CHRISTIANFORT

THE NEWS SECTION

ਲੱਖਾਂ ਅਵਾਰਾ ਕੁੱਤੇ ਬਨਾਮ ਲਾਈਲੱਗ ਹੁਕ਼ਮਰਾਨ ਤੇ ਨਿਹੱਥਾ ਪੰਜਾਬ


ਦੀਦਾਵਰ ਦਾ ਹੁਨਰ -38


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਪੰਜਾਬ ਵਿਚ ਹੁਣ ਸੜਕੀ ਅੱਤਵਾਦ ਤੋਂ ਬਾਅਦ ਜੇ ਕੋਈ ਹੋਰ ਖ਼ਤਰਨਾਕ ਵਰਤਾਰਾ ਚੱਲ ਰਿਹਾ ਹੈ ਤਾਂ ਓਹ ਇਹ ਹੈ ਲੱਖਾਂ ਦੀ ਗਿਣਤੀ ਵਿਚ ਹਰਲ ਹਰਲ ਕਰਦੇ ਅਵਾਰਾ ਕੁੱਤੇ. ਇਹ ਵੱਢਖਾਣੇ ਕੁੱਤੇ ਪੰਜਾਬ ਦੇ ਬੱਚਿਆਂ, ਜਵਾਨਾਂ, ਅੱਧਖੜ੍ਹਾਂ ਤੇ ਬੁੱਢਿਆਂ ਦੀ ਜ਼ਿੰਦਗੀ ਦੇ ਗੁੱਝੇ ਵੈਰੀ ਬਣ ਚੁੱਕੇ ਹਨ. ਸਾਫ਼ ਮਤਲਬ ਇਹ ਹੈ ਕਿ ਪੰਜਾਬ ਵਿਚ ਹੁਣ ਕੋਈ ਵੀ ਮਨੁੱਖ ਬਚਿਆ ਹੋਇਆ ਨਹੀਂ ਹੈ. ਇਕ ਬੰਨੇ ਸੜਕਾਂ ਉੱਤੇ ਖੌਰੂ ਪਾਉਂਦੀਆਂ ਪ੍ਰਾਈਵੇਟ ਬੱਸਾਂ, ਟਰੱਕ, ਟਰਾਲੀਆਂ ਹਨ ਤੇ ਰਿਹਾਇਸ਼ੀ ਇਲਾਕਿਆਂ ਵਿਚ ਵੱਢਖਾਣੇ ਕੁੱਤੇ, ਆਦਮਬੋ ਆਦਮਬੋ ਕਰਦੇ ਫਿਰਦੇ ਹਨ. ਲੋਕ ਤਾਂ ਕਤੀੜ ਦਾ ਖਾਤਮਾ ਚਾਹੁੰਦੇ ਹਨ ਪਰ ਹੱਥ ਵੇਖਣ ਵਾਲੇ ਪਖੰਡੀਆਂ ਦੇ ਪੈਰਾਂ ਵਿਚ ਜਾ ਕੇ ਬਹਿਣ ਵਾਲੇ ਸਿਆਸਤਦਾਨ ਤੇ ਹੁਕ਼ਮਰਾਨ ਇਹ ਗੁਨਾਹ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ. ਦੂਜੀ ਵਜ੍ਹਾ ਇਹ ਹੈ ਕਿ Peta ਵਰਗੀਆਂ ਆਲਮੀ ਸੰਸਥਾਵਾਂ ਦੀ ਅੰਨੀ ਨਕਲ ਵਿਚ ਗ਼ਲਤਾਨ ਕੱਚੀ ਸਮਝ ਵਾਲੇ ਸਮਾਜੀ ਕਾਰਕੁਨ, ਅਚੇਤ ਜਾਂ ਸਚੇਤ ਤੌਰ ਉੱਤੇ ਜਨਤਕ ਘਾਣ ਵਿਚ ਹਿੱਸਾ ਪਾ ਰਹੇ ਹਨ. ਕਿਹਾ ਜਾ ਸਕਦਾ ਹੈ, "ਏਥੇ ਕੁਝ ਨ੍ਹੀ ਹੋ ਸਕਦਾ "

****


ਲੋਕ ਤੇ ਖ਼ਾਸਕਰ ਹਸਪਤਾਲਾਂ ਵਿਚ ਲੱਗੇ ਇਲਾਜ ਕਾਮੇ ਦੱਸਦੇ ਹਨ ਕਿ ਪੰਜਾਬ ਵਿਚ, ਹਰ ਰੋਜ਼, 715 ਦੇ ਕਰੀਬ ਬੰਦੇ/ਜ਼ਨਾਨੀਆਂ ਤੇ ਗਲੀਆਂ ਵਿਚ ਖੇਡਦੇ ਬਾਲ ਬਾਲੜੀਆਂ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ.ਤੱਥ ਇਹ ਹੈ ਕਿ ਪੰਜਾਬ ਸਰਕਾਰ ਖੁਦ ਅੰਕੜੇ ਦੇ ਚੁੱਕੀ ਹੈ ਕਿ ਹਰ ਰੋਜ਼ 598 ਬੰਦੇ, ਜ਼ਨਾਨੀਆਂ ਤੇ ਬੱਚੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ. ਫੇਰ ਵੀ ਰਾਜਭਾਗ ਦੇ ਸਰੂਰ ਵਿਚ ਚੂਰ ਹੋ ਚੁੱਕੇ ਸਿਆਸੀ ਬੰਦੇ ਜਾਗਣਾ ਨਈ ਚਾਹੁੰਦੇ.. !

****


ਇਕ ਮਿਸਾਲ ਯਾਦ ਕਰਦੇ ਹਾਂ. 2019 ਵਿਚ ਖੰਨਾ ਸ਼ਹਿਰ ਵਿਚ ਨਿੱਕੇ ਜਿਹੇ ਮੁੰਡੇ ਨੂੰ ਕੁੱਤੇ ਨੇ ਕਈ ਪਾਸਿਓਂ ਵੱਢ ਲਿਆ ਸੀ, ਡਾਕਟਰ ਕੋਲ ਗਏ ਤਾਂ ਉਸ ਭਲੇ ਮਾਣਸ ਨੇ ਟੈੱਟਨਸ ਦਾ ਟੀਕਾ ਲਾ ਕੇ ਆਪਣੇ ਗਲੋਂ ਬਲਾਅ ਲਾਹੁਣ ਵਾਂਗ ਸਲੂਕ ਕੀਤਾ ਤੇ ਬੱਚੇ ਦੇ ਮਾਪਿਆਂ ਨੂੰ 'ਅਰਾਮ' ਕਰਾਉਣ ਦੀ ਸਲਾਹ ਦੇ ਦਿੱਤੀ. ਪਰ... ਓਸ ਟੱਬਰ ਦੇ ਜੀਆਂ ਨੇ ਪੱਲਿਓਂ ਹਜ਼ਾਰਾਂ ਰੁਪਏ ਖ਼ਰਚ ਕੇ ਸਹੀ ਵੈਕਸੀਨ ਲੁਆ ਕੇ ਮੁੰਡਾ (ਮਸਾਂ) ਬਚਾਇਆ. ਸਾਰੇ ਲੋਕਾਂ ਕੋਲ ਨਾ ਤਾਂ ਇੰਨਾ ਪੈਸਾ ਹੁੰਦਾ ਹੈ ਤੇ ਨਾ ਸੋਝੀ ਹੁੰਦੀ ਹੈ. ਸੈਂਕੜੇ ਬੱਚੇ ਕੁੱਤੇ ਵੱਲੋਂ ਵੱਢੇ ਜਾਣ ਪਿੱਛੋਂ ਸਰੀਰਕ ਨੁਕਸਾਨ ਕਰਾ ਲੈਂਦੇ ਹਨ. ਮਹਿੰਗੀਆਂ ਕਾਰਾਂ ਝੂਟਣ ਵਾਲੇ ਵਪਾਰੀਨੁਮਾ ਸਿਆਸੀ ਬੰਦੇ ਸਵੇਰੇ ਅਖ਼ਬਾਰ ਚੱਕ ਕੇ ਸਾਰਾ ਕੁਝ ਪੜ੍ਹ ਲੈਂਦੇ ਹਨ ਤੇ ਬਾਕੀ ਦਿਨ ਇਨ੍ਹਾਂ ਘਟਨਾਵਾਂ ਨੂੰ ਵਿਸਾਰ ਕੇ ਬਿਤਾਅ ਦਿੰਦੇ ਹਨ.


ਸਿਹਤ ਅਮਲੇ ਦਾ ਵਹਿਮੀ ਤੇ ਪੁਰਾਤਨ ਸੁਭਾਅ

ਕੁੱਤਾ ਵੱਢਣ ਦੇ ਜਿਨ੍ਹਾਂ ਮਾਮਲਿਆਂ ਵਿਚ ਮੈਨੂੰ ਹਸਪਤਾਲਾਂ ਵਿਚ ਜਾਣਾ ਪਿਆ, ਕੁਲ ਮਿਲਾ ਕੇ, ਤਜਰਬੇ ਚੰਗੇ ਨਹੀਂ ਰਹੇ ਹਨ. ਇਕ ਤਾਂ ਪੰਗਾ ਇਹ ਹੈ ਕਿ ਗਲੀਆਂ ਵਿਚ ਫਿਰਦੇ, ਪਿੰਡਾਂ ਵਿਚ ਹੱਡਾਂ ਰੋੜੀਆਂ ਲਾਗੇ ਘੁੰਮਦੇ ਕੁੱਤਿਆਂ ਦੇ ਝੁੰਡ ਨੂੰ ਜਿੱਥੇ ਪੁਰਾਣੇ ਖ਼ਿਆਲਾਂ ਦੀ ਜਨਤਾ ਵੱਟਾ ਮਾਰਨਾ ਵੀ ਪਾਪ ਸਮਝਦੀ ਹੈ, ਓਥੇ ਏਸੇ ਸਮਾਜ ਵਿੱਚੋਂ ਉੱਠ ਕੇ "ਪੜ੍ਹ ਲਿਖ ਕੇ " ਡਿਗਰੀ ਕੋਰਸ ਕਰਨ ਵਾਲੇ ਬਹੁਤੇ ਨੌਜਵਾਨ, ਕੁੱਤੇ ਨੂੰ ਬਹੁਤ ਉੱਤਮ ਜੀਵ ਸਮਝਣ ਦੀ ਮਨੌਤ ਪਾਲ਼ੀ ਬੈਠੇ ਹੁੰਦੇ ਹਨ. ਇਹੀ ਵਜ੍ਹਾ ਹੈ ਕਿ ਕੁੱਤੇ ਵੱਲੋਂ ਵੱਢੇ ਜਾਣ ਨੂੰ ਬੁਰਾ ਨਹੀਂ ਆਖਦੇ ਸਗੋਂ ਦਰਵੇਸ਼ ਵਾਲੀ ਕਹਾਣੀ ਸੁਣਾਉਂਦੇ ਕੰਨੀਂ ਪੈਂਦੇ ਹਨ !!

****


ਪੁੱਠੇ ਪਾਸੇ ਤੋਰ ਦਿੱਤੇ ਸਿਆਸੀ ਉਮੀਦਵਾਰ

ਕਈ ਚੋਣਾਂ ਹਾਰ ਚੁੱਕਿਆ (ਇਕ) ਪਰੰਪਰਾਗ੍ਰਸਤ ਸਿਆਸੀ ਅਹੁਦੇਦਾਰ ਸਾਡਾ ਵਾਕਫ਼ ਹੈ, ਉਹਦੇ ਨਾਲ਼ ਅਵਾਰਾ ਵੱਢਖਾਣੇ ਕੁੱਤਿਆਂ ਦੇ ਮਸਲੇ ਉੱਤੇ ਸਾਡੀ ਗੱਲਬਾਤ ਹੋਈ ਤਾਂ ਓਹ ਆਪਣੇ ਵਰਗੇ ਸਿਆਸੀ ਬੰਦਿਆਂ ਦੇ ਕਈ ਭੇਤ ਖੋਲ੍ਹ ਗਿਆ. ਓਹ ਦੱਸਦਾ ਸੀ ਕਿ "ਅਸੀਂ ਸਿਆਸੀ ਬੰਦੇ ਹਾਂ ਤੇ ਜੀਅ ਕਰਦਾ ਰਹਿੰਦਾ ਹੈ ਕਿ ਕਿਸੇ ਨਗਰ ਨਿਗਮ ਦੇ ਕੌਂਸਲਰ ਬਣ ਕੇ ਨਿਗਮ ਦੇ ਸਦਨ ਵਿਚ ਬੈਠੇ ਹੋਈਏ, ਜਾਂ ਕਿਸੇ ਗ੍ਰਾਮ ਪੰਚਾਇਤ ਵਿਚ ਸਰਪੰਚ ਚੁਣੇ ਜਾਈਏ, ਨਹੀਂ ਤਾਂ ਪੰਚੈਤੀਆ ਬਣ ਕੇ ਲਈਏ ਸੋ, ਏਸ ਬੇ-ਕਾਬੂ ਖਾਹਸ਼ ਨੂੰ ਸ਼ਾਂਤ ਕਰਨ ਲਈ, ਮੁਹੱਲਿਆਂ ਤੇ ਮਾਰਕੀਟਾਂ ਵਿਚ ਜੋਤਿਸ਼ ਦੀਆਂ ਦੁਕਾਨਾਂ ਤੇ ਕੁੰਡਲੀਆਂ ਵੇਖ ਕੇ ਭਵਿੱਖ ਦੱਸਣ ਵਾਲਿਆਂ ਕੋਲ ਜਾ ਕੇ, ਚੌਂਕੀਆਂ ਭਰਨੀਆਂ ਪੈਂਦੀਆਂ ਹਨ. ਅਗਲੇ ਬੰਦੇ, ਹੱਥ ਵੇਖ ਕੇ ਇਹ ਵਾਅਦਾ ਕਰਾ ਲੈਂਦੇ ਹਨ ਕਿ "ਭਾਈ ਸਾਬ੍ਹ, ਇਲੈਕਸ਼ਨ ਤੂਆਨੂੰ ਜਿਤਾਅ ਦਿਆਂਗੇ ਪਰ ਜੇ ਤੁਸੀਂ ਜਿੱਤ-ਜੁੱਤ ਗਏ ਤਾਂ ਜੀਵ ਹੱਤਿਆ ਨਾ ਹੋਣ ਦੇਣਾ, ਬਲਕਿ ਰੋਕਿਓ". ਅਗਲੇ ਵੀ ਘੱਟ ਨਹੀਂ ਕਰਦੇ.. ! ਇਹੀ ਵਜ੍ਹਾ ਹੈ ਕਿ ਨਗਰ ਕੌਂਸਲਾਂ ਤੇ ਨਿਗਮਾਂ ਦੇ ਵਿਹਲੜ ਕਾਮੇ ਹੁਣ ਦਫ਼ਤਰ ਦੀ ਕੁਰਸੀ ਤੋਂ ਵੀ ਨ੍ਹੀ ਹਿੱਲਦੇ.

ਸੋ, ਅਸੀਂ ਵੇਖਦੇ ਹਾਂ ਕਿ ਇਹੋ ਜਿਹੇ ਹੱਥ ਵੇਖਣ ਵਾਲੇ ਵੀ ਹੁੰਦੇ ਹਨ, ਜਿਨ੍ਹਾਂ ਨੇ ਤੋਤਾ ਲਾਗੇ ਰੱਖ ਕੇ, ਕਾਰਡ ਚੁਕਾਉਣ ਦਾ ਧੰਦਾ ਤੋਰਿਆ ਹੁੰਦਾ ਹੈ, ਓਹ ਵੀ ਸਿਆਸੀ ਲੀਡਰ ਨੂੰ ਆਉਂਦੇ ਸਾਰ ਇਕ ਤਾਂ "ਤੂਆਡੀ ਟਿਕਟ ਪੱਕੀ ਨੇਤਾਜੀ" ਦਾ ਲਾਰਾ ਲਾ ਦਿੰਦੇ ਹਨ, ਦੂਜਾ, ਸਹੁੰ ਪੁਆ ਕੇ "ਉਪਾਅ" ਕਰਵਾ ਕੇ ਭੇਜਦੇ ਨੇ ਕਿ ਵੀਰਾ ਜੇ ਤੂੰ ਜਿੱਤ ਕੇ ਕਿਸੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਜਾਂ ਕਿਸੇ ਪਾਰਲੀਮੈਂਟ ਵਿਚ ਪੁੱਜ ਗਿਆ ਤਾਂ ਵੀਰੇ ਯਾਦ ਰੱਖੀਂ "ਜੀਵ ਦਇਆ" ਕਰਨੀ ਨਾ ਭੁਲਾਈ . ਸਮਾਜ ਸ਼ਾਸਤਰੀ ਆਖਦੇ ਹਨ ਕਿ ਏਥੇ ਮਨੁੱਖ ਮਰ ਰਹੇ ਨੇ ਤੇ ਕੁੰਡਲੀ ਵੇਖਣ ਵਾਲੇ ਹਜ਼ਾਰਾਂ ਸਾਲ ਪੁਰਾਣੀਆਂ ਮਨੌਤਾਂ ਦੇ ਉਪਦੇਸ਼ ਦੇਣੋਂ ਨਹੀਂ ਹੱਟ ਰਹੇ.

****


ਅੰਨਾ ਕੀ ਭਾਲੇ? ਦੋ ਅੱਖਾਂ !+? ਵਾਲੀ ਅਖੌਤ ਮੁਤਾਬਕ 1993 ਤੋਂ ਬਾਅਦ ਕਿਸੇ ਵੋਟ-ਖਿਡਾਰੀ ਨੇ ਜਿੱਤਣ ਮਗਰੋਂ ਕੁੱਤਿਆਂ ਦਾ ਘਾਣ ਹੋਣ ਈ ਨਈ ਦਿੱਤਾ. ਨਹੀਂ ਤਾਂ ਇਤਿਹਾਸਕ ਸੱਚਾਈ ਇਹ ਹੈ ਕਿ ਪਹਿਲਾਂ ਪਾਗ਼ਲ ਕੁੱਤਿਆਂ ਤੇ ਹਲਕਾਅਗ੍ਰਸਤ ਕੁੱਤਿਆਂ ਦੀ ਸ਼ਿਕਾਇਤ ਦੇਣ ਮਗਰੋਂ "ਕਮੇਟੀ ਵਾਲੇ" ਝੱਟ ਆ ਜਾਂਦੇ ਸਨ ਤੇ ਕੁੱਤਾ ਬੁੜ੍ਹਕਾਅ ਕੇ, ਔਹ ਜਾਂਦੇ ਸਨ.

1992 ਵਿਚ ਭਾਰਤ ਦੇਸ ਵਿਚ ਕੇਬਲ ਕਲਚਰ ਆਇਆ, ਲੋਕਾਂ ਨੂੰ ਦੂਰਦਰਸ਼ਨ ਦੇ ਡਰਾਮਿਆਂ ਤੋਂ ਮੁਕਤੀ ਮਿਲੀ ਸੀ, ਕੁਲ ਜਹਾਨ ਦੇ ਦੇਸਾਂ ਦੇ ਖੁੱਲ੍ਹੇ ਡੁੱਲੇ ਟੀ. ਵੀ. ਚੈਨਲ ਵੇਖਣ ਨੂੰ ਮਿਲੇ, ਇਹਦੇ ਬਾਵਜੂਦ ਸਾਡੇ ਸਿਰਾਂ ਨੂੰ ਜਾਮ ਕਰ ਕੇ ਬੈਠੇ ਮਹਾਨ ਸੰਸਕ੍ਰਿਤੀ ਦੇ ਖ਼ਿਆਲਾਂ ਨੂੰ ਖੋਰਾ ਨਹੀਂ ਲੱਗ ਸਕਿਆ. ਸਿਆਸੀ ਬੰਦੇ ਜਿਹੜੇ ਆਮ ਲੋਕਾਂ ਨਾਲੋਂ ਜਾਗਰੂਕ ਸਮਝੇ ਜਾਂਦੇ ਹਨ, ਓਹ ਵੀ ਗੁੜ-ਗੋਹਾ ਇਕ ਕਰੀਂ ਬੈਠੇ ਹਨ. ਨਹੀਂ ਤਾਂ ਜੇਕਰ ਜਗੀਰੂ ਹਾਕ਼ਮ ਸੁਧਰ ਜਾਂਦੇ ਤਾਂ ਉਨ੍ਹਾਂ ਦੇ ਕੰਟਰੋਲ ਵਾਲੀਆਂ ਸਿਆਸੀ ਪਾਰਟੀਆਂ ਦੇ ਲੀਡਰ ਵੀ ਹੁਣ ਨਾਲੋਂ ਕਿਤੇ ਵੱਧ ਸੋਝੀਵਾਨ ਹੋ ਜਾਣੇ ਸਨ ਪਰ ਮਹਾਨ ਸੰਸਕ੍ਰਿਤੀ ਵਾਲੀ ਤੋਤਾ ਰਟਨ, ਦਿਮਾਗਾਂ ਨੂੰ ਸੁੰਨ ਕਰੀਂ ਰੱਖਦੀ ਹੈ.

ਮਾਹਰ ਆਖਦੇ ਹਨ ਕਿ ਭਾਜਪਾ ਦੀ ਸਰਕਾਰ ਵਿਚ ਸ਼ਾਮਲ ਹੋ ਕੇ ਪਹਿਲੀ ਦਫ਼ਾ ਕੇਂਦਰੀ ਵਜ਼ੀਰ ਬਣੀ ਸ੍ਰੀਮਤੀ ਮੇਨਕਾ ਗਾਂਧੀ ਹੁਰਾਂ ਨੇ ਕੁੱਤੇ ਮਾਰਨ ਉੱਤੇ ਕਾਨੂੰਨੀ ਪਾਬੰਦੀ ਲੁਆ ਦਿੱਤੀ ਸੀ. ਏਧਰ 15-16 ਸਾਲਾਂ ਤੋਂ ਇਨ੍ਹਾਂ ਸਤਰਾਂ ਦਾ ਲਿਖਾਰੀ ਕਈ ਆਰਟੀਕਲ ਲਿਖ ਕੇ ਤੇ ਚਿਠੀਆਂ ਪਾ ਕੇ ਵੱਡੇ ਤੋਂ ਵੱਡੇ ਸਿਆਸੀ ਆਗੂ ਨੂੰ ਸਵਾਲ ਪੁੱਛ ਚੁੱਕਿਆ ਹੈ ਕਿ ਅਵਾਰਾ ਕੁੱਤੇ ਕਿਓਂ ਬਚਾਅ ਰਹੇ ਓ?

ਓਏ ਭਲੇ ਮਾਣਸੋ ਕੁੱਤੇ ਬਚਾਅ ਕੇ ਰੱਖਣੇ ਨੇ ਤਾਂ "ਕਤੀੜਖਾਨੇ " ਉਸਾਰ ਲਓ, ਕਿ ਨਹੀਂ?

ਪਰ ਕੋਈ ਮੈਂਬਰ ਪਾਰਲੀਮੈਂਟ ਜਾਂ ਵਿਧਾਨਕਾਰ ਜਾਂ ਨਿਗਮ ਦਾ ਕੌਂਸਲਰ ਛੱਡੋ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਹੀਂ ਜੁਆਬ ਭੇਜ ਰਿਹਾ. ਨਿੱਕੇ ਹੁੰਦੇ ਤੋਂ ਇਹੋ ਜਿਹੀ ਸੋਚ ਬਣਾ ਦਿੱਤੀ ਗਈ ਹੈ ਕਿ ਬੱਸ ਪੁੱਛੋਂ ਕੁਝ ਨਾ !!


ਲੋਕ ਕਰਨ ਸਖ਼ਤਾਈ, ਨੇਤਾਵਾਂ ਦੀ ਸ਼ਾਮਤ ਆਈ

ਚਾਹੀਦਾ ਇਹ ਹੈ ਕਿ ਵੋਟਾਂ ਮੰਗਣ ਵਾਲੇ ਉਮੀਦਵਾਰ ਜਦੋਂ ਵੀ ਵੋਟਾਂ ਮੰਗਣ ਆਉਣ ਤਾਂ ਲੋਕ ਉਨ੍ਹਾਂ ਦੀ ਕਲਾਸ ਲਾਉਣ ਤੇ ਪੁੱਛਣ ਕਿ ਬਈ, ਭਲਿਓ ਬੰਦਿਓ ਜਾਂ ਤਾਂ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਸਿਵਲ ਹਸਪਤਾਲਾਂ ਵਿਚ ਹਲਕਾਅ ਰੋਕਣ ਵਾਲੇ ਟੀਕਿਆਂ ਦਾ ਪ੍ਰਬੰਧ ਕਰਾ ਦਿਓ. ਜਾਂ 'ਕਤੀੜਸ਼ਾਲਾ' ਖੁਲ੍ਹਾਅ ਦਿਓ ਜਾਂ ਫੇਰ ਭਾਰਤ ਦੇ ਉੱਤਰ ਪੂਰਬ ਦੇ ਸੂਬੇ, ਜਿਹੜੇ ਚੀਨ ਦੇਸ ਨਾਲ਼ ਲੱਗਦੇ ਨੇ, ਓਥੇ ਇਹ ਕੁੱਤੇ 'ਕੱਠੇ ਕਰਾ ਕੇ ਭੇਜ ਦਿਓ, ਓਧਰਲੇ ਲੋਕ ਆਮ ਹੀ ਕੁੱਤਾ ਵੱਢ ਕੇ ਖਾ ਲੈਂਦੇ ਹਨ, ਕੁੱਤਿਆਂ ਦਾ ਟੰਟਾ ਮੁਕ ਜਾਏਗਾ ਤੇ ਤੁਸੀਂ ਵੀ "ਜੀਵ ਦਇਆ" ਕਰ ਕੇ ਆਪਣੇ ਪੱਤਰੀ/ ਕੁੰਡਲੀ ਵਾਚਣ ਵਾਲਿਆਂ ਦੇ ਬੋਲ ਪੂਰੇ ਕਰ ਲਿਓ. ਜੇ, ਤੁਸੀਂ ਵੱਢਖਾਣੇ ਕੁੱਤਿਆਂ ਦਾ ਪੁਆੜਾ ਮੁਕਾਉਣ ਲਈ ਕੋਈ ਹੀਲਾ ਵਸੀਲਾ ਨਹੀਂ ਕਰਨਾ ਤਾਂ... ਏਸ ਵਾਰ ਆਪਾਂ ਵੀ nota ਨੂੰ ਵੋਟਾਂ ਪਾ ਕੇ ਆਵਾਂਗੇ ਤੇ ਤੁਹਾਨੂੰ ਰੱਦ ਕਰਾਂਗੇ..!!"

*****


ਸਾਂਝੀ ਵੰਗਾਰ ਲਈ ਹੋਵੋ ਤਿਆਰ

ਅਸੀਂ ਸਮਝਦੇ ਹਾਂ ਕਿ ਲੋਕਾਂ ਦੀ ਇਹ ਵੰਗਾਰ ਸੁਣਦੇ ਸਾਰ ਵੱਡੇ ਤੋਂ ਵੱਡਾ ਵੋਟ-ਖਿਡਾਰੀ ਜਾਂ ਤਾਂ ਪੁਰਾਣੀ ਸੋਚ ਬਦਲ ਲਊਗਾ ਤੇ ਜਾਂ ਫੇਰ ਵੋਟਾਂ ਵਿਚ ਹਰ ਕੇ ਘਰ ਬਹਿ ਜਾਊਗਾ ਪਰ ਇਹ ਵੋਟ-ਖਿਡਾਰੀ ਜਿਹੜੇ ਸੜਕਾਂ ਉੱਤੇ ਮਿੱਟੀ ਫੱਕਦੇ ਜੋਤਸ਼ੀਆਂ ਪਿੱਛੇ ਲੱਗ ਕੇ ਕੁੱਤਿਆਂ /ਬਿੱਲੀਆਂ ਬਚਾਉਣ ਦੇ ਠੇਕੇਦਾਰ ਬਣੇ ਨੇ, ਓਹ ਏਸ ਮਸਲੇ ਤੋਂ ਵਾਕਫ਼ ਹੋ ਜਾਣਗੇ.


ਪੰਜਾਬ ਬਚਾਉਣ ਦੇ ਦਾਅਵੇ ਕਰਦੇ

ਹੋ, ਲੋਕਾਂ ਨੂੰ ਨਹੀਂ ਬਚਾਓਗੇ ?

ਅਸੀਂ ਸਿਰਫ਼ ਅਵਾਰਾ ਜਾਂ ਵੱਢਖਾਣੇ ਕੁੱਤਿਆਂ ਦੇ ਖਾਤਮੇ ਲਈ ਜ਼ੋਰ ਨਹੀਂ ਪਾ ਰਹੇ ਹਾਂ ਸਗੋਂ ਪੰਜਾਬ ਦੇ ਬਾਲਾਂ, ਬਾਲੜੀਆਂ, ਜਵਾਨਾਂ ਤੇ ਬਜ਼ੁਰਗਾਂ ਦੀ ਜਾਨ ਦੀ ਸਲਾਮਤੀ ਮੰਗ ਰਹੇ ਹਾਂ, ਜੇਕਰ ਲਾਈਲੱਗ ਸਿਆਸੀ ਬੰਦਿਆਂ ਨੂੰ ਘਰ ਬਿਠਾਅ ਕੇ ਸਿਆਣੇ ਮੁੰਡੇ ਕੁੜੀਆਂ ਨੂੰ ਆਗੂ ਬਣਾਉਣ ਦੇ ਹਾਲਾਤ ਬਣਾਉਣੇ ਪੈਣ ਤਦ ਵੀ ਇਹ ਪ੍ਰਾਪਤੀ ਥੋੜ੍ਹੀ ਨਹੀਂ, ਸੋਚ ਕੇ ਦੇਖ ਲਿਓ.

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617