1.
2.
FIRST EVER EXCLUSIVE INTERVIEW (PART-II) OF HONOURABLE POONAM SINGH, THE EDITOR - PREET LARI, THE OLDEST EVER PUNJABI MAGAZINE, REGULARLY PUBLISHING SINCE 1933
ਪੰਜਾਬੀ ਦੇ ਸਭ ਤੋਂ ਪੁਰਾਣੇ ਅਤੇ 1933 ਤੋਂ ਲਗਾਤਾਰ ਛਪਦੇ ਆ ਰਹੇ ਰਸਾਲੇ 'ਪ੍ਰੀਤ ਲੜੀ' ਦੇ ਸੰਪਾਦਕ ਭੈਣ ਪੂਨਮ ਸਿੰਘ ਜੀ ਦਾ ਪਹਿਲਾ ਖ਼ਾਸ ਤੇ ਵਿਆਪਕ ਇੰਟਰਵਿਊ (ਭਾਗ -2) SEE INTERVIEW PART-1
SEE INTERVIEW PART-3
SEE INTERVIEW PART-4
''ਬਚਪਨ ਤੋਂ ਲੋਕਾਂ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਸਾਂ''
-ਪੂਨਮ ਸਿੰਘ
ਮੁਲਾਕਾਤੀ - ਜਸਪ੍ਰੀਤ ਸਿੰਘ ਜਗਰਾਓਂ
PART - 2
? ਯਾਨੀ ਕਿ ਫਿਲਹਾਲ ਅਸੀਂ ਇਹ ਨਾ ਸੋਚੀਏ ਕਿ ਤੁਸੀਂ ਰਿਟਾਇਰਮੈਂਟ ਦੇ ਨੇੜੇ ਢੁਕ ਰਹੇ ਹੋ?
- ਨਹੀਂ, ਨਹੀਂ, ਰਿਟਾਇਰਮੈਂਟ ਨਹੀਂ ਹੈ, ਸਗੋਂ ਹੋਰ ਵਾਧਾ ਕੀਤਾ ਹੈ। ਮੈਂ ਹਾਲੇ ਵੀ ਉਸੇ ਤਰ੍ਹਾਂ ਹਰ ਆਰਟੀਕਲ ਨੂੰ ਆਪ ਪੜ੍ਹਦੀ ਹਾਂ, ਆਪ ਹੀ ਪਰੂਫ਼ ਰੀਡਿੰਗ ਵੀ ਕਰਦੀ ਹਾਂ, ਟਰਾਂਸਲੇਟ ਵੀ ਕਰਦੀ ਹਾਂ। ਸਮੀਆ ਹਾਲੇ ਆਪਣਾ ਪੀਸ (ਸੰਪਾਦਕੀ) ਇਕ ਦੇ ਦਿੰਦੀ ਹੈ। ਹੌਲੀ-ਹੌਲੀ ਉਹ ਜਿੰਨਾ ਵੀ ਅੱਗੇ ਕਰਨਾ ਚਾਹੇ, ਉਸ ਦੀ ਹਿੰਮਤ ਹੈ, ਉਹ ਕਰ ਸਕਦੀ ਹੈ। ਬਾਕੀ ਛੋਟੀ ਬੇਟੀ ਰਤਿਕਾ ਦੀ ਕਲਾ-ਪੜ੍ਹਾਈ ਵੀ ਹੁਣ ਪੂਰੀ ਹੋ ਰਹੀ ਹੈ। ਦੋਵੇਂ ਭੈਣਾਂ ਰਲ਼ ਕੇ ਪ੍ਰੀਤਨਗਰ-ਪ੍ਰੀਤਲੜੀ ਨੂੰ ਮੁੜ-ਖ਼ੁਸ਼ਹਾਲ ਵੇਖਣ ਦਾ ਸੁਫ਼ਨਾ ਰੱਖਦੀਆਂ ਹਨ।
? ਹੁਣ ਥੋੜ੍ਹਾ ਤੁਹਾਡੇ ਪਰਿਵਾਰ ਵੱਲ ਆਉਂਦੇ ਹਾਂ, ਤੁਹਾਡੇ ਨਾਨਕੇ ਤੇ ਦਾਦਕੇ ਪਰਿਵਾਰ ਦਾ ਆਪਣਾ ਇਕ ਗੌਰਵਸ਼ਾਲੀ ਪਿਛੋਕੜ ਹੈ, ਸਭ ਤੋਂ ਪਹਿਲਾਂ ਉਸ ਬਾਰੇ ਦੱਸੋ।
- ਨਾਨਕੇ ਪਰਿਵਾਰ ਤੋਂ ਤੁਸੀਂ ਗੱਲ ਸ਼ੁਰੂ ਕੀਤੀ ਐ, ਉਸ ਪਰਿਵਾਰ ਦਾ ਇਕ ਵੱਖਰਾ ਇਤਿਹਾਸ ਐ ਤੇ ਮੇਰੇ ਦਾਦਕੇ ਪਰਿਵਾਰ ਦਾ ਵੱਖਰਾ ਇਤਿਹਾਸ ਐ। ਨਾਨਾ ਜੀ ਨੂੰ ਮੈਂ ਆਪਣਾ ਰੋਲ ਮਾਡਲ ਸਮਝਦੀ ਹਾਂ। ਉਹ, ਕਿਸਾਨੀ ਪਰਿਵਾਰ 'ਚੋਂ, ਆਪੇ ਹੀ ਪੜ੍ਹ ਕੇ ਉਪਰ ਉਠੇ ਸਨ, ਪੜ੍ਹਨ ਵਾਲੇ ਉਦੋਂ ਉਹ ਹੀ ਸੀ ਆਪਣੇ ਪਰਿਵਾਰ 'ਚ, ਪਿੰਡ ਹੈ ਗੋਂਦਪੁਰਂਇਹ ਹਿਮਾਚਲ 'ਚ ਪੈਂਦੈ, ਊਨਾ ਜ਼ਿਲ੍ਹੇ 'ਚ। ਉਥੇ ਬਹੁਤ ਹੀ ਪਛੜਿਆਪਣ ਹੈ, ਪਾਣੀ ਹੀ ਨਹੀਂ ਹੈਂਮਿਹਨਤ ਜਿੰਨੀ ਵੀ ਕਰੋ ਗੁਜ਼ਾਰਾ ਹੀ ਨਹੀਂ ਹੈ। ਪਤਾ ਨਹੀਂ ਕਦੋਂ ਤੇ ਕਿਉਂ ਇਹ ਪਰਿਵਾਰ ਓਥੇ ਰਹਿਣ ਲੱਗਾ ਹੋਵੇਗਾ। ਨਾਨਾ ਜੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਤੁਰ ਕੇ ਬਹੁਤ ਦੂਰ ਤੱਕ ਜਾਂਦੇ ਸਨ ਪੜ੍ਹਨ ਵਾਸਤੇ, ਤੇ ਇਸੇ ਤਰ੍ਹਾਂ ਆਪਣੇ ਸ਼ੌਕ ਕਰਕੇ ਹੀ ਪਿੰਡ ਦੇ ਇਕ ਵੱਡੇ ਨਾਲ ਇਹ ਸਤਾਰ੍ਹਾਂ ਸਾਲ ਦੀ ਉਮਰ 'ਚ ਕੀਨੀਆ ਚਲੇ ਗਏ। ਉਥੇ ਸ਼ੇਰਾਂ ਭਰੇ ਜੰਗਲ ਵਿਚ ਰੇਲ ਲਾਈਨ ਬਣਨ ਦੇ ਉੱਤੇ ਓਵਰਸੀਅਰੀ ਕੀਤੀ। ਮਗਰੋਂ ਅੰਗ੍ਰੇਜ਼ੀ ਦੀ ਪੜ੍ਹਾਈ ਵੀ ਕੀਤੀਂਪਰ ਉਹ ਸਾਰੀ ਜੇਲ੍ਹ 'ਚ ਕੀਤੀ! ਜੇਲ੍ਹ ਇਸ ਕਰਕੇ ਕਿ ਉਹ ਗ਼ਦਰ ਪਾਰਟੀ ਦੇ ਕੁਝ ਲੋਕਾਂ ਦੀ ਸੰਗਤ 'ਚ ਆ ਗਏ। ਇਨ੍ਹਾਂ ਕਈ ਜਣਿਆਂ ਉਤੇ ਬਹੁਤ ਵੱਡਾ ਮੁਕੱਦਮਾ ਬਣ ਗਿਆ, ਫ਼ਾਂਸੀ ਤਕ ਦੀ ਸਜ਼ਾ ਹੋ ਗਈ, ਫੇਰ ਹੌਲੀ-ਹੌਲੀ ਕੇਸ ਚਲਦਾ ਰਿਹਾ, ਅਖੇ ਵਰਲਡ ਵਾਰ (ਪਹਿਲੀ) ਤੋਂ ਬਾਅਦ ਫ਼ੈਸਲਾ ਹੋਏਗਾ। ਫੇਰ ਸਜ਼ਾ ਘਟ ਕੇ ਉਮਰ ਕੈਦ 'ਚ ਤਬਦੀਲ ਹੋ ਗਈ, ਪਰ ਫੇਰ ਇਨ੍ਹਾਂ ਨੂੰ ਨਾਬਾਲਗ ਪਾਇਆ ਗਿਆ ਤੇ ਮਾਫ਼ੀ ਮਿਲੀ। ਪਰ ਉਨ੍ਹਾਂ 'ਚ ਸਾਡੇ ਪਿੰਡਾਂ ਦੇ ਪੁਰਾਣੇ ਸੱਭਿਆਚਾਰ ਮੁਤਾਬਕ ਇਕ ਸਪਿਰਟ ਸੀ ਕਿ ਕਿਸੇ ਦਾ ਨਾਂਅ ਨਹੀਂ ਦੱਸਣਾ ਵਾਅਦਾ ਮੁਆਫ਼ੀ ਲਈਂਆਪਣੇ ਕਿਸੇ ਪਿੰਡ ਵਾਲੇ ਦਾ ਨਾਂਅ ਮੈਂ ਕਿਵੇਂ ਲੈ ਦਿਆਂ, ਬੱਚਿਆਂ ਵਾਲੇ ਦਾ ਨਾਂ ਕਿਵੇਂ ਲੈ ਦਿਆਂ ਜਦੋਂ ਕਿ ਮੈਂ ਆਪ ਤਾਂ ਅਜੇ ਕੁਆਰਾ ਹਾਂ, ਮੇਰਾ ਕੀ ਹੈ! ਇਸ ਤਰ੍ਹਾਂ ਦੀ ਸਪਿਰਟ ਪਰਿਵਾਰ ਦੀ ਇਕ ਬੁਨਿਆਦ ਬਣ ਜਾਂਦੀ ਹੈ। ਉਨ੍ਹਾਂ ਨੇ ਆਪਣੇ ਬੱਚੇ ਕੀਨੀਆ 'ਚ ਪਾਲੇ, ਮੁਨੀਮੀ, ਦੁਕਾਨਦਾਰੀ ਵਿਚੋਂ ਪਰ ਬਹੁਤ ਅੱਛੀਆਂ ਪੜ੍ਹਾਈਆਂ ਵੀ ਦਿੱਤੀਆਂ, ਤੇ ਨਾਲ ਬਸ ਇਹੀ ਕਿਹਾ ਕਿ ਆਪਣੇ ਪਿੰਡ ਦੇ ਲੋਕਾਂ ਨੂੰ ਨਹੀਂ ਭੁੱਲਣਾ, ਇਹ ਇਕ ਗੱਲ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਅੰਦਰ ਵੀ ਭਰੀ! ਤੇ ਮੈਂ ਹੁਣ ਪਿਛੇ ਜਿਹੇ ਉਨ੍ਹਾਂ ਦੇ ਪਿੰਡ ਵੀ ਗਈ ਸੀ, ਉਥੇ ਵੀ ਇਹੀ ਲਫ਼ਜ਼ ਸੁਣਨ ਨੂੰ ਮਿਲਦੇ ਸੀ ਕਿ- ਸਾਨੂੰ ਭੁੱਲ ਨਾ ਜਾਣਾ, ਸਾਨੂੰ ਭੁੱਲ ਨਾ ਜਾਣਾ। ਕਿਉਂ ਕਿ ਉਹ ਪਿੰਡ ਹੈ ਬਹੁਤ ਹੀ ਦੂਰ-ਦੁਰੇਡੇ। ਹੁਣ ਤਾਂ ਖ਼ੈਰ ਹਿਮਾਚਲ ਵਿਚ ਸੜਕਾਂ ਪਿੰਡਾਂ ਤਕ ਵੀ ਚਲੀਆਂ ਗਈਆਂ ਨੇ, ਪਰ ਉਦੋਂ ਤਾਂ ਖੱਚਰਾਂ 'ਤੇ ਹੀ ਬੈਠ ਕੇ ਜਾਣਾ ਹੁੰਦਾ ਸੀ। ਇਸ ਤਰ੍ਹਾਂ ਦੇ ਮਾਹੌਲ 'ਚੋਂ ਹੀ ਉਠ ਕੇ ਨਾਨਾ ਜੀ ਗਏ ਸੀੇ। ਨਾਨੀ ਜੀ ਦੇ ਪਿਤਾ ਪਹਿਲਾਂ ਤੋਂ ਹੀ ਕੀਨੀਆ ਸਨ, ਪਿਛੋਂ 'ਧੌਲ ਤਪੇ' ਦੇ ਸਨ ਉਹ। ਨੈਰੋਬੀ ਵਿਚ ਆਰੀਆ ਸਮਾਜ ਸ਼ੁਰੂ ਕੀਤਾ। ਚਾਰਾਂ ਵਿਚੋਂ ਇਕ ਬੇਟਾ ਡਾਕਟਰ, ਇਕ ਵੱਡਾ ਕਾਰੋਬਾਰੀ ਬਣਿਆ। ਮੇਰੀ ਨਾਨੀ ਆਪ ਦਸਵੀਂ ਪੜ੍ਹੇ ਸਨ ਤੇ ਕੀਨੀਆ ਸਰਕਾਰ ਨੇ ਉਨ੍ਹਾਂ ਨੂੰ ਆਪਣਾ ਇਕ ਖ਼ਾਸ ਇਨਾਮ ਦਿੱਤਾ ਸੀ, ਸਮਾਜਕ ਕੰਮ ਕਰਨ ਲਈ। ਉਹ 86 ਸਾਲਾਂ ਦੀ ਉਮਰ ਵਿਚ 1984 ਤੋਂ ਬਾਅਦ ਪੂਰੇ ਹੋਏ। ਉਹ 'ਪ੍ਰੀਤਲੜੀ' ਪੜ੍ਹਦੇ ਸਨ ਤੇ ਮੇਰਾ ਹੌਸਲਾ ਵਧਾਂਦੇ ਸਨ।
? ਤੁਹਾਡਾ ਬਚਪਨ ਜ਼ਿਆਦਾ ਕਿਥੇ ਬੀਤਿਆ?
- ਮੇਰਾ ਬਚਪਨ ਲੁਧਿਆਣੇ ਮੇਰੇ ਦਾਦਕੇ ਪਰਿਵਾਰ ਵਿਚ ਸ਼ੁਰੂ ਹੁੰਦੈ, ਤੇ ਪਹਿਲੇ 7-8 ਸਾਲ ਮੈਂ ਉਥੇ ਹੀ ਰਹੀ ਆਂ, ਫੇਰ ਅਸੀਂ 1965 ਵਿਚ ਚੰਡੀਗੜ੍ਹ ਆ ਗਏ ਸੀ।
? ਆਪਣੇ ਦਾਦਕੇ ਪਰਿਵਾਰ ਬਾਰੇ ਤੇ ਉਥੇ ਬੀਤੇ ਆਪਣੇ ਬਚਪਨ ਦੇ ਦਿਨਾਂ ਬਾਰੇ ਜ਼ਰਾ ਖੁੱਲ੍ਹ ਕੇ ਦੱਸੋ।
- ਕੀ ਦੱਸਾਂ! ਇਹ ਪਰਿਵਾਰ ਹੀ ਕੁਝ ਅਜਿਹੇ ਵਿਰਸੇ ਵਾਲਾ ਹੈ 'ਡਿੱਡੀਆਂ' ਦਾ! ਪਤਾ ਲੱਗਦਾ ਹੈ ਕਿ ਇਹ ਪਤਾ ਨਹੀਂ ਕਿਹੜੀ ਸਦੀ ਤੋਂ ਕਾਨੂੰਨ ਬਣਾਉਣ-ਵਰਤਾਉਣ ਨਾਲ ਸਬੰਧ ਰੱਖਦੇ ਆ ਰਹੇ ਹਨ! ਹਦੀਆਬਾਦ (ਫਗਵਾੜਾ ਦੇ ਨਾਲ ਹੀ) ਵਿਚ ਇਨ੍ਹਾਂ ਦਾ ਅੱਲ 'ਕਾਨੂੰਨੇ' ਹੈ। ਸੁਣਨ ਨੂੰ ਮਿਲਦੈ ਕਿ ਪਤਾ ਨਹੀਂ ਕਿਹੜੀ ਸਦੀ ਦੇ (ਸ਼ਾਇਦ ਯੂਨਾਨੀ-ਤੁਰਕੀ ਮੂਲ ਦੇ ਪ੍ਰੀਸਟ (Priest) ਸਨ) ਕਾਨੂੰਨ ਦੀ ਖ਼ਾਤਰ ਰਾਜਿਆਂ ਦੀ ਮਦਦ ਕਰਨ ਸੱਦੇ ਗਏ ਸਨ। ਹੋਰ ਦੱਸਾਂ, ਗੁਰੂ ਨਾਨਕ ਦੇ ਪਹਿਲੇ ਪੰਜ ਚੇਲਿਆਂ ਵਿਚ ਭਾਈ ਗੁਰਦਾਸ ਨੇ ਭੱਲਾ, ਸਹਿਗਲ..... ਦੇ ਨਾਲ ਰਾਮਾ ਡਿੱਡੀ ਵੀ ਗਿਣਾਇਆ ਹੈ, ਜਿਸ ਦੇ ਬਾਰੇ ਮੈਂ ਲੱਭਿਆ ਹੈ ਕਿ ਉਹ ਉਸ ਸਮੇਂ ਦੀ ਮੰਨੀ ਹੋਈ ਰੂਹਾਨੀ ਹਸਤੀ ਸਨ। ਮੈਨੂੰ ਤਾਂ ਅਸੀਂ ਹੀ ਉਹ 'ਹਾਦੀ' ਜਾਪਦੇ ਹਾਂ, ਸੂਫ਼ੀਆਂ ਵਾਂਗ ਇਲਾਹੀ ਕਾਨੂੰਨ ਦੀ ਥਾਹ ਦੇਣ ਵਾਲੇ, ਜਿਸ ਪਿਛੇ ਹਾਦੀਆਬਾਦ ਬਣਿਆ। ਮੁਸਲਮਾਨ ਹੋਣਗੇ। ਕਦੋਂ ਹਿੰਦੂ, ਬ੍ਰਾਹਮਣ ਬਣੇ, ਪਤਾ ਨਹੀਂਂਅਜੇ ਲੱਭ ਰਹੀ ਹਾਂ। ਹਰਿਦੁਆਰ ਵਿਚ ਪਰਿਵਾਰ ਦੀ ਵਹੀ ਵੇਖਣ ਨੂੰ ਮਿਲੀ ਤਾਂ ਕੁਝ ਸਦੀਆਂ ਉੱਤੇ ਜਾ ਕੇ ਕਿਸੇ ਪੁਰਾਤਨ ਵਿਦੇਸ਼ੀ ਭਾਸ਼ਾ ਵਿਚ ਦਸਤਖ਼ਤ ਲੱਭੇ। ਆਪ ਵੇਖੇ! ਇਹ ਕੋਈ ਬਜ਼ੁਰਗ ਸ਼ਾਇਦ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਸਿੱਖ ਬਣਿਆ ਲੱਭਾਂਦੀਵਾਨ ਸਿੰਘ। ਮੇਰੀ ਦਾਦੀ ਇਹ ਵੀ ਦੱਸਦੀ ਸੀ ਕਿ ਸਾਡੀ ਸਿੱਖਾਂ ਨੇ ਹਵੇਲੀ ਕਈ ਵਾਰ ਤੋੜੀ ਸੀਂਅਜੇ ਲੱਭ ਰਹੀ ਹਾਂ...
ਲੁਧਿਆਣੇ ਦਾਦਕੇ ਘਰ ਵਿਚ ਹੀ ਮੈਨੂੰ ਹੋਸ਼ ਆਉਣੀ ਸ਼ੁਰੂ ਹੋਈ ਸੀ। ਉਥੇ ਦਾਦਾ-ਦਾਦੀ, ਤਾਇਆ-ਦਾਦਾ, ਤਾਈ-ਦਾਦੀ, ਭੂਆ, ਚਾਚਾ ਵੀ ਸਨ ਤੇ ਫੇਰ ਚਾਚੀ ਵੀ- ਮੇਰੇ ਮਾਂ-ਪਿਓ ਤੇ ਭਰਾ ਤੋਂ ਇਲਾਵਾ। ਇਕ-ਦੋ ਗਾਵਾਂ ਤੇ ਅੱਗੇ ਉਨ੍ਹਾਂ ਦੇ ਵੱਛੇ-ਵੱਛੀਆਂ ਵੀ ਹਮੇਸ਼ਾ ਹੁੰਦੇ ਤੇ ਤੂੜੀ ਵਾਲਾ ਵੱਡਾ ਸਾਰਾ 'ਅੰਦਰ' ਵੀ। ਤੂੜੀ ਵਾਲੇ 'ਅੰਦਰ' ਗਲੀ ਦੀ ਇਕ-ਅੱਧ ਕੁੱਤੀ ਵੀ ਬੱਚੇ ਨਿੱਘੇ ਰੱਖ ਰਹੀ ਹੁੰਦੀ। ਗਲੀ ਸੌੜੀ ਜਿਹੀ ਸੀ, ਪਰ ਉਦੋਂ ਸਾਨੂੰ ਤਾਂ ਅਣਮੁੱਕ ਲੱਗਦੀ, ਪਿਆਰੇ ਗੁਆਂਢੀਆਂ ਨਾਲ ਦੂਰ ਤੱਕ ਭਰੀ ਹੋਈ। ਅਸੀਂ 5-7 ਸਹੇਲੀਆਂ, ਸ਼ਾਮ ਨੂੰ ਉਧਰ ਨ੍ਹੇਰਾ ਪੈ ਰਿਹਾ ਹੋਣਾ, ਇਧਰ ਅਸੀਂ ਊਚ-ਨੀਚ, ਛੂਹਣ-ਛੁਹਾਈ, ਸਟਾਪੂ, ਮੇਰੇ ਕੋਠੇ ਕੌਣ, ਰਾਜੇ ਦਾ ਘਰ ਕਿਹੜਾ, ਕੋਟਲਾ ਛਪਾਕੀ ਖੇਡ ਰਹੀਆਂ ਹੁੰਦੀਆਂ। ਨਾ ਖੇਡ ਦਾ ਅੰਤ ਸੀ ਨਾ ਗਿੱਧੇ ਦਾ। ਇਹ ਸਭ ਕੁਝ ਛੇ-ਸਾਢੇ ਛੇ ਸਾਲ ਦੀ ਉਮਰ ਤੱਕ ਚੱਲਿਆਂਗੀਟ੍ਹੇ, ਗੁੱਡੀਆਂ-ਪਟੋਲੇ ਵੱਖਰੇ। ਘਰਾਂ ਦੇ ਬਾਹਰ ਅੰਗੀਠੀਆਂ ਭਖ ਰਹੀਆਂ ਹੁੰਦੀਆਂ, ਸ਼ਾਮ ਦੀ ਰੋਟੀ ਲਈ! ਆਪਣੇ ਘਰ ਤਾਂ ਮੈਨੂੰ ਕੋਈ ਕੰਮ ਨਹੀਂ ਸੀ ਹੁੰਦਾ ਘਰ ਦਾ, ਪਰ ਸਾਹਮਣੇ ਘਰ ਦੀ ਆਪਣੀ ਸਹੇਲੀ ਜਸਵਿੰਦਰ ਨੂੰ ਛੇਤੀ ਵਿਹਲੀ ਕਰਾਉਣ ਲਈ ਜ਼ਰੂਰ ਉਹਦੇ ਨਾਲ 'ਵੱਡਿਆਂ ਵਾਂਗ' ਭਾਂਡੇ ਵੀ ਮੰਜਾਅ ਦੇਣੇ। ਫਿਰ ਨਾਨਕੇ ਕੀਨੀਆ ਇਕ-ਡੇਢ ਸਾਲ ਪੜ੍ਹੀ।
ਦਾਦਕਿਆਂ ਦੇ ਘਰ ਹੀ ਵਿਆਹ-ਸ਼ਾਦੀਆਂ ਵਗੈਰਾ ਦੇਖੀਆਂ। ਰਾਸ ਲੀਲ੍ਹਾ ਵੀ ਸਭ ਤੋਂ ਪਹਿਲੀ ਵਾਰ ਮੈਂ ਉਥੇ ਹੀ ਦੇਖੀ, ਛੇ ਕੁ ਸਾਲ ਦੀ ਉਮਰ 'ਚ। ਕਿਸੇ ਦੇ ਘਰ 'ਚ ਸੀ ਤੇ ਉਸ ਦਾ ਬੜਾ ਪ੍ਰਭਾਵ ਪਿਆ ਮੇਰੇ 'ਤੇ, ਕਿਉਂਕਿ ਸਾਰਾ ਕੁਝ ਬੜਾ ਡਰੈਮੈਟਿਕ ਸੀ! ਤੇ ਇਕ ਨੇੜੇ ਮੰਦਿਰ ਸੀ, ਜਿਹਦੇ ਆਸ-ਪਾਸ ਹੀ ਉਹ ਸਾਰਾ ਇਲਾਕਾ ਵਸਿਆ ਸੀਂਉਥੇ ਹੀ ਜਾਣਾ, ਖ਼ਾਸ ਕਰਕੇ ਜਨਮਾਸ਼ਟਮੀ 'ਤੇ ਜਾ ਕੇ ਕ੍ਰਿਸ਼ਨ ਨੂੰ ਝੂਲਾ ਦੇਣਾ ਯਾਦ ਹੈ।
ਤਾਇਆ-ਦਾਦਾ ਜੀ ਉੱਚ-ਸਰਕਾਰੀ ਨੌਕਰੀ 'ਤੇ ਹੁੰਦੇ ਸਨ ਲਾਹੌਰ, ਸ਼ਾਇਦ ਸੀ. ਆਈ. ਡੀ. ਵਿਚ ਹੀ ਹੋਣ। ਉਨ੍ਹਾਂ ਤੇ ਉਨ੍ਹਾਂ ਦੀ ਪਤਨੀ, ਬੇਔਲਾਦ, ਸਾਡੇ ਤਾਈ-ਦਾਦੀ ਜੀ, ਨੇ ਸਾਨੂੰ ਭੈਣ-ਭਰਾ ਨੂੰ ਸਾਂਭਣਾ। ਭਰਾ ਮੇਰਾ ਮੇਰੇ ਤੋਂ ਢਾਈ ਕੁ ਸਾਲ ਛੋਟਾ ਹੈ। ਮੇਰੀ ਦਾਦੀ ਨੂੰ ਤਾਂ ਘਰ ਦੇ ਤੇ ਡੰਗਰਾਂ ਦੇ ਕੰਮ ਤੋਂ ਹੀ ਵਿਹਲ ਨਹੀਂ ਸੀ। ਉਹ ਚੁੱਪ ਕਰ ਕੇ ਕੰਮੇ ਲੱਗੀ ਰਹਿਣ ਵਾਲੀ 'ਗਊ' ਸੀ, ਬਹੁਤ ਅਨੁਸ਼ਾਸਨ ਵਾਲੀ। ਉਹ ਨਿੱਕੀ ਹੁੰਦੀ ਤੋਂ ਮਾਂ-ਬਾਹਰੀ ਹੋਣ ਕਰਕੇ ਆਪਣੇ ਭੈਣ-ਭਰਾ ਨੂੰ ਵੀ ਆਪ ਸਾਂਭਦੀ ਆਈ ਸੀ। ਉਹ ਜੰਡਿਆਲੇ ਦੇ ਸਨ। ਚੱਕੀ ਪੀਹਣੀ, ਖੇਸ ਬੁਣਨੇ, ਪਾਥੀਆਂ ਪੱਥਣੀਆਂ, ਸੇਵੀਆਂ ਵੱਟਣੀਆਂਂਸਾਰਾ ਕੁਝ ਆਪ ਹੀ ਕਰਦੀ ਸੀ, ਵੈਸੇ ਬਸ ਆਪਣਾ ਨਾਂ ਲਿਖਣਾ ਜਾਣਦੀ ਸੀ। ਪਰ ਤਾਈ-ਦਾਦੀ ਅਖ਼ਬਾਰ ਵੀ ਪੜ੍ਹ ਲੈਂਦੇ ਸਨ, ਥੋੜ੍ਹਾ-ਬਹੁਤਾ ਅੰਗਰੇਜ਼ੀ ਦਾ ਵੀ। ਉਨ੍ਹਾਂ ਦੇ ਪਿਤਾ ਠਾਣੇਦਾਰ ਸਨ, ਤੁਹਾਡੇ ਜਗਰਾਓਂ ਦੇ ਹੀ। ਮੈਂ ਤਾਈ-ਦਾਦੀ ਨਾਲ ਹੀ ਸੌਂਦੀ ਸੀ ਤੇ ਮੇਰਾ ਭਰਾ ਤਾਏ-ਦਾਦੇ ਨਾਲ। ਤਾਈ-ਦਾਦੀ ਨੇ ਰੋਜ਼ ਰਾਤ ਨੂੰ ਕਹਾਣੀਆਂ ਸੁਣਾਉਣੀਆਂਂਰਾਮਾਇਣ, ਮਹਾਭਾਰਤ ਦੀਆਂ, ਜੋ ਕਦੇ ਨਾ ਮੁੱਕਦੀਆਂ। ਉਨ੍ਹਾਂ ਦਾ ਨਿੱਕਾ ਜਿਹਾ ਪੂਜਾ ਘਰ ਵੀ ਸੀ ਇਕ, ਮਿਆਨੀ ਵਿਚ। ਉਹ ਬੜੇ ਧਾਰਮਿਕ ਸਨਂਸ਼ਿਵ ਭਗਤ। ਬੜੀ ਸੁਰੱਖਿਅਤ, ਸਾਂਭੀ ਜਿਹੀ ਦੁਨੀਆਂ ਸੀ ਸਾਡੀਂਭੂਆ ਜੀ, ਚਾਚਾ ਜੀ, ਦਾਦਾ ਜੀਂਸਾਰੇ ਬਹੁਤ ਲਾਡ ਕਰਦੇ। ਦਾਦਾ ਜੀ ਹੀ ਉਦੋਂ ਕਮਾਊ ਪਿਤਾ-ਰੂਪ ਸਨ ਸਭ ਲਈਂਘਰ ਦੇ ਮਾਲਿਕ। ਉਨ੍ਹਾਂ ਵਡੇਰੀ ਉਮਰ ਤੱਕ ਕੰਮ ਕੀਤਾ ਸੀ ਤੇ ਗਲੀ ਵਿਚ 4-5 ਘਰ ਉਨ੍ਹਾਂ ਦੇ ਹੀ ਸਨ, ਜਿਨ੍ਹਾਂ ਵਿਚ ਇਕ ਸਕੂਲ ਸੀ, ਇਹ ਸਕੂਲ ਅਜੇ ਵੀ ਚੱਲ ਰਿਹੈਂਮਿਊਂਸੀਪਲਟੀ ਦਾ।
? ਤੇ ਤੁਹਾਡੇ ਮਾਤਾ-ਪਿਤਾ?
- ਸਾਡੇ ਮਾਂ-ਪਿਓ ਘੱਟ ਹੀ ਦਿਸਣ ਵਾਲੀ ਸ਼ੈਅ ਸਨ, ਪਰ ਬੜੇ ਅਹਿਮ! ਬਹੁਤ ਹੀ ਸੁਹਣੇ, ਹੱਸਮੁਖ ਤੇ ਰੁੱਝੇ- ਪਰ ਬਹੁਤਾ ਘਰੋਂ ਬਾਹਰ ਰਹਿਣ ਵਾਲੇ। ਸਾਡੇ ਜਨਮ-ਦਿਨ 'ਤੇ ਜ਼ਰੂਰ ਸ਼ਾਮ ਨੂੰ ਘਰ ਵੇਲੇ ਸਿਰ ਆਉਣ ਦਾ ਹੀਲਾ ਕਰਦੇ, ਤੇ ਤੋਹਫ਼ਾ ਵੀ ਲਿਆਂਦੇ। ਪਾਪਾ ਬਸੰਤ 'ਤੇ ਪਤੰਗਬਾਜ਼ੀ ਵੀ ਕਰਦੇ ਤੇ ਹੋਲੀ ਵੀ ਖੇਡਦੇ। ਸਭ ਤੋਂ ਕਮਾਲ ਦਾ ਤਾਂ ਸੀ, ਉਨ੍ਹਾਂ ਦਾ ਘੰਟਾ-ਘਰ ਵਿਖੇ ਕਮਿਊਨਿਸਟ ਪਾਰਟੀ ਵਾਲਾ ਦਫ਼ਤਰ! ਘੰਟਾ ਘਰ ਚੌਂਕ ਵਿਚ ਕਪਿਲ ਅੰਕਲ ਸੋਵੀਅਤ ਕਿਤਾਬਾਂ ਵੇਚਣ ਲਈ ਰੱਖਦੇ, ਬੱਚਿਆਂ ਵਾਲੀਆਂ ਵੀ! ਬੜੇ ਨਰਮ ਸੁਭਾਅ ਦੇ ਸਨ ਉਹ, ਤੇ ਬੜੇ ਨਫ਼ੀਸ। ਭਾਵੇਂ ਕਿਤਾਬਾਂ ਅਜੇ ਬਿਲਕੁਲ ਕੋਰੀਆਂ ਹੁੰਦੀਆਂ, ਪਰ ਮੇਰੇ ਵਾਰ-ਵਾਰ ਮੰਗਣ 'ਤੇ ਉਨ੍ਹਾਂ ਮੈਨੂੰ ਦੇ ਦੇਣੀਆਂ ਪੜ੍ਹਨ ਨੂੰ, ਪਾਰਟੀ ਦੇ ਨਿੱਕਚੂ ਸਟੋਰ ਜਿਹੇ ਵਿਚ ਜਾਂ ਬਾਹਰ ਬਹਿ ਕੇ ਪੜ੍ਹਨ ਲਈ। ਹਰ ਕਿਤਾਬ ਵਿਚੋਂ ਕੋਈ ਦੁਨੀਆਂ ਮੇਰੇ ਅੱਗੇ ਖੁੱਲ੍ਹਦੀ ਰਹਿੰਦੀ। ਤਸਵੀਰਾਂ ਵਾਲੀਆਂ ਪਿਆਰੀਆਂ-ਪਿਆਰੀਆਂ ਕਹਾਣੀਆਂ-ਕਵਿਤਾਵਾਂ! ਇਸੇ ਦਫ਼ਤਰ ਵਿਚ, ਸੁਣਦੀ ਰਹੀ ਹਾਂ, ਕਿ ਜਦ ਮੈਂ ਬਿਲਕੁਲ ਗੋਦੀ ਵਿਚ ਸਾਂ, ਮੈਨੂੰ ਕਿਸੇ ਬੈਂਚ ਆਦਿ 'ਤੇ ਲੰਮਿਆਂ ਪਾ ਕੇ ਦੁੱਧ ਦੀ ਬੋਤਲ ਵੀ ਰੱਖ ਦਿੱਤੀ ਜਾਂਦੀਂਜਿਹੜਾ ਲੰਘੇ, ਤੇ ਮੈਨੂੰ ਰੋਂਦੀ ਵੇਖੇ, ਬੋਤਲ ਮੇਰੇ ਮੂੰਹ ਨੂੰ ਲਾ ਦਿੰਦਾ ਸੀ। ਇਹ ਘਰ ਦੇ ਪਿਆਰੇ ਮਾਹੌਲ ਦਾ ਹੀ ਵਿਸਥਾਰ ਸੀ। ਇਧਰ ਘਰ ਪਾਰਟੀ ਸਕੂਲ ਵੀ ਲੱਗਦੇ ਸਨ, ਮੀਟਿੰਗਾਂ ਵੀ ਹੁੰਦੀਆਂ। ਕੋਠੇ 'ਤੇ ਦੋ-ਤਿੰਨ ਚੁਬਾਰੇ ਸਨ, ਜਿਨ੍ਹਾਂ ਅੱਗੇ ਵੱਖ-ਵੱਖ ਵਿਹੜੇ ਬਣੇ ਹੋਏ ਸਨ।
ਦਾਦਾ ਜੀ ਵਪਾਰ ਕਰਦੇ ਸਨ, ਕਦੇ ਬੜੇ ਨਫ਼ੇ ਵਿਚ ਹੁੰਦੇ, ਕਦੇ ਬਹੁਤ ਔਖੇਂਠਾਣੇਦਾਰਾਂ ਵਰਗਾ ਜਲੌਅ ਸੀ; ਬੜੇ ਸ਼ੌਕੀਨ ਵੀ ਸਨ, ਜਲ-ਤਰੰਗ ਵਜਾਉਂਦੇ ਸਨ, ਇਤਰ ਲਗਾਉਂਦੇ ਸਨ, ਤੁਰਲੇ ਵਾਲੀ ਪੱਗ ਪਿੱਛੇ ਲੜ ਛੱਡ ਕੇ, ਕੁੜਤਾ, ਸਲਵਾਰ ਤੇ ਸੈਂਡਲ ਪਹਿਨਦੇ ਸਨ। ਫਗਵਾੜੇ ਨਾਲੋਂ 'ਪੁਰਾਣੇ ਸ਼ਹਿਰ' ਆਖੇ ਜਾਂਦੇ ਹਾਦੀਆਬਾਦ ਦੀ ਇਕ ਹਵੇਲੀ ਤੋਂ ਚੱਲ ਕੇ ਇਹ ਹੀ ਲੁਧਿਆਣੇ ਸ਼ਹਿਰ ਆਏ ਤੇ ਵਸੇ ਅਤੇ ਅੰਗਰੇਜ਼ੀ ਕਿਸਮ ਦੀਆਂ ਚੀਜ਼ਾਂ ਘਰ ਲਿਆਂਦੀਆਂ। ਪਰ ਵੱਡੇ ਪੁੱਤਰ (ਮੇਰੇ ਪਾਪਾ) ਨਾਲ ਖੜਕਾ ਹੀ ਰਹਿੰਦਾ। ਆਪਣੇ ਪਿਤਾ ਦੇ ਕੁਝ ਰੰਗੀਨ ਹੀ ਆਖੇ ਜਾ ਸਕਦੇ ਸੁਭਾਅ ਕਰਕੇ, ਤੇ ਆਪਣੀ ਮਾਂ ਦੇ ਦੁੱਖਾਂ ਤੇ ਉਸਦੇ ਪਿਆਰ ਵਿਚ ਮੇਰੇ ਪਾਪਾ ਛੋਟੀ ਉਮਰ ਵਿਚ ਹੀ ਸਿਆਸਤ ਵੱਲ ਖਿੱਚੇ ਗਏ! ਜਿਵੇਂ ਹੁੰਦਾ ਹੈ, ਪਹਿਲਾਂ ਧਾਰਮਿਕ ਝੁਕਾਅ ਵਾਲੀ ਸਿਆਸੀ ਬਣਤਰ ਦੇ ਹੀ ਘੇਰੇ ਵਿਚ ਆਏ, ਪਰ ਛੇਤੀ ਹੀ ਕਮਿਊਨਿਸਟ ਹੋ ਗਏ। ਆਪਣੇ ਪਿਤਾ (ਮੇਰੇ ਦਾਦਾ ਜੀ) ਨੂੰ ਅੱਖਾਂ ਵਿਖਾ ਕੇ- ਕਿਰਾਏਦਾਰਾਂ ਨਾਲ ਖਲੋ ਜਾਣਾ! ਪਾਪਾ '102 ਵਾਰ' ਘਰੋਂ ਰੁੱਸ ਕੇ ਗਏ ਦੱਸੇ ਜਾਂਦੇ ਹਨ, ਤੇ ਮਰਨ ਵਰਤ ਵੀ ਰੱਖਿਆ ਸੀਂ40 ਦਿਨਾਂ ਦਾ। ਜਾਪਦਾ ਹੈ, ਘਰਦਿਆਂ ਦਾ ਤ੍ਰਾਹ ਹੀ ਕੱਢੀ ਰੱਖਦੇ ਸਨ। 32 ਸਾਲ ਦੀ ਉਮਰ ਵਿਚ ਉਨ੍ਹਾਂ ਮੇਰੀ ਬੈਰਿਸਟਰ ਮਾਂ ਨਾਲ ਵਿਆਹ ਕਰਾਇਆ। ਦੋਵੇਂ ਜਣੇ ਪਾਰਟੀ ਦੇ ਕੁਲਵਕਤੀ ਸਨ।
ਮੇਰੇ ਪਾਪਾ ਨੂੰ ਗੁੱਸਾ ਬਹੁਤ ਚੜ੍ਹਦਾ ਸੀ, ਜਦੋਂ ਕਦੇ ਚੜ੍ਹਨਾ! ਇਕ ਵਾਰ ਮੈਂ ਬਹੁਤ ਨਿੱਕੀ ਹੁੰਦੀ ਨੇ ਘਰ ਵਿਚ ਹੁੰਦੀਆਂ ਵੱਡਿਆਂ ਦੀਆਂ ਗੱਲਾਂ ਦੇ ਅਸਰ ਹੇਠ ਉਨ੍ਹਾਂ ਤੋਂ ਪੁੱਛ ਲਿਆ ਹੋਵੇਗਾ- ''ਤੁਸੀਂ ਕੋਈ ਕੰਮ ਕਿਉਂ ਨਹੀਂ ਕਰਦੇ?'' ਤੇ ਉਨ੍ਹਾਂ 2-3 ਦਿਨ ਰੋਟੀ ਨਾ ਖਾਧੀ! ਮੈਂ ਮੁੜ ਕਦੇ ਇਹ ਸੁਆਲ ਮਨ ਵਿਚ ਵੀ ਆਉਣ ਨਾ ਦਿੱਤਾ! ਬਚਪਨ ਤੋਂ ਹੀ ਮੈਂ ਪਿਤਾ ਜੀ ਦੀ ਭਗਤ ਸੀ।
SEE INERVIEW PART-3
email of PREET LARI : preetlarhi@gmail.com