CHRISTIANFORT

THE NEWS SECTION

ਜਿੱਥੇ ਹਾਥਰਸ ਕਾਂਡ ਵਾਪਰਦੇ ਹੋਣ, ਓਸ ਉੱਤਰ ਪ੍ਰਦੇਸ਼ ਵਰਗਾ ਰਾਸ਼ਟਰ ਚਾਹੁੰਦੇ ਹਾਂ ਅਸੀਂ !


ਦੀਦਾਵਰ ਦਾ ਹੁਨਰ -29


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਦਰਅਸਲ, ਆਖ਼ਰੀ ਸੱਚ ਇਹ ਹੈ ਕਿ ਮੈਂ ਉਸ ਕਿਸਮ ਦੇ ਖ਼ਬਰੀ ਚੈਨਲ ਬਿਲਕੁਲ ਨਹੀਂ ਵੇਖਦਾ ਹਾਂ, ਜਿਨ੍ਹਾਂ ਉੱਤੇ 3 ਕਿਸਮਾਂ ਦੀਆਂ ਖ਼ਬਰਾਂ ਚੱਲਦੀਆਂ ਹਨ, ਮਸਲਨ ਫਿਲਮੀ ਕਲਾਕਾਰ ਏਸ ਵੇਲੇ ਕੀ ਕਰ ਰਹੇ ਹਨ, ਅਮਿਤਾਭ ਏਸ ਵੇਲੇ ਸ਼ਾਕਾਹਾਰੀ ਖਾਣੇ ਦਾ ਕਿਹੜਾ ਪਕਵਾਨ ਖਾ ਰਿਹਾ ਹੈ, ਐਸ਼ਵਰਿਆ ਨੇ ਕਿਹੜੇ ਰੰਗ ਦੀ ਕਾਰ ਰੱਖੀ ਹੋਈ ਹੈ, ਪਾਇਲ ਰੋਹਤਗੀ ਏਸ ਵੇਲੇ ਕਿਹੜਾ ਸ਼ੋਸ਼ਾ ਛੱਡਣ ਲਈ ਤਿਆਰ ਬੈਠੀ ਹੈ, ਅੰਬਾਨੀ ਅਸ਼ੀਰਵਾਦ ਲੈਣ ਲਈ ਕਿਹੜੇ ਸਾਧ ਦੇ ਆਸ਼ਰਮ ਵਿਚ ਤੁਰਿਆ ਫਿਰਦਾ ਹੈ, ਵਗੈਰਾ.

ਨਹੀਂ, ਇਹ ਫੋਕੀਆਂ ਖ਼ਬਰਾਂ ਮੈਂ ਨਹੀਂ ਦੇਖਦਾ ਹਾਂ ਪਰ ਕਿਉਂਜੋ ਮੀਡੀਆ ਸਨਅਤ ਦਾ ਪੁਰਾਣਾ ਬੰਦਾ ਹਾਂ, ਏਸ ਲਈ ਜਾਣਦਾ ਜ਼ਰੂਰ ਹਾਂ ਕਿ ਕਿਹੜਾ ਨਿਊਜ਼ ਐਂਕਰ ਕਿੰਨੇ ਕੁ ਪਾਣੀ ਵਿਚ ਹੈ.. !


2

ਆਓ, ਮੁੱਦੇ ਦੀ ਗੱਲ ਕਰਦੇ ਹਾਂ, ਕੀ ਤੁਸੀਂ ਸੱਚੀਓਂ ਜਾਣਦੇ ਓ ਕਿ ਜੋਗੀ ਆਦਿਤਿਆ ਨਾਥ (ਸਹੀ ਨਾਂ ਅਜੈ ਬਿਸ਼ਟ) ਨੂੰ ਵਿਕਾਊ ਖ਼ਬਰੀ ਚੈਨਲ, ਬਹਾਨੇ ਬਣਾ ਬਣਾ ਕੇ, ਕਿਉਂ ਵਿਖਾਉਂਦੇ ਰਹਿੰਦੇ ਨੇ? ... ਤਾਂ ਫੇਰ ਸੁਣੋ.. ਓਸ ਨੂੰ ਕਦੇ ਨਾ ਕਦੇ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਤਾਂ ਬਿਠਾਉਣਾ ਹੀ ਹੈ, ਦੇਸ ਦੇ ਸਰਦੇ ਪੁੱਜਦੇ ਵਪਾਰੀ ਘਰਾਣਿਆਂ ਨੂੰ ਓਹ ਪਸੰਦ ਹੈ. ਵੋਟਰਾਂ ਨੂੰ ਪਸੰਦ ਆਵੇ, ਏਸ ਲਈ ਹਰ ਰੋਜ਼ ਕਰੋੜਾਂ ਰੁਪਏ ਓਹਦਾ ਅਕਸ ਚਮਕਾਉਣ ਲਈ ਖ਼ਰਚੇ ਜਾਂਦੇ ਹਨ. ਸੋ, ਜਦ ਵੀ ਮੋਹਰਾ ਬਦਲਣਾ ਹੋਇਆ, ਉਦੋਂ ਨਵਾਂ ਮੋਹਰਾ ਲਿਸ਼ ਲਿਸ਼ ਕਰਦਾ ਆਏਗਾ ਤੇ ਬਾਦਸ਼ਾਹ ਵਾਲੇ ਖਾਨੇ ਵਿਚ ਫਿੱਟ ਹੋ 'ਜੇ ਗਾ. ਵਜ਼ੀਰ ਓਹੀ ਰਹਿਣਗੇ, ਪੈਸਾਕੁੱਟ ਧਿਰਾਂ ਓਹੀ ਹੋਣਗੀਆਂ, ਵੋਟਰ ਦੇ ਮਨ ਵਿਚ ਨਵੇਂ ਖ਼ਾਬ ਹੋਣਗੇ. .. ਨਵੇਂ ਅੱਛੇ ਦਿਨ.. !


3

ਹਨੇਰ ਵਾਪਰ ਚੁੱਕਿਆ ਹੈ. 14 ਸਤੰਬਰ ਨੂੰ ਘਟਨਾ ਵਾਪਰਦੀ ਹੈ ਕਿ 19 ਸਾਲਾ ਦਲਿਤ ਬੱਚੀ ਨਾਲ 4 ਛੋਕਰੇ ਜਬਰ ਜ਼ਿਨਾ ਕਰਦੇ ਹਨ, ਓਹਦੀ ਜੀਭ ਕੱਟ ਦਿੱਤੀ ਜਾਂਦੀ ਹੈ.. ਰੀੜ੍ਹ ਦੀ ਹੱਡੀ ਉੱਤੇ ਵਾਰ ਕੀਤੇ ਜਾਂਦੇ ਹਨ, ਧੌਣ ਨੂੰ ਮਰੋੜਿਆ ਜਾਂਦਾ ਹੈ, ਪਰ ਇਹ ਖ਼ਬਰ ਕਿਉਂਕਿ ਸਨਸਨੀ ਨਹੀਂ ਹੈ, ਦਬਾ ਲਈ ਜਾਂਦੀ ਹੈ. ਉੱਤਰ ਪ੍ਰਦੇਸ਼ ਸਰਕਾਰ ਦਾ ਹਰ ਰੁਕਨ, ਹਰ ਅਹਿਲਕਾਰ, ਏਸ ਖ਼ਬਰ ਨੂੰ ਕਬਰ ਵਿਚ ਸੁੱਟ ਦੇਣ ਲਈ ਖੁਰ ਚੁੱਕ ਕੇ ਏਧਰੋਂ ਓਧਰ ਤਕ ਗਸ਼ਤ ਕਰਦਾ ਹੈ ਪਰ ਖ਼ਬਰ ਫੇਰ ਵੀ ਨਸ਼ਰ ਹੋ ਜਾਂਦੀ ਹੈ. ਸਗੋਂ ਦੂਣੇ -ਤੀਣੇ ਵੇਗ ਦੇ ਨਾਲ.. !


ਜਵਾਬ ਮੰਗਦੇ ਸਵਾਲ

- ਸਫ਼ਦਰਜੰਗ ਹਸਪਤਾਲ ਜਿੱਥੇ ਕੁੜੀ ਦਾਖ਼ਲ ਕਰਾਈ ਸੀ, ਉਥੋਂ ਦੇ ਡਾਕਟਰ ਸਹਿਮੇ ਕਿਉਂ ਹਨ? ਖੁੱਲ੍ਹ ਕੇ ਗੱਲ ਕਿਉਂ ਨਹੀਂ ਕਰਦੇ?

- ਪੁਲਸ ਨੇ ਕੁੜੀ ਦੇ ਮਾਪਿਆਂ ਨੂੰ ਦੱਸੇ ਬਿਨਾਂ ਸਸਕਾਰ ਕਿਉਂ ਕੀਤਾ?

- ਖ਼ਬਰ ਦਬਾਉਣ ਲਈ ਤੁਰੇ ਫਿਰਦੇ ਸਿਆਸੀ ਲੀਡਰਾਂ ਦੀ ਬਲਾਤਕਾਰੀ ਛੋਕਰਿਆਂ ਨਾਲ ਸਾਂਝ ਕਿਉਂ ਹੈ?

- ਅਪਰਾਧੀਆਂ ਦੇ ਸਿਆਸੀ ਪ੍ਰਭੂ ਕੌਣ ਹਨ?


4

ਹਾਥਰਸ ਕਾਂਡ ਦੇ ਚਾਰ ਮੁਲਜ਼ਮ

ਬਹੁਤ ਸਾਰੇ ਪੱਤਰਕਾਰ ਤੇ ਸੱਚ ਦੇ ਦੀਵਾਨੇ ਖੋਜੀ ਟਵਿਟਰ ਉੱਤੇ ਸਰਗਰਮ ਰਹਿੰਦੇ ਹਨ, ਓਹ ਏਸ ਦਰਿੰਦਗੀ ਬਾਰੇ ਟਵੀਟ ਵੀ ਕਰ ਰਹੇ ਸਨ ਪਰ ਫਿਲਮੀ ਕਲਾਕਾਰੀ ਦੀਆਂ ਨਿਆਣ ਮਤ ਵਾਲੀਆਂ ਹਰਕ਼ਤਾਂ ਦੀ ਲਗਾਤਾਰ ਰੀਪੋਰਟਿੰਗ ਕਾਰਨ ਅਸਲੀ ਖ਼ਬਰ ਵਕ਼ਤ ਦੀ ਕਬਰ ਵਿਚ ਧੱਸ ਰਹੀ ਸੀ. ਪਰ ਖ਼ਬਰ ਫੇਰ ਵੀ ਕੁਲ ਆਲਮ ਤਕ ਪੁੱਜ ਗਈ... 14 ਸਤੰਬਰ ਦੀ ਘਟਨਾ, 29 ਸਤੰਬਰ ਨੂੰ ਚਾਨਣ ਵਿਚ ਆਉਂਦੀ ਹੈ.. ਹੁਣ ਜੋਗੀ ਆਦਿਤਿਆ ਨਾਥ ਖ਼ਾਸ ਤੌਰ ਉੱਤੇ ਕੋਈ ਉਪਦੇਸ਼ ਨਹੀਂ ਦੇਣਗੇ, ਉੱਤਰ ਪ੍ਰਦੇਸ਼ ਪੁਲਸ ਦਾ ਡਾਇਰੈਕਟਰ ਜਨਰਲ ਚੁੱਪ ਹੋ ਜਾਏਗਾ. ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਲਈ ਇਹ ਮਸਲਾ ਬੇਬਾਤ ਰਹੇਗਾ. ਇਹ ਕਿਹੋ ਜਿਹੇ ਬੰਦੇ ਅਸੀਂ ਸਿਆਸੀ ਰਹਨੁਮਾ ਚੁਣੇ ਹਨ, ਕਿੰਨੀ ਕੁ ਸਿਆਸੀ ਅਕ਼ਲ ਦੇ ਮਾਲਕ ਹਾਂ ਅਸੀਂ ਲੋਕ, ਜਿਨ੍ਹਾਂ ਨੇ ਬੇਸ਼ਰਮਾਂ ਨੂੰ ਰਾਜ ਭਾਗ ਬਖਸ਼ ਕੇ ਖ਼ੁਦ ਬਰਬਾਦੀ ਨੂੰ ਵਰ੍ਹ ਲਿਆ ਹੈ.


5

ਜੇ ਭਾਰਤ ਦੀ ਬਜਾਇ ਯੋਰਪ ਵਿਚ ਇਹੋ ਜਿਹੀ ਦਰਿੰਦਗੀ ਹੋਈ ਹੁੰਦੀ ਤਾਂ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੋਂ ਲੈ ਕੇ, ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦੇਣਾ ਸੀ, ਲੋਕਾਂ ਨੇ ਸੜਕਾਂ ਉੱਤੇ ਆਉਣਾ ਸੀ, ਮੁਲਕ ਵਿਚ ਗਦਰ ਵਰਗਾ ਮਾਹੌਲ ਬਣ ਜਾਣਾ ਸੀ, ਪਤੈ ਕਿਉਂ? ਕਿਉਂਕਿ ਗੋਰੇ ਮਨੁੱਖ ਦੀ ਕਦਰ ਕਰਦੇ ਹਨ, ਮਨੁੱਖਾਂ ਦੇ ਰਹਿਣ ਜੋਗੇ ਮੁਲਕ ਉਸਾਰੇ ਨੇ ਉਨ੍ਹਾਂ ਨੇ. ਆਪਾਂ ਤਾਂ ਸੱਪ ਫੜਨ ਵਾਲੇ ਮਦਾਰੀ ਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾ ਦਿੰਦੇ ਹਾਂ. ਸਾਡੀਆਂ ਕਿਆ ਬਾਤਾਂ.. !!

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617