CHRISTIANFORT

THE NEWS SECTION

ਬਿਮਾਰੀਆਂ, ਇਲਾਜ ਬਨਾਮ ਦਵਾਈ ਮਾਫ਼ੀਆ


ਦੀਦਾਵਰ ਦੀ ਜ਼ੁਬਾਨੀ-6


ਯਾਦਵਿੰਦਰ ਸਿੰਘ

 

JALANDHAR: ਇਨਸਾਨੀ ਸਮਾਜ ਨੂੰ ਅੱਜ ਜਿਹੜੀਆਂ ਦਵਾਈਆਂ ਮੁਹੱਈਆ ਹਨ, ਉਹ ਤਕਰੀਬਨ 99 ਫ਼ੀਸਦੀ ਇਲਾਜ-ਜ਼ਰੂਰਤ ਪੂਰੀਆਂ ਕਰਦੀਆਂ ਹਨ ਪਰ ਐਸ਼ ਭੋਗਣ ਦੀ ਕਸਮ ਖਾ ਕੇ ਬੈਠੇ ਦਵਾਈਆਂ ਦੇ ਦਲਾਲਾਂ ਦੇ ਹਿੱਤ ਤੇ ਨੈੱਟਵਰਕ ਇੰਨੇ ਮਜ਼ਬੂਤ ਹਨ ਕਿ ਰੋਗਾਂ ਤੋਂ ਅਵਾਮ ਦੀ ਮੁਕਤੀ ਹੋਣੀ ਤਕਰੀਬਨ ਨਾ-ਮੁਮਕਿਨ ਹੈ ਕਿਉਂਕਿ ਚੁਸਤ-ਚਲਾਕ ਦਵਾਈ ਵਪਾਰੀਆਂ ਨੂੰ ਸਰਕਾਰੀ 'ਅਸ਼ੀਰਵਾਦ' ਹਾਸਿਲ ਹੁੰਦਾ ਹੈ। ਨਤੀਜਤਨ, ਚੰਟ ਵਪਾਰੀ, ਆਪਣੀ ਮਿੱਟੀ ਨੂੰ ਸੋਨੇ ਦੇ ਭਾਅ ਵੇਚਦੇ ਰਹਿੰਦੇ ਹਨ।


(2)

ਦਵਾਈਆਂ ਦੀ ਕਾਰੋਬਾਰੀ ਦੁਨੀਆਂ ਵਿਚ ਜੋ ਜਿਵੇਂ ਦਿਸਦਾ ਹੈ, ਉਵੇਂ ਹੈ ਨਹੀਂ ਹੈ ... ਬਲਕਿ ਜੋ ਨਹੀਂ ਦਿਸਦਾ ਪਰ ਮਹਿਸੂਸ ਹੁੰਦਾ ਹੈ... ਉਹੀ ਹਕੀਕਤ ਹੈ। ਇਕ ਹੋਰ ਹਾਸੋਹੀਣਾ ਜਾਂ ਦੁਖਾਂਤਕ ਪੱਖ ਇਹ ਵੀ ਹੈ ਕਿ ਜਿਹੜੇ ਹੱਟੀ ਵਾਲੇ ਕੈਮਿਸਟ ਤੋਂ ਅਸੀਂ ਦਵਾਈ ਖ਼ਰੀਦਦੇ ਹਾਂ ਉਹ ਕਈ ਵਾਰ ਕਿਸੇ ਹੋਰ ਦੇ ਲਾਈਸੈਂਸ 'ਤੇ ਹੱਟੀ ਚਲਾਉਂਦਾ ਹੁੰਦਾ ਹੈ, ਉਹ ਆਪ ਬਹੁਤੇ ਮਾਮਲਿਆਂ ਵਿਚ ਡਿਗਰੀ ਹੋਲਡਰ ਨਹੀਂ ਹੁੰਦਾ, ਸਭ ਕੁਝ ਦੋਸਤੀ ਤੇ ਲਿਹਾਜ਼ਦਾਰੀ ਦੇ 'ਅਸੂਲਾਂ' ਮੁਤਾਬਕ ਚੱਲਦਾ ਰਹਿੰਦਾ ਹੈ।


ਬਰਾਂਡਿਡ ਤੇ ਜੈਨਰਿਕ ਦਵਾਈਆਂ ; ਇੱਕੋ ਸਾਲਟ 'ਤੇ ਬਰਾਂਡਿੰਗ ਦੀ ਗੇਮ

ਦੇਸ ਵਿਚ ਇਕ ਅਵਾਮੀ ਲਹਿਰ ਚੱਲਦੀ ਪਈ ਹੈ ਕਿ ਜੈਨਰਿਕ ਦਵਾਈਆਂ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਈਆਂ ਜਾਣ ਤਾਂ ਜੋ ਦਵਾਈ ਮਾਫੀਆ ਦੇ ਖੰਭ ਕੁਤਰੇ ਜਾਣ। ਦਰਅਸਲ ਜਦੋਂ ਕੋਈ ਖੋਜੀ ਕਿਸੇ ਰੋਗ 'ਤੇ ਖੋਜ ਕਰ ਕੇ ਆਪਣੀ ਔਸ਼ਧੀ (ਦਵਾਈ) ਪੇਟੈਂਟ ਕਰਾਉਂਦਾ ਹੈ ਤਾਂ ਉਸ ਦੇ ਬਦਲੇ ਖੋਜੀ ਨੂੰ ਮਿਹਨਤਾਨਾ ਅਦਾ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਕਾਰੋਬਾਰੀ ਫਾਰਮਾਸਿਊਟੀਕਲ ਕੰਪਨੀ !ਦਵਾਈ' ਤਿਆਰ ਕਰ ਕੇ ਬਾਜ਼ਾਰ ਵਿਚ ਉਤਾਰਦੀ ਹੈ, ਉਹ ਆਪਣੀ ਫਰਮ ਦੀ ਇਸ਼ਤਿਹਾਰਬਾਜ਼ੀ ਲਾਜ਼ਮੀ ਤੌਰ 'ਤੇ ਕਰਦੀ ਹੈ ਤਾਂ ਜੋ 'ਪ੍ਰੋਡਕਟ' ਦੀ ਵਿਕਰੀ ਹੋ ਸਕੇ।

ਮਸਲਨ ਕੈਂਸਰ ਦੇ ਇਲਾਜ ਦਾ ਇਕ ਟੀਕਾ 3000 ਰੁਪਏ ਵਿਚ ਮੁਹੱਈਆ ਹੈ, ਉਸੇ ਸਾਲਟ (ਰੋਗ ਮਾਰੂ ਤੱਤ) ਵਾਲਾ ਟੀਕਾ 9000 ਤੋਂ ਲੈ ਕੇ 17 ਹਜ਼ਾਰ ਫ਼ੀ ਟੀਕਾ ਵੀ ਮੁਹੱਈਆ ਹੈ, ਅਸਰ ਸਾਰੇ ਬਰਾਬਰ ਕਰਦੇ ਹਨ। ਹੁਣ ਜਿਹਦਾ ਘਰ ਦਾ ਜੀਅ ਕੈਂਸਰ ਤੋਂ ਪੀੜਤ ਹੋਵੇਗਾ, ਉਹ 'ਅੱਗ ਲੱਗੀ ਉੱਤੇ ਮਸ਼ਕਾਂ ਦੇ ਭਾਅ' ਤਾਂ ਨਹੀਂ ਪੁੱਛੇਗਾ! ਕਿ ਪੁੱਛੇਗਾ? ਸੋ, ਏਸੇ ਲਈ ਦਵਾਸਾਜ਼ ਕੰਪਨੀ ਤੋਂ ਲੈ ਕੇ ਦਵਾਈਆਂ ਦੇ ਦਲਾਲ, ਮਰੀਜ਼ ਤੇ ਉਹਦੇ ਸੰਭਾਲੂਆਂ ਦਾ ਰੱਜ ਕੇ ਵਿੱਤੀ ਸ਼ੋਸ਼ਣ ਕਰ ਲੈਂਦੇ ਹਨ। ਜਿਹੜੀ ਦਵਾਈ ਅਸੀਂ 88 ਰੁਪਏ ਵਿਚ ਪ੍ਰਤੀ ਪੱਤਾ ਖ਼ਰੀਦਦੇ ਹਾਂ, ਉਹ ਕਈ ਵਾਰ ਡਿਸਟ੍ਰੀਬਿਊਟਰ ਨੇ 8 ਰੁਪਏ 80 ਪੈਸੇ ਦੇ ਹਿਸਾਬ ਮੁਤਾਬਕ ਚੁੱਕੀ ਹੁੰਦੀ ਹੈ ਤੇ ਕੈਮਿਸਟ ਕੋਲ (ਥੋਕ ਡੀਲਰ ਤੋਂ ਪਹੁੰਚਦੀ ਹੋਈ) ਮਸਾਂ 26 ਜਾਂ 28 ਰੁਪਏ ਤਕ ਪਹੁੰਚਦੀ ਹੈ ਤੇ ਉਹ 88 ਰੁਪਏ ਛਪਾਈ ਵੇਖ ਕੇ ਗਾਹਕ ਜਾਂ ਮਰੀਜ਼ ਨੂੰ 80 ਰੁਪਏ ਵਿਚ ਵੇਚ ਦਿੰਦਾ ਹੈ। ਇਸੇ ਤਰ੍ਹਾਂ ਦਾ 'ਕਾਰੋਬਾਰੀ ਅਸੂਲ' 860 ਰੁਪਏ ਦੇ ਦਵਾਈਆਂ ਦੇ ਪੱਤੇ 'ਤੇ ਲਾਗੂ ਹੁੰਦਾ ਹੈ। ਦਰਅਸਲ, ਹਰ ਦਵਾਈ ਇਸੇ ਤਰ੍ਹਾਂ ਮਾਰਕੀਟਿੰਗ ਤੇ ਸੇਲ ਦੇ ਅਮਲ ਵਿੱਚੋਂ ਲੰਘਾਈ ਜਾਂਦੀ ਹੈ।


(3)

ਜੈਨਰਿਕ ਦਵਾਈਆਂ 'ਤੇ ਲੋਕਾਂ ਦੀ ਉਮੀਦ ਕਾਇਮ

ਜਿਹੜੇ ਤੱਤ (ਸਾਲਟ) ਦਵਾਈ ਵਿਚ ਹੁੰਦੇ ਹਨ, ਉਸ ਨੂੰ ਜੇ ਘੱਟ ਮਸ਼ਹੂਰ ਜਾਂ ਕੋਈ ਨੌਨ-ਬਰਾਂਡਿਡ ਕੰਪਨੀ ਦਵਾਈ ਬਣਾ ਕੇ ਬਾਜ਼ਾਰ ਵਿਚ ਭੇਜੇ ਤਾਂ ਜਿਹੜੀ ਦਵਾਈ ਦਾ ਪੱਤਾ ਗਾਹਕ ਨੂੰ 100 ਰੁਪਏ ਦਾ ਮਿਲਦਾ ਹੈ, ਉਹ ਇਸ਼ਤਿਹਾਰਬਾਜ਼ੀ ਤੇ ਦਲਾਲਾਂ ਦੀ ਐਸ਼ ਦਾ ਬਜਟ ਕੱਢ ਕੇ 12 ਰੁਪਏ ਜਾਂ ਹੱਦ 15 ਰੁਪਏ ਵਿਚ ਮੁਹੱਈਆ ਹੋ ਸਕਦਾ ਹੈ, ਹਾਲਾਂਕਿ ਇਸ ਵਿਚ ਵੀ ਦਵਾਸਾਜ਼ ਕੰਪਨੀ ਤੋਂ ਲੈ ਕੇ ਹੇਠਲੀ ਸਾਰੀ ਟੀਮ ਦਾ ਮੁਨਾਫ਼ਾ ਸ਼ਾਮਲ ਹੋਵੇਗਾ ਪਰ ਸਰਕਾਰਾਂ ਦੀ 'ਨਰਮੀ' ਕਾਰਨ ਇਹ ਵਿਚਾਰ ਪੂਰੀ ਤਰ੍ਹਾਂ ਅਮਲ ਵਿਚ ਨਹੀਂ ਆਉਂਦਾ! ਸੋਚੋ! 'ਜਨ ਔਸ਼ਧੀ' ਸੈਂਟਰ ਜਿਹੜੇ ਭਾਵੇਂ ਕਦੇ-ਕਦਾਈ ਹੀ ਖੁੱਲ੍ਹਦੇ ਹੋਣ, ਉਹ ਕਿਵੇਂ ਸਸਤੀਆਂ ਦਵਾਈਆਂ ਵੇਚ ਦਿੰਦੇ ਹਨ? ਹਾਲਾਂਕਿ ਘਾਟਾ ਪਾ ਕੇ ਤਾਂ ਉਹ ਵੀ ਸ਼ਾਮ ਨੂੰ ਘਰ ਨਹੀਂ ਜਾਂਦੇ ਹੋਣੇ! ਮਤਲਬ ਗੋਲਮਾਲ ਵੀ ਹੈ, ਪੂਰੀ ਗੜਬੜ ਵੀ ਹੈ ਤੇ ਸਰਕਾਰਾਂ ਤੇ ਦਲਾਲਾਂ ਦੀ ਮਿਲੀਭੁਗਤ ਤੋਂ ਬਿਨਾਂ ਇਹ ਕਾਲਾ ਧੰਦਾ ਕਿਵੇਂ ਚੱਲਦਾ ਹੋਵੇਗਾ? ਇਹ ਸਵਾਲ ਵੀ ਸਿਰ ਚੁੱਕ ਕੇ ਖੜ੍ਹਾ ਹੈ। ਜੈਨਰਿਕ ਦਵਾਈਆਂ ਦਾ ਵੱਧ ਤੋਂ ਵੱਧ ਉਤਪਾਦਨ ਤੇ ਵੱਧ ਤੋਂ ਵੱਧ ਆਸਾਨ ਪਹੁੰਚ ਹੋਣ ਤਕ ਮੁਲਕ ਵਿਚ ਇਲਾਜ ਖੁਣੋਂ ਲੋਕ ਮਰਦੇ ਰਹਿਣਗੇ, ਸਰਕਾਰ ਕਹਿੰਦੀ ਹੈ ਕਿ 10 ਕੁ ਫ਼ੀਸਦ ਲੋਕ ਇਲਾਜ ਖੁਣੋਂ ਮਰਦੇ ਹਨ ਜਦਕਿ ਸੱਚਾਈ ਇਹ ਹੈ ਕਿ 76.9 ਫ਼ੀਸਦ ਲੋਕ ਸਮੇਂ ਸਿਰ ਦਵਾਈਆਂ ਨਾ ਮਿਲਣ ਕਾਰਨ ਮਰ ਜਾਂਦੇ ਹਨ। ਅੱਜ ਸਾਨੂੰ ਜ਼ਰੂਰਤ ਹੈ ਕਿ ਸਾਡੇ ਨੌਜਵਾਨ ਜਾਗਰੂਕ ਹੋਣ, ਸਮਾਜ ਸੇਵਕ ਸੁਚੇਤ ਹੋਣ, ਫੋਕੇ ਧਰਨੇ-ਮੁਜ਼ਾਹਰੇ ਲਾਉਣ ਤੇ ਚੌਗਿਰਦਾ ਪਲ਼ੀਤ ਕਰਨ ਲਈ ਪੁਤਲਾ ਫੂਕ ਪ੍ਰਦਰਸ਼ਨ ਕਰਨ ਦੀ ਬਜਾਏ ਕੁਝ ਪੁਖ਼ਤਾ ਕੀਤਾ ਜਾਵੇ ਤਾਂ ਜੋ ਦਵਾਈ ਮਾਫੀਆ ਤੇ ਦਵਾਈ ਵਪਾਰ ਦੀਆਂ ਕਾਲੀਆਂ ਭੇਡਾਂ ਦਾ ਪਾਜ ਜਨਤਾ ਵਿਚ ਉਘਾੜਿਆ ਜਾ ਸਕੇ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617