CHRISTIANFORT

THE NEWS SECTION

ਚੰਡੀਗੜ੍ਹੀਏ ਮਾਪੇ ਨਿੱਜੀ ਸਕੂਲਾਂ ਵਿਰੁੱਧ ਸੰਘਰਸ਼ ਲਈ ਤਿਆਰ, ਬਾਕੀ ਕਿਉਂ ਨੇ ਖੱਜਲ ਖੁਆਰ !


ਦੀਦਾਵਰ ਦਾ ਹੁਨਰ -26


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]

JALANDHAR:

ਨੋਵੇਲ ਕੋਰੋਨਾ (ਕੋਵਿਡ-19) ਪੌਜ਼ੀਟਿਵ ਆਉਣ ਦੇ ਮਾਮਲੇ ਵਧਣ ਕਾਰਨ ਭਾਵੇਂ 2 ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਪਰ ਇਸੇ ਦੌਰਾਨ ਸਾਰੇ ਵਰਤਾਰਿਆਂ ਨੂੰ ਚੀਰ ਕੇ ਨਵਾਂ ਵਰਤਾਰਾ ਸਾਡੇ ਮਨ-ਮਸਤਕ ਉੱਤੇ ਤਾਰੀ ਹੋ ਰਿਹਾ ਹੈ। ਉਹ ਇਹ ਹੈ ਕਿ ਜਿਨ੍ਹਾਂ ਨਿੱਜੀ ਮਾਲਕੀ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਨੇ ਫੀਸਾਂ ਵਿਚ ਅਥਾਹ ਵਾਧਾ ਕੀਤਾ ਹੋਇਆ ਹੈ ਤੇ ਫੀਸ ਵਸੂਲੀ ਲਈ ਬੱਚਿਆਂ ਦੇ ਮਾਪਿਆਂ ਨੂੰ ਲਗਾਤਾਰ ਮੈਸੇਜ ਪਾ ਰਹੇ ਹਨ, ਇਹ ਮਾਪੇ ਹੁਣ ਇਕਜੁੱਟ ਹੋ ਕੇ ਸੜਕਾਂ 'ਤੇ ਆ ਚੁੱਕੇ ਹਨ। ਲੰਘੀ ਅੱਠ ਜੂਨ ਨੂੰ, ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਅੱਗੇ ਹੋਇਆ ਤਿੱਖਾ ਰੋਸ ਮੁਜ਼ਾਹਰਾ ਇਸੇ ਵਰਤਾਰੇ ਦੀ ਸੂਹ ਦੇ ਰਿਹਾ ਹੈ ਕਿ ਵਿਦਿਆਰਥੀਆਂ ਦੇ ਮਾਪੇ ਲਗਾਤਾਰ ਇਕਜੁੱਟ ਹੋ ਰਹੇ ਹਨ। ਸਕੂਲਾਂ ਵੱਲੋਂ ਵਸੂਲੇ ਜਾਂਦੇ 'ਸਾਲਾਨਾ ਦਾਖ਼ਲੇ' ਦੀ ਰੀਤ ਨੂੰ ਬੱਚਿਆਂ ਦੇ ਮਾਪੇ, ਵੰਗਾਰ ਰਹੇ ਹਨ ਉਥੇ ਕੋਰੋਨਾ ਵਬਾ ਫੈਲਣ ਮਗਰੋਂ ਲੱਗੇ ਕਰਫਿਊ ਤੇ ਇਸ ਮਗਰੋਂ ਲਾਗੂ ਕੀਤੀ ਗਈ ਜਿੰਦਰਾਬੰਦੀ ਮਗਰੋਂ ਸਕੂਲ ਪ੍ਰਬੰਧਕਾਂ ਵੱਲੋਂ ਵਧਾਈਆਂ ਫੀਸਾਂ ਦੇ ਫ਼ੈਸਲੇ ਨੂੰ ਰੱਦ ਕਰਾਉਣ ਲਈ ਸੰਘਰਸ਼ ਦੇ ਰਸਤੇ 'ਤੇ ਤੁਰ ਪਏ ਹਨ।

* * *


261 ਮਾਪਿਆਂ ਨੇ ਦਿੱਤੀ ਸ਼ਿਕਾਇਤ

ਤਸਵੀਰ: 'ਇੰਡੀਅਨ ਐਕਸਪ੍ਰੈੱਸ' ਤੋਂ ਧੰਨਵਾਦ ਸਹਿਤ

ਸਕੂਲ ਮਾਲਕਾਂ ਵੱਲੋਂ ਕੀਤੇ ਫੀਸਾਂ ਵਿਚ ਅਥਾਹ ਵਾਧੇ ਨੂੰ ਲੈ ਕੇ ਪ੍ਰਸ਼ਾਸਨ ਨੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਪ੍ਰਾਈਵੇਟ ਸਕੂਲ ਮਾਲਕਾਂ ਨੇ ਨਹੀਂ ਮੰਨੀ। ਪੜਾਕੂਆਂ ਦੇ ਮਾਪੇ ਇਸ ਮੁੱਦੇ ਨੂੰ ਹਾਈ ਕੋਰਟ ਵਿਚ ਲੈ ਕੇ ਗਏ ਸਨ ਪਰ ਹਾਈ ਕੋਰਟ ਦੇ ਫ਼ੈਸਲੇ ਬਾਰੇ ਕਈ ਧਿਰਾਂ ਸੰਤੁਸ਼ਟ ਨਹੀਂ ਹਨ। ਹੁਣੇ ਜਿਹੇ 261 ਮਾਪਿਆਂ ਨੇ ਫੀਸ ਵਾਧੇ ਵਿਰੁੱਧ ਫੀਸ ਰੈਗੂਲੇਟਰੀ ਅਥਾਰਟੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਹਾਲਾਂਕਿ ਇਨ੍ਹਾਂ 261 ਮਾਪਿਆਂ ਨੇ ਸੈਕਟਰ-44 ਸਥਿਤ ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਵਿਰੁੱਧ ਸ਼ਿਕਾਇਤ ਕੀਤੀ ਹੈ ਪਰ ਹੋਰ ਪ੍ਰਾਈਵੇਟ ਸਕੂਲਾਂ ਦੇ ਮਾਪੇ, ਆਉਣ ਵਾਲੇ ਸਮੇਂ ਵਿਚ ਆਪਣੀ ਔਲਾਦ ਦੇ ਸਕੂਲਾਂ ਵਿਰੁੱਧ ਸ਼ਿਕਾਇਤ ਦੇਣ ਲਈ ਤਿਆਰ ਬੈਠੇ ਜਾਪਦੇ ਹਨ।

****


ਆਓ! ਸੂਰਤੇਹਾਲ ਸਮਝਦੇ ਹਾਂ...

ਚੰਡੀਗੜ੍ਹ ਸ਼ਹਿਰ ਵਿਚ 70 ਤੋਂ ਵੱਧ ਪ੍ਰਾਈਵੇਟ ਸਕੂਲ ਹਨ। ਇਨ੍ਹਾਂ ਵਿੱਚੋਂ ਬਹੁਤੇ ਸਕੂਲ, ਬਾਲਾਂ ਦੇ ਮਾਪਿਆਂ ਦੇ ਨਾਲ ਸਹਿਯੋਗ ਕਰ ਰਹੇ ਹਨ। ਕੁਝ ਕੁ ਸਕੂਲ ਇਹੋ ਜਿਹੇ ਵੀ ਹਨ ਜਿਹੜੇ ਕਿ ਪ੍ਰਸ਼ਾਸਨ ਦੇ ਕਿਸੇ ਵੀ ਹੁਕਮ ਜਾਂ ਮਾਪਿਆਂ ਦੀ ਵਿੱਤੀ ਮਜਬੂਰੀ ਸਮਝਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੇ ਵਾਧੇ ਸਮੇਤ ਫੀਸ ਲੈਣ ਦਾ ਹੁਕਮ ਸੁਣਾਇਆ ਹੋਇਆ ਹੈ। ਇਸੇ ਕਾਰਨ ਪੜ੍ਹਾਕੂ ਬਾਲਾਂ ਦੇ ਮਾਪੇ, ਕਈ ਸਕੂਲਾਂ ਦੇ ਬਾਹਰ ਰੋਸ ਵਿਖਾਵੇ ਕਰ ਰਹੇ ਹਨ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਅਥਾਰਟੀ, ਇਕ ਸ਼ਿਕਾਇਤ ਦਾ ਨਿਬੇੜਾ ਪੂਰੇ ਸਾਲ ਵਿਚ ਨਹੀਂ ਕਰ ਸਕੀ ਤਾਂ ਫੇਰ 261 ਸ਼ਿਕਾਇਤਾਂ ਦਾ ਨਿਬੇੜਾ, ਅਥਾਰਟੀ ਦੇ ਅਫਸਰ ਕਿਵੇਂ ਕਰਨਗੇ? ਕਿੰਨਾ ਵਕਤ ਲੱਗੇਗਾ? ਕਰਨਗੇ ਜਾਂ ਨਹੀਂ ਕਰਨਗੇ?

*****


ਬੈਲੰਸ ਸ਼ੀਟ ਵੈੱਬਸਾਈਟ 'ਤੇ ਅਪਲੋਡ ਕਰਨ ਦੇ ਹੁਕਮ ਨੂੰ ਕੀਤਾ ਚੈਲੰਜ

ਇਵੇਂ ਹੀ ਦੂਜੀ ਖ਼ਬਰ ਬੜੀ ਅਹਿਮ ਹੈ ਗ਼ੌਰ ਫਰਮਾਓ, ਉਹ ਇਹ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਨਿੱਜੀ ਸਕੂਲਾਂ ਤੋਂ ਉਨ੍ਹਾਂ ਦੀ ਬੈਲੰਸ ਸ਼ੀਟ, ਉਨ੍ਹਾਂ ਦੀਆਂ ਵੈੱਬਸਾਈਟਾਂ 'ਤੇ ਅਪਲੋਡ ਕੀਤੇ ਜਾਣ ਦੇ ਹੁਕਮਾਂ ਨੂੰ ਨਿੱਜੀ ਸਕੂਲਾਂ ਦੀ ਸੰਸਥਾ ਇੰਡੀਪੈਂਡੈਂਟ ਸਕੂਲਜ਼ ਐਸੋਸੀਏਸ਼ਨ ਸਮੇਤ ਸ਼ਹਿਰ ਦੇ ਕਈ ਨਿੱਜੀ ਸਕੂਲਾਂ ਨੇ ਹਾਈ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਨੂੰ ਚੁਣੌਤੀ ਦਿੱਤੀ, ਉਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹੋਇਆਂ ਜਸਟਿਸ ਆਰ.ਕੇ. ਜੈਨ ਦੇ ਬੈਂਚ ਨੇ ਚੰਡੀਗੜ੍ਹ ਦੇ ਹੁਕਮਰਾਨਾਂ ਤੇ ਕੇਂਦਰ ਸਰਕਾਰ ਨੂੰ 16 ਜੂਨ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।

ਇੰਡੀਪੈਂਡੈਂਟ ਸਕੂਲਜ਼ ਐਸੋਸੀਏਸ਼ਨ ਸਮੇਤ ਨਿੱਜੀ ਸਕੂਲਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਵਰ੍ਹਾ 2016 ਦੌਰਾਨ ਅਨ ਏਡਿਡ ਨਿੱਜੀ ਸਕੂਲਾਂ ਦੀ ਫੀਸ ਤੈਅ ਕੀਤੇ ਜਾਣ ਲਈ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਕਾਨੂੰਨ ਘੜ੍ਹਿਆ ਸੀ। ਕੇਂਦਰ ਸਰਕਾਰ ਨੇ ਸੈਕਸ਼ਨ-87 ਤਹਿਤ ਤਾਕਤਾਂ ਦੀ ਵਰਤੋਂ ਕਰ ਕੇ ਇਸ ਐਕਟ ਨੂੰ ਚੰਡੀਗੜ੍ਹ ਵਿਚ ਲਾਗੂ ਕਰ ਦਿੱਤਾ ਸੀ। ਐਕਟ, ਚੰਡੀਗੜ੍ਹ ਵਿਚ ਲਾਗੂ ਹੋਣ ਮਗਰੋਂ ਸਤੰਬਰ 2018 ਦੌਰਾਨ ਰੈਗੂਲੇਟਰੀ ਬਾਡੀ ਕਾਇਮ ਕੀਤੀ ਗਈ। ਇਸ ਕਾਨੂੰਨ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ 24 ਅਪ੍ਰੈਲ ਨੂੰ ਇਸ ਕਾਨੂੰਨ ਵਿਚ ਸੋਧ ਕਰ ਕੇ ਸੈਕਸ਼ਨ-5 ਦੇ ਕਲਾਜ਼-4 ਤਹਿਤ ਨਿੱਜੀ ਸਕੂਲਾਂ ਨੂੰ ਹਦਾਇਤ ਜਾਰੀ ਕਰ ਕੇ ਉਨ੍ਹਾਂ ਨੂੰ ਆਮਦਨ ਤੇ ਖ਼ਰਚਿਆਂ ਬਾਰੇ ਮੁਕੰਮਲ ਵੇਰਵੇ ਦੀ ਬੈਲੰਸ ਸ਼ੀਟ, ਵੈੱਬਸਾਈਟ ਉੱਤੇ ਪਾਉਣ ਦੀ ਹਦਾਇਤ ਕੀਤੀ। ਪਟੀਸ਼ਨਰਾਂ ਦਾ ਕਹਿਣਾ ਹੈ ਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ, ਅਜਿਹਾ ਨਾ ਕਰਨ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਇਸ ਕਾਨੂੰਨ ਤਹਿਤ ਕਾਰਵਾਈ ਕੀਤੇ ਜਾਣ ਦੇ ਸਪਸ਼ਟ ਸੰਕੇਤ ਦੇ ਰਿਹਾ ਹੈ।


*****

ਜਿੱਥੇ ਇਕ ਪਾਸੇ ਸਕੂਲ ਪ੍ਰਬੰਧਕਾਂ ਨੂੰ ਕਾਰਵਾਈ ਹੋਣ ਦਾ ਡਰ ਡਰਾ ਰਿਹਾ ਹੈ, ਉਥੇ ਸਥਿਤੀ ਦਾ ਦੂਜਾ ਪਾਸਾ ਇਹ ਹੈ ਕਿ ਚੰਡੀਗੜ੍ਹ ਦੀ ਤਰਜ਼ 'ਤੇ ਪੰਜਾਬ ਵਿਚ ਵੀ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੀਆਂ ਕੁਨੀਤੀਆਂ ਵਿਰੁੱਧ ਮਾਪੇ ਲਾਮਬੰਦ ਹੋ ਸਕਦੇ ਹਨ, ਜਿਹੜਾ ਹੋਣਾ ਤੈਅ ਹੈ ਤੇ ਵਕਤ ਦੀ ਅਣ-ਸਰਦੀ ਜ਼ਰੂਰਤ ਹੈ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617