਮ ਨਹੀਂ। ਅਮਰੀਕਾ, ਕਨੇਡਾ, ਮੈਕਸੀਕੋ, ਭਾਰਤ, ਪਾਕਿਸਤਾਨ, ਕੋਰੀਆ, ਚੀਨ ਕਿਸੇ ਵੀ ਮੁਲਕ ਦਾ ਵੱਖਰਾ ਅਸਮਾਨ ਨਹੀਂ ਹੁੰਦਾ। ਧਰਤੀ 'ਤੇ ਪਈਆਂ ਤਕਸੀਮਾਂ ਸਿਰਫ਼ ਤੇ ਸਿਰਫ਼ ਕੁਝ ਰਾਜ ਘਰਾਣਿਆਂ ਨੇ ਘੜੀਆਂ ਹਨ, ਕਿਉਂਜੋ ਜਿਨ੍ਹਾਂ ਹੱਥ ਰਾਜ-ਭਾਗ ਆ ਗਿਆ ਹੈ, ਉਹ ਹਮੇਸ਼ਾ ਚਾਹੁੰਦੇ ਰਹਿਣਗੇ ਕਿ ਮਨੁੱਖਾਂ ਨੂੰ ਹੱਕਣ ਲਈ ਉਨ੍ਹਾਂ ਕੋਲ ਇਹ ਇਲਾਕੇ ਬਰਕਰਾਰ ਰਹਿਣ ਤੇ ਉਨ੍ਹਾਂ ਦੀਆਂ ਆਇੰਦਾ ਨਸਲਾਂ ਵੀ ਇਸੇ ਤਰ੍ਹਾਂ ਰਾਜਭਾਗ ਦਾ ਲੁਤਫ਼ ਮਾਣਦੀਆਂ ਰਹਿਣ। ਮਨੁੱਖੀ ਸਮਾਜ ਤੇ ਇਸ ਜਹਾਨ ਵਿਚ ਮੁਢ ਤੋਂ ਇੰਝ ਹੀ ਹੁੰਦਾ ਆਇਆ ਹੈ। ਅਸੀਂ ਸਮਝਦੇ ਹਾਂ ਕਿ ਬਾਬਾ-ਏ-ਪੰਜਾਬੀਅਤ ਵਾਰਿਸ਼ ਸ਼ਾਹ ਜੇ ਅੱਜ ਦੇ ਜ਼ਮਾਨੇ ਵਿਚ ਜਿਉਂਦੇ ਹੁੰਦੇ ਤਾਂ ਉਹ ਵੀ ਆਪਣੇ ਲਫ਼ਜ਼ਾਂ ਵਿਚ ਇਹੀ ਪੈਗ਼ਾਮ ਦਿੰਦੇ। ਪੜ੍ਹਣਹਾਰੇ ਦੋਸਤੋ! ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ 'ਦੀਦਾਵਰ ਦਾ ਲਿਖਾਰੀ' ਅੱਜ ਸਿਆਸੀ ਗੱਲਾਂ ਕਰਦਾ ਕਰਦਾ ਬਾਬਾ ਵਾਰਿਸ਼ ਸ਼ਾਹ 'ਤੇ ਆ ਕੇ ਕਿਉਂ ਰੁਕ ਗਿਐ। ...
ਇਸ ਦੇ ਬਾਵਜੂਦ 'ਕੱਲਿਆਂ ਦਾ ਕਾਫ਼ਲਾ' ਬੰਨ੍ਹ ਕੇ ਕਾਮਰਾਨ ਹੁਰੀਂ ਵੀ ਨਿਕਲ ਪਏ। ਕਾਮਰਾਨ ਨੂੰ ਆਪਣੇ ਨਾਂ ਦੇ ਅਰਥਾਂ ਮੁਤਾਬਕ ਜੀਣਾ ਆਉਂਦਾ ਹੈ। ਉਸ ਨੇ 'ਪੰਚਮ' ਦੀ 'ਸੰਗਤ' ਵਿਚ ਬੈਠਕਾਂ ਕਰਦਿਆਂ ਇਹ ਜਾਣ ਲਿਆ ਸੀ ਕਿ ਉਹ ਧਾਰਮਕ ਪੱਖੋਂ ਕੋਈ ਵੀ ਹੋਵੇ ਪਰ ਉਹ ਦੁੱਲ੍ਹੇ ਭੱਟੀ ਦੀ ਸੋਚ ਦਾ ਵਾਰਿਸ ਹੋ ਸਕਦਾ ਹੈ। ਉਸ ਨੇ ਆਪਣੇ ਮਨ ਅੰਦਰ ਸੁਲਘਦੇ ਚੰਗਿਆੜਿਆਂ ਨੂੰ ਭਾਂਬੜ ਬਣਾ ਕੇ ਮਚਾਉਣ ਦਾ ਤਹੱਈਆ ਕਰ ਲਿਆ ਪਰ ਇਹ ਬੇਬਾਕ ਐਲਾਨ ਕਿਸੇ ਅੱਗੇ ਨਾ ਕੀਤੇ। ਦਰਅਸਲ, ਉਸ ਨੂੰ ਅੰਦਰੋਂ ਚਾਨਣ ਸੀ ਕਿ ਚੁੱਪ ਚੁਪੀਤੇ ਕੀਤੇ ਉਹਦੇ ਕੰਮਾਂ ਨੇ ਇਕ ਦਿਣ ਏਨਾ ਸ਼ੋਰ ਮਚਾਅ ਦੇਣਾ ਹੈ ਅਤੇ ਚੁੱਪ ਚੁਪੀਤੇ ਕੰਮ ਕਰਨ ਵਿਚ ਹੀ ਸਮਝਦਾਰੀ ਹੈ।
(4)
'ਵਾਰਿਸ਼ ਸ਼ਾਹ ਵਿਚਾਰ ਪਰਚਾਰ ਪਰਿਆ' ਦੇ ਬਾਨੀ ਸ਼ੱਬੀਰਜੀ ਦਾ ਸਾਥ ਹਾਸਿਲ ਕਰ ਕੇ ਕਾਮਰਾਨ ਨੂੰ ਸਕੂਨ ਮਿਲਿਆ ਕਿ ਹਾਂ, ਹੁਣ ਏਥੇ ਵੀ ਕੁਝ ਹੋ ਸਕਦਾ ਹੈ। 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ' ਇਕ ਇਹੋ ਜਿਹੀ 'ਸੱਥ' ਹੈ, ਜਿੱਥੇ ਹੋਰ ਵੀ ਕਈ ਸੰਗੀ ਸਾਥੀ ਹਨ, ਜਿਨ੍ਹਾਂ ਨੂੰ ਜਨਾਬ ਸ਼ੱਬੀਰ 'ਮੋਢੀ' ਆਖਦੇ ਹਨ। ਇਨ੍ਹਾਂ ਦੇ ਨਾਂ ਨੋਟ ਫਰਮਾਓ : ਕਾਮਰੇਡ ਅਬਦੁਲ ਗ਼ਫ਼ੂਰ, ਕਾਸ਼ਿਫ਼ ਜ਼ਫ਼ਰ (ਬਰੈਂਡਰਥ ਰੋਡ), ਫਰਖ਼ ਮਹਿਮੂਦ (ਕੋਟ ਸ਼ਹਾਬਦੀਨ ਸ਼ਾਹਦੱਰਾ), ਮੁਹੰਮਦ ਅਕਰਮ (ਕੋਟਲੀ ਪੀਰ ਅਬਦੁਰ ਰਹਮਾਨ), ਉਮੈਰ ਅਕਬਰ (ਕ੍ਰਿਸ਼ਨ ਨਗਰ), ਕਾਮਰੇਡ ਅਬਦੁਰ ਰਸ਼ੀਦ (ਬਦਾਮੀ ਬਾਗ਼) ਅਮਜਦ ਰਸ਼ੀਦ (ਹਾਲ ਰੋਡ), ਮੁਹੰਮਦ ਨਵਾਜ਼ (ਅਲਹਮਰਾ), ਨੋਫਲ ਗੁੱਜਰ ਤੇ ਕਈ ਹੋਰ ਸੰਗੀ-ਸਾਥੀ ਨੇ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਨ ਤੇ ਹੋਰ 'ਸੰਗਤੀ' ਲਿਆਉਂਦੇ ਹਨ। ਮੇਰੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ ਕਿ 'ਸੱਥ' (ਪਰਿਆ) ਦੀਆਂ ਬੈਠਕਾਂ, ਜਿਸ ਨੂੰ ਅਕਸਰ ਇਹ ਪੰਜਾਬੀ ਪਿਆਰੇ 'ਸੰਗਤ' ਆਖਦੇ ਹਨ, ਵਿਚ 'ਸੰਗਤੀਏ' ਵੱਧ-ਘੱਟ ਜਾਂਦੇ ਹਨ ਪਰ ਸ਼ੱਬੀਰਜੀ ਤੇ ਉਨ੍ਹਾਂ ਦੇ ਸੰਗੀ-ਸਾਥੀ ਨਹੀਂ ਡਾਵਾਂਡੋਲ ਹੁੰਦੇ। ਪਹਿਲਾਂ ਇਹ ਇਕ ਮੁੱਹਲੇ ਤੋਂ ਸ਼ੁਰੂ ਹੋਈ ਸੀ ਜਦਕਿ ਅੱਜ ਇਸ ਦੀਆਂ ਸ਼ਾਖਾਵਾਂ ਨਿੱਤ ਫੈਲਦੀਆਂ ਪਈਆਂ ਹਨ। ਨਿੱਤ ਦਿਹਾੜੇ ਨਵੇਂ ਲੋਕ ਰਾਬਤਾ ਕਰਦੇ ਹਨ ਤੇ ਬੈਠਕਾਂ/ਸੰਗਤਾਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ।
(5)
ਦਰਸਅਲ ਜਿੱਥੇ ਜਿੱਥੇ ਧਰਮਸੱਤਾ ਮੌਜੂਦ ਹੈ ਉਥੇ ਉਥੇ ਨਾ ਸਿਰਫ਼ ਸਧਾਰਨ ਬੰਦੇ ਮਾਯੂਸ ਹੋ ਕੇ ਹਯਾਤੀ ਬਿਤਾਉਂਦੇ ਹਨ ਬਲਕਿ ਗਿਆਨਵਾਨ ਲੋਕਾਂ ਲਈ ਵੀ ਜ਼ਿੰਦਗੀ ਦਾ ਪੈਂਡਾ ਔਖਾ ਹੋ ਜਾਂਦਾ ਹੈ। ਚੜ੍ਹਦੇ ਪੰਜਾਬ ਵਿਚ ਆਮ ਕਰ ਕੇ ਇਹ ਆਖਿਆ ਜਾਂਦਾ ਹੈ ਕਿ ਧਰਮ ਤੇ ਸਿਆਸਤ ਇੱਕੋ ਚੀਜ਼ ਹਨ। ਮਤਲਬ ਮਜ਼ਹਬੀ ਬੁਨਿਆਦ 'ਤੇ ਰਿਆਸਤ ਉਸਾਰ ਕੇ ਉਥੇ ਸਿਆਸਤ ਕੀਤੀ ਜਾ ਸਕਦੀ ਹੈ। ਜੇ ਚੜ੍ਹਦੇ ਪੰਜਾਬ ਜਾਂ ਸਮੁੱਚੇ ਭਾਰਤ ਵਿਚ ਇਹ ਹਾਲ ਹੈ ਤਾਂ ਭਾਰਤ ਤੋਂ ਅਲਹਿਦਾ ਹੋਏ ਮੁਲਕ ਵਿਚ ਵੀ ਤਾਂ ਇਹੋ ਹਾਲ ਹੀ ਹੋਵੇਗਾ। ਪੰਜਾਬਾਂ ਦੇ ਸਮਾਜ, ਜਿੱਥੇ ਸਧਾਰਨ ਜ਼ਿੰਦਗੀ ਜੀਊਣ ਵਾਲੇ ਲੋਕਾਂ ਦੀ ਗਿਣਤੀ 90 ਫ਼ੀਸਦ ਤੋਂ ਵੱਧ ਹੈ। ਅਜਿਹੇ ਸਮਾਜਾਂ ਵਿਚ ਕਲਾਵੰਤ ਤੇ ਹੁਨਰਮੰਦ ਬੰਦੇ ਬੜੀ ਮੁਸ਼ਕਲ ਨਾਲ ਜੀਊਣ ਜੋਗਾ ਰਿਜ਼ਕ ਹਾਸਿਲ ਕਰਦੇ ਨੇ। ... ਅਤੇ ਕਲਾ ਤੋਂ ਸੱਖਣੇ ਤੇ ਹੁਨਰਮੰਦਾਂ ਦੇ ਦੁਸ਼ਮਨ ਅਕਸਰ ਪੈਸੇ ਵਿਚ ਖੇਡਿਆ ਕਰਦੇ ਹਨ। ਫੇਰ ਅੱਜ ਤਾਂ ਦੌਰ ਹੀ ਪੈਸੇ ਦਾ ਹੈ। ਉੱਪਰਲੀ ਮਿਡਲ ਕਲਾਸ ਕਿਵੇਂ ਗ਼ੁਰਬਤ ਮਾਰੇ ਬੰਦਿਆਂ ਨੂੰ ਨਪੀੜ ਕੇ ਰੱਖਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਜਾਂ ਬਾਕੀ ਕੁਲ ਆਲਮ ਹੋਵੇ, ਇਹੀ ਵਰਤਾਰਾ ਭਾਰੂ ਹੁੰਦਾ ਜਾ ਰਿਹਾ ਹੈ।
(6)
ਸ਼ੱਬੀਰਜੀ ਤੇ 'ਪਰਿਆ' ਦੇ ਪ੍ਰੇਮੀ ਆਪਣੇ ਕਾਮੀ ਨਾਲ ਵੀ ਬਾਹਲਾ ਮੋਹ ਕਰਦੇ ਹਨ। ਇਹ ਲੋਕ ਵਟਸਐਪ ਗਰੁੱਪ ਚਲਾਉਂਦੇ ਹਨ। ਜਦੋਂ ਇਹ ਕਿਸੇ ਪੰਜਾਬੀ ਪਿਆਰੇ ਨੂੰ, ਜਿਹੜਾ ਲਹਿੰਦੇ ਪੰਜਾਬ ਤੋਂ ਬਾਹਰ ਦਾ ਹੋਵੇ ਜਾਂ ਖ਼ਾਸਕਰ ਪਾਕਿਸਤਾਨ ਤੋਂ ਬਾਹਰ ਦਾ ਨਾ ਹੋਵੇ ਸਗੋਂ ਕਿਸੇ ਗੁਆਂਢੀ ਮੁਲਕ ਦਾ ਹੋਵੇ, ਉਸ ਨੂੰ ਸ਼ਾਮਲ ਕਰ ਲੈਣ ਤਾਂ ਕੁਝ ਲੋਕ ਬੁਰਾ ਮਨ੍ਹਾ ਕੇ 'ਲੈਫਟ' ਕਰ ਜਾਂਦੇ ਹਨ ਪਰ ਬਹੁਤੇ ਨਹੀਂ ਕਰਦੇ, ਸਿਰਫ਼ ਉਹੀ ਕਰਦੇ ਹਨ, ਜਿਨ੍ਹਾਂ ਨੂੰ ਗਿਆਨਧਾਰਾ ਨਾਲ ਜੋੜਣ ਲਈ ਸ਼ਾਮਲ ਕੀਤਾ ਗਿਆ ਹੁੰਦਾ ਹੈ ਪਰ ਉਹ ਹਾਲੇ ਇਸ ਕਾਬਿਲ ਨਹੀਂ ਹੁੰਦੇ ਤੇ ਛੇਤੀ ਰੁੱਸ ਜਾਂਦੇ ਹਨ ਕਿ ਤੁਸੀਂ 'ਗ਼ੈਰਾਂ' ਨਾਲ ਸਾਂਝ ਪਾਉਂਦੇ ਹੋ, ਆਹ ਲਓ, ਮੈਂ ਚੱਲਿਆ।
(7)
ਬਹੁਤ ਦਿਣਾਂ ਤੋਂ ਮੈਂ ਸੋਚਦਾ ਪਿਆ ਸਾਂ ਕਿ 1947 ਦੀ 'ਵੰਡ' ਦਰਸਅਲ 'ਵੰਡ' ਜਾਂ 'ਤਕਸੀਮ' ਨਹੀਂ ਹੈ ਬਲਕਿ 'ਉਜਾੜਾ' ਹੈ। ਜਦੋਂ ਮੈਂ ਲਹਿੰਦੇ ਪੰਜਾਬ ਦੇ ਪੰਜਾਬੀ ਪਿਆਰਿਆਂ ਨਾਲ ਡਾਇਲਾਗ ਐਕਸਚੇਂਜ ਕੀਤਾ ਤੇ ਜਦੋਂ ਵਿਚਾਰ ਵਟਾਂਦਰੇ ਹੋਏ ਤਾਂ ਉਨ੍ਹਾਂ ਮੇਰੇ ਇਸ ਖ਼ਿਆਲ ਦੀ ਤਸਦੀਕ ਕੀਤੀ। ਹਾਂ, ਇਹ ਪੰਜਾਬਾਂ ਦਾ ਉਜਾੜਾ ਹੀ ਤਾਂ ਸੀ। ਇਕ ਬੱਚਾ ਸਕੂਲੋਂ ਆਇਆ, ਸੁੱਤਾ ਤੇ ਸੁੱਤਾ ਉੱਠ ਕੇ ਖੇਡਣ ਚਲਾ ਗਿਆ, ਉਹ ਘਰੇ ਆਇਆ ਤੇ ਉਸ ਨੂੰ ਪਤਾ ਲੱਗਾ ਕਿ ਉਹਦਾ ਘਰ ਨਵੇਂ ਬਣਨ ਵਾਲੇ ਮੁਲਕ ਪਾਕਿਸਤਾਨ ਵਿਚ ਆ ਗਿਆ ਹੈ ਤੇ ਲਿਹਾਜ਼ਾ ਉਸ ਨੂੰ ਟੱਬਰ ਸਮੇਤ ਕਿਤੇ ਹੋਰ ਜਾਣਾ ਪਵੇਗਾ। ਇਹ ਕੌੜੇ ਤੋਂ ਕੌੜਾ ਸੱਚ ਹੈ ਤੇ ਇਹੋ ਕੁਝ 1947 ਤੋਂ ਪਹਿਲੇ ਸਾਲਾਂ ਵਿਚ ਵਾਪਰਦਾ ਰਿਹਾ ਹੈ। ਤੌਬਾ! ਏਨਾ ਵੱਡਾ ਘੱਲੂਘਾਰਾ। ਮਨੁੱਖਤਾ ਉੱਤੇ ਇਹ ਕੈਸਾ ਆਜ਼ਾਬ ਆ ਗਿਆ ਸੀ। ਜਿਸ ਧਰਤੀ 'ਤੇ ਲੋਕ ਸਦੀਆਂ ਤੋਂ ਰਹਿੰਦੇ ਸਨ, ਜਿੱਥੋਂ ਦੇ ਪਿੰਡਾਂ ਨੂੰ, ਜਿੱਥੋਂ ਦੇ ਸ਼ਹਿਰਾਂ ਨੂੰ ਪਿਆਰਦੇ ਸਨ, ਜਿੱਥੋਂ ਦੇ ਊਰਜਾ ਖੇਤਰ ਵਿਚ ਸਾਹ ਲੈਂਦੇ ਸਨ, ਉੱਥੋਂ ਹਿਜਰਤ ਕਰਨੀ ਪਈ। ਕਿੰਨਾ ਵੱਡਾ ਜਿਗਰਾ ਹੋਵੇਗਾ ਤਬਾਹ ਹੋਏ ਲੋਕਾਂ ਦਾ। ਜਿਹੜੇ ਉਥੇ ਲਹਿੰਦੇ ਪੰਜਾਬ ਵਿਚ ਪਿੱਛੇ ਰਹਿ ਗਏ, ਉਹ ਆਪਣੀ ਬਾਲ ਵਰੇਸ ਦੇ ਯਾਰਾਂ ਦੋਸਤਾਂ ਨੂੰ ਤਰਸਦੇ ਰਹੇ। ਹੁਣ ਉਥੇ ਕਿਸੇ ਅਸਲਮ ਨੂੰ ਲੱਭਿਆ ਵੀ ਕਰਤਾਰਾ ਨਹੀਂ ਲੱਭਦਾ, ਵਿਸਾਖਾ ਨਹੀਂ ਲੱਭਦਾ, ਰਵਿੰਦਰ ਨਹੀਂ ਲੱਭਦਾ, ਯਾਦਵਿੰਦਰ ਨਹੀਂ ਲੱਭਦਾ। ਨਹੀਂ ਤਾਂ ਕਦੇ ਸਦਰ ਉਦ ਦੀਨ ਜਦੋ ਮੇਲੇ ਜਾਂਦਾ ਸੀ ਤਾਂ ਉਹਦੇ ਨਾਲ ਜੋਗਿੰਦਰ ਵੀ ਹੁੰਦਾ, ਉਹਦੇ ਨਾਲ ਮੇਲਾ ਰਾਮ ਹੁੰਦਾ ਸੀ, ਉਹਦੇ ਨਾਲ ਮੇਹਰ ਸਿੰਘ ਹੁੰਦਾ ਸੀ। ਇਸ ਗੱਲ ਦਾ ਦੁੱਖ ਤਾਂ ਪਾਕਿਸਤਾਨ ਦੀ ਲਿਖਾਰਨ ਜ਼ਾਹਿਦਾ ਹਿਨਾ ਵੀ ਮਨਾਉਂਦੀ ਹੈ। ਸੱਚਮੁੱਚ ਪੰਜਾਬੀਆਂ ਨੇ 1947 ਦੇ ਮਨਹੂਸ ਅਗਸਤ ਮਹੀਨੇ ਦੌਰਾਨ ਉਜਾੜਾ ਤੇ ਮਹਾਸੰਤਾਪ ਹੰਢਾਇਆ ਹੈ। ਦੁਨੀਆਂ ਦੀ ਕਿਸੇ ਕੌਮ ਨਾਲ ਇੰਝ ਨਾ ਹੋਵੇ/ਵਾਪਰੇ।
ਆਖ਼ਰੀ ਗੱਲ ਮੈਂ ਹੁਣ ਸੋਚਦਾ ਹਾਂ ਕਿ ਮੈਨੂੰ ਉਸ ਧਰਤੀ ਦੀ ਫੇਰੀ ਪਾ ਲੈਣੀ ਚਾਹੀਦੀ ਹੈ। ਮੈਂ ਕੁਲਵੰਤ ਸਿੰਘ ਵਿਰਕ ਤੇ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਿੱਚੋਂ ਉਸ ਪੰਜਾਬ ਦਾ ਬਿੰਬ ਉੱਭਰਦਾ ਵੇਖਿਆ ਹੈ। ਮੈਂ ਜਲੰਧਰ ਵੱਸਦੇ ਲਾਹੌਰੀਆਂ ਕੋਲੋਂ ਓਧਰ ਦੀਆਂ ਗੱਲਾਂ ਸੁਣੀਆਂ ਨੇ। ਇਹ ਵੀਜ਼ਾ ਸਿਸਟਮ ਦਾ ਪੁਆੜਾ ਨਾ ਹੋਵੇ ਤਾਂ ਉੱਡ ਕੇ ਉਥੇ ਚਲਾ ਜਾਵਾਂ। .... ਪਰ ਨਹੀਂ ਮੈਂ ਇਕੱਲਾ ਨਹੀਂ ਹਾਂ, ਸੈਂਕੜੇ ਅਜਿਹੇ ਲੋਕ ਹਨ, ਜਿਹੜੇ ਇਕ-ਦੂਜੇ ਪਾਸੇ ਜਾਣਾ ਚਾਹੁੰਦੇ ਹਨ। ... ਪਰ ਨਹੀਂ ਜਾ ਸਕਦੇ। ਸ਼ੱਬੀਰ ਜੀ ਤੇ ਕਾਮਰਾਨ ਕਾਮੀ ਹੁਰਾਂ ਦਾ ਇਹ ਲੋਕ ਕਾਰਵਾਂ ਇਵੇਂ ਹੀ ਵੱਧਦਾ ਰਹੇ ਤੇ ਸਾਡੇ ਚੜ੍ਹਦੇ ਪੰਜਾਬ ਵਿਚ ਵੀ ਕਿਸੇ ਨੂੰ ਅੰਦਰੋਂ ਚਾਨਣ ਹੋ ਜਾਵੇ ਕਿ ਇਹੋ ਜਿਹਾ ਕੁਝ ਏਧਰ ਵੀ ਕਰ ਦਈਏ। ਇਸੇ ਆਸ ਨਾਲ ਇਸ ਲੇਖ ਨੂੰ ਠਹਿਰਾਅ ਦੇਣ ਲੱਗਾਂ ਹਾਂ ਤੇ ਵਾਅਦਾ ਕਰਦਾ ਹਾਂ ਕਿ ਜੇ ਅਦਾਰਾ 'ਪੰਚਮ' ਵਾਲੇ ਮੰਨ ਗਏ ਤਾਂ ਉਨ੍ਹਾਂ ਬਾਰੇ ਵੀ 'ਦੀਦਾਵਰ ਦੇ ਪੜ੍ਹਣਹਾਰਿਆਂ' ਨਾਲ ਜਾਣਕਾਰੀ ਸਾਂਝੀ ਕਰਾਂਗਾ। ਸ਼ੁੱਭ ਉਮੀਦਾਂ ਨਾਲ..! ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।
To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph
ਸੰਪਰਕ - 94 653 29 617