1.
2.
FIRST EVER EXCLUSIVE INTERVIEW (PART-IV) OF HONOURABLE POONAM SINGH, THE EDITOR - PREET LARI, THE OLDEST EVER PUNJABI MAGAZINE, REGULARLY PUBLISHING SINCE 1933
ਪੰਜਾਬੀ ਦੇ ਸਭ ਤੋਂ ਪੁਰਾਣੇ ਅਤੇ 1933 ਤੋਂ ਲਗਾਤਾਰ ਛਪਦੇ ਆ ਰਹੇ ਰਸਾਲੇ 'ਪ੍ਰੀਤ ਲੜੀ' ਦੇ ਸੰਪਾਦਕ ਭੈਣ ਪੂਨਮ ਸਿੰਘ ਜੀ ਦਾ ਪਹਿਲਾ ਖ਼ਾਸ ਤੇ ਵਿਆਪਕ ਇੰਟਰਵਿਊ (ਭਾਗ -4) SEE INTERVIEW PART-1
SEE INTERVIEW PART-2
SEE INTERVIEW PART-3
''ਬਚਪਨ ਤੋਂ ਲੋਕਾਂ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਸਾਂ''
-ਪੂਨਮ ਸਿੰਘ
ਮੁਲਾਕਾਤੀ - ਜਸਪ੍ਰੀਤ ਸਿੰਘ ਜਗਰਾਓਂ
PART - 4
? ਤੁਹਾਡੀ ਨਜ਼ਰ ਵਿਚ ਵਧੀਆ ਕਲਾ ਉੱਚੇ ਸੁਰ ਵਿਚ ਲਿਖਣ ਵਿਚ ਹੈ ਜਾਂ ਨੀਵੇਂ ਸੁਰ ਵਿਚ?
- ਸੁਰ ਭਾਵੇਂ ਉੱਚੀ ਹੋਵੇ, ਭਾਵੇਂ ਨੀਵੀਂ, ਪਰ ਸਹਿਜ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਸਹਿਜ ਦਾ ਅਰਥ 'ਬੇਉਲਾਰ' ਹੁੰਦਾ ਹੈ, 'ਹੌਲੀ ਹੌਲੀ' ਜਾਂ ਕੁਝ ਹੋਰ ਨਹੀਂ। ਇਹ ਸਭ ਤੋਂ ਉੱਚੀ-ਸਹੀ ਅਵਸਥਾ ਹੁੰਦੀ ਹੈ। ਭਾਵੇਂ 'ਉਲਾਰ' ਹੋਣਾ ਕਦੇ ਕਿਸੇ ਸਮੇਂ ਜ਼ਰੂਰੀ ਹੋ ਜਾਂਦਾ ਹੈਂਜਿਵੇਂ ਅਜੋਕੇ ਦਹਿਸ਼ਤਗਰਦੀ ਵਾਲੇ ਸਮੇਂ ਹਨਂਇਸ ਤਰ੍ਹਾਂ ਦੇ ਧੱਕੇ-ਉਲਾਰ ਨੂੰ ਥੰਮ੍ਹਣ ਲਈ। ਭਾਵੇਂ ਵੱਧ ਤੋਂ ਵੱਧ ਸਹਿਜਤਾ ਨੂੰ ਕਾਇਮ ਰੱਖਦਿਆਂ ਵੀ ਇਓਂ ਆਰਜ਼ੀ ਤੌਰ 'ਤੇ 'ਉਲਾਰ' ਹੋਇਆ ਜਾ ਸਕਦਾ ਹੈ। ਪਰ ਉਲਾਰ/ਹਿੰਸਾ/ਧੱਕੇ/ਕ੍ਰੋਧ/ਅਸਹਿਜ ਵਿਚ ਜਿਊਣਾ ਜਾਨ-ਲੇਵਾ ਹੋਣ ਦੀ ਹੱਦ ਤੱਕ ਗ਼ੈਰਕੁਦਰਤੀ ਹੀ ਹੋਵੇਗਾ। ਬੋਦੀਆਂ ਪਰੰਪਰਾਵਾਂ ਨੂੰ ਤੋੜ ਸਕੇ ਸਨ ਮਹਾਂਪੁਰਖ, ਅਤੇ ਇਓਂ ਰੱਬ ਬਣ ਕੇ ਬਹੁੜੇ ਸਨਂਉਹ ਪਰੰਪਰਾ-ਤੋੜੂ ਸਨ, ਕਿਉਂ ਕਿ ਉਹ 'ਸਹਿਜ' ਵਿਚ ਸਨ। ਹਾਂ, ਉਲਾਰਵਾਦ ਨੂੰ ਇਕ ਹਥਿਆਰ ਵਾਂਗ ਵਰਤਣਾਂਸਹਿਜ ਲੱਭਣ ਦੇ ਟੀਚੇ ਨਾਲਂਵੀ ਇਕ ਕਲਾ-ਰੂਪ ਹੈ। ਸਾਨੂੰ ਝਟਕਾ ਦੇ ਕੇ ਸਾਡਾ ਇਲਾਜ।
? ਤੁਹਾਡੀਆਂ ਮਨਪਸੰਦ ਪੁਸਤਕਾਂ ਕਿਹੜੀਆਂ ਹਨ, ਜਿਨ੍ਹਾਂ ਕਰਕੇ ਤੁਹਾਡੀ ਸੋਚ ਬਲਵਾਨ ਹੋਈ ਹੋਵੇ?
- ਰਾਮਾਇਣ ਵਿਚੋਂ ਕੁਝ ਕਹਾਣੀਆਂ ਸੁਣਨ ਨਾਲ ਸ਼ੁਰੂ ਹੋ, ਬਚਪਨ ਵਿਚ ਸੋਵੀਅਤ ਬਾਲ ਸਾਹਿਤ ਨੇ ਬਹੁਤ ਕੀਲਿਆ। ਅੰਗ੍ਰੇਜ਼ੀ ਪਰੀ ਕਥਾਵਾਂ ਜਮਾਤਾਂ ਵਿਚ ਪੜ੍ਹੇ ਤੋਂ ਇਲਾਵਾ 18-19 ਸਾਲ ਦੀ ਉਮਰ ਤੱਕ 150 ਦੇ ਕਰੀਬ ਲੇਖਕ ਪੜ੍ਹੇ, ਕੁਝ ਨਾ ਕੁਝ ਕਿਸੇ ਦਾ ਤੇ ਕਿਸੇ ਦਾ ਕਾਫ਼ੀ ਜ਼ਿਆਦਾ। ਬਚਪਨ ਵਿਚ ਈਨਿਡ ਬਲਾਇਟਨ (Enid Blyton) ਨਾਂ ਦੀ ਲੇਖਕਾ, ਜੋ 10-12 ਸਾਲ ਹੋਏ ਬਜ਼ੁਰਗ ਹੋ ਕੇ ਮਰੀ, ਦੇ ਪਾਤਰਾਂ, ਪਲਾਟਾਂ ਤੇ ਦਲੇਰੀਆਂ ਭਰੀ ਬਾਲ ਜ਼ਿੰਦਗੀ ਨੇ ਪ੍ਰਭਾਵਤ ਕੀਤਾ ਤੇ ਭਾਸ਼ਾ ਵੀ ਸਿਖਾਈ, ਹਿੰਮਤ ਕਰਨੀ ਵੀ। ਲਾਇਬ੍ਰੇਰੀ ਆਪ ਹੀ ਜਾ ਕੇ ਕਿਤਾਬਾਂ ਲਿਆਉਣੀਆਂ, ਉਸੇ ਦਿਨ ਪੜ੍ਹਨੀਆਂ, ਅੱਖਾਂ ਦੁਖਾਅ ਲੈਣੀਆਂ। ਰਾਜਸਥਾਨ ਦੀਆਂ ਵੀਰ ਕਹਾਣੀਆਂ ਵੀ ਬਹੁਤ ਪੜ੍ਹੀਆਂ। 'ਸਪਾਰਟੇਕਸ', 'ਹਾਓ ਦ ਸਟੀਲ ਵਾਜ਼ ਟੇਂਪਰਡ', 'ਕੂਇਟ ਫ਼ਲੋਜ਼ ਦ ਡੌਨ', 'ਰੋਡ ਟੂ ਲਾਈਫ਼' ਤੋਂ ਇਲਾਵਾ ਟਾਲਸਟਾਇ ਦੀ 'ਰਿਸਰੱਕਸ਼ਨ' ਬਹੁਤ ਪ੍ਰਭਾਵਿਤ ਕੀਤਾ। ਸੋਮਰਸੇਟ ਮਾੱਮ ਪਿਆਰੇ ਲੱਗੇ, ਕੁਝ ਬਾਲਜ਼ਾਕ ਵੀ ਪੜ੍ਹਿਆ। ਕੁਝ ਅੰਗ੍ਰੇਜ਼ੀ ਮਹਾਂ-ਕਿਰਤਾਂ ਤੇ ਸ਼ੇਕਸਪੀਅਰ ਤੇ ਹੋਰ ਕਈ ਨਾਟਕ। 'ਰੂਟਸ' ਤੇ 'ਬਲੈਕ ਲਾਈਕ ਮੀ' ਤੇ 'ਹਵਾਈ' ਨਾਵਲਾਂ ਖ਼ਾਸ ਪ੍ਰਭਾਵਿਤ ਕੀਤਾ, ਜੋ ਕਾਲ਼ੇ ਆਦਿਵਾਸੀ ਲੋਕਾਂ ਬਾਰੇ ਹਨ। ਕਾਮੂ, ਸਾਰਤਰ, ਕਾਫ਼ਕਾ ਵੀ ਪੜ੍ਹੇ। ਚੇਖੋਵ, ਗੋਰਕੀ ਵੀ। 'ਜੈਜ਼' ਨਾਂ ਦੀ ਇਨਾਮ ਜੇਤੂ ਕਿਤਾਬ ਬਹੁਤ ਚੰਗੀ ਲੱਗੀ। ਮੁਨਸ਼ੀ ਪ੍ਰੇਮ ਚੰਦ ਲਈ ਖ਼ਾਸ ਪ੍ਰੇਮ ਰੱਖਦੀ ਹਾਂ, ਤੇ ਗਾਂਧੀ ਜੀ, ਟੈਗੋਰ ਦੇ ਲਈ ਵੀ। ਬੰਗਾਲੀ ਲੇਖਕਾਂ ਦੀਆਂ ਕਲਾਸਕੀ ਰਚਨਾਵਾਂ ਪੜ੍ਹੀਆਂ। ਪੂਰਨ ਸਿੰਘ, ਦੀਵਾਨ ਸਿੰਘ ਕਾਲੇਪਾਣੀ, ਗੁਰਬਖ਼ਸ਼ ਸਿੰਘ, ਨਵਤੇਜ ਸਿੰਘ ਤੋਂ ਇਲਾਵਾ ਕੁਲਵੰਤ ਸਿੰਘ ਵਿਰਕ, ਬੱਗਾ ਜੀ ਚੰਗੇ ਲੱਗੇ। ਸੂਫ਼ੀ ਕਵਿਤਾ ਕਾਲਜ 'ਚ ਪੜ੍ਹੀ, ਗੁਰਬਾਣੀ ਵਿਚੋਂ ਵੀ। ਰਾਮਾਇਣ ਵੀ ਦਸਵੀਂ 'ਚ, ਹਿਮਾਚਲ ਪੜ੍ਹਦਿਆਂ ਪੜ੍ਹੀ। ਸਭ ਦਾ ਅਸਰ ਪਿਆ।
ਸੁਮੀਤ ਦੀ ਮੌਤ ਤੋਂ ਬਾਅਦ ਜਿਵੇਂ ਉਹ ਆਰਾਮ ਦਾ ਮਾਹੌਲ, ਜੋ ਪੜ੍ਹਨ ਲਈ ਜ਼ਰੂਰੀ ਹੁੰਦਾ ਹੈ, ਗ਼ਾਇਬ ਹੀ ਹੋ ਗਿਆ। ਤੇ ਕਮਰ ਕਸ ਲਈ। 'ਪ੍ਰੀਤਲੜੀ' ਵਿਚ ਛਪਣ ਆਈਆਂ ਕਹਾਣੀਆਂ ਤੋਂ ਇਲਾਵਾ ਘੱਟ ਹੀ ਪੜ੍ਹਿਆ। ਰਾਜਨੀਤਕ ਤੇ ਆਰਥਕ, ਸਮਾਜਕ, ਮਨੋਵਿਗਿਆਨਕ ਲੇਖ ਆਦਿ ਜ਼ਰੂਰ ਪੜ੍ਹਦੀ ਰਹੀ ਹਾਂ।
ਹੁਣ ਬੱਚਿਆਂ ਨੇ ਫੇਰ ਕਿਤਾਬਾਂ ਅੱਗੇ ਰੱਖਣੀਆਂ ਸ਼ੁਰੂ ਕੀਤੀਆਂ ਹਨ। ਡੈਨ ਬ੍ਰਾਊਨ ਦੀਆਂ ਦੋ ਕਿਤਾਬਾਂ ਪੜ੍ਹੀਆਂ ਹਨ, ਪਰ ਹੋਰ ਵੀ ਕਈ ਕੁਝ ਪੜ੍ਹਨ ਵਾਲਾ ਪਿਆ ਹੈ...
? ਤੁਹਾਡੀ ਰੁਟੀਨ ਕੀ ਹੈ ਕੰਮ ਕਰਨ ਦੀ?
- ਕੋਈ ਰੁਟੀਨ ਨਹੀਂ, ਕੋਈ ਸਮਾਂ ਨਹੀਂ ਬੱਝਾ। ਕਦੇ ਸਾਰਾ ਦਿਨ ਤਾਂ ਕੀ, ਦੋ ਦੋ ਹਫ਼ਤੇ ਲਗਾਤਾਰ ਲੱਗ ਜਾਂਦੇ ਹਨ ਕੰਮ ਦੇ ਲੇਖੇ, ਸੌਂਦਿਆਂ-ਜਾਗਦਿਆਂ। ਪਰੂਫ਼ ਪੜ੍ਹਨੇ ਤਿੰਨ-ਚਾਰ ਵਾਰ, ਅਨੁਵਾਦ ਵੀ ਕਰਨਾ।
ਸਾਡੇ ਕੋਲ ਕਈ ਵਰ੍ਹਿਆਂ ਤੋਂ ਇਕ ਟਾਈਪਿਸਟ ਆਉਂਦੇ ਹਨ। ਉਨ੍ਹਾਂ ਦਾ ਟਾਈਮ ਹੈ ਕਿ ਉਹ ਰਾਤ ਨੂੰ ਸਾਢੇ ਅੱਠ ਵਜੇ ਆਉਂਦੇ ਹਨ ਤੇ 10-11 ਵਜੇ ਜਾਂਦੇ ਹਨ। ਕਦੀ ਸਾਰੀ ਰਾਤ ਵੀ ਲੱਗੇ ਰਹਿੰਦੇ ਹਨ, ਇਕ-ਅੱਧ ਦਿਨ।
ਹੌਲੀ-ਹੌਲੀ ਆਦਤ ਇਹੋ ਜਿਹੀ ਬਣ ਗਈ ਹੈ ਕਿ ਰਾਤ ਦੇਰ ਨਾਲ ਸੌਂ ਕੇ ਸਵੇਰੇ ਦੇਰ ਨਾਲ ਉੱਠ ਕੇ ਕੰਮ ਫੜ ਲੈਂਦੀ ਹਾਂ। ਫੇਰ ਇਕੋ ਥਾਂ 'ਤੇ ਬੈਠੀ ਕਈ ਘੰਟੇ ਲੰਘ ਜਾਂਦੇ ਹਨ। ਸਾਰੀ ਜ਼ਿੰਦਗੀ ਇਸ ਦੁਆਲੇ ਹੀ ਘੁੰਮਣ ਲੱਗ ਪਈ ਹੈ। ਬਾਹਰ ਘੱਟ-ਵੱਧ ਨਿਕਲਦੀ ਹਾਂ। ਗੁਆਂਢਣਾਂ ਵੀ ਕਹਿੰਦੀਆਂ ਹਨ ਕਿ ਕਦੇ ਦਿਸਦੀ ਨਹੀਂ! ਰਤੀ ਕੰਤ ਸਿੰਘ ਰੁਟੀਨ ਦਾ ਸਾਰਾ ਕੰਮ ਦੇਖਦੇ ਹਨ ਤੇ ਮੈਨੂੰ ਵੀ ਜੋਅ ਲੈਂਦੇ ਹਨ, ਜਦੋਂ ਲੋੜ ਪਏ। ਅੱਜ-ਕੱਲ੍ਹ ਯੋਗਾ ਕਰਦੀ ਹਾਂ, ਹਫ਼ਤੇ ਵਿਚ ਪੰਜ ਘੰਟੇ।
? ਸੰਪਾਦਕ ਵਜੋਂ ਕੰਮ ਕਰਦਿਆਂ ਤੁਹਾਨੂੰ ਹੋਰ ਔਕੜਾਂ ਦੇ ਨਾਲ-ਨਾਲ ਪੰਜਾਬੀ 'ਸ਼ਬਦ-ਜੋੜਾਂ' ਵਿਚ ਵਖਰੇਵੇਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਏਗਾ, ਇਸ ਔਕੜ ਨੂੰ ਕਿਵੇਂ ਪਾਰ ਕਰਦੇ ਹੋ?
- ਬੀ. ਏ. ਵਿਚ ਪੰਜਾਬੀ ਲਈ ਹੋਈ ਸੀ, ਖ਼ਾਸ ਵਿਸ਼ੇ ਵਜੋਂ, ਉਦੋਂ, ਜਦੋਂ ਇਹ ਕੋਈ ਜ਼ਰੂਰੀ ਨਹੀਂ ਸੀ। ਉਦੋਂ ਜੋ ਸਿੱਖਿਆ, ਉਸ ਮੁਤਾਬਕ ਹੀ ਚੱਲਣ ਦੀ ਕੋਸ਼ਿਸ਼ ਹੈ, ਸੁਤੇ-ਸਿੱਧ। ਜਿਵੇਂ 'ੜ' ਤੋਂ ਬਾਅਦ 'ਨ' ਆਏਗਾ 'ਣ' ਨਹੀਂ, ਜਿਵੇਂ 'ਬਨਾਉਣ' ਲਿਖਦੀ ਹਾ, 'ਬਣਾਉਣ' ਨਹੀਂ। ਇਹ ਵੀ ਪੜ੍ਹਿਆ ਸੀ ਕਿ 'ਰ' ਤੋਂ ਬਾਅਦ ਵੀ 'ਨ' ਆਏਗਾ, 'ਣ' ਨਹੀਂ, ਤਾਂ ਫੇਰ 'ਵਾਤਾਵਰਨ' ਲਿਖਿਆ ਜਾਏ ਕਿ 'ਵਾਤਾਵਰਣ', 'ਖੜ੍ਹਨ' ਕਿ 'ਖੜ੍ਹਣ'.... ਇਹੋ ਜਿਹੇ ਸ਼ਬਦਾਂ 'ਤੇ ਜ਼ਰੂਰ ਅੜਦੀ ਹਾਂ ਅਜੇ ਵੀ।
? ਦੂਜੀਆਂ ਭਾਸ਼ਾਵਾਂ ਦੇ ਰਸਾਲਿਆਂ ਦੇ ਮੁਕਾਬਲੇ ਤੁਸੀਂ ਪੰਜਾਬੀ ਦੇ ਮੌਜੂਦਾ ਰਸਾਲਿਆਂ ਦੇ ਮਿਆਰ ਤੇ ਨੁਹਾਰ ਵਿਚ ਕੀ ਕਮੀ ਜਾਂ ਖ਼ੂਬੀ ਵੇਖਦੇ ਹੋ?
- ਹਰ ਰਸਾਲੇ ਦੀ ਇਕ ਵੱਖਰੀ ਸ਼ਖ਼ਸੀਅਤ ਹੁੰਦੀ ਹੈ, ਹਰ ਇਕ ਦਾ ਇਕ ਵੱਖਰਾ ਮਕਸਦ ਹੁੰਦਾ ਹੈ। ਇਹ ਜਦੋਂ ਅੰਗਰੇਜ਼ੀ ਰਸਾਲਿਆਂ ਵਿਚ ਸੂਬਿਆਂ ਲਈ ਵੱਖਰਾ ਇਕ-ਇਕ ਸਫ਼ਾ, ਅਰਥਚਾਰੇ ਲਈ ਵੱਖਰਾ, ਆਦਿ, ਵਾਲਾ ਫਾਰਮੈਟ ਬਣ ਗਿਆ ਤਾਂ ਸਿਰਫ਼ ਖਾਨਾਪੂਰਤੀ ਲਈ ਬਹੁਤ ਸਾਰਾ ਮਸੌਦਾ ਉਨ੍ਹਾਂ ਵਿਚ ਆਉਂਦਾ ਸੀ। ਫਿਰ ਡੂੰਘਾਈ, ਪਕੜ, ਪਛਾਣ, ਦਿਸ਼ਾ ਆਉਣ ਲੱਗੇ।
ਟੀ. ਵੀ. ਵੀ ਇਕ ਜਿਊਂਦਾ ਰਸਾਲਾ ਹੀ ਹੈ। ਅੰਗਰੇਜ਼ੀ ਅਖ਼ਬਾਰਾਂ ਦੇ ਲੇਖਾਂ ਅਤੇ ਟੀ. ਵੀ. ਤੋਂ ਵੀ ਪ੍ਰਭਾਵ ਲੈਂਦੀ ਹਾਂ। ਅਰਨਬ ਗੋਸਵਾਮੀ, ਬਰਖਾ ਦੱਤ, ਰਵੀਸ਼ਂਇਹ ਰੋਜ਼ਾਨਾ ਸੁਆਲ-ਜੁਆਬ ਦਾ ਸਿਲਸਿਲਾ ਅੱਛਾ ਚੱਲ ਰਿਹਾ ਹੈ।
? ਆਖ਼ਿਰ, ਉਹ ਕੀ ਚੀਜ਼ ਹੈ, ਜਿਸ ਕਰਕੇ 'ਪ੍ਰੀਤਲੜੀ' ਨੇ ਪਿਛਲੇ 80 ਸਾਲਾਂ ਤੋਂ ਪਾਠਕਾਂ ਵਿਚ ਆਪਣਾ ਮੋਹ ਤੇ ਮਿਆਰ ਬਰਕਰਾਰ ਰੱਖਿਆ ਹੋਇਐ?
- 1933 ਵਿਚ ਇਹ ਰਸਾਲਾ ਸ਼ੁਰੂ ਕੀਤਾ ਗਿਆ ਸੀ- ਗੁਰਬਖ਼ਸ਼ ਸਿੰਘ ਨਾਂ ਦੇ ਇਕ ਸੁਫ਼ਨਸਾਜ਼ ਵਲੋਂ, ਆਪਣੇ 39ਵੇਂ ਸਾਲ ਵਿਚ। ਉਨ੍ਹਾਂ ਦੇ ਅੰਦਰ ਪਿਆਰ ਠਾਠਾਂ ਮਾਰਦਾ ਸੀ। ਇਸਦੀ ਵਜ੍ਹਾ ਕਰਕੇ ਹੀ ਉਹ ਦੁਨੀਆਂ ਦੇਖਣੀ-ਦਿਖਾਉਣੀ ਚਾਹੁੰਦੇ ਸੀ, ਆਪਣੇ ਦੇਸ ਵਾਸੀਆਂ ਨੂੰ ਤੇ ਉਨ੍ਹਾਂ ਦੀਆਂ ਪੀੜ੍ਹੀਆਂ ਨੂੰ। ਉਹ 'ਬਿਹਤਰ ਜ਼ਿੰਦਗੀ' ਜਿਊਣ ਦੇ ਇੰਜੀਨੀਅਰ ਸਨ, ਮੇਰੀ ਜਾਚੇ। ਆਪਣੇ ਸਮਿਆਂ ਦੇ ਵਿਚ ਇਹ ਰਾਹ ਲੱਭਿਆ ਤੇ ਦੱਸਿਆ। ਸਿੱਖ-ਹਿੰਦੂ-ਬੋਧ ਵਿਰਸੇ ਨੂੰ ਨਵੀਂ ਦੁਨੀਆਂ ਵਿਚ ਹਾਣ ਦਾ ਕਰਨਾ ਚਾਹਿਆ।
ਕਿਸ ਮਾਂ ਦਾ ਦੁੱਧ ਪੀਤਾ ਸੀ ਉਨ੍ਹਾਂ, ਕਿਸ ਪਿਓ ਦੀ ਛੇਤੀ ਖੋਹੀ ਗਈ ਛਾਂ ਦੀ ਬਖ਼ਸ਼ਿਸ਼ ਸੀ, ਕਿਸ ਬਾਬੇ ਚੰਦਾ ਸਿੰਘ ਦੀਆਂ ਦਿੱਤੀਆਂ ਅਗਵਾਈਆਂ ਦਾ ਅਤੇ ਕਿਸ ਭੈਣ ਦਾ ਸੁੱਚਾ ਸਨੇਹ, ਕਿਨ੍ਹਾਂ ਛੋਟੇ ਵੀਰਾਂ ਦੀ ਖ਼ੁਸ਼ੀ ਤੇ ਤਰੱਕੀ ਲਈ ਲੋਚਾ - ਕਿਸ ਪਤਨੀ-ਦੁਆਈ ਵਿਦੇਸ਼ੀ ਪੜ੍ਹਾਈ ਦਾ ਕੌਤਕ, ਗੁਜ਼ਰ ਚੁੱਕੇ ਜ਼ਹੀਨ ਪਿਤਾ ਦੇ ਕਿਸ ਦੋਸਤਾਨਾ ਰਿਸ਼ਤੇ ਦੀ ਦੋਸਤੀ ਦਾ ਪਰਤਾਪ ਜਿਨ੍ਹਾਂ ਪਰਿਵਾਰ ਦੇ ਇਸ ਨੌਜਵਾਨ ਕਰਤਾ ਦਾ ਕਰਤਾ-ਪੁਣਾ ਸਾਂਭਣਾ ਮੰਨ ਲਿਆ ਸੀ, ਉਸ ਦੀ ਆਲ੍ਹਾ ਪੜ੍ਹਾਈ ਲਈ ਕਿਸ ਸੱਚੀ ਰੀਝ ਨੂੰ ਪਛਾਣ ਕੇ...?
ਮਸਾਂ ਲੱਭੀ ਨੌਕਰੀ ਕਰਦਿਆਂ ਵੀ ਉਹ ਕਿਹੜਾ ਦੇਸ਼ਭਗਤਕ ਜਜ਼ਬਾ ਸੀ, ਜਿਸ ਕਰਕੇ ਆਲ੍ਹਾ ਨੌਕਰੀ ਦੀ ਸਹੂਲਤਾਂ ਵਾਲੀ ਜ਼ਿੰਦਗੀ ਨੂੰ ਛੱਡ ਕੇ-ਅਣਦਿਸਦੇ ਭਵਿੱਖ ਦੇ ਸਮੁੰਦਰ ਵਿਚ-ਛਾਲ ਮਾਰੀ ਅਤੇ ਫਿਰ ਖੇਤੀ ਦੇ ਨਵੇਂ ਸੰਦ, ਟ੍ਰੈਕਟਰ, ਨਾਲ ਖੇਤੀ ਦਾ ਰਾਹ ਅਜ਼ਮਾਇਆ-ਦਰਸਾਇਆ? ਵਿਚਾਰਾਂ ਦੀ ਪ੍ਰਬਲਤਾ ਦੀ ਲਹਿਰ ਦਾ ਕਿਹੜਾ ਹਿਲੋਰ ਕਿ ਗੁਰੂ ਨਾਨਕ ਸਾਹਿਬ ਉਤੇ ਆਪਣੀਆਂ ਨਵੇਂ ਜ਼ਮਾਨਿਆਂ ਦੀਆਂ ਨਜ਼ਰਾਂ ਨਾਲ ਲਿਖਿਆ, ਅਤੇ ਮਗਰੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਉਤੇ, ਪਰਮ-ਮਨੁੱਖ ਆਖ? ਕੀ ਉਨ੍ਹਾਂ ਦੀ ਨਜ਼ਰ ਦੀ ਦੂਰਦ੍ਰਿਸ਼ਟੀ ਨੇ ਬਹੁਤ ਸਾਰੀਆਂ ਮੁਸੀਬਤਾਂ ਤੋਂ ਨਹੀਂ ਸੀ ਬਚਾਅ ਰੱਖਣਾਂਪੰਜਾਬ ਅਤੇ ਪੰਜਾਬੀਆਂ ਨੂੰ?? ਪਰ ਸਮੇਂ ਦੀਆਂ ਤਾਕਤਾਂ ਅਤੇ ਕਮਜ਼ੋਰੀਆਂ ਨੇ ਆਪਣੀ ਪੁਗਾਈ ਹੀ ਸੀ...
ਦਿਲ ਦੀ ਉਹ ਕਿਹੜੀ ਲਿਸ਼ਕ ਸੀ, ਸਰਬਵਿਅਪੀ ਪ੍ਰੀਤ ਵਿਚ ਵਿਸ਼ਵਾਸ ਦੀ, ਕਿ ਹਜ਼ਾਰਾਂ ਲੋਕਾਂ ਨੂੰ ਛੋਹ ਗਈ ਤੇ ਸਭ ਨੂੰ ਅਗਾਂਹ ਵਧਣ ਲਈ ਰਾਹ ਦਿਖਾਉਣ ਲੱਗੀ?
ਵੇਖਿਆ ਜਾਵੇ ਤਾਂ, ਪ੍ਰੀਤ ਦੀ ਸਰਬਵਿਆਪਕਤਾ ਨੂੰ, ਸੁਲਹਿਕੁਲ ਦੇ ਉੱਚ-ਇਨਸਾਨੀ ਟੀਚੇ ਨੂੰ- ਕੀ ਕੀ ਅਜਮਾਇਸ਼ਾਂ ਵਿਚੋਂ ਦੀ ਨਹੀਂ ਲੰਘਣਾ ਪਿਆ? ਕਿਥੇ ਤਾਂ ਗੁਲਾਮ ਬਨਾਉਣੇ, ਹੋਰ ਮੁਲਕਾਂ ਨੂੰ ਬਸਤੀਆਂ ਬਨਾਉਣਾ, ਮਜ਼ਹਬ ਦੇ ਨਾਂ 'ਤੇ ਜ਼ੁਲਮ, ਨਫ਼ੇ ਦੇ ਨਾਂ ਉਤੇ ਅਮਾਨਵੀ ਲਾਲਚਂ...ਮੇਰੀ ਜਾਚੇ ਇਸ ਸਭ ਦੇ ਜਵਾਬ ਵਿਚ ''ਪ੍ਰੀਤ'' ਦਾ ਦੋ ਤਰ੍ਹਾਂ ਨਾਲ ਜਵਾਬ ਬਣਨਾ ਨਜ਼ਰ ਆਉਂਦਾ ਹੈ : ਸਿੱਧੀ ਸਾਫ਼ ਪ੍ਰੀਤ ਅਤੇ 'ਪੁੱਠੀ ਪ੍ਰੀਤ'। ਪੁੱਠੀ ਪ੍ਰੀਤ, ਯਾਨੀ, ਕਮਦਿਲੀ ਨਾਲ ਕੀਤੀ ਸੌੜੀ ''ਪ੍ਰੀਤ'' ਨੂੰ ਹਥਿਆਰ ਬਣਾਅ ਕੇ ਧੱਕੇਸ਼ਾਹੀ-ਦਹਿਸ਼ਤਗਰਦੀ ਦਾ ਕੋਈ ਜਵਾਬ ਲੱਭਣਾ।
ਸਿੱਧੀ ਪ੍ਰੀਤ ਯਾਨੀ ਹਰ ਹਾਲ ਇਨਸਾਨ ਦੇ ਇੱਕੋ ਵਿਸ਼ਾਲ ਟੱਬਰ ਹੋਣ ਦੇ ਅਸੂਲ ਦਾ ਪੱਲਾ ਕਦੇ ਨਾ ਛੱਡਣਾ, ਪਲ ਭਰ ਲਈ ਵੀ ਨਹੀਂ। 'ਦੁਸ਼ਮਣ' ਉਤੇ ਵਾਰ ਕਰਦਿਆਂ ਵੀ ਨਹੀਂ ਭੁੱਲਣਾ ਕਿ ਅਸਲ ਵਿਚ ਦੁਸ਼ਮਣੀ ਕੋਈ ਵੀ ਨਹੀਂ। ਸਿਰਫ਼ ਅਸੂਲ ਹੈਂਸਰਵਵਿਆਪੀ ਪ੍ਰੀਤ ਦਾ ਅਸੂਲ।
ਇਨਸਾਨ ਜ਼ਾਤ ਦੀਆਂ ਬਹੁਤ ਹੀ ਗੁੰਝਲਦਾਰ ਹੋ ਚੁੱਕੀਆਂ ਲੋੜਾਂ-ਤਰੱਕੀਆਂ-ਅਰਥਚਾਰਿਆਂ ਦੇ ਅਜੋਕੇ ਜੰਗਲ ਵਿਚ ਵੀ, ਇਸ ਪ੍ਰੀਤ ਦੀ ਜਿੱਤ ਉਤੇ ਅਤੇ ਇਸ ਪ੍ਰੀਤ ਦਿਆਂ ਸੈਨਿਕਾਂ ਉਤੇ ਭਰੋਸਾ ਰੱਖਣਾ- ਅੱਜ ਭਾਵੇਂ ਬੜਾ ਔਖਾ ਜਾਪਦਾ ਹੈ, ਪਰ ਹੈ ਜ਼ਰੂਰੀ। ਕਿਉਂਕਿ ਚੜ੍ਹਦੀ ਕਲਾ ਨਾਲ ਰਾਹ ਲੱਭਣ ਤੋਂ ਬਿਨਾ ਹੱਲ ਨਹੀਂ ਸੰਭਵ। ਭਰਮ, ਭੁਲੇਖੇ, ਈਰਖਾਵਾਂ, ਜਿੱਤਾਂ, ਨਫ਼ਰਤਾਂ, ਦੁਸ਼ਮਣੀਆਂ, ਗੁੱਟਬਾਜ਼ੀਆਂ, ਲਾਮਬੰਦੀਆਂ, ਝੰਡੇ; ਇਹ ਸਭ ਇਨਸਾਨੀ ਜਜ਼ਬਿਆਂ ਵਿਚੋਂ ਹੀ ਨਿਕਲਦੇ ਹਨ - ਪਰ ਜੇ ਇਹ ਸਰਬਵਿਆਪੀ ਪ੍ਰੀਤ ਦੇ ਤਾਣੇ ਬਾਣੇ ਵਿਚ ਪਰੋਏ ਹੋਏ ਨਹੀਂ ਹਨਂਤਾਂ ਇਹ ਤੇ ਇਨ੍ਹਾਂ ਦੇ ਧਾਰਨੀ ਇਤਿਹਾਸ ਦੇ ਕੂੜੇ-ਦਾਨਾਂ ਵਿਚ ਚਲੇ ਜਾਣਗੇ।
ਜਾਨਵਰ ਅਤੇ ਬਨਸਪਤੀ ਲਈ ਵੀ ਪ੍ਰੀਤ, ਦਿਸਦੇ ਅਣਦਿਸਦੇ ਲਈ ਵੀ ਪ੍ਰੀਤ, ਬਣੇ-ਅਣਬਣੇ ਲਈ ਵੀ ਪ੍ਰੀਤ- ਕਿਉਂਕਿ ਸਿਰਫ਼ ਇਸ ਨਾਲ ਪੂਰਨ ਤਸੱਲੀ ਹੁੰਦੀ ਹੈ, ਪੂਰੀ ਠੰਢ ਪੈਂਦੀ ਹੈ, ਪੈ ਸਕਦੀ ਹੈ। ਤੇ ਇਨਸਾਨ ਪੂਰੀ ਠੰਢ-ਤਸੱਲੀ-ਖੁਸ਼ੀ ਦੀ ਤਲਾਸ਼ ਵਿਚ ਸਹਿਕਦੀ ਆਤਮਾ ਹੈ, ਬੁਨਿਆਦੀ ਤੌਰ 'ਤੇ, ਢਿੱਡ ਹੀ ਨਹੀਂ ਹੈ ਇਕ। ਸੌੜੀ ਪ੍ਰੀਤ ਹੀ ਨਹੀਂ ਹੈ ਕੋਈ।
ਪ੍ਰੀਤ ਹੈ, ਰਹੇਗੀ, ਜਿੱਤੀ ਹੈ, ਜਿੱਤੇਗੀ। ਅਜਿੱਤ ਹੈ (ਹਾਰ ਨਹੀਂ ਸਕਦੀ।) ਇਹ ਰੱਬ ਦੀ 'ਹੋਂਦ', 'ਅਣਹੋਂਦ' ਦੇ ਦਰਮਿਆਨ ਦਾ ਸੱਚ ਹੈ। ਰੱਬ ਵਰਗਾ ਸੱਚ। ਪ੍ਰੀਤਲੜੀ ਦੀ ਹੋਂਦ ਦੀ ਵਜ੍ਹਾ ਪ੍ਰੀਤ ਹੀ ਹੈ। ਪ੍ਰੀਤ ਮਾਰਗ ਵਿਚ ਪ੍ਰੀਤਲੜੀ ਦਾ 83ਵਾਂ ਵਰ੍ਹਾ ਹੈ। ਪ੍ਰੀਤ ਨੂੰ ਮੁਬਾਰਕ ਉਸਦਾ ਆਪਣਾ ਆਪਂਕਿਉਂਕਿ ''ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ'' ਤੇ ''ਇਸ਼ਕ ਕੀਤਾ ਸੀ ਜੱਗ ਦਾ ਮੂਲ ਮੀਆਂ''।
ਅਸੀਂ ਨੌਵੀਂ ਜਮਾਤ ਵਿਚ ਸੀ ਜਦੋਂ ਹਿਮਾਚਲ ਪ੍ਰਦੇਸ਼ ਦੀ ਇਕ ਜਮਾਤ ਵਿਚ ਬੈਠ, ਪੰਜਾਬੀ ਦੀ ਪੜ੍ਹਾਈ ਕਰਦਿਆਂ, ਗੁਰਬਖਸ਼ ਸਿੰਘ ਦੀ ''ਭਾਬੀ ਮੈਣਾ'' ਪੜ੍ਹੀ ਤੇ ਅਚੰਭੇ ਭਰੇ ਅੱਥਰੂ ਆ ਗਏ ਅੱਖਾਂ ਵਿਚ, ਜਦੋਂ ਇਸ ਲਿਖਤ ਦੇ ਢਿੱਡ ਵਿਚ ਇਹ ਸਮਝ ਪਈ - ਪਿਆਰ ਹੈ! ਜਜ਼ਬਾ ਹੈ! ਕੁਰਬਾਨੀ ਹੈ! ਪਿਆਰ ਦੀ ਭੁੱਖ ਹੈ! ਅਤੇ ਦੁਨੀਆਂ ਵਿਚ ਇਕ ਵਿਸ਼ਵਾਸ ਨਾਲ ਜਿਊਣਾ ''ਚੰਗਾ ਚੰਗਾ'' ਲੱਗਾ ਸੀ। 10ਵੀਂ ਤੋਂ ਬਾਅਦ ਜਦ ਇਕ ਵਾਰੀ ਮੇਰੇ ਪਿਤਾ ਮੈਨੂੰ ਸਮਝਾਅ-ਮਨਾਅ ਦਿੱਤਾ ਕਿ ਰੱਬ ਨਹੀਂ ਹੈ, ਘਟੋਘਟ ਜਿਹੋ ਜਿਹਾ ਚਿਤਵਿਆ ਹੁੰਦਾ ਹੈਂਤਾਂ ਸ. ਗੁਰਬਖ਼ਸ਼ ਸਿੰਘ ਨੂੰ ਚਿੱਠੀ ਲਿਖੀ ਸੀ ਮੈਂ ਕਿ 'ਰੱਬ ਨਹੀਂ ਹੈ ਪਰ ਸ਼ੁਕਰ ਹੈ ਤੁਸੀਂ ਹੋ!'
ਗ਼ਦਰੀ ਬਾਬਿਆਂ ਨੇ, ਭਗਤ ਸਿੰਘ ਨੇ ਪ੍ਰੇਮ ਵਿਚ ਆ ਕੇ ਜਾਇਦਾਦਾਂ ਨੂੰ ਹੀ ਨਹੀਂ ਜ਼ਿੰਦਗੀ ਨੂੰ ਵੀ ਕੁਰਬਾਨ ਕੀਤਾ। ਇਸੇ ਤਰ੍ਹਾਂ ਭਗਤ ਸਿੰਘ ਦੀ ਕੁਰਬਾਨੀ ਤੋਂ ਪ੍ਰਭਾਵਤ ਹੋ ਕੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਅੰਗ੍ਰੇਜ਼ਾਂ ਹੇਠ ਰੇਲਵੇ ਵਿਚ ਇੰਜੀਨੀਅਰ ਦੀ ਨੌਕਰੀ ਛੱਡ ਕੇ ਪਹਿਲਾਂ 'ਨਵੀਨ ਖੇਤੀ' ਤੇ ਫਿਰ 'ਪ੍ਰੀਤਲੜੀ' ਚਲਾਉਣ ਲਈ ਅਣਦਿਸਦੇ ਭਵਿੱਖ ਵਿਚ ਛਾਲ ਮਾਰੀ। ਉਨ੍ਹਾਂ ਦੇ ਸਿਦਕ ਤੇ ਸਿਰੜ ਦੇ ਪ੍ਰੇਰੇ ਹੀ ਪਰਵਾਰ ਦੇ ਕੋਈ ਨਾ ਕੋਈ ਜੀਅ ਲੰਮੇ ਪੈਂਡੇ ਤੁਰਦੇ ਆਏ ਹਨ।
? ਇਸੇ ਲੰਮੇ ਪੈਂਡੇ ਦਾ ਇਕ ਅਥੱਕ ਤੇ ਅਡਿਗ ਪਾਂਧੀ ਸੀ ਸੁਮੀਤ ਸਿੰਘ, ਫ਼ਰਵਰੀ 1984 ਵਿਚ 'ਵੱਖਵਾਦੀਆਂ' ਨੇ ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ, ਆਖ਼ਿਰ ਇਹ ਹਾਲਾਤ ਕਿਵੇਂ ਬਣੇ?
- ਸੁਮੀਤ ਨਾਲ ਮੇਰੇ ਪਿਆਰ-ਵਿਆਹ ਨੂੰ ਸੱਤ ਸਾਲ ਹੋ ਗਏ ਸਨ। ਉਨ੍ਹਾਂ ਨੇ ਆਪਣੀਆਂ 'ਸੰਪਾਦਕੀਆਂ' ਵਿਚ 'ਵੱਖਵਾਦੀਆਂ' ਤੇ 'ਕੱਟੜਪੰਥੀਆਂ' ਨੂੰ ਗੁਰਬਾਣੀ ਦੀ ਵਿਸ਼ਾਲਤਾ ਦੇ ਸੱਚ ਦੇ ਸ਼ੀਸ਼ੇ ਵਿਚ ਉਨ੍ਹਾਂ ਦਾ ਚਿਹਰਾ ਦਿਖਾਉਣ ਲਈ ਵਾਹ ਲਾਈ, ਜਿਸ ਕਰਕੇ ਕੁਝ ਲੋਕਾਂ ਸੋਚ ਲਿਆ ਕੇ ਤੇ ਇਕ ਨੇ ਜਾਣ ਬੁੱਝ ਕੇ ਪ੍ਰਚਾਰਿਆ ਕਿ ਜਾਣ ਬੁੱਝ ਕੇ ਮਾਰੇ ਗਏ। ਪਰ ਸੁਮੀਤ ਦੀ ਹੱਤਿਆ ਇਕ ਮਾੜਾ ਇਤਫ਼ਾਕ ਸੀ, ਮਾਰਨ ਵਾਲੇ 'ਸਿਰਫ਼ ਉਨ੍ਹਾਂ ਨੂੰ' ਹੀ ਮਾਰਨ ਦੇ ਇਰਾਦੇ ਨਾਲ ਨਹੀਂ ਆਏ ਸਨ।
ਦਰਅਸਲ, ਰੱਤੀ ਕੰਤ ਤੇ ਸੁਮੀਤ ਦੋਵੇਂ ਮੋਟਰ-ਸਾਈਕਲ 'ਤੇ ਪ੍ਰੀਤਨਗਰ ਦੇ ਨਾਲ ਲੋਪੋਕੇ ਪਿੰਡ ਦੇ ਬਾਜ਼ਾਰ ਵਿਚੋਂ ਲੰਘ ਰਹੇ ਸਨ, ਜਿਥੇ 'ਮੌਤ ਉਗਲਦੀਆਂ ਸੰਗੀਨਾਂ' ਨੇ ਫ਼ਨ ਪਸਾਰਿਆ ਹੋਇਆ ਸੀ। ਉਨ੍ਹਾਂ ਨੇ ਇਨ੍ਹਾਂ ਭਰਾਵਾਂ ਨੂੰ ਵੀ ਰੋਕ ਲਿਆ। ਰੱਤੀ ਕੰਤ ਦੇ ਤਾਂ ਪੱਗ ਬੰਨ੍ਹੀ ਸੀ ਤੇ ਸੁਮੀਤ ਆਪਣੇ ਆਮ (ਵਾਲ ਕੱਟੇ) ਰੂਪ ਵਿਚ ਸੀ। ਰਤੀ ਕੰਤ ਨੇ ਕਾਫ਼ੀ ਕਿਹਾ ਕਿ ਇਹ ਮੇਰਾ ਭਰਾ ਹੈ, ਸਿੱਖ ਹੈ, ਪਰ 'ਕੱਟੜਪੰਥੀਆਂ' ਕਦ ਕਿਸੇ ਦੀ ਸੁਣੀ ਹੈ। ਅਖੇ 'ਅਜੀਤ ਸਿੰਘ ਬਣਦਾ ਹੈ?' ਉਦੋਂ ਅਖ਼ਬਾਰਾਂ ਵਿਚ ਆਇਆ ਸੀ ਕਿ ਇਸ ਤੋਂ ਪਹਿਲਾਂ ਹੋਏ ਢਿਲਵਾਂ ਬਸ ਕਾਂਡ ਵਿਚ ਜਦੋਂ ਹਿੰਦੂ ਕੱਢ ਕੇ ਮਾਰੇ ਗਏ ਸਨ, ਇਕ ਅਜੀਤ ਸਿੰਘ ਨਾਂ ਦੇ ਨਿਹੰਗ ਨੇ ਆਪਣੇ ਨਾਲ ਬੈਠਾ ਹਿੰਦੂ ਬਚਾਅ ਲਿਆ ਸੀ, ਇਹ ਆਖ ਕੇ ਕਿਂਮੇਰਾ ਪੁੱਤਰ ਹੈ। ਉਨ੍ਹਾਂ ਉਥੇ ਬਾਜ਼ਾਰ ਵਿਚ ਮੌਜੂਦ ਹਿੰਦੂ ਦੁਕਾਨਦਾਰਾਂ ਦੇ ਖ਼ੂਨ ਨਾਲ ਵੀ ਆਪਣੇ ਹੱਥ ਰੰਗੇ।
ਸੁਮੀਤ ਸਿੰਘ ਨੂੰ ਉਨ੍ਹਾਂ ਦੀ 31ਵੀਂ ਬਹਾਰ ਆਪਣੇ ਨਾਲ ਹੀ ਲੈ ਗਈਂ 22 ਫ਼ਰਵਰੀ 84 ਨੂੰ। ਇਸਨੂੰ ਵੀ ਹੁਣ 32 ਬਹਾਰਾਂ ਹੋ ਗਈਆਂ ਹਨ। ਹਰ ਬਹਾਰੇ ਓਹੋ ਹਵਾ ਚੱਲਦੀ ਹੈ ਪਰ ਸ਼ੁਕਰ ਹੈ ਹੁਣ ਸਿਰਫ਼ ਪਤੰਗ ਉੱਡਦੇ ਹਨ ਤੇ ਬੋ-ਕਾਟਾ ਹੁੰਦੇ ਹਨ, ਡੋਰਾਂ ਹੀ ਖਹਿੰਦੀਆਂ ਹਨ, ਨਿਆਣੇ ਹੀ ਰੌਲੇ ਪਾਉਂਦੇ ਹਨ...
? ਤੁਸੀਂ ਪੇਕਿਆਂ ਵੱਲੋਂ ਆਰੀਆ ਸਮਾਜੀ ਹਿੰਦੂ ਬ੍ਰਾਹਮਣ ਹੋ ਤੇ ਸਹੁਰਿਆਂ ਵੱਲੋਂ ਸਿੱਖ, ਕੀ ਦੋਵੇਂ ਧਰਮਾਂ ਨਾਲ ਵਿਚਰਦਿਆਂ ਕਿਸੇ ਬਿਮਾਰ ਜਾਂ ਉਲਾਰ ਮਨੋਬਿਰਤੀ ਵਾਲੇ 'ਧਰਮੀ' (ਅਧਰਮੀ) ਨਾਲ ਵਾਹ ਪਿਆ ਹੈ?
- ਕਈ ਮਹੀਨੇ ਪਹਿਲਾਂ ਕੰਪਿਊਟਰੀ ਡਾਕ ਵਿਚ ਇਕ ਪਿਆਰੇ, ਬਜ਼ੁਰਗ, ਜਿਗਿਆਸੂ, ਸਿੱਖ ਪਾਠਕ-ਮਿੱਤਰ ਰਾਹੀਂ ਕਿਸੇ ਇੰਗਲੈਂਡ ਤੋਂ ਸੁਨੇਹਾ ਪਹੁੰਚਾਇਆ ਹੈ ਕਿ ਇਹ ਕਲਮ ਵਾਲੀ ਸਿੱਖੀ ਬਾਰੇ ਨਾ ਲਿਖਿਆ ਕਰੇ! ਜੁਆਬ ਦੇਣ ਦੀ ਥਾਂ ਜ਼ੁਬਾਨ-ਬੰਦੀ! ਕੰਪਿਊਟਰ ਉਤੇ ਹੀ ਅਸੀਂ ਹਰ ਇਕ ਦੇ ਪੜ੍ਹਨ ਲਈ ਇਕ ਸੁਨੇਹਾ ਦਿੱਤਾ ਹੈ ਕਿ ਕੀ ਸਿੱਖੀ ਵੀ ਹੁਣ ਇਕ 'ਬੰਦ ਕਹਾਣੀ' ਹੈ? ਕੀ ਸੁਮੱਚੀ ਵਿਸ਼ਵੀ ਸਾਂਝ ਦੀ ਨੁਮਾਇੰਦਗੀ ਅਤੇ ਸਾਂਝ ਲਈ ਫੇਰ ਤੋਂ ਕੋਈ ਨਵਾਂ ਧਰਮ ਬਣਨਾ ਪਏਗਾ? ਤੇ ਜਿਹੜੇ ਪਰਿਵਾਰਾਂ ਨੇ ਆਪਣੇ ਲਾਡਲੇ ਜੇਠੇ ਪੁੱਤਰ ਗੁਰੂ ਉਤੋਂ ਵਾਰੇ - ਕੀ ਉਨ੍ਹਾਂ ਦਿਆਂ ਵਾਰਸਾਂ ਨੂੰ ਕੋਈ ਹੱਕ ਨਹੀਂ ਪੁੱਛਣ ਦਾ ਕਿ ਉਨ੍ਹਾਂ ਨੂੰ ਨੀਵਾਂ-ਭੈੜਾ-ਕਤਲ ਕਰਨ ਯੋਗ/ਮਖੌਲ ਕਰਨ ਯੋਗ, ਪਰ ਸਵਾਲ ਨਾ ਕਰਨ ਯੋਗ, ਕਿਉਂ ਤੇ ਕਿਸ ਗਰਦਾਨਿਆ ਹੈ? ਸਬੱਬੀਂ ਦੱਸਾਂ, ਸਾਡਾ ਹੀ 1774 ਈਸਵੀ ਵਿਚ ਇਕ ਪੁਰਖਾ ''ਦੀਵਾਨ ਸਿੰਘ'' ਲੱਭਾ ਹੈ- ਗੰਗਾ ਜਾ ਕੇ ਫੋਲਿਆਂ। ਉਸ ਦੀਵਾਨ ਸਿੰਘ ਦੀ ਔਲਾਦ ਨੂੰ ਤਾਂ ਪੁੱਛਣਾ ਬਣਦਾ ਹੀ ਹੋਵੇਗਾ ਕਿ ਉਨ੍ਹਾਂ ਜਿਸ ਪਿਆਰ ਦੀ ਨਦੀ ਨੂੰ ਅਪਨਾਇਆ ਸੀ, ਕੀ ਉਹ ਸਰਸਵਤੀ ਵਾਂਗ ਅਲੋਪ ਤਾਂ ਨਹੀਂ ਹੋਈ? ਇਸਲਾਮ ਨਾਲ ਸਿੱਖਣ-ਵਧਣ-ਖਹਿਣ ਦਾ ਅਰਥ ਇਹ ਤਾਂ ਨਹੀਂ ਸੀ ਹੋਣਾ ਚਾਹੀਦਾ। ਸਾਨੂੰ, ਗੁਰੂਆਂ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਸਾਰੇ ਭਾਰਤ ਨੂੰ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦਾ ਪਿਆਰ, ਮਜਬੂਰ ਨਹੀਂ ਕਰੇਗਾ ਤਾਂ ਕੀ ਕਰੇਗਾ? ਵੈਸੇ ਵੀ ਸਿੰਘ ਦੇ ਪੰਜ ਕੱਕੇ ਪ੍ਰਥਮ ਤੌਰ 'ਤੇ ਪ੍ਰੇਮ ਲਈ ਹਨ, ਅ-ਪ੍ਰੇਮ ਲਈ ਨਹੀਂ।
ਗੁਰੂ ਨਾਨਕ ਦੇ ਏਕੇ ਅਤੇ ਇੱਕਤਾ ਦੇ ਫ਼ਲਸਫ਼ੇ ਦੇ ਟੀਸੀ ਦੇ ਫੁੱਲ ਸਨ ਗੁਰੁ ਤੇਗ ਬਹਾਦਰ। ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਾਲਪਣ ਵਿਚ ਹੀ 'ਤੁਹਾਡੇ ਤੋਂ ਵੱਡਾ ਕੌਣ?' ਆਖ ਦਿੱਤਾ ਸੀ, ਤੇ ਜਿਨ੍ਹਾਂ ਜਿਹਿਆਂ ਨਾਲ ਨਿੱਠ ਕੇ ਖਲੋਣ-ਇੱਜ਼ਤ ਕਰਨ ਅਤੇ ਜਿਨ੍ਹਾਂ ਦੀ ਸ਼ਹਾਦਤ ਸਾਂਭਣ ਲਈ ''ਖ਼ਾਲਸਾ'' ਤੱਕ ਸਾਜਿਆ ਸੀ। ਖਾਲਸਾ, ਜਿਸ ਦਾ ਅਰਥ, ਅਸਲ ਵਿਚ, ਰਾਜਿਆਂ ਅਤੇ ਹੋਰ ਹਾਕਮਾਂ ਦੀ ਹਕੂਮਤ ਤੋਂ ਆਜ਼ਾਦ ਸਿੱਧਾ ਰੱਬ ਨਾਲ ਵਾਹ ਰੱਖਣ ਵਾਲੇ (ਉਹ ਜ਼ਮੀਨ ਜਿਸ ਦਾ ਕੋਈ ਲਗਾਨ ਨਾ ਦੇਣਾ ਹੋਵੇ) ਹੁੰਦਾ ਹੈ। ਅਜਿਹੇ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ 'ਹੋਰਾਂ' ਦੇ ਧਰਮ ਦਾ ਰਾਖਾ ਕਰਕੇ ਜਾਣਿਆ ਜਾਂਦਾ ਹੈ ਤਾਂ ਇਹ ਆਪਣੇ ਆਪ ਵਿਚ ਇਕ ਭੁਲੇਖਾ ਪਾਉਣਾ ਹੈ- ਸਿੱਖੀ ਤਾਂ ਕਿਸੇ ਨੂੰ 'ਹੋਰ' ਨਾ ਸਮਝਣ ਦਾ ਰਾਹ ਹੈ। 'ਇੱਕਤਾ' ਦੇਖਣ ਦਾ। ਆਪਣੇ ਹੀ ਕਾਤਲਾਂ ਤੱਕ ਨੂੰ ਵੀ ਆਪਣਾ ਹੀ ਹਿੱਸਾ ਸਮਝਣ ਦਾ। ਇੱਕਤਾ ਦੀ ਫ਼ੌਜ ਹੈ ਖ਼ਾਲਸਾ, ਜਿਸਦੀ ਪਛਾਣ ਹੈ ਪੰਜ ਕੱਕੇ। ਇਹ ਇਸੇ ਲਈ ਤਾਂ ਵੱਖਰੇ ਹਨ, ਯਾਨੀ, ਕਿ ਇਹ ਕਿਸੇ ਨੂੰ ਵੱਖਰਾ ਨਹੀਂ ਸਮਝਦੇ। ਗੁਰੂ ਨਾਨਕ ਨੇ ਸਿੱਖੀ ਨੂੰ ਇਸਲਾਮ ਤੇ ਹਿੰਦੂ ਧਰਮ ਵਿਚ ਪੁਲ ਵਜੋਂ ਸਥਾਪਤ ਕੀਤਾ ਸੀ, ਪਰ ਅਫ਼ਸੋਸ 'ਵੱਖਰੇ ਹੋਣ-ਦਿਸਣ' ਉਤੇ ਹੀ ਜ਼ੋਰ ਦੇਈ ਜਾਣਾ ਰਹਿ ਗਿਆ ਹੈ... ਅੱਜ, ਓਸ ਜ਼ਮਾਨੇ ਦੇ ਪੜ੍ਹੇ ਲਿਖਿਆਂ, ਪਹੁੰਚਿਆਂ ਹੋਇਆਂ ਵੱਲੋਂ ਖੁਭ ਕੇ ਸਮਝੇ ਗਏ ਇਸ ਨਵੇਂ ਰਾਹ ਦੀ ਵਾਗਡੋਰ ਦਾ 'ਜ਼ੋਰਾਂ' ਅਤੇ 'ਵੋਟਾਂ-ਗਿਣਤੀਆਂ' ਦੇ ਹੱਥ ਆ ਜਾਣਾ ਆਪਣੇ ਆਪ ਵਿਚ ਵੱਡੀ ਦੁਬਿਧਾ ਹੈ।
? 'ਧਰਮ' ਨੂੰ ਤੁਸੀਂ ਕਿਹੜੇ ਅਰਥਾਂ ਵਿਚ ਮੰਨਦੇ ਹੋ?
- ਧਰਮ ਜਿਊਣ-ਵਿਧੀ ਹੈ, ਸਮੇਂ ਦੀ ਵਿਗਿਆਨਕ ਸੋਚ ਦੇ ਮੁਤਾਬਕ...ਜਦੋਂ ਸਮੇਂ ਦੇ ਧਰਮ ਜਵਾਬ ਨਾ ਬਣ ਸਕੇ, ਤਾਂ ਇਸਾਈਅਤ ਆਈ ਸੀ, ਜਿਸ ਅੰਦਰਲੇ 'ਲੋਕਤੰਤਰੀ ਮਨੁੱਖ-ਪ੍ਰੇਮ' ਕਰਕੇ ਈਸਾ ਨੂੰ ਸੂਲੀ 'ਤੇ ਟੰਗਿਆ ਗਿਆ। ਜਦ ਸਮੇਂ ਦੇ ਧਰਮ ਜਵਾਬ ਨਾ ਬਣ ਸਕੇ, ਇਸਲਾਮ ਆਇਆ 'ਲੋਕਤੰਤਰ ਮਨੁੱਖ-ਪ੍ਰੇਮ' ਦਾ ਨਵਾਂ ਸੁਨੇਹਾ ਲੈ ਕੇ। ਜਦੋਂ ਸਮੇਂ ਦੇ ਧਰਮ ਜਵਾਬ ਨਾ ਬਣ ਸਕੇ, ਤਾਂ ਗੁਰੂ ਸਾਹਿਬਾਨ (ਬਿਹਤਰੀਨ ਮਨੁੱਖੀ ਸੋਚ) ਦੇ ਚੇਤੰਨ ਦਿਲ-ਦਿਮਾਗ਼ ਨੇ ਇਕ ਵਾਰ ਫਿਰ ਲੋਕਤੰਤਰੀ ਮਨੁੱਖ-ਪ੍ਰੇਮ ਦੀ ਖ਼ਾਤਿਰ ਹਰੇਕ ਫਿਰਕੇ, ਜਾਤ ਵਿਚੋਂ (ਬੇਸ਼ੱਕ ਲਿੰਗ ਨਹੀਂ) 'ਵਾਕ' ਲੱਭੇ ਅਤੇ ਸੰਜੋਏ। ਨਵੀਆਂ ਪਿਰਤਾਂ (ਰੀਤਾਂ) ਟੁਰੀਆਂ, ਭਾਵੇਂ ਪੁਰਾਣੇ ਤੋਂ ਪੂਰੀ ਤਰ੍ਹਾਂ ਸ਼ਾਇਦ ਨਾ 'ਮਹਾਂਪੁਰਖ' ਹੀ ਟੁੱਟ ਸਕਦੇ ਹੁੰਦੇ ਹਨ ਸਮੇਂ ਦੇ, ਨਾ ਲੋਕ ਹੀ ਉਨ੍ਹਾਂ ਦੇ ਨਾਲ ਆਉਂਦੇ ਹਨ- ਸਗੋਂ ਕੁਝ ਰੀਤਾਂ ਦੇ ਬਿਨਾਂ ਜਿਊਣਾ (ਮੱਸਿਆ, ਪੁੰਨਿਆ ਵਾਂਗ) ਤਾਂ ਲੋਕਾਂ ਨੂੰ ਮੌਤ ਜਾਪਦੀ ਹੁੰਦੀ ਹੈ...।
ਇਨਸਾਨਾਂ ਵਿਚ ਸੂਰਜ (ਤੇ ਚੰਨ) ਦੀ ਖਾਸ ਥਾਂ ਹੈ। ਸੂਰਜ ਨੂੰ ਦੁਨੀਆ ਦਾ ਪਿਤਾ ਅਤੇ ਧਰਮ ਨੂੰ ਮਾਤਾ ਮੰਨਿਆ ਜਾਂਦਾ ਰਿਹਾ ਹੈ। ਸਦੀਆਂ ਤੋਂ ਕਦੀ ਮਾਤਾ, ਕਦੇ ਪਿਤਾ ਉਚੇਰਾ ਮੰਨਿਆ ਜਾਂਦਾ ਰਿਹਾ। ਕਦੇ ਦੋਵੇਂ ਇਕੱਠੇ, ਕਿਸੇ ਸ਼ਕਲ ਵਿਚ। ਮੁਹੰਮਦ ਸਾਹਿਬ ਨੇ, ਵਕਤ ਜਾਂ ਥਾਂ ਦੇ ਕੁਝ ਸਹੀ ਕਾਰਨਾਂ ਕਰਕੇ, ਕੁਝ ਸਵਾਲ ਪਾਏ ਅਤੇ ਸੂਰਜ ਵੱਲ ਝੁਕਣ ਦੀ ਥਾਂ, ਨਵੇਂ ਸੂਰਜ (ਮੱਕੇ), ਵੱਲ ਝੁਕਣ ਦਾ ਸਿਲਸਿਲਾ ਤੋਰਿਆ। ਭਾਵੇਂ ਮਾਤਾ ਧਰਤ ਨੂੰ ਵੀ ਇਕ ਵਾਰ ਹੱਜ ਜ਼ਰੂਰ ਕਰਨ ਦੀ ਸ਼ਕਲ ਵਿਚ ਨਾਲ ਰੱਖਿਆ ਜਾਪਦਾ ਹੈ (ਜਿਥੇ 'ਯੋਨੀ' ਨੂੰ ਆਦਰ ਦਿੱਤਾ ਜਾਂਦਾ ਜਾਪਦਾ ਹੈ)। ਮੱਕਾ ਹੁਣ ਨਵਾਂ ਸੂਰਜ ਸੀ। ਇਸ ਤੋਂ ਵੀ ਬਹੁਤ ਪਹਿਲਾਂ, ਸੂਰਜ ਦੇ ਜਨਮ (ਨਵੇਂ ਵਰ੍ਹੇ) ਦੇ ਸਦੀਆਂ ਪੁਰਾਣੇ ਸਿਲਸਿਲੇ ਉਤੇ ਕਬਜ਼ਾ ਕਰਦਿਆਂ, ਪਹਿਲਾਂ 'ਮਿਥਰਾਸ' (ਮਿੱਤਰ, ਸੂਰਜ) ਫੇਰ ਈਸਾ ਮਸੀਹ ਜਿਹੀ ਪਵਿੱਤਰ ਰੂਹ ਦੇ ਜਨਮ ਨੂੰ sun/son ਦਾ ਜਨਮ ਮੰਨ ਲਿਆ ਗਿਆ। ਯਾਨੀ ਲੋਕਾਂ ਲਈ 'ਨਵਾਂ ਸੂਰਜ' ਮਿਥਰਾਸ, ਫੇਰ ਈਸਾ ਸਨ। ਸੂਰਜ ਦੇ ਕੇਂਦਰੀ ਬਿੰਬ ਸਬੰਧੀ ਇਸੇ ਰਿਵਾਜ ਨੂੰ ਵਰਤ ਕੇ ਹੀ ਆਪਣੀ ਗੱਲ ਸਮਝਾਂਦਿਆਂ, ਗੁਰੂ ਨਾਨਕ ਜਿਹੀ ਪਵਿੱਤਰ ਰੂਹ ਨੇ ਵੀ, ਸਮੇਂ ਦੇ ਕੁਝ ਅਹਿਮ ਸੁਆਲ ਪੁੱਛੇ। ਸੂਰਜ ਵੱਲ ਪਿੱਠ ਕਰ ਕੇ ''ਆਪਣੇ ਖੇਤਾਂ ਨੂੰ'' ਪਾਣੀ ਚੜ੍ਹਾਇਆਂਯਾਨੀ ਸੋਚ-ਵਿਚਾਰ, ਤਰਸ-ਪਿਆਰ, ਮਿਹਨਤ-ਰੋਜ਼ੀ ਰੋਟੀ-ਬਰਾਬਰੀ ਨੂੰ ਨਵਾਂ ਸੂਰਜ ਮੰਨਿਆ, ਜੋ ਅਖੀਰ, ਪਵਿੱਤਰ ਪੋਥੀ ਦਾ ਰੂਪ ਧਾਰ ਗਿਆ। ਹਾਲਾਂਕਿ ਅੱਜ ਸੂਰਜ ਨੂੰ ਹੀ, ਕੁਦਰਤ ਨੂੰ ਹੀ ਨਕਾਰਨਾ ਸਮਝ ਲਿਆ ਗਿਆ ਹੈ!
ਸੂਰਜ ਤੇ ਧਰਤੀ ਨੂੰ ਪੂਜਣ ਦੀ ਲੋੜ ਨਹੀਂ ਭਾਵੇਂ, ਨਾ ਚੜ੍ਹਾਵੇ ਚੜ੍ਹਾਉਣ ਦੀ। ਪਰ ਇਨਸਾਨੀ ਹੋਂਦ ਦੀ ਇੱਕਤਾ ਨੂੰ ਪਛਾਨਣਾ ਰੱਬੀ-ਦੈਵੀ ਸੱਚ ਜ਼ਰੁਰ ਹੈ। ਕਿ ਅਸੀਂ ਸਭ ਜੇ ਅੱਜ ਓਸੇ ਇਕ ਧਰਤੀ 'ਤੇ ਖਲੋਤੇ ਹਾਂ, ਤਾਂ ਓਸੇ ਸੂਰਜ ਕਰਕੇ। ਇਨਸਾਨ ਹੀ ਨਹੀਂ, ਇਨਸਾਨਾਂ ਦੇ ਬਣਾਏ ਸੰਦ, ਫ਼ਲਸਫ਼ੇ, ਧਰਮ, ਰਿਵਾਜ, ਵਸਤਾਂ, ਨਫ਼ਰਤਾਂ, ਪਿਆਰ, ਮੋਹ, ਭਰਮ-ਜੰਗਾਂ ਵੀ। ਅਸਲੀਅਤ ਸਿਰਫ਼ ਇਹ ਹੈ ਕਿ ਜਦ ਤੱਕ ਸੂਰਜ ਅਤੇ ਧਰਤੀ ਦੇ ਹਾਲਾਤ ਸਾਨੂੰ ਇਜਾਜ਼ਤ ਦੇਣਗੇ, ਅਸੀਂ ਹਾਂ। ਬਾਕੀ ਸਭ ਵੰਡਾਂ, ਲੋੜਾਂ, ਥੋੜਾਂ, ਉਮਰਾਂ ਦੇ ਮਾਇਆਜਾਲ ਦੀ ਪੱਟੀ ਹੈ, ਸਾਡੀਆਂ ਅੱਖਾਂ 'ਤੇ ਬੱਝੀ ਹੋਈ। ਇਸ ਕਦੀਮੀ ਸੱਚ ਅਤੇ ਸਭਨਾਂ ਲਈ ਬੁਨਿਆਦੀ ਸੱਚ ਨੂੰ ਭੁਲਾਉਣ ਨਾਲਂਕੁਰਾਹੇ ਪੈ ਜਾਣਾ ਹੀ ਨਹੀਂ, ਬੰਦੇ ਨੂੰ ਬੰਦਾ ਨਾ ਸਮਝਣਾ ਹੀ ਨਹੀਂਂਬੰਦਾ ਨਾ ਬਣਨਾ ਵੀ ਵਾਪਰ ਜਾਂਦਾ ਹੈ। ਭੂਚਾਲ, ਸੁਨਾਮੀਆਂ, ਹੜ੍ਹ, ਸੋਕੇ, ਦਿਓਕੱਦ ਵਾਵਰੋਲੇ ਪਤਾ ਨਹੀਂ ਤਾਂ ਇਸੇ ਲਈ ਵਧ ਵਧ ਕੇ ਵਾਰ ਵਾਰ ਸਾਨੂੰ ਚੇਤਾਵਨੀਆਂ ਦੇਣ ਆਉਂਦੇ ਹਨਂਕਿ ਅਸੀਂ ਕੁਦਰਤ ਦੀ ਤਾਕਤ ਅੱਗੇ ਅਪਣੀ ਔਕਾਤ ਨਾ ਭੁੱਲੀਏ।
ਮਹਾਤਮਾ ਬੁੱਧ ਨੇ ਤਾਂ ਸਾਫ਼ ਕਿਹਾ ਸੀ- ਹਰ ਕੋਈ ਬੁੱਧ ਹੋਵੇ। ਅੱਜ ਇਹੋ ਗੱਲ ਨਾਨਕ ਵੀ ਕਹਿੰਦੇ ਮਹਿਸੂਸ ਹੋ ਰਹੇ ਹਨ - ਆਪਣੇ ਸਮਿਆਂ ਦੇ ਨਾਨਕ ਬਣੋ। ਉਨ੍ਹਾਂ ਵਾਂਗ ਰਿਵਾਜਾਂ ਦੇ ਪਿੱਛੇ ਹੀ ਝਾਕ ਕੇ। ਬੇਸ਼ਕ, ਮੱਕੇ ਵੱਲ ਪੈਰ ਕਰਨ ਅਤੇ ਸੂਰਜ ਵੱਲ ਪਿੱਠ ਕਰਨ ਦਾ ਮਤਲਬ ਇਹ ਹਰਗਿਜ਼ ਨਹੀਂ ਸੀ ਕਿ ਮੱਕੇ ਦੀ ਦੇਣ ਨੂੰ ਛੋਟਾ ਦਿਖਾਇਆ ਜਾ ਸਕਦਾ ਹੈ ਜਾਂ ਸੂਰਜ (ਕੁਦਰਤ) ਦੀ ਦੇਣ ਨੂੰ ਛੁਟਿਆਇਆ ਜਾ ਸਕਦਾ ਹੈ।
ਪੜ੍ਹਦੇ ਹਾਂ ਕਿ ਫ਼ਲਸਫ਼ਾ ਹੀ ਫ਼ਲਸਫ਼ੇ ਨੂੰ ਮਾਤ ਪਾਉਂਦਾ ਹੈ। ਸਦੀਵੀ ਸੱਚ ਦੀ ਭਾਲ ਹੀ ਅਸਦੀਵੀ ਨੂੰ ਮਾਤ ਪਾਉਂਦੀ ਆਈ ਹੈ।
ਦੀਵਾਲੀ ਦੇ ਖ਼ਿਲਾਫ਼ ਹੋਣ ਨੂੰ ਧਰਮ ਮੰਨ ਲਿਆ ਜਾਂਦਾ ਹੈ! ਦੀਵਾਲੀ ਦੀ ਮੱਸਿਆ ਨੂੰ ਰੌਸ਼ਨ ਕਰ ਦੇਈਏ- ਸਦੀਵੀ ਸੱਚ ਨਾਲ। ਆਪ ਦੀਵੇ ਬਣ ਜਾਈਏ - ਈਸਾ, ਮੁਹੰਮਦ, ਫ਼ਰੀਦ, ਬੁੱਧ, ਨਾਨਕ, ਗੋਬਿੰਦ, ਕਬੀਰ ਜਿਹੇ - ਸਮਿਆਂ ਨੂੰ ਰੌਸ਼ਨ ਕਰ ਗਏ ਜੋ, ਸਾਡੇ ਲਈ। ਹੁਣ ਉਹ ਮਹਾਨ ਖੇਡ ਅਸਾਡੇ ਹੱਥ ਹੈ, ਸਮਿਆਂ ਨੂੰ ਸਿਰਜਣ ਦੀ। ਚੇਤੰਨ ਸਵੈ-ਸਾਂਭ, ਸਵੈ-ਮੰਥਨ, ਸਵੈ-ਸੇਧ ਹੀ ਇਨਸਾਨ ਦਾ ਅਸਲੀ ਧਰਮ ਹੈ।
? ਕਦੇ ਈਰਖਾਲੂਆਂ ਨਾਲ ਸਿੱਧਾ ਵਾਹ ਪਿਆ ਹੈ ਤੁਹਾਡਾ?
- ਅਜਿਹੇ ਲੋਕ ਲਗਪਗ ਹੁੰਦੇ ਹਨ। ਸੁਮੀਤ ਦੀ ਮੌਤ ਤੋਂ ਬਾਅਦ 'ਪ੍ਰੀਤਲੜੀ' ਦੇ ਬੰਦ ਹੋ ਜਾਣ ਦੀ ਅਫ਼ਵਾਹ ਉਡਾਉਣ ਵਾਲਾ ਤੇ ਇਸ ਦਾ ਭੰਡੀ ਪ੍ਰਚਾਰ ਕਰਨ ਵਾਲਾ ਈਰਖਾਲੂ ਹੀ ਸੀ। ਇਥੋਂ ਤੱਕ ਕਿ 1995 ਵਿਚ ਜਦੋਂ ਪੰਜਾਬ ਸਰਕਾਰ ਨੇ 'ਪੰਜਾਬ ਦੀ ਵਿਰਾਸਤਂਪ੍ਰੀਤਲੜੀ' ਲਈ ਸ੍ਰੀ ਪੀ. ਐਚ. ਵੈਸ਼ਨਵ ਦੀ ਸਰਪ੍ਰਸਤੀ ਵਾਲੇ 'ਪ੍ਰੀਤਲੜੀ ਟਰੱਸਟ' ਨੂੰ ਪੱਚੀ ਲੱਖ ਦੀ ਮਾਇਕ ਮਦਦ ਦਿੱਤੀ, ਉਦੋਂ ਵੀ ਉਸ ਈਰਖਾਲੂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਸੀ ਕਿ ਇਹ ਟਰੱਸਟ ਨਾ ਬਣ ਸਕੇ, ਇਹ ਮਦਦ ਨਾ ਮਿਲ ਸਕੇ। ਇਹ ਕੋਸ਼ਿਸ਼ ਪਹਿਲਾਂ ਵੀ ਕੀਤੀ ਗਈ ਸੀ।
? ਟਰੱਸਟ ਬਣਨ ਨਾਲ ਪਰਚੇ ਦੀ ਪ੍ਰਕਾਸ਼ਨਾ ਵਿਚ ਕਿੰਨੀ ਕੁ ਸੌਖ ਆਈ?
- ਨਾ ਹੋਣ ਨਾਲੋਂ, ਕੁਝ ਹੋਣਾ ਤਾਂ ਹਮੇਸ਼ਾ ਹੀ ਚੰਗਾ ਹੁੰਦਾ ਹੈ। ਪੱਚੀ ਲੱਖ ਟਰੱਸਟ ਦੇ ਨਾਂਅ ਉਪਰ ਜਮ੍ਹਾ ਰਹੇ। ਉਸ ਦੇ ਵਿਆਜ ਮਾਤਰ ਨਾਲ ਪਰਚੇ ਦਾ ਖ਼ਰਚਾ ਤਾਂ ਪੂਰਾ ਨਹੀਂ ਹੁੰਦਾ। ਸਾਨੂੰ ਇਸ਼ਤਿਹਾਰਾਂ ਤੇ ਚੰਦਿਆਂ ਦਾ ਹੀ ਆਸਰਾ ਤੱਕਣਾ ਪੈਂਦਾ ਹੈ। ਕਈ ਵਾਰ ਤਾਂ ਪੱਲਿਓਂ ਪੈਸੇ ਪਾ ਕੇ ਪਰਚਾ ਪਾਠਕਾਂ ਤੱਕ ਪਹੁੰਚਦਾ ਕਰਨਾ ਪੈਂਦਾ ਹੈ। ਕੁਝ ਸਾਲਾਂ ਤੋਂ ਔਖ ਵਧ ਗਈ ਹੈ। ਹੁਣ ਵੈਸ਼ਨਵ ਜੀ ਦਾ ਸਾਨੂੰ ਦਿੱਤਾ ਘਰ ਵੇਚ ਕੇ ਕੁਝ ਫ਼ੰਡ ਬਣਾਵਾਂਗੇ।
? ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ (ਲਗਪਗ 19000) ਦੀਆਂ ਲਾਇਬ੍ਰੇਰੀਆਂ ਵਿਚ ਜਾਣ ਕਾਰਨ ਤੁਸੀਂ 'ਪ੍ਰੀਤਲੜੀ' ਵਿਚ ਬਾਲ-ਸਾਹਿਤ ਦੇ ਪੰਨੇ ਵੀ ਵਧਾਏ ਤੇ ਵੰਨਗੀਆਂ ਵੀ, ਜੋ ਕਿ ਇਕ ਸਾਰਥਕ ਕਦਮ ਹੈ, ਪਰ ਪਿਛੇ ਜਿਹੇ ਪੰਜਾਬ ਸਰਕਾਰ ਵੱਲੋਂ 'ਪ੍ਰੀਤਲੜੀ' ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਤੁਸੀਂ ਕਿਸ ਤਰ੍ਹਾਂ ਉਨ੍ਹਾਂ ਤੋਂ ਪਾਰ ਪਾਇਆ?
- ਉਹ ਇਕ ਸੁਹਿਰਦ ਰਾਸ਼ਟਰਵਾਦੀ ਅਧਿਕਾਰੀ ਦੇ ਸਹਿਯੋਗ ਸਦਕਾ ਵਧੀਆ ਸਿਲਸਿਲਾ ਬਣ ਗਿਆ ਸੀ। ਇਸ ਆਰਥਿਕ ਹੁਲਾਰੇ ਸਦਕਾ ਪਰਚਾ ਵੀ ਟਾਈਮ-ਸਿਰ ਛਪਣ ਲੱਗ ਪਿਆ ਸੀ। ਕਈ ਅਧਿਆਪਕ ਤੇ ਬੱਚੇ ਸਾਡੇ ਨਾਲ ਜੁੜ ਗਏ ਸਨ। ਪਰ ਉਸ ਸੁਹਿਰਦ ਅਧਿਕਾਰੀ ਦੇ ਬਦਲਦਿਆਂ ਹੀ ਸਕੂਲਾਂ ਲਈ ਪਰਚਾ ਬੰਦ ਕਰ ਦਿੱਤਾ ਗਿਆ। ਦਿੱਕਤ ਤਾਂ ਆਉਣੀ ਸੁਭਾਵਿਕ ਹੀ ਹੈ। ਵੈਸੇ ਵੀ ਸਾਡਾ ਇਹ ਪਰਚਾ ਕਿਸ ਲਾਉਣਾ ਹੈ ਸਰਕਾਰੀ ਸਕੂਲਾਂ ਵਿਚ? ਉਸ ਸਰਕਾਰ ਨੇ, ਜੋ ਸਨਾਵਰ ਸਕੂਲ ਨੂੰ 'ਬਚਾਉਣ' ਲਈ ਇਕ ਕਰੋੜ ਰੁਪਿਆ ਦਿੰਦੀ ਹੈ? ਡਿਪਟੀ ਮੁੱਖ-ਮੰਤਰੀ ਨੂੰ ਆਪਣੇ ਪੱਲਿਓਂ ਦੇਣਾ ਚਾਹੀਦਾ ਸੀ ਇਹ ਪੈਸਾ ਆਪਣੇ ਸਕੂਲ ਨੂੰ। ਖ਼ੈਰ, ਫੇਰ ਵੀ ਕਈ ਸਕੂਲਾਂ ਨੇ ਆਪਣੇ ਵੱਲੋਂ ਸਿੱਧੇ ਤੌਰ 'ਤੇ ਇਹ ਪਰਚਾ ਆਪਣੀਆਂ ਲਾਇਬ੍ਰੇਰੀਆਂ ਲਈ ਲਗਵਾਇਆ ਹੈ। ਅਸੀਂ ਵੀ ਕਿਸੇ ਨਾ ਕਿਸੇ ਦਾਨੀ ਦੀ ਮਦਦ ਨਾਲ ਸਕੂਲਾਂ ਵਿਚ ਪਰਚਾ ਮੁਫ਼ਤ ਵੰਡ ਦਿੰਦੇ ਰਹੇ ਹਾਂ। ਖ਼ੈਰ! ਹੁਣ ਤਾਂ ਫ਼ੇਸਬੁਕ 'ਤੇ ਮੁਫ਼ਤ ਪਾ ਦਿੰਦੇ ਹਾਂ ਸਾਰਾ ਪਰਚਾ, ਜਿਸ ਦੇ 12000 ਪਾਠਕ ਬਣਾਏ ਹਨ। ਬਹੁਤੇ ਨੌਜੁਆਨ, ਅੱਜ ਦੇ ਸਮੇਂ-ਹਾਲਾਤ ਮੁਤਾਬਕ ਰਾਹ ਲੱਭ ਰਹੇ ਹਨ ਜੋ।
? ਤੁਸੀਂ ਤਕਰੀਬਨ 32 ਸਾਲਾਂ ਤੋਂ 'ਪ੍ਰੀਤਲੜੀ' ਦੀ ਸੰਪਾਦਕੀ ਸੰਭਾਲੀ ਹੋਈ ਹੈ। ਹੁਣ ਜਦੋਂ ਪਿਛੇ ਮੁੜ ਕੇ ਦੇਖਦੇ ਹੋ, ਤਾਂ ਆਪਣੀਆਂ 'ਪ੍ਰਾਪਤੀਆਂ' ਤੋਂ ਕਿੰਨੀ ਕੁ ਖ਼ੁਸ਼ੀ ਜਾਂ ਸੰਤੁਸ਼ਟੀ ਮਿਲਦੀ ਹੈ, ਇਸ ਖ਼ੁਸ਼ੀ ਵਿਚ ਵਾਧਾ ਕਰਦੇ ਕਿਹੜੇ-ਕਿਹੜੇ ਤੁਹਫ਼ੇ ਤੁਹਾਨੂੰ ਮਿਲੇ ਹਨ?
- 'ਪ੍ਰੀਤਲੜੀ' ਕਦੇ ਅਮਰੀਕਾ ਦੀ ''ਨਵੇਂ ਇਨਸਾਨ'' ਵਾਲੀ ਇਨਸਾਨੀ-ਤਰੱਕੀ ਦੀ ਦੱਸ ਪਾਉਂਦੀ ਰਹੀ, ਕਦੇ ਰੂਸ ਦੀ ਇਨਸਾਨਪ੍ਰਸਤ ਕੋਸ਼ਿਸ਼ ਦੀ ਵੰਨਗੀ ਦੀ ਵਕੀਲ ਬਣੀ, ਕਦੇ ਹਰੇ ਇਨਕਲਾਬ ਨਾਲ ਭੁੱਖਾਂ ਮਿਟਾਉਣ ਦੀ ਢੰਡੋਰਚੀ, ਕਦੇ ਨਕਸਲਵਾਦ ਅੱਗੇ ਸਹਿਜ-ਪਸੰਦ ਤੇ ਕਦੇ ਧਾਰਮਕ ਬਾਣੇ ਵਿਚ ਪੇਸ਼ ਅਤਿਵਾਦ ਅੱਗੇ ਅਮਨ ਦੀ ਘੁੱਗੀ ਬਣ ਪੂਰੀ ਤਾਣ ਨਾਲ ਡੱਕਾ ਬਣ ਬਣ ਖਲੋਂਦੀ ਅਤੇ ਅੱਜ ਸ਼ਾਇਦ ''ਵਿਚਲੇ ਰਾਹਾਂ'' ਨੂੰ ਲੱਭ ਰਹੀ ਹੈਂਜ਼ਮੀਨੀ ਅਸਲੀਅਤਾਂ, ਮੁਹਾਰਤਾਂ, ਇਨਸਾਨਪ੍ਰਸਤ ਵਿਹਾਰਕ ਸੱਚਾਈ ਦੀ ਰਮਜ਼ ਲੱਭਦੀ। 'ਪ੍ਰੀਤਲੜੀ' ਹਮੇਸ਼ਾ ਖਰੀ ਕੋਸ਼ਿਸ਼ ਦਾ ਨਾਂ ਰਹੀ ਹੈਂਸ਼ਾਇਦ ਸਾਰੇ ਸਹਿਮਤ ਹੋਣ।
ਅੱਜ ਸਭ ਤੋਂ ਵੱਡੀ ਖ਼ੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਨਵੀਂ ਤੋਂ ਨਵੀਂ ਪੀੜ੍ਹੀ ਦੇ ਪਾਠਕ ਅਤੇ ਲੇਖਕ, ਪ੍ਰੀਤਲੜੀ ਨਾਲ ਜੁੜ ਹੀ ਨਹੀਂ ਰਹੇ, ਆਪਣਾ ਭਵਿੱਖ ਬਣਾਉਣ ਵਿਚ ਇਸਨੂੰ ਸਹਾਈ ਵੀ ਸਮਝਦੇ ਹਨ। ਇਥੋਂ ਤੱਕ ਕਿ ਆਈ. ਏ. ਐੱਸ. ਆਦਿ ਦੇ ਇਮਤਿਹਾਨ ਦੇਣ ਵਾਲੇ ਵੀ ਇਸਨੂੰ ਪੜ੍ਹਨਾ ਆਪਣੀ ਜ਼ਰੂਰਤ ਸਮਝਦੇ ਹਨ। ਸੇਵਾਮੁਕਤ ਹੋ ਚੁੱਕੇ ਭਾਰਤ ਸਰਕਾਰ ਦੇ ਇੱਕ ਸਰਵ ਉੱਚ ਅਫ਼ਸਰ ਨੇ ਅੱਧੇ ਕੁ ਮਖੌਲ ਨਾਲ ਕਿਹਾ ਵੀ ਹੈ : ''ਸਾਡੇ ਮਾਸਟਰ ਨੇ ਸਾਨੂੰ ਪ੍ਰੀਤਲੜੀ ਨਾ ਪੜ੍ਹਾਈ ਹੁੰਦੀ ਤਾਂ ਡੰਗਰ ਹੀ ਚਾਰਦੇ ਹੋਣਾ ਸੀ।'' ਤੁਗ਼ਲਵਾਲ (ਗੁਰਦਾਸਪੁਰ) ਦੀ ਬਾਬਾ ਆਇਆ ਸਿੰਘ ਰਿਆੜਕੀ ਵਰਗੀ ਖਰੀ/ਪੂਰਨੇ ਪਾਊ ਸੰਸਥਾ ਵਲੋਂ ਬਹੁਤ ਲਾਇਕ ਬੱਚੀਆਂ ਨੂੰ ਸਾਲ ਲਈ 'ਪ੍ਰੀਤਲੜੀ' ਲਾਉਣ ਦੇ ''ਇਨਾਮ ਨਾਲ ਨਿਵਾਜਣਾ'' 83ਵੇਂ ਵਰ੍ਹੇ ਵਿਚ 'ਪ੍ਰੀਤਲੜੀ' ਨੂੰ ਸਭ ਤੋਂ ਵੱਡਾ ਤੁਹਫ਼ਾ ਹੀ ਤਾਂ ਹੈ।
ਸ਼ਾਇਦ ਸਾਡੀ ਮੌਜੂਦ ਟੀਮ ਨੇ ਫੋਕੀ ਆਧੁਨਿਕਤਾ/ਗੈਰ-ਜ਼ਿੰਮੇਵਾਰ ਰੋਸ/ਹਿੰਸਕ ਬਗ਼ਾਵਤ ਵਾਲੇ 'ਯੁਗਾਂ' ਦੀ ਥਾਂ ਫੇਰ ਓਹੀ ਸੇਵਾ, ਸ਼ਰੀਫ਼ ਮਿਹਨਤ, ਆਦਰ, ਲਗਨ ਦਾ ਸਦੀਆਂ ਪੁਰਾਣਾ ਪੱਲਾ ਇਕ ਤਾਕਤ ਨਾਲ ਫੜਨ ਦਾ ਰਾਹ ਫੜਿਆ ਹੈ। ਸ਼ਾਇਦ ਇਹ ਉੱਤਰ-ਆਧੁਨਿਕਤਾ ਹੈਂਉਂਝ ਹੀ ਜਿਵੇਂ ਮਾਵਾਂ ਦਾ ਮੁੜ ਦੁੱਧ ਚੁੰਘਾਉਣ ਵੱਲ ਆਉਣਾ; ਮਰਦ ਤੇ ਤ੍ਰੀਮਤ ਦਾ ਇਕ ਸਹਿਜ ਬਰਾਬਰੀ ਵੱਲ!
ਸ. ਗੁਰਬਖ਼ਸ਼ ਸਿੰਘ ਜੀ ਦੇ ਪਰਿਵਾਰ ਦੇ ਜੀਆਂ, ਮਿੱਤਰਾਂ ਔਖਾਂ ਝੱਲੀਆਂ, ਉਨ੍ਹਾਂ ਦੇ ਸਮਕਾਲੀਆਂ ਉਨ੍ਹਾਂ ਨੂੰ ਪੜ੍ਹਿਆ ਜਾਣਿਆ; ਪਰਖਿਆ; ਆਪਣੇ ਆਪਣੇ ਨਿਚੋੜ ਕੱਢੇ- ਜੋ ਨਿਚੋੜ, ਸੰਤ ਸਿੰਘ ਸੇਖੋਂ ਜੀ ਵਾਂਗ, ਉਹ ਅਖੀਰੀ ਦਮ ਤੱਕ ਮੁੜ ਤੋਲਦੇ-ਤੁਲਾਉਂਦੇ ਵੀ ਰਹੇਂਜਿਨ੍ਹਾਂ ਅਖ਼ੀਰ ਕਿਹਾ ਕਿ 'ਮੈਨੂੰ ਗੁਰਬਖ਼ਸ਼ ਸਿੰਘ ਨਾਲ ਈਰਖਾ ਸੀ'।
ਕੀ ਕੋਈ ਬਾਰਿਸ਼ ਦਾ ਕਤਰਾ ਇਕੋ ਵੇਲੇ ਖਰਾ ਅਤੇ ਖੋਟਾ ਹੋ ਸਕਦਾ ਹੈ? ਇਕੋ ਵੇਲੇ ਬਹਾਦਰ ਅਤੇ ਡਰਪੋਕ? ਇਕੋ ਵੇਲੇ ਝੂਠਾ ਅਤੇ ਸੱਚਾ? ਵਿਹਾਰੀ ਅਤੇ ਅਵਿਹਾਰੀ? ਆਗੂ ਅਤੇ ਫਾਡੀ? ਪਿਆਰਾ ਅਤੇ ਘਿਨਾਉਣਾ? ਇਲਾਹੀ ਅਤੇ ਸ਼ੈਤਾਨੀ?ਂਮੈਂ ਵੀ ਸਾਰੀ ਉਮਰ ਅਜਿਹੇ ਕਿਸੇ ਸੁਆਲ ਨਾਲ ਖਹਿੰਦੀ, ਵਰਤਦੀ ਖੀਵੀ ਹੋਈ ਰਹੀ ਹਾਂ। ਬੁੱਧੀ ਨੂੰ ਵੀ ਚਕ੍ਰਿਤ ਕਰਦੇ ਰਹੇ ਵਲਵਲਿਆਂ, ਅਮਲਾਂ, ਵਿਹਾਰਾਂ ਦੇ ਇਕ ਸੰਸਾਰ ਵਿਚ, ਜਿਸ ਵਿਚ ਜ਼ਿੰਦਗੀ ਦੀ ਕੋਈ ਅ-ਮ੍ਰਿਤ ਸੁਗੰਧੀ ਲੁਕੀ ਹੋਈ ਹੁੰਦੀ ਹੈ।
ਖ਼ੁਸ਼ੀ ਹੈ ਕਿ ਚੌਥੀ ਪੀੜ੍ਹੀ ਦੇ ਪਾਠਕਾਂ ਦੇ ਨਾਲ ਨਾਲ, ਪਰਿਵਾਰ ਦੀ ਵੀ ਚੌਥੀ ਪੀੜ੍ਹੀ ਭਰ ਜਵਾਨ ਹੋ ਗਈ ਹੈ ਅਤੇ ਆਪਣੀ ਆਪਣੀ ਵਿੱਤ ਮੁਤਾਬਕ ਨਵੇਂ ਨਵੇਂ ਅਸਮਾਨ ਮੱਲ/ਖੋਲ੍ਹ ਰਹੀ ਹੈ।
ਪ੍ਰੀਤਲੜੀ, ਜੋ 1984 ਤੋਂ ਬਾਅਦ ''ਸੁਮੀਤ ਸਿੰਘ ਦੀ ਯਾਦ ਵਿਚ'' ਚੱਲ ਰਹੀ ਹੈਂਉਸ ਲਈ ਇਕ ਤੁਹਫ਼ਾ ਹੀ ਤਾਂ ਹੈ, ਸਾਡੀ ਚੌਥੀ ਪੀੜ੍ਹੀ ਦੀ ਰਤਿਕਾ ਸਿੰਘ, ਬੰਗਲੌਰ ਵਿਚ ਡਿਜ਼ਾਇਨ-ਸਿਨੇਮਾੱਟੋਗ੍ਰਾਫ਼ੀ ਦੀ ਵਿਦਿਆਰਥਣ ਸਾਡੀ ਛੋਟੀ ਧੀ, ਦਾ ''ਤੁਹਾਡੇ ਨਾਲ ਜੁੜੀ ਕੋਈ ਇਤਿਹਾਸਕ ਯਾਦ'' ਦੇ ਆਪਣੇ ਪ੍ਰਾਜੈਕਟ ਲਈ ਸੁਮੀਤ ਸਿੰਘ ਦੀ ਜ਼ਿੰਦਗੀ ਤੇ ਮੌਤ ਦੇ ਵਿਸ਼ੇ ਨੂੰ 6 ਮਹੀਨਿਆਂ ਲਈ ਚੁਣਨਾ। ਉਸ ਨੇ ਉਨ੍ਹਾਂ ਦੀਆਂ ਕਈ ਨਿੱਜੀ ਚੀਜ਼ਾਂ ਮੰਗਵਾਈਆਂ ਸਨ। ਕੱਪੜਿਆਂ, ਫੋਟੋਆਂ, ਬ੍ਰੀਫ਼ਕੇਸ, ਕਿਤਾਬਾਂ ਤੋਂ ਲੈ ਕੇ ਹਸਤਾਖ਼ਰ ਤੱਕ। ਇਕ ਨੁਮਾਇਸ਼ ਡਿਜ਼ਾਇਨ ਕਰਕੇ ਪੇਸ਼ ਕਰਨ ਲਈ। ਹੁਣ ਪ੍ਰੀਤਲੜੀ ਨਾਲ ਜੁੜ ਚੁੱਕੀ ਵੱਡੀ ਧੀ ਨੇ ਆਪਣੇ ਅਜਿਹੇ ਪ੍ਰੋਜੈਕਟ ਲਈ ਆਪਣੀ ਦਾਦੀ ਤੇ ਨਾਨੀ ਦੀਆਂ ਜੀਵਨ-ਕਹਾਣੀਆਂ ਚੁਣੀਆਂ ਸਨ।
? ਹੁਣ ਤੱਕ ਦਾ ਸਭ ਤੋਂ ਵਧੀਆ ਕਮੈਂਟ ਤੁਹਾਨੂੰ ਕੀ ਮਿਲਿਆ ਹੈ?
- (ਸੋਚਦੇ ਹੋਏ) ਇਕ ਵਾਰ ਦਾਰ ਜੀ (ਸ. ਗੁਰਬਖ਼ਸ਼ ਸਿੰਘ) ਨੂੰ ਕਿਸੇ ਫ਼ਿਲਮ ਦੀ ਕਹਾਣੀ ਸੁਣਾਈ, ਉਹ ਕਹਿੰਦੇ- 'ਤੂੰ ਕਹਾਣੀ ਬੜੀ ਸੁਹਣੀ ਸੁਣਾਂਦੀ ਏਂ।' ਇਸੇ ਤਰ੍ਹਾਂ 1981 ਵਿਚ ਨਵਤੇਜ ਜੀ ਬਿਮਾਰ ਪੈ ਗਏ ਸਨ, ਸੁਮੀਤ ਉਨ੍ਹਾਂ ਕੋਲ ਮੁੰਬਈ ਗਏ ਸਨ, ਤਾਂ ਮੈਂ 'ਪ੍ਰੀਤਲੜੀ' ਦਾ ਇਕ ਅੰਕ ਕੱਢਿਆ, ਨਵਤੇਜ ਜੀ ਨੇ ਮੈਨੂੰ ਲਿਖਿਆ ਖ਼ਤ ਵਿਚ, ਕਹਿੰਦੇ- 'ਤੂੰ ਪ੍ਰੀਤਲੜੀ ਦੀ ਟੀਮ ਦੀ ਪੱਕੀ ਮੈਂਬਰ ਹੋਵੇਂਗੀ।' ਉਹ ਪਿਆਰਾ ਇਨਸਾਨ ਅਗਸਤ 1981 ਵਿਚ ਸਾਵਣ ਦੇ ਬੱਦਲਾਂ ਦੀ ਤਾਰੀਫ਼ ਵਿਚ ਅਖ਼ੀਰਲੀ ਵਾਰ ਮੰਤਰ-ਮੁਗਧ ਹੁੰਦਾ ਦੁਨੀਆਂ ਤੋਂ ਤੁਰ ਗਿਆ ਸੀ... ਉਹਨਾਂ ਦੇ ਕੋਮਲ, ਖ਼ਾਲਸ ਲੋਕ-ਪਿਆਰ ਦੀ ਬੱਝੀ ਹੋਈ ਮਹਿਸੂਸ ਕਰਦੀ ਹਾਂ ਅੱਜ ਵੀ, ਜਿਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਵਿੱਚ ਵੀ ਜਨੂੰਨ ਦੀ ਹੱਦ ਤਕ ਪ੍ਰੀਤਲੜੀ ਦੇ ਭਵਿੱਖ ਵਿਚ ਵੀ ਚੱਲਦੇ ਰਹਿਣ ਦਾ ਖ਼ਿਆਲ ਸੀ, ਜੋ ਖਿਆਲ ਕਿ ਸੁਮੀਤ ਸਿੰਘ ਦਾ ਵੀ ਧਾਰਮਿਕ ਫਰਜ਼ ਵਰਗਾ ਅਤੇ ਜਨੂੰਨ ਸੀ। ਧੰਨ ਭਾਗ ਜੋ ਉਨ੍ਹਾਂ ਜਿਹਾ ਰਿਸ਼ੀ ਵੇਖਿਐ, ਜਾਣਿਐ ਤੇ ਅਸਰ ਲਿਆ।
ਕ੍ਰਿਸ਼ਨਾ ਸੋਬਤੀ ਇਕ ਵਾਰ ਚੰਡੀਗੜ੍ਹ ਆਏ ਸਨ ਤਾਂ ਭਰੀ ਮਹਿਫ਼ਿਲ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਮੈਨੂੰ ਪੜ੍ਹਦੇ ਹਨ, ਇਸੇ ਦੇ ਸੁਆਲ ਦੇ ਜੁਆਬ ਵਿਚ! ਗਿਆਨੀ ਜ਼ੈਲ ਸਿੰਘ ਨੇ ਕਿਹਾਂਇਹ ਕੁੜੀ ਉਹ ਲਿਖ ਜਾਂਦੀ ਹੈ, ਜੋ ਗਿਆਨੀ ਵੀ ਨਹੀਂ ਕਹਿ ਸਕਦੇ!
? ਪਤੀ ਤੇ ਬੱਚਿਆਂ ਬਾਰੇ ਕੁਝ ਦੱਸੋ।
- ਸੁਮੀਤ ਨਾਲ ਪਿਆਰ-ਵਿਆਹ ਕਰਕੇ ਮੈਂ ਹਮੇਸ਼ਾ ਲਈ ਸੁਮੀਤ ਦੀ ਥਾਂ ਪ੍ਰੀਤਲੜੀ ਲਈ ਸਰਗਰਮ ਹਾਂ ਜਿਸ ਵਿਚ ਉਨ੍ਹਾਂ ਦੇ ਛੋਟੇ ਭਰਾ, ਤੇ ਫਿਰ ਮੇਰੇ ਪਤੀ, ਰੱਤੀ ਕੰਤ ਸਿੰਘ ਨੇ ਅਥਾਹ ਸਤਿਕਾਰ ਤੇ ਪਿਆਰ ਨਾਲ ਸਾਥ ਦਿੱਤਾ ਹੈ। ਘਰ ਦੇ ਨਾਲ ਪਰਚੇ ਦੀ ਛਪਾਈ ਤੋਂ ਲੈ ਕੇ ਉਸ ਨੂੰ ਵੰਡਣ, ਉਸ ਲਈ ਇਸ਼ਤਿਹਾਰ ਜਾਂ ਚੰਦੇ, ਆਦਿ, ਇਕੱਠੇ ਕਰਨ ਦੀ ਸਾਰੀ ਜ਼ਿੰਮੇਵਾਰੀ ਉਹੀ ਨਿਭਾਉਂਦੇ ਹਨ। ਇਸ ਦੇ ਨਾਲ ਹੀ ਪ੍ਰੀਤ ਨਗਰ ਵਿਚ ਖੇਤੀਬਾੜੀ ਆਦਿ ਦਾ ਕੰਮ ਵੀ ਆਪ ਹੀ ਦੇਖਦੇ ਹਨ। ਬੱਚਿਆਂ ਵਿਚ ਦੋ ਬੇਟੀਆਂ ਹਨ, ਸਮੀਆ ਸਿੰਘ ਤੇ ਰਤਿਕਾ ਸਿੰਘ, ਇਕ ਬੇਟਾ ਹੈ ਸਹਿਜ ਸਿੰਘ। ਵੱਡੀ ਬੇਟੀ ਬਾਰੇ ਤਾਂ ਆਪਾਂ ਗੱਲ ਕਰ ਹੀ ਲਈ ਹੈ। ਛੋਟੀ ਬੇਟੀ ਰਤਿਕਾ ਸਿੰਘ ਨੇ ਬੰਗਲੌਰ ਵਿਖੇ ਸਿਨੇਮੈਟੋਗਰਾਫ਼ੀ ਦੀ ਪੜ੍ਹਾਈ ਮੁਕਾਈ ਹੈ। ਪਿਛੇ ਜਿਹੇ ਨਵਤੇਜ ਸਿੰਘ, ਉਸ ਦੇ ਦਾਦਾ ਜੀ, ਦੀ ਕਹਾਣੀ 'ਬਸ਼ੀਰਾ' ਉੱਤੇ ਉਸ ਨੇ ਇਕ ਛੋਟੀ ਜਿਹੀ ਫ਼ਿਲਮ ਬਣਾਈ ਹੈ, ਆਪਣੇ ਕਾਲਜ ਦੇ ਕੰਮ ਵਜੋਂ। ਪਹਿਲਾਂ ਇਹ ਕਹਾਣੀ ਅਨੁਵਾਦ ਵੀ ਹੋਈ ਕਾਲਜ ਲਈ। ਉਦੋਂ ਕਿਸੇ ਕੰਮ ਅਸੀਂ ਲੋਪੋਕੇ ਪਿੰਡ ਦੇ ਆਸ-ਪਾਸ ਕਾਰ ਵਿੱਚ ਸੜਕਾਂ ਉੱਤੇ ਫਿਰ ਰਹੇ ਸੀ। ਕਹਿੰਦੀ, ਤੁਸੀਂ ਬੋਲੀ ਜਾਓ ਫ਼ੋਨ 'ਤੇ, ਮੈਂ ਟਾਈਪ ਕਰੀ ਜਾਂਦੀ ਹਾਂ। ਤੇ ਮੈਂ ਜਵਾਬੀ ਫੋਨ ਕਰ ਕੇ ਅਨੁਵਾਦ ਬੋਲਦੀ ਗਈ, ਉਸ ਦੀ ਸਰਗਰਮ ਮਦਦ ਅਤੇ ਸਲਾਹ ਦੇ ਨਾਲ। ਬਸ਼ੀਰਾ-ਜਿਸ ਨੂੰ ਮੱਝ ਕਰਕੇ ਸਕੂਲ ਛੱਡਣਾ ਪਿਆ ਸੀ! ਇਹ ਫ਼ਿਲਮ 'ਯੂ-ਟਿਊਬ' 'ਤੇ ਹੈ।
22 ਸਾਲ ਦੀ ਧੀ ਰਤੀਕਾ ਸਿੰਘ ਨੇ ਆਪਣੇ ਦਾਦਾ ਜੀ ਨਹੀਂ ਦੇਖੇ, ਤੇ ਹੁਣ ਉਹ, ਕਹਾਣੀ ਵਿਚਲੀਆਂ ਭਾਵਨਾਤਮਕ ਅਤੇ ਕਲਾਤਮਕ ਛੋਹਾਂ ਉੱਤੇ ਵਾਰ ਵਾਰ 'ਹਾਏ...!' ਕਹਿ ਰਹੀ ਸੀ, ਅਸ਼ ਅਸ਼ ਕਰਦਿਆਂ। ਉਸ ਦੇ ਨਾਲ ਮੁੜ ਕੇ ਇਉਂ ਇਹ ਕਹਾਣੀ ਪੜ੍ਹਦਿਆਂ ਮੈਨੂੰ ਲਗ ਰਿਹਾ ਸੀ ਜਿਵੇਂ ਖ਼ੁਦ ਲੇਖਕ ਦੀ ਕੋਮਲਤਾ ਹੀ ਪਰਤ ਕੇ, ਆਪ ਕਹਾਣੀ ਸੁਣ ਰਹੀ ਹੈ! ਇਹ ਕੁੜੀ, ਜਿਸ ਨੂੰ ਉਸ ਦੀ ਦਾਦੀ ਲਾਡ ਨਾਲ ਕਹਿੰਦੀ ਹੁੰਦੀ ਸੀ ਕਿ ਤੇਰੇ ਹੱਥ-ਪੈਰ ਤੇਰੇ ਦਾਦੇ ਵਰਗੇ ਹਨ, ਵੀ ਕੁਝ ਏਨੀ ਹੀ ਕੋਮਲ-ਚਿੱਤ ਹੈ ਜਿੰਨਾ ਉਸ ਦਾ ਦਾਦਾ ਸੀ।
ਬੇਟੇ ਨੇ ਦਿੱਲੀ ਵਿਚ ਅਰਥ-ਸ਼ਾਸਤਰ ਨਾਲ ਬੀ. ਏ. ਦੀ ਪੜ੍ਹਾਈ ਮੁਕਾਈ ਹੈ। ਫ਼ੁਟਬਾਲ ਦਾ ਮਾਹਿਰ ਖਿਡਾਰੀ ਹੈ। ਹੁਣ ਸਾਲ ਲਈ ਮਾਰਕਿਟਿੰਗ ਵਿਚ ਬੀ. ਐਸ. ਸੀ. ਪੜ੍ਹਨ ਬਾਹਰ ਜਾ ਰਿਹਾ ਹੈ।
? ਤੁਸੀਂ ਵੀ 'ਡਰਾਮਾ' ਵਿਚ ਡਿਪਲੋਮਾ ਕੀਤਾ ਹੈ ਤੇ ਕਈ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਹੁਣ ਤੱਕ ਇਸ ਖੇਤਰ ਵਿਚ ਤੁਹਾਡੀ ਕੀ ਕਾਰਗੁਜ਼ਾਰੀ ਰਹੀ ਹੈ ਤੇ ਇਸ ਖੇਤਰ ਵਿਚ ਤੁਸੀਂ ਕਿੰਨਾ ਕੁ ਅੱਗੇ ਜਾਣਾ ਤੇ ਮੰਚ 'ਤੇ ਕਿਹੜਾ ਅਹਿਮ 'ਕਿਰਦਾਰ' ਨਿਭਾਉਣਾ ਲੋਚਦੇ ਹੋ?
- ਮੈਂ ਬਚਪਨ ਤੋਂ ਜੋਗਿੰਦਰ ਬਾਹਰਲਾ ਜੀ ਦੇ ਹੇਠ ਕੰਮ ਕੀਤਾ, ਸਕੂਲ-ਕਾਲਜ ਵਿਚ ਇਨਾਮ ਲਏ। 10-12 ਵੱਡੇ-ਵੱਡੇ ਨਿਰਦੇਸ਼ਕਾਂ ਹੇਠ ਕੰਮ ਕੀਤਾ। 'ਹੀਰ' ਦਾ ਪਾਤਰ ਵੀ ਨਿਭਾਇਆ। ਰੇਡੀਓ ਤੇ ਟੀ. ਵੀ. ਨਾਟਕਾਂ ਵਿਚ ਵੀ ਕੰਮ ਕੀਤਾ ਹੈ। ਪੰਜਾਬ ਯੂਨੀਵਰਸਿਟੀ ਦੇ ਡਰਾਮਾ ਵਿਭਾਗ ਤੋਂ ਇਕ ਸਾਲ ਦੀ ਪੜ੍ਹਾਈ ਕੀਤੀ ਸੀ ਤੇ ਐਨ. ਐਸ. ਡੀ. (ਨੈਸ਼ਨਲ ਸਕੂਲ ਆਫ਼ ਡਰਾਮਾ) ਵਿਚ ਛੇ ਮਹੀਨੇ ਹੀ ਲਾ ਸਕੀ।
ਸੰਨ 2000 ਦੇ ਕਰੀਬ ਕਹਾਣੀਆਂ ਨੂੰ ਨਾਟਕ ਅੰਦਾਜ਼ ਵਿਚ ਪੜ੍ਹਨ/ਮੰਚਨ ਕਰਨ ਦੀ ਵਿਧੀ ਅਜ਼ਮਾਈਂਦਿੱਲੀ, ਲਾਹੌਰ, ਚੰਡੀਗੜ੍ਹ ਤੋਂ ਇਲਾਵਾ ਨਿਊਯਾਰਕ ਵਿਚ ਵੀ ਤੇ ਸਕੂਲਾਂ-ਕਾਲਜਾਂ ਵਿਚ ਵੀ। ਹੌਸਲਾ ਅਫ਼ਜ਼ਾਈ ਹੋਣ 'ਤੇ ਰਿਕਾਰਡ ਵੀ ਕੀਤੀਆਂ ਹਨ। apnaorg.com/audio/poonam ਅਤੇ facebook.com/groups/preetlari 'ਤੇ ਸੁਣੀਆਂ ਜਾ ਸਕਦੀਆਂ ਹਨ। ਇਕ ਮਿਆਰੀ ਸਕੂਲ ਵਿਚ ਚੰਡੀਗੜ੍ਹ, 'ਨਾਟਕ ਤੇ ਇਸ ਨਾਲ ਸਬੰਧਿਤ ਸ਼ਖ਼ਸੀਅਤ-ਉਸਾਰੀ' ਤਿੰਨ ਕੁ ਸਾਲ ਪੜ੍ਹਾਈ ਤੇ ਕੁਝ ਨਾਟਕ ਲਿਖੇ ਤੇ ਉਨ੍ਹਾਂ ਦਾ ਮੰਚਨ ਵੀ ਕੀਤਾ।
ਹੁਣ ਛੋਟੀ ਬੇਟੀ ਤੇ ਛੋਟੀ ਭੈਣ ਦੀ ਮਦਦ ਨਾਲ ਨਾਟਕ ਕਾਰਜਸ਼ਾਲਾਵਾਂ ਦੇਣ ਦਾ ਕੰਮ ਸ਼ੁਰੂ ਕੀਤਾ ਹੈ। NZCC (ਨੌਰਥ ਜ਼ੋਨ ਕਲਚਰਲ ਸੈਂਟਰ) ਨੇ 15 ਕਾਰਜਸ਼ਾਲਾਵਾਂ ਲੈਣ ਲਈ ਆਖਿਆ ਹੈ, ਅੰਮ੍ਰਿਤਸਰ ਦੇ ਦੇਹਾਤੀ ਬੱਚਿਆਂ ਨਾਲ। ਇਹ ਸ਼ੁਰੂ ਕਰਨੀਆਂ ਹਨ।
'ਪ੍ਰੀਤਲੜੀ' ਦੀਆਂ ਰਚਨਾਵਾਂ ਨੂੰ ਵੀ ਰਿਕਾਰਡ ਕਰ ਕੇ ਨੈੱਟ 'ਤੇ ਪਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਐੱਫ਼. ਐੱਮ. ਦੇ ਸਟੇਸ਼ਨ 'ਦੇਸ਼ ਭਗਤ ਰੇਡੀਓ' 'ਤੇ ਵੀ ਕਹਾਣੀਆਂ ਸੁਣਾਈਆਂ ਹੋਈਆਂ ਹਨ। ਪਾਕਿਸਤਾਨੀ ਕਹਾਣੀਆਂ ਵੀ ਰਿਕਾਰਡ ਕਰ ਰਹੀ ਹਾਂ।
ਇਹੋ ਚਾਹੁੰਦੀ ਹਾਂ ਕਿ ਬਹੁਤ ਸਾਰੀਆਂ ਕਹਾਣੀਆਂ ਸਣਾਂਦੀ ਰਹਾਂ ਤੇ ਇਸ ਕਲਾ ਨੂੰ ਤੇ ਨਾਟਕ ਕਲਾ ਦੇ ਫ਼ਾਇਦਿਆਂ ਨੂੰ ਨੌਜੁਆਨਾਂ ਤੇ ਬਾਲਾਂ ਵਿਚ ਫੈਲਾਂਦੀ ਜਾਵਾਂ।
ਕਦੇ ਮੁੰਬਈ ਜਾ ਕੇ ਮੰਚਨ ਕਰਾਂਗੀ, ਕਦੇ ਕਿਸੇ ਫ਼ਿਲਮ ਵਿਚ ਕੰਮ ਕਰਨ ਨੂੰ ਵੀ ਜੀਅ ਕਰਦਾ ਹੈ...ਦੇਖੋ!
? ਤੁਸੀਂ 'ਪ੍ਰਾਜੈਕਟ ਪ੍ਰੀਤਨਗਰ' ਵੀ ਸ਼ੁਰੂ ਕੀਤਾ ਸੀ, ਜੋ ਕਿ ਇਕ ਬਹੁਤ ਚੰਗੀ ਪਹਿਲ ਸੀ ਪ੍ਰੀਤੀ ਸੁੰਦਰਮ ਦੀ ਰਹਿਨੁਮਾਈ ਹੇਠ। ਹੁਣ ਪ੍ਰੀਤੀ ਸੁੰਦਰਮ ਦੇ ਚਲੇ ਜਾਣ ਤੋਂ ਬਾਅਦ 'ਪ੍ਰਾਜੈਕਟ ਪ੍ਰੀਤਨਗਰ' ਕਿਥੇ ਕੁ ਖੜ੍ਹਾ ਹੈ?
- ਨਵੇਂ ਸਿਰਿਓਂ ਸ਼ੁਰੂ ਕਰਾਂਗੇ! 5 ਫੁੱਟ ਦੀ ਮਸਾਂ ਹੀ ਤੇ ਫੁੱਲਾਂ ਵਰਗੀ ਹੌਲੀ ਪ੍ਰੀਤੀ ਸੁੰਦਰਮ, ਅੰਤਰਰਾਸ਼ਟਰੀ ਰਿਸ਼ਤਿਆਂ ਵਿਚ ਬੀ. ਏ., ਡੇਢ ਸਾਲ ਪ੍ਰੀਤਨਗਰ ਲਾ ਕੇ ਵਾਪਿਸ ਆਪਣੇ ਦੇਸ ਆਸਟ੍ਰੇਲੀਆ ਚਲੀ ਗਈ ਹੈ। ਕ੍ਰਿਸ਼ਨ ਨੂੰ ਲੱਭਦੀਆਂ ਗਾਵਾਂ ਵਾਂਗ ਜਿਨ੍ਹਾਂ ਨਾਲ ਕੰਮ-ਕਾਰ ਕਰਕੇ ਸਾਂਝ ਸੀ, ਉਨ੍ਹਾਂ ਸਭ ਨੂੰ ਉਦਾਸ ਵੀ ਕਰ ਗਈ ਹੈ। ਉਸ ਨੇ ਦੋ ਸਾਲ ਲਗਾਉਣੇ ਸਨ, ਪਰ ਉਸਦਾ ਇਕ ਗੋਡੇ ਦਾ ਅਪਰੇਸ਼ਨ ਹੋਣਾ ਹੈ, ਬਰਫ਼ ਉਤੇ ਸਕੀਇੰਗ ਕਰਨ ਦੀ ਇਕ ਪੁਰਾਣੀ ਸੱਟ ਕਰਕੇ, ਬੜਾ ਜ਼ਰੂਰੀ ਹੋ ਗਿਆ ਸੀ ਜਿਸਨੂੰ ਛੇਤੀ ਕਰਨਾ। ਆਪਣੇ ਖਰਚ 'ਤੇ ਭਾਰਤ ਅਤੇ ਖਾਸ ਚੁਣ ਕੇ ਪੰਜਾਬ ਆਈ ਇਸ ਮੁਟਿਆਰ ਨੂੰ ਬੜੀ ਮੁਸ਼ਕਿਲ ਅਲਵਿਦਾ ਆਖਿਆ ਅਤੇ ਉਸਨੇ ਵੀ ਅੱਖਾਂ ਭਰ ਲਈਆਂ। ਪਿੰਡ ਦੇ ਮਿਹਨਤਕਸ਼ ਘਰਾਂ ਵਿਚ ਹੀ ਜਾਣਾ ਪਸੰਦ ਕਰਦੀ ਰਹੀ ਹੈ ਉਹ, ਉਨ੍ਹਾਂ ਸੰਗ ਦੁਖ-ਸੁੱਖ ਵੰਡਾਉਂਦੀ ਅਤੇ ਸਮਾਂ ਬਿਤਾਂਦੀ; ਰੋਟੀ ਖਾਂਦੀ, ਭਾਂਡੇ ਵੀ ਮੰਜਾਉਂਦੀ। ਸਭ ਦੀ ਪਿਆਰੀ ਸੀ ਉਹ ਤਾਂ, ਆਪਣੇ ਸਖ਼ਤ ਸਮਰਪਣ ਕਰਕੇ, ਹੁਣ ਤਾਂ ਉਹ ਕੱਪੜੇ ਵੀ ਸਿਰਫ਼ ਪ੍ਰੀਤਨਗਰ ਵਿਚ ਸੀਤੇ ਹੀ ਪਹਿਨਦੀਂਤਾਂ ਹੀ ਤੇ ਕਈ ਸਾਰੇ ਤੁਹਫ਼ੇ ਵੀ ਉਸਨੂੰ ਮਿਲੇ। ਸ਼ਾਇਦ ਇਸਾਈ ਮਹੰਤਣੀਆਂ ਤੋਂ ਅੱਗੇ ਹੀ ਲੰਘ ਗਈ!
ਪ੍ਰੀਤੀ ਨੇ ਸਲਵਾਰਾਂ ਤੋਂ ਜੋ ਮੁਨਾਫ਼ਾ ਕਮਾਇਆ (ਆਪਣੇ ਪੱਲਿਓਂ ਹੀ ਪੈਸਾ ਲਾ-ਲਵਾ ਅਤੇ ਆਸਟ੍ਰੇਲੀਆ ਵਿਚ ਵੇਚ ਕੇ, ਅਜੇ ਕਈ ਵੀਹਾਂ ਵੇਚੇਗੀ ਵੀ ਓਥੇ ਸ਼ਾਇਦ), ਉਸ ਮੁਨਾਫ਼ੇ ਨਾਲ 12-13 ਸਾਲ ਤੱਕ ਦੇ ਪ੍ਰੀਤਨਗਰ ਦੇ 8 ਬੱਚਿਆਂ ਨੂੰ ਇੰਡੀਕੋਰ ਦੇ ਮੁੱਖ ਦਫ਼ਤਰ ਅਹਿਮਦਾਬਾਦ ਵੀ ਲੈ ਗਈ। ਇਨ੍ਹਾਂ ਵਿਚ 4 ਮੁੰਡੇ ਤੇ 4 ਕੁੜੀਆਂ ਸਨ। ਹਫ਼ਤਾ ਰਹਿ ਕੇ ਵਾਪਿਸੀ ਸੀ। ਬੱਚਿਆਂ ਓਥੇ ਫ਼੍ਰਿਸਬੀ ਮੈਚ ਖੇਡੇ, ਕਈ ਟੀਮਾਂ ਨਾਲ, ਜੋ ਆਸਾਮ, ਮੁੰਬਈ, ਰਾਜਸਥਾਨ, ਗੁਜਰਾਤ ਦੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ IIM, ਸਾਬਰਮਤੀ ਗਾਂਧੀ ਆਸ਼ਰਮ, NID, ਅਹਿਮਦਾਬਾਦ ਸ਼ਹਿਰ ਅਤੇ ਹੋਰ ਕਈ ਕੁਝ ਦੇਖਿਆ। ਪਹਿਲਾਂ ਇਥੇ ਵੀ ਸਾਝਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਉਤੇ ਇਕ ਘੰਟਾ ਸਟੇਸ਼ਨ ਘੁੰਮ ਫਿਰ ਕੇ ਦੇਖਿਆ। ਬੱਚਿਆਂ ਅੰਦਰ ਜੋ ਇਕ ਡਰ ਸੀ, ਘਰੋਂ ਬਾਹਰ ਆਉਣ ਦਾ, ਉਹ ਪਰਤੱਖ ਦਿਸਦਾ ਸੀ, ਜੋ ਦੂਰ ਹੋਇਆ।
ਇਥੇ ਪ੍ਰੀਤਨਗਰ ਅੱਖੀਂ ਵੇਖ ਕੇ ਅਸੀਂ ਦੁਹਾਈ ਪਾਈ ਕਿ ਗ਼ਰੀਬ ਨਿੱਕੇ ਨਿੱਕੇ ਬੱਚੇ ਬਿਨਾ ਘਰੋਂ ਕੁਝ ਖਾਧਿਆਂ ਸਕੂਲ ਆਉਂਦੇ ਹਨ ਕਿ 'ਸਰਕਾਰ ਨੇ ਉਨ੍ਹਾਂ ਖਾਤਿਰ ਇੰਤਜ਼ਾਮ ਕੀਤਾ ਹੈ' ਪਰ ਇਥੇ ਤਾਂ 12 ਵਜੇ ਤੱਕ ਵੀ ਨਿਰੇ ਚੌਲ ਹੀ ਮਿਲਦੇ ਹਨ। ਸਾਲ ਕੁ ਲਈ 30 ਨਿੱਕੇ ਨਿੱਕੇ ਬੱਚਿਆਂ ਨੂੰ ਕੇਲੇ ਤੇ ਦੁੱਧ ਰੋਜ਼ਾਨਾ ਦੇਣ ਲਈ ਸਾਡੀ ਮਦਦ ਕਰਨ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ - ਕਈਆਂ ਹਰ ਮਹੀਨੇ 500 ਰੁਪਿਆ ਦਿੱਤਾ, ਕਈਆਂ ਇਕੋ ਵਾਰ ਵਿਚ। ਮਦਦਗਾਰ ਬਣੇ ਸੁਮਿਤਾ ਦੀਦੀ ਸੰਧੂ, ਅਰਜੁਨ ਮਲਹੋਤਰਾ, ਸੁਸ਼ਮਾ ਅਤੇ ਅਵਿਨਾਸ਼ੀ ਸ਼ਰਮਾ, ਨਿਸ਼ਾ ਸਿੱਧੂ, ਪੂਰਣਿਮਾ, ਅਖ਼ਲਾਕ ਖ਼ਾਨ ਅਤੇ ਉਜ਼ਮਾ, ਕਰਨ ਅਤੇ ਵਿੰਨੀ, ਸੁਕਰਾਤ ਬਜਾਜ, ਜੈੱਸੀ ਕੌਰ, ਆਸ਼ਾ ਸੁਮਨ, ਕੋਕਾ ਰਾਓ, ਮਿਸੇਜ਼ ਪੀ. ਕੇ. ਸਿੰਘ (ਇਹ ਸਾਰੇ ਦਿੱਲੀ, ਇੰਗਲੈਂਡ, ਚੰਡੀਗੜ੍ਹ ਤੋਂ) ਤੇ ਡਾ. ਲੋਕਰਾਜ (ਯੂ.ਕੇ.)।
ਐਲੀਮੈਂਟਰੀ ਸਕੂਲ ਦੇ ਹੈੱਡ ਮਾਸਟਰ ਸਾਹਿਬ ਨੇ ਪ੍ਰੀਤੀ ਨੂੰ ਕੁਝ ਮਹੀਨਿਆਂ ਤੋਂ ਸਕੂਲ ਆਉਣ ਤੋਂ ਮਨ੍ਹਾ ਕੀਤਾ ਹੋਇਆ ਸੀ! ਪ੍ਰੀਤੀ ਉਨ੍ਹਾਂ ਨੂੰ ਪਿਆਰ ਨਾਲ ਤੇ ਆਦਰ ਨਾਲ ਤੇ ਅਖੀਰ ਸਾਫ਼ ਸਾਫ਼, ਬੱਚਿਆਂ ਖਾਤਿਰ ਲੜ ਕੇ ਵੀ, ਪੁੱਛਿਆ ਜੋ ਸੀ ਕਿ ਉਹ ਕਦੇ ਪੜ੍ਹਾਉਂਦੇ ਕਿਉਂ ਨਹੀਂ ਹਨ ਅਤੇ ਕੰਮ ਪਸੰਦ ਨਹੀਂ ਤਾਂ ਇਹ ਕਰਦੇ ਕਿਉਂ ਹਨ, ਤਨਖਾਹ ਕਿਉਂ ਲੈਂਦੇ ਹਨ, ਤੇ ਕੀ ਇਥੇ ਫ਼ੋਨ ਕਰਨ ਆਉਂਦੇ ਹਨ? ਅਸੀਂ ਪ੍ਰੀਤੀ ਨੂੰ 'ਸਮਝਾਉਣ' ਦੀ ਕੋਸ਼ਿਸ਼ ਕੀਤੀ -ਪਰ ਉਸ ਜਪਾਨ ਦੀ ਤਰੱਕੀ ਤੇ ਕੰਮ ਵੇਖਿਆ ਸੀ...ਮਿਡ ਡੇ ਮੀਲ 3 ਰੁਪਏ ਫ਼ੀ ਬੱਚਾ ਵਧੀਆ ਕਰ ਕੇ ਵੀ ਉਸ ਵਿਖਾਅ ਦਿੱਤਾ। ਅਸਲ ਵਿਚ 'ਜੱਟਸ਼ਾਹੀ' ਰੱਬ ਭੁੱਲ ਗਈ ਹੈ, ਨਰਮੀ ਤੇ ਪਿਆਰ ਨਹੀਂ ਸਮਝਦੀ। ਸੁਣਦੇ ਹਾਂ ਪਿੱਛੇ ਜਿਹੇ ਇਕ 'ਛਾਪਾ' ਪਿਆ ਹੈ।
ਪ੍ਰੀਤੀ ਦਾ ਆਪਣਾ ਵੀ ਕਿਹੜਾ ਜਾਣ ਦਾ ਮਨ ਸੀ? ਅਖਵਾਇਆ ਹੈ ਕਿ ਮੈਂ ਜ਼ਰੂਰ ਵਾਪਸ ਆਵਾਂਗੀ।
? ਆਖ਼ਰੀ ਸੁਆਲ, ਤੁਹਾਡਾ ਜੀਵਨ-ਨਾਅਰਾ ਕੀ ਹੈ?
- (ਗੰਭੀਰ ਹੁੰਦੇ ਹੋਏ) ਜੈ ਜੀਵਨ! ਜੈ ਜੀਵਨ ਸੁਧਾਰਨ ਲਈ ਸੰਘਰਸ਼! ਜੈ ਪ੍ਰੀਤ! (ਗੰਭੀਰਤਾ ਵਿਚ ਹੀ ਮੁਸਕਰਾਉਂਦੇ ਹਨ)।
* * * * * *
ਮੁਲਾਕਾਤੀ - ਜਸਪ੍ਰੀਤ ਸਿੰਘ ਜਗਰਾਓਂ
email : jaspreetjagraon@hotmail.com
E-Mail of Preet Lari: preetlarhi@gmail.com