1.
2.
FIRST EVER EXCLUSIVE INTERVIEW (PART-III) OF HONOURABLE POONAM SINGH, THE EDITOR - PREET LARI, THE OLDEST EVER PUNJABI MAGAZINE, REGULARLY PUBLISHING SINCE 1933
ਪੰਜਾਬੀ ਦੇ ਸਭ ਤੋਂ ਪੁਰਾਣੇ ਅਤੇ 1933 ਤੋਂ ਲਗਾਤਾਰ ਛਪਦੇ ਆ ਰਹੇ ਰਸਾਲੇ 'ਪ੍ਰੀਤ ਲੜੀ' ਦੇ ਸੰਪਾਦਕ ਭੈਣ ਪੂਨਮ ਸਿੰਘ ਜੀ ਦਾ ਪਹਿਲਾ ਖ਼ਾਸ ਤੇ ਵਿਆਪਕ ਇੰਟਰਵਿਊ (ਭਾਗ -3) SEE INTERVIEW PART-3
SEE INTERVIEW PART-2
SEE INTERVIEW PART-4
''ਬਚਪਨ ਤੋਂ ਲੋਕਾਂ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਸਾਂ''
-ਪੂਨਮ ਸਿੰਘ
ਮੁਲਾਕਾਤੀ - ਜਸਪ੍ਰੀਤ ਸਿੰਘ ਜਗਰਾਓਂ
PART - 3
? ਲੁਧਿਆਣੇ ਤੋਂ ਬਾਅਦ ਤੁਸੀਂ ਚੰਡੀਗੜ੍ਹ ਆ ਗਏ?
- ਜਿਵੇਂ ਦੱਸਿਐ, ਉਸ ਤੋਂ ਬਾਅਦ ਮੈਂ ਇਕ-ਡੇਢ ਸਾਲ ਕੀਨੀਆ ਵੀ ਜਾ ਕੇ ਰਹੀ, ਨਾਨਕੇ ਘਰ। ਦੂਜੀ-ਤੀਜੀ ਉਥੇ ਪੜ੍ਹੀ। ਉਹਦਾ ਵੀ ਮੇਰੀ ਪੜ੍ਹਾਈ, ਖ਼ਾਸਕਰ ਅੰਗ੍ਰੇਜ਼ੀ ਉੱਤੇ ਇਕ ਅਸਰ ਮੈਨੂੰ ਮਹਿਸੂਸ ਹੁੰਦੈ। ਫੇਰ ਅਸੀਂ ਚੰਡੀਗੜ੍ਹ ਆ ਗਏ। ਇਥੇ ਮੈਂ ਸਰਕਾਰੀ ਮਾਡਲ ਸਕੂਲ ਵਿਚ ਪੜ੍ਹੀ। ਇਥੇ ਬੜਾ ਅੱਛਾ ਮਾਹੌਲ ਮਿਲਿਆ। ਮਾਪੇ ਕਿਉਂਕਿ ਆਜ਼ਾਦ ਖ਼ਿਆਲ ਦੇ ਸਨ ਤੇ ਉੱਚ ਕਦਰਾਂ-ਕੀਮਤਾਂ ਦੇ ਮਾਲਕਂਉਨ੍ਹਾਂ ਬਹੁਤ ਤਾਕਤ ਦਿੱਤੀ। ਜੋ ਕੰਮ ਅੱਜ ਮਾਪੇ ਇਥੇ ਬੱਚਿਆਂ ਨੂੰ ਨਾਲ ਜਾ-ਜਾ ਕੇ ਕਰਵਾਉਂਦੇ ਨੇ, ਉਹ ਅਸੀਂ ਦੋਵੇਂ ਭੈਣ-ਭਰਾ ਉਦੋਂ ਆਪ ਹੀ ਜਾ-ਜਾ ਕੇ ਕਰਦੇ ਰਹੇ। ਮੇਰਾ ਭਰਾ ਮੈਥੋਂ ਦੋ ਸਾਲ ਛੋਟਾ ਐ, ਅਸੀਂ ਆਪ ਹੀ ਤੁਰ-ਫਿਰ ਕੇ ਸਿੱਖਦੇ ਰਹੇ। ਤੇਰ੍ਹਾਂ ਸਾਲ ਦੀ ਉਮਰ ਵਿਚ ਹੀ ਅਸੀਂ ਝੀਲ 'ਤੇ ਵੀ 'ਕੱਲੇ ਹੀ ਚਲੇ ਜਾਂਦੇ, ਅਸੀਂ ਉਥੋਂ ਦੇ ਬੋਟਿੰਗ ਕਲੱਬ ਦੇ ਮੈਂਬਰ ਵੀ ਬਣ ਗਏ। ਗੌਰਮਿੰਟ ਪੂਲ 'ਚ ਸਵਿਮਿੰਗ ਵੀ ਕਰਦੇ ਰਹੇ। ਸਾਈਕਲਿੰਗ ਵੀ ਕੀਤੀਂ ਸਾਈਕਲ 'ਤੇ ਤਾਂ ਸਕੂਲ, ਫਿਰ ਕਾਲਜ ਜਾਣਾ। ਸਕੂਲਾਂ 'ਚ ਡਾਂਸ, ਗਾਣਾ ਸਭ ਕੁਝ ਕਰਦੇ ਰਹੇ। ਮੰਮੀ ਨਾਲ 'ਇਪਟਾ' 'ਚ ਵੀ ਕੰਮ ਕੀਤਾ। ਸ਼ੁਰੂ ਤੋਂ ਹੀ ਮਹਾਨ ਕਲਾਕਾਰ ਅਤੇ ਖ਼ੂਬਸੂਰਤ ਇਨਸਾਨ ਜੋਗਿੰਦਰ ਬਾਹਰਲਾ ਸਾਡੇ ਘਰ ਦਾ ਇਕ ਪੱਕਾ ਅੰਗ ਸਨ, ਉਨ੍ਹਾਂ ਨਾਲ ਸਾਨੂੰ ਇਪਟਾ 'ਚ ਕੰਮ ਕਰਨ ਦਾ ਮੌਕਾ ਮਿਲਿਆ। ਬਾਹਰਲਾ ਨੂੰ ਮੈਂ ਆਪਣਾ ਪਹਿਲਾ ਗੁਰੂ ਮੰਨਦੀ ਹਾਂ।
? ਮਾਪਿਆਂ ਦੇ ਚੰਡੀਗੜ੍ਹ ਆ ਵਸਣ ਦਾ ਸਬੱਬ ਕਿਵੇਂ ਬਣਿਆ?
- ਮੇਰੀ ਮਾਂ ਨੇ ਬਰਿਸਟਰੀ ਦੀ ਪੜ੍ਹਾਈ ਕੀਤੀ ਹੋਈ ਸੀ ਤੇ ਉਨ੍ਹਾਂ ਦੇ ਮਨ ਵਿਚ ਬਹੁਤ ਇੱਛਾ ਸੀ ਕਿ 'ਮੇਰੇ ਬਾਪ ਨੇ ਮੈਨੂੰ ਤੇ ਮੇਰੇ ਭਰਾ ਨੂੰ ਬਰਿਸਟਰ ਬਣਾਇਆ, ਤੇ ਮੈਂ ਉਨ੍ਹਾਂ ਦਾ ਸੁਪਨਾ ਜ਼ਰੂਰ ਪੂਰਾ ਕਰਾਂ ਤੇ ਆਪਣੇ ਬਰਿਸਟਰ ਦੇ ਕਿੱਤੇ ਨਾਲ ਜੁੜਾਂ।' ਤੇ ਮੇਰੇ ਪਿਤਾ ਤਾਂ ਤੁਹਾਨੂੰ ਪਤਾ ਹੀ ਐ ਕਿ ਕੁਲਵਕਤੀ ਕਮਿਊਨਿਸਟ ਰਹੇ, ਉਹ ਇਹੋ ਚਾਹੁੰਦੇ ਸਨ ਕਿ ਮਾਂ ਵੀ ਕੁਲਵਕਤੀ ਹੀ ਰਹਿਣ। ਮੇਰੀ ਮਾਂ ਨੇ ਕਿਹਾ ਕਿ ਸਾਡੇ ਹੁਣ ਤਿੰਨ ਬੱਚੇ ਨੇ ਤੇ ਅਸੀਂ ਹੁਣ ਫ਼ੈਮਿਲੀ ਉਤੇ ਜਾਂ ਕਹਿ ਲਓ ਕਿ ਦਾਦਾ ਜੀ ਦੀ ਕਮਾਈ ਉਤੇ ਡਿਪੈਂਡ ਨਹੀਂ ਕਰਨਾ। ਉਦੋਂ ਦੋਵੇਂ ਹੀ ਹੋਲ-ਟਾਈਮਰ ਸਨ ਪਾਰਟੀ ਦੇ। ਇਸ ਤਰ੍ਹਾਂ ਚੰਡੀਗੜ੍ਹ ਆ ਕੇ ਮੰਮੀ ਨੇ ਪਹਿਲਾਂ ਓਥ-ਕਮਿਸ਼ਨਰੀ ਕੀਤੀ, ਯਾਨੀ ਬੜੇ ਹੀ ਔਖੇ ਹਾਲਾਤ 'ਚ ਇਥੇ ਆ ਕੇ ਕੰਮ ਕੀਤਾ। ਮੇਰੇ ਪਾਪਾ ਟਰੇਡ ਯੂਨੀਅਨ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੂੰ ਵਕਾਲਤ ਵੈਸੇ ਵੀ ਥੋੜ੍ਹੀ ਨਾਪਸੰਦ ਸੀ ਕਿ ਇਸ ਕਿੱਤੇ ਵਿਚ 'ਝੂਠ ਬੋਲਣਾ ਪੈਂਦੈ', ਉਨ੍ਹਾਂ ਨੇ ਜ਼ਿਦ ਕੀਤੀ ਸੀ ਕਿ ਆਪਾਂ ਹੋਲ-ਟਾਈਮਰ ਹੀ ਬਣੇ ਰਹਿੰਦੇ ਹਾਂ, ਪਰ ਮੇਰੇ ਮੰਮੀ ਨੇ ਹੋਰਾਂ, ਇਥੋਂ ਤੱਕ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਨਵਤੇਜ ਸਿੰਘ ਜੀ ਹੁਰਾਂ ਨੂੰ ਵੀ ਵਿਚ ਪਾਇਆ ਕਿ ਮੇਰੇ ਪਾਪਾ ਨੂੰ ਮਨਾਉਣ। ਕਾਮਰੇਡ ਡਾਂਗ ਨੇ ਇਕ ਵਾਰ ਸਲਾਹ ਦਿੱਤੀ ਸੀ ਕਿ ਚੰਗੇ ਵਕੀਲ ਹੀ ਬਣੋਂਜਦੋਂ ਮੇਰੀ ਮਾਂ ਵਕਾਲਤ, ਪਾਰਟੀ ਦਾ ਕੰਮ ਤੇ ਇਸ ਦੀ ਸਭਾ ਦਾ ਕੰਮਂਸਭ ਕਰਦੀ ਸੀ। ਅਸਲ ਵਿਚ ਘਰ ਰਹਿਣ ਦੀ ਉਨ੍ਹਾਂ ਦੀ ਕੋਈ ਟ੍ਰੇਨਿੰਗ ਜਾਂ ਆਦਤ ਨਹੀਂ ਸੀ। ਫੇਰ ਪਾਪਾ ਨੇ ਕਿਹਾ ਕਿ ਠੀਕ ਐ, ਤੂੰ ਕਰ ਲੈ, ਪਰ ਤੂੰ ਮਜ਼ਦੂਰਾਂ ਦੇ ਕੇਸ ਕਰ, ਔਰਤਾਂ ਤੇ ਮਜ਼ਲੂਮਾਂ ਦੇ ਕੇਸ ਕਰ। ਫੇਰ ਉਨ੍ਹਾਂ ਨੇ ਮੰਮੀ ਦੇ ਕੇਸਾਂ ਵਿਚ ਮਦਦ ਕੀਤੀ, ਕਈ ਵਾਰ ਕੋਈ ਨੁਕਤਾ ਸਮਝਾ ਵੀ ਦੇਣਾ।
? ਤੁਹਾਨੂੰ ਮਾਤਾ-ਪਿਤਾ ਦੋਹਾਂ ਵੱਲੋਂ ਟਾਈਮ ਮਿਲਦਾ ਰਿਹਾ?
- ਨਹੀਂ, ਟਾਈਮ ਨਹੀਂ ਮਿਲਦਾ ਰਿਹਾ। ਟਾਈਮ ਦੀ ਬੜੀ ਕਮੀ ਰਹੀ ਪੇਰੈਂਟਸ ਵੱਲੋਂ। ਖ਼ਾਸਕਰ ਮਦਰ ਦਾ ਜੋ ਪਿਆਰ ਹੁੰਦਾ ਹੈ, ਮਦਰ ਦੀ ਜੋ ਛੋਹ ਹੁੰਦੀ ਹੈ, ਉਹ ਘੱਟ ਮਹਿਸੂਸ ਹੋਈ। ਲੇਕਿਨ ਦਾਦਕੇ ਪਰਿਵਾਰ 'ਚ ਅਸੀਂ ਜ਼ਿਆਦਾ ਰਹੇ, ਉਥੇ ਦਾਦਾ, ਦਾਦੀ, ਭੂਆ, ਚਾਚੇ, ਤਾਈ-ਦਾਦੀ, ਤਾਇਆ-ਦਾਦਾ। ਸਾਡਾ ਜੋ ਤਾਇਆ-ਦਾਦਾ ਸੀ, ਉਸ ਨੇ ਸਾਨੂੰ ਮਾਵਾਂ ਵਾਂਗ ਪਾਲਿਆ, ਸਾਨੂੰ ਵੱਡੇ ਦੋਵਾਂ ਭੈਣ-ਭਰਾ ਨੂੰਂਇਕ ਛੋਟੀ ਭੈਣ ਬਾਅਦ ਵਿਚ ਹੋਈ। ਇਸ ਤਰ੍ਹਾਂ ਹੋਰ ਰਿਸ਼ਤਿਆਂ 'ਚੋਂ ਤਾਂ ਪਿਆਰ ਬਹੁਤ ਮਿਲਿਆ, ਪਰ ਮਾਂ-ਬਾਪ ਜੋ ਸੀ, ਉਹ ਕਿਤੇ ਗ਼ਾਇਬ ਰਹੇ, ਸਵੇਰੇ ਦਿਸਦੇ ਸੀ ਜਾਂ ਰਾਤ ਨੂੰ ਦਿਸਦੇ ਸੀ, ਰਾਤ ਨੂੰ ਵੀ ਕਈ ਵਾਰ ਅਸੀਂ ਸੁੱਤੇ ਹੀ ਹੋਣਾ। ਪਰ ਜਿਵੇਂ ਮੈਂ ਪਹਿਲਾਂ ਦੱਸਿਐ ਕਿ ਇਕ ਖ਼ਾਸ ਮੌਕਾ ਹੁੰਦਾ ਸੀ ਕਿ ਸਾਡੇ ਜਨਮ ਦਿਨ ਵਾਲੇ ਦਿਨ ਉਹ ਜ਼ਰੂਰ ਟਾਈਮ ਨਾਲ ਆਉਂਦੇ ਸਨ, ਪਿਆਰ ਦਿੰਦੇ ਸਨ। ਉਂਝ ਕਦਰਾਂ-ਕੀਮਤਾਂ ਦੇਣ ਦੀ ਬੜੀ ਕੋਸ਼ਿਸ਼ ਕਰਦੇ ਸਨ।
ਹੋਰ ਦੱਸਾਂ, ਮਾਂ ਨੇ ਕੁਝ ਵੱਧ ਅਤੇ ਪਿਤਾ ਨੇ ਕੁਝ ਘੱਟ ਸੌਖਾਂ ਵਾਲੀ ਜ਼ਿੰਦਗੀ ਵਾਲਾ ਰਾਹ ਛੱਡ, ਕਾਮਰੇਡੀ ਵਾਲਾ ਸਭ ਤੋਂ ਹੀ ਔਖਾ ਰਾਹ ਚੁਣ ਲਿਆ ਸੀ, ਭਰ ਜਵਾਨੀ ਵਿਚ ਹੀ। ਭਾਵੇਂ ਉਨ੍ਹਾਂ ਦਾ ਘਰ ਕਿਸੇ ਰਿਸ਼ੀ-ਆਸ਼ਰਮ ਜਿਹਾ ਸੁਰੀਲਾ ਤੇ ਸੁੱਚਾ ਸੀ ਜਿਥੇ ਲੋਕ-ਪਿਆਰ, ਇਕ ਤਾਜ ਪਹਿਨੀ, ਹਮੇਸ਼ਾ ਹਾਜ਼ਿਰ ਸਰਵਉੱਚ ਦੇਵਤਾ ਸੀ - ਪਰ ਦਿਸਦਾ ਤਾਂ ਇਹ ਇਕ 'ਗਰੀਬ ਘਰ' ਹੀ ਸੀ ਨਾ। ਤੇ ਪੈਸੇ ਵਲੋਂ ਸਚਮੁੱਚ ਹੀ ਇਕ ਸੁੱਚੀ ਔਖ ਵਾਲਾ! ਸ਼ਾਇਦ ਉਨ੍ਹਾਂ ਨੂੰ ਵੀ ਬਾਲ ਨਹੀਂ ਜੰਮਣੇ ਚਾਹੀਦੇ ਸਨ- ਕੁਝ ਹੋਰ ਉਨ੍ਹਾਂ ਜਿਹੀਆਂ ਇਨਕਲਾਬੀ-ਜੋੜੀਆਂ ਵਾਂਗ। ਪਰ ਇਹ ਹੋਏ ਪਿਆਰਾਂ ਨੂੰ ਪਿਆਰਨ ਵਾਲੇ! ''ਤਿੰਨ ਗਲਤੀਆਂ'' ਕੀਤੀਆਂਂਤਿੰਨ ਬੱਚੇ, ਪਿਤਾ ਹੱਸ ਕੇ ਕਹਿੰਦੇ। ਪਿਛੇ ਜਿਹੇ ਇਹ ਛਾਪਿਆ ਵੀ ਸੀ, ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਇਕ ਫ਼ਿਲਮ ਵਿਚ ਇਹੋ ਜੁਮਲਾ ਵਰਤਿਆ ਗਿਆ ਵੀ ਦੇਖਿਐਂਵਿਲੇਨ ਲਈ! ਮਾਂ, ਬਲਦ ਵਾਂਗ, ਵਕਾਲਤ ਕਰਦੀ - ਪਰ ਮੁਲਾਜ਼ਮ, ਮਜ਼ਦੂਰ, ਔਰਤ, ਬੇਸਹਾਰਾ ਲਈ। ਥੋੜ੍ਹੇ ਪੈਸੇ ਨੂੰ ਵੀ ਇਓਂ ਫੜਦੀ ਜਿਵੇਂ ਕੋਈ ਗੁਨਾਹ ਤੋਂ ਅੱਖ ਚੁਰਾਅ ਰਿਹਾ ਹੋਵੇ। ਨਤੀਜਾ? ਬੱਚੇ ਭੁੱਲ ਹੀ ਗਏ ਕਿ ਉਹ 'ਕੌਣ' ਹਨ। ਉਨ੍ਹਾਂ ਆਪਣੇ ਆਪ ਨੂੰ 'ਵਿਚਾਰੇ ਬੇ-ਜਾਇਦਾਦ' ਸਮਝ ਲਿਆ, ਹੋਰਾਂ ਦੀਆਂ ਅੱਖਾਂ ਤੋਂ ਆਪਣਾ ਆਪ ਵੇਖ ਵੇਖ? ਇਨ੍ਹਾਂ ਬਾਲਾਂ ਨੂੰ 'ਸਮਝਾਉਣ' ਦਾ ਫ਼ਾਇਦਾ ਨਹੀਂ ਸੀ ਹੋਣਾ। 'ਸਮਝ ਆਪੇ ਆਉਂਦੀ ਹੁੰਦੀ ਹੈ' ਉਤੇ ਹੀ ਅਮਲ ਹੋ ਸਕਦਾ ਸੀ। ਆਪੇ ਸਮਝਣ, ਲੱਭਣ, ਮੰਨਣ ਵਿਚ ਇਕ ਆਜ਼ਾਦੀ ਹੁੰਦੀ ਹੈ ਜੋ ਸਭ ਤੋਂ ਕੀਮਤੀ ਹੁੰਦੀ ਹੈ, ਹਰ ਪੀੜ੍ਹੀ ਲਈ ਹੀ। ਖ਼ੁਦ 'ਆਜ਼ਾਦੀ' ਲਈ ਲੜੇ, ਸਮਾਜਕ-ਪਰਿਵਾਰਕ ਦਬਦਬਿਆਂ ਤੋਂ ਆਜ਼ਾਦੀ ਲਈ ਲੜੇ ਲੋਕ ਹੀ ਇਸ ਆਜ਼ਾਦੀ ਦਾ ਮੁੱਲ ਪਾ ਸਕਦੇ ਹੁੰਦੇ ਹਨ! ਅਣਖਾਂ ਵਾਲੇ 'ਆਜ਼ਾਦ' ਲੋਕ ਜੰਮਣ-ਬਨਾਉਣ ਲਈ ਪਿਛਲੀਆਂ ਪੀੜ੍ਹੀਆਂ ਨੂੰ ਖਾਦ ਬਣ ਜਾਣਾ ਪੈਂਦਾ ਹੁੰਦਾ ਹੈ।
ਤੇ ਕੁਝ ਇਸੇ ਤਰ੍ਹਾਂ ਦੇ ਵਿਚਾਰਾਂ ਦੀ ਆਜ਼ਾਦੀ ਮਿਲੀ ਸਾਨੂੰ ਤਿੰਨ ਭੈਣ ਭਰਾਵਾਂ ਨੂੰ ਆਪਣੇ ਮਾਤਾ ਪਿਤਾ ਤੇ ਉਨ੍ਹਾਂ ਦੀ ਸਿਖਾਈ ਗੱਲ ਨੂੰ ਪ੍ਰਣਾਮ ਕਰਦੀ ਹਾਂ ਮੈਂ। ਉਹ ਇਹੋ ਜਿਹੇ ਲੋਕ ਸਨ ਕਿ ਗ਼ੁਲਾਮੀ, ਜਗੀਰਦਾਰੀ, ਸਾਮਰਾਜ, ਸਰਮਾਏਦਾਰੀ ਦਿਆਂ ਯੁੱਗਾਂ ਵਿਚੋਂ ਲੰਘ ਕੇ ਵੀ ਮੂਲ ਕਬਾਇਲੀ ਬਰਾਬਰੀ ਅਤੇ ਆਜ਼ਾਦੀਂਅਤੇ ਇਕ ਫ਼ਕੀਰੀਂਬਚਾਅ ਕੇ ਰੱਖ ਸਕੇ ਅਤੇ ਉਤੋਂ ਇਨ੍ਹਾਂ ਸਾਰੇ ਯੁੱਗਾਂ 'ਤੇ ਹੱਸ ਵੀ ਸਕੇ, ਭਾਵੇਂ ਹਲੀਮੀ ਨਾਲ ਮਿੱਠਾ ਮਿੱਠਾ ਮੁਸਕਰਾ ਕੇ ਤੇ ਭਾਵੇਂ, ਜ਼ਾਲਮਾਂ ਦੇ ਕਾਰੇ ਵੇਖ ਵੇਖ, ਖੁੱਲ੍ਹ ਕੇ ਠਹਾਕਾ ਮਾਰ ਕੇ, ਉਨ੍ਹਾਂ ਜ਼ਾਲਮਾਂ ਦੇ ਹੀ ਸਾਮ੍ਹਣੇ। ਅੱਜ ਇਨ੍ਹਾਂ ਦੋਹਾਂ ਦੇ ਤੁਰ ਜਾਣ 'ਤੇ ਪਿਆਰ-ਸੱਚ ਇਕ ਤਾਜ ਪਹਿਨੀਂਮੁਸਕ੍ਰਾਂਦਾ ਬਚ ਗਿਆ ਹੈ, ਫੁੱਲਾਂ ਵਾਂਗ।
? ਤੁਹਾਡੇ 'ਤੇ ਜ਼ਿਆਦਾ ਪ੍ਰਭਾਵ ਤੁਹਾਡੇ ਪਿਤਾ ਦਾ ਹੈ ਜਾਂ ਮਾਂ ਦਾ?
- ਕਹਿ ਨਹੀਂ ਸਕਦੀ। ਕਿਉਂ ਕਿ ਦੋਵਾਂ ਦਾ ਆਪਣੀ-ਆਪਣੀ ਕਿਸਮ ਦਾ ਪ੍ਰਭਾਵ ਰਿਹੈ। ਮੰਮੀ ਕਿਉਂ ਕਿ ਬਾਹਰੋਂ ਆਏ ਸਨ, ਵੈਸਟਰਨ ਚੀਜ਼ਾਂ ਉਨ੍ਹਾਂ ਨੇ ਵੇਖੀਆਂ ਸਨ ਭਾਵੇਂ ਬਚਪਨ ਗੁਰੂਕੁਲ ਵਿਚ ਪੜ੍ਹੇ ਸਨ, ਜਦ ਕਿ ਪਾਪਾ ਨੇ ਪੜ੍ਹਿਆ ਬਹੁਤ ਸੀ, ਫ਼ਰਾਂਸੀਸੀ ਸਾਹਿਤ, ਰੂਸੀ ਸਾਹਿਤ, ਉਰਦੂ ਸਾਹਿਤ, ਸੋ ਆਪਣੇ ਤਰੀਕੇ ਨਾਲ ਉਹ ਬਹੁਤ ਅਗਾਂਹਵਧੂ ਸੋਚ ਦੇ ਸਨ। ਉਹ ਕਵੀ ਤਾਂ ਹੈ ਹੀ ਸਨ, ਬੰਸਰੀ ਵੀ ਵਜਾਂਦੇ ਸਨ। ਮਾਂ ਮੇਰੀ ਰਾਗਾਂ ਦੀ ਜਾਣਕਾਰੀ ਇਕ ਠੋਸ ਵਿਸ਼ਵਾਸ ਨਾਲ ਰੱਖਦੀ ਸੀ, ਭਾਵੇਂ ਬਣੀ ਵਕੀਲ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਵੀ ਇਕ ਸੁੱਚੇ ਸੁਰ ਵਰਗੀ ਇਕ ਲੋਹੇ ਵਰਗੀ ਮਜ਼ਬੂਤੀ ਸੀ ਤੇ ਅਣਝੁਕਤਾਂਭਾਵੇਂ ਰਾਗ ਦੀ ਨਰਮੀ ਤੇ ਸ਼ਲੋਕ ਦੀ ਡੂੰਘਾਈ ਵੀ ਸੀ। ਉਹ ਸੰਸਕ੍ਰਿਤ ਦੀ ਗਿਆਤਾ ਤੇ ਆਰੀਆ ਸਮਾਜੀ ਪਰਿਵਾਰ ਦੇ ਸਨ, ਮੇਰੇ ਨਾਨੇ ਦੀ ਸਜਗ ਔਲਾਦਂਜਿਸ ਨੇ ਆਪਣਾ-ਆਪ ਦੇਸ਼ ਦੀ ਤਰੱਕੀ ਲਈ ਵਾਰਿਆ ਹੋਇਆ ਸੀ, ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਰਾਹੀਂ। ਨਿੱਤ ਮੀਟਿੰਗਾਂ, ਜਲਸੇ, ਨਾਟਕ, ਵੀਰ-ਗੀਤਾਂ ਦਾ ਮਾਹੌਲ ਸੀ। ਸਾਡਾ ਘਰ ਹਰ ਇਕ ਲਈ ਖੁੱਲ੍ਹਾ ਸੀ, ਹਰ ਵੇਲੇ ਮੇਲਾ ਲੱਗਾ ਰਹਿੰਦਾ। ਇਸ ਸਭ ਦਾ ਹੀ ਮੇਰੇ 'ਤੇ ਪ੍ਰਭਾਵ ਹੈ।
? ਆਪਣੇ ਪਿਤਾ ਕਾਮਰੇਡ ਮਦਨ ਲਾਲ ਦੀਦੀ ਦੇ ਜੀਵਨ ਤੇ ਵਿਅਕਤਿਤਵ ਬਾਰੇ ਜ਼ਰਾ ਹੋਰ ਦੱਸੋ।
- ਮਦਨ ਲਾਲ ਦੀਦੀ ਪੰਜਾਬ ਦੀ ਮਾਂ-ਧਰਤੀ ਦੀ ਸੇਵਾ ਵਿਚ 17 ਸਾਲ ਦੀ ਉਮਰੇ ਆਏ। 67 ਸਾਲਾਂ ਦੀ ਸੇਵਾ ਵਿਚ ਖੁਦ ਆਪਣੇ ਕਿਸੇ ਵੀ ਹੱਕ ਲਈ ਕੋਈ ਲੜਾਈ ਨਹੀਂ ਕੀਤੀਂਸਗੋਂ ਹਦੀਆਬਾਦ (ਹਾਦੀਆਬਾਦ) ਦੀਂਹੁਣ ਇਕ ਢੱਠ ਚੁੱਕੀ ਹਵੇਲੀ ਵਿਚ ਜੰਮੇ, ਇਨ੍ਹਾਂ ਆਪਣੇ ਆਪ ਨੂੰ ਮਾਰਕਸਵਾਦੀ ਤੇ ਨਿਰ-ਜਮਾਤ ਕਰਨ ਦੀ ਪੂਰੀ ਵਾਹ ਲਾਈ। ਨਾਨਕਿਆਂ ਦਾ ਲੱਥਾ ਪਹਿਨਿਆ, ਅੰਗ੍ਰੇਜ਼ਾਂ ਦਾ ਲਾਹਿਆ ਰੇੜ੍ਹੀਆਂ ਤੋਂ ਖਰੀਦਿਆ ਤੇ ਪਹਿਨਿਆ ਪਰ, ਪੁਸ਼ਤਾਂ ਤੋਂ ਪੜ੍ਹੇ ਲਿਖੇ ਪਰਿਵਾਰ ਦੇ ਇਸ ਜੀਅ ਨੇ, ਸੂਫ਼ੀ ਨਫ਼ਾਸਤ ਦਾ ਗੁਰ ਲੱਭ ਲਿਆ ਸੀ ਅਤੇ ਹਰ ਮਾਣ-ਅਪਮਾਨ ਵਿਚ ਮੁਸਕਰਾ ਛੱਡਣ ਦਾ। ਦੂਜਿਆਂ ਨੂੰ ਘਾਇਲ ਕਰਨ ਦੀ ਥਾਂ ਉਨ੍ਹਾਂ ਦੇ ਹਿੱਸੇ ਦਾ ਜ਼ਹਿਰ ਵੀ ਆਪ ਪੀ ਛੱਡਣ ਦਾ। ਉਹ ਟ੍ਰੇਡ ਯੂਨੀਅਨਾਂ ਦੀਆਂ ਨੀਹਾਂ ਧਰਨ ਵਾਲੇ ਸਨਂ''ਸਾਡਾ ਇਨਕਲਾਬੀ ਜਰਨੈਲ ਸੀ''। ਉਹ ਭਾਵਨਾ ਅਤੇ ਬੁੱਧੀ ਨੂੰ ਰਾਹ ਦੱਸਣ ਵਾਲੇ ਸਨਂ''ਇਕ ਸੰਸਥਾ ਸੀ''। ''ਸਭਿਅ'', ''ਸੁਖਾਵਾਂ'', ''ਸ਼ਾਂਤ'', ''ਹਸਮੁਖ'', ''ਹਾਜ਼ਿਰ ਜੁਆਬ'', ''ਯਾਰਾਂ ਦਾ ਯਾਰ'', ''ਦੁਸ਼ਮਣਾਂ ਨੂੰ ਵੀ ਇਨਸਾਨਾਂ ਵਜੋਂ ਢਿੱਡ ਨਾਲ ਲਾਉਂਦਾ ਅਤੇ ਨਾਲ ਹੀ ਉਨ੍ਹਾਂ ਨੂੰ ਲੜਾਈ ਵੀ ਦੇਂਦਾ''। ''ਨਾ ਹਿੰਦੂ ਰਾਜ, ਨਾ ਖ਼ਾਲਿਸਤਾਨ, ਜੁਗ ਜੁਗ ਜੀਵੇ ਹਿੰਦੋਸਤਾਨ'' - ਉਨ੍ਹਾਂ ਦਾ ਦਿੱਤਾ ਤੇ ਕਾਮਰੇਡ ਡਾਂਗ ਰਾਹੀਂ ਮਸ਼ਹੂਰ ਹੋਇਆ ਨਾਅਰਾ ਹੈ।
''ਦਰਦੇ ਦਾਮਨ ਦਾਮਨ, ਹਸਰਤੇਂ ਨਜ਼ਰ ਨਜ਼ਰ/ਕਤਲਗਾਹ ਗਲੀਆਂ ਬਨੀ, ਮੈਅਕਦੇ ਜ਼ਹਿਰ ਜਹਿਰ''
ਕਦੇ ਇਰਾਕ ਉਤੇ ਇਹ ਕਵਿਤਾ ਲਿਖੀ ਸੀ ਤਾਂ ਦੇਸ਼ ਦੀਆਂ ਅੱਖਾਂ ਨੂੰ ਦਿਸ ਪਿਆ ਸੀ।
ਆਪਣੇ ਅਕਸ ਵਿਚ ਕਿੰਨੇ ਹੀ ਨੌਜਵਾਨ ਉਨ੍ਹਾਂ ਵਿਗਿਆਨਕ ਅਤੇ ਨਾਲ ਹੀ ਕੋਮਲਭਾਵੀ ਬਣਾਏਂਗਿਣਤੀ ਕਰਨੀ ਮੁਸ਼ਕਿਲ ਹੈ! ਕਦੇ ਕਿਸੇ ਅਫ਼ਸਰ ਦੇ ਘਰ ਨਹੀਂ ਸਨ ਜਾਂਦੇ! ਉਨ੍ਹਾਂ ਦੀ ਇਸ ਵੱਲੋਂ ਇਕ ਖ਼ਾਸ ਇੱਜ਼ਤ ਹੈ, ਸਰਕਾਰੀ ਘੇਰਿਆਂ ਵਿਚ।
ਪ੍ਰੀਤਲੜੀ ਲਈ ਉਨ੍ਹਾਂ ਦੀ ਸਰਗਰਮ ਸ਼ੁਭ ਇੱਛਾ ਦਹਾਕਿਆਂ ਤੋਂ ਬਣੀ ਆਈ ਸੀ ਅਤੇ ਇਸ ਵਿਚ ਔਰਤਾਂ, ਦਲਿਤਾਂ, ਬੱਚਿਆਂ, ਬਿਮਾਰਾਂ, ਬਜ਼ੁਰਗਾਂ, ਕਲਾਕਾਰਾਂ, ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਦੇ ਹਿੱਤ ਵਿਚ ਛਪਦੇ ਮਸੌਦੇ ਲਈ ਥਾਂ ਰੱਖਣ ਲਈ ਇਕ ਮੂਕ ਹਿਦਾਇਤ ਅਤੇ ਸ਼ਾਬਾਸ਼ ਸੀ ਉਨ੍ਹਾਂ ਦੀ ਸਾਨੂੰ।
? ਬਚਪਨ 'ਚ ਹਰੇਕ ਬੱਚੇ ਦੀ ਇਕ ਸੋਚ ਹੁੰਦੀ ਹੈ, ਸੁਪਨਾ ਹੁੰਦਾ ਹੈ ਕਿ ਮੈਂ ਵੱਡਾ ਹੋ ਕੇ 'ਇਹ' ਬਣਾਂਗਾ, ਤੁਹਾਡੇ ਮਨ ਵਿਚ ਵੀ ਕੋਈ ਇੱਛਾ ਸੀ ਕਿ ਮੈਂ ਵੱਡੀ ਹੋ ਕੇ 'ਇਹ' ਬਣਾਂਗੀ?
- ਇਕ ਇੱਛਾ ਤਾਂ ਮੈਨੂੰ, ਜਦੋਂ ਮੈਂ ਨੌਵੀਂ-ਦਸਵੀਂ 'ਚ ਸੀ, ਤਾਂ ਇਹ ਸੀ ਕਿ ਮੈਂ ਪਾਇਲਟ ਬਣਾਂਗੀ, ਪਰ ਉਦੋਂ ਕੋਈ ਬਹੁਤ ਪਤਾ ਨਹੀਂ ਸੀ, ਉਦੋਂ ਕੁੜੀਆਂ ਪਾਇਲਟ ਬਣਦੀਆਂ ਵੀ ਨਹੀਂ ਸਨ। ਪਰ ਮੈਨੂੰ ਯਾਦ ਹੈ ਕਿ ਮੈਂ ਉਦੋਂ ਸਕੂਲ ਦੀਆਂ ਕਾਪੀਆਂ 'ਚ ਡ੍ਰਾਇੰਗ ਜਿਹੀ ਬਣਾਂਦੀ ਰਹਿੰਦੀ ਸਾਂ ਕਿ ਮੈਂ ਅੱਗੇ ਹਾਂ, ਤੇ ਪਿਛੇ ਆਰਮੀ ਦੀ ਟੁਕੜੀ ਤੇ ਹੋਰ ਪਤਾ ਨਹੀਂ ਕੀ-ਕੁਝ। ਸ਼ਾਇਦ ਮੈਨੂੰ ਇਕ ਲੀਡਰਸ਼ਿਪ ਦੇਣ ਦਾ ਇਰਾਦਾ ਜਾਂ ਸ਼ੌਕ ਸੀ। ਸ਼ੁਰੂ ਤੋਂ ਹੀ ਪਾਰਟੀ ਦੀਆਂ ਸਰਗਰਮੀਆਂ ਦੇਖਦੀ ਰਹੀ, ਜਲਸਿਆਂ-ਜਲੂਸਾਂ ਵਿਚ ਹੀ ਤਕਰੀਬਨ ਵੱਡੇ ਹੋਏ ਆਂ, ਇਸ ਕਰਕੇ ਮੈਨੂੰ ਤਾਂ ਇਹ ਪੱਕਾ ਪਤਾ ਸੀ ਕਿ ਲੋਕਾਂ ਨਾਲ ਜੁੜ ਕੇ ਲੋਕਾਂ ਲਈ ਹੀ ਕੋਈ ਕੰਮ ਕਰਨਾ ਹੈ।
? ਜੱਥੇਬੰਦਕ ਤੌਰ 'ਤੇ ਕਦੇ ਪਾਰਟੀ ਨਾਲ ਜੁੜੇ?
- ਮੈਂ ਇਕ ਵਾਰੀ ਮੈਂਬਰ ਵੀ ਬਣੀ ਸੀ। ਕਾਮਰੇਡ ਅਵਤਾਰ ਸਿੰਘ ਮਲਹੋਤਰਾ ਹੁਰਾਂ ਨੇ ਮੈਨੂੰ ਡਿਸਟ੍ਰਿਕਟ ਕਮੇਟੀ ਦਾ ਮੈਂਬਰ ਬਣਾ ਲਿਆ ਸੀਂ, ਉਦੋਂ ਮੈਂ ਸਿਰਫ਼ 16 ਕੁ ਸਾਲ ਦੀ ਸੀ। ਹਾਲਾਂਕਿ ਮੇਰੇ ਫ਼ਾਦਰ ਨੂੰ ਲੱਗਿਆ ਕਿ ਹਾਲੇ ਬਹੁਤ ਛੋਟੀ ਹੈ...ਸ਼ਾਇਦ ਉਨ੍ਹਾਂ ਦਾ ਆਪਣਾ ਤਜਰਬਾ ਇਹ ਸੀ ਕਿ ਉਹ ਬਹੁਤ ਹੀ ਛੋਟੀ ਉਮਰੇ ਪਾਰਟੀ ਹੋਲ ਟਾਈਮਰ ਬਣ ਗਏ ਸਨ, ਜਦੋਂ ਅਜੇ ਹੋਰ ਪੜ੍ਹਨਾ ਵੀ ਠੀਕ ਰਹਿੰਦਾ। ਬੜੀਆਂ ਲੰਮੀਆਂ-ਲੰਮੀਆਂ ਮੀਟਿੰਗਾਂ ਹੋਣੀਆਂ! ਮੈਂ ਸਟੂਡੈਂਟਸ ਮੂਵਮੈਂਟ 'ਚ ਵੀ ਕੰਮ ਕੀਤਾ। ਇਕ ਸਟਰਾਈਕ ਵੀ ਮੈਂ ਹੀ ਕਰਵਾਈ ਉਦੋਂ, ਆਪਣੇ ਗਵਰਨਮੈਂਟ ਕਾਲਜ 'ਚਂਉਹ ਪਹਿਲੀ ਸਟਰਾਈਕ ਹੀ ਸੀ ਗਵਰਨਮੈਂਟ ਕਾਲਜ ਫ਼ਾਰ ਵਿਮੈਨ 'ਚ।
? ਕਿਸ ਪ੍ਰਸੰਗ ਵਿਚ?
- ਪ੍ਰਸੰਗ ਇਹ ਸੀ ਕਿ ਟੀਚਰ ਜੋ ਮਾਰਕਿੰਗ ਕਰਦੇ ਸਨ, ਉਸ ਵਿਚ ਇਕ ਵਾਰ ਸਪੱਸ਼ਟ ਹੀ ਬਹੁਤ ਫ਼ਰਕ ਦਿਸਿਆ। ਸਮਝ ਲਓ ਕਿ ਕਮਰਸ਼ੀਅਲ ਮਾਰਕਿੰਗ ਪਹਿਲੀ ਵਾਰ ਦਿਖੀ। ਉਦੋਂ ਹੀ ਮੁੰਡਿਆਂ ਦੇ ਕਾਲਜ 'ਚ, ਗਵਰਨਮੈਂਟ ਕਾਲਜ ਫ਼ਾਰ ਮੈੱਨ 'ਚ, ਸਟਰਾਈਕ, ਹੋਰ ਕਾਲਜਾਂ ਵਿਚ ਵੀ ਧਰਨੇ, ਹੰਝੂ ਗੈਸ, ਵਗੈਰਾ, ਬੜਾ ਕੁਝ ਹੋ ਰਿਹਾ ਸੀ। ਮੈਨੂੰ ਲੱਗਿਆ ਕਿ ਸਾਡੇ ਕਾਲਜ 'ਚ ਵੀ ਕੁਝ ਹੋਣਾ ਚਾਹੀਦਾ ਹੈ। ਉਦੋਂ ਮੈਂ ਪਾਰਟ ਵਨ 'ਚ ਸੀ, ਜਾਂ ਸ਼ਾਇਦ ਅਜੇ ਪਰੈੱਪ 'ਚ ਹੀ ਸੀ, ਮੈਂ ਬਸ ਨੋਟਿਸਜ਼ ਲਗਾਣੇ ਸ਼ੁਰੂ ਕਰ ਦਿੱਤੇ ਨੋਟਿਸ ਬੋਰਡ 'ਤੇ, ਕਿ ਤੁਸੀਂ ਕੁੜੀਆਂ ਕੁਝ ਵੀ ਨਹੀਂ ਕਰੋਗੀਆਂ, ਇਸ ਤਰ੍ਹਾਂ ਮੁੰਡੇ ਇਕੱਲੇ ਔਖਾਂ ਝੱਲਣਗੇ! ਅਮਰਜੀਤ ਚੰਦਨ ਦੀ ਵਾਈਫ਼ ਸ਼ਕੁੰਤਲਾ ਦੀ ਇਕ ਸਿਸਟਰ ਹੈ ਰਾਜਬਾਲਾ, ਉਹ ਮੇਰੇ ਨੋਟਿਸ ਪੜ੍ਹ ਕੇ ਮੇਰੇ ਨਾਲ ਖਲੋ ਗਈ। ਮੂਵਮੈਂਟ ਦਾ ਸਮਾਂ ਸੀ, ਇਸ ਲਈ ਅੱਛਾ ਇਕ ਮਾਹੌਲ ਜਿਹਾ ਬਣ ਗਿਆ। ਫੇਰ ਸਾਰੇ ਕਾਲਜ 'ਚ ਸਟਰਾਈਕ ਹੋਈ। ਅਥਾਰਟੀਜ਼ ਦਾ ਉਦੋਂ ਐਟੀਚਿਊਡ ਇਹ ਸੀ ਕਿ ਟੀਚਰ ਗ਼ਲਤ ਮਾਰਕਿੰਗ ਕਰ ਹੀ ਨਹੀਂ ਸਕਦੇ, ਤੁਸੀਂ ਇਹ ਕਿਸ ਤਰ੍ਹਾਂ ਸੋਚ ਲਿਆ। ਪਰ ਇਹ ਟਰੈਂਡ ਉਦੋਂ ਸ਼ੁਰੂ ਹੋ ਚੁੱਕਿਆ ਸੀ, ਸੋ ਰੀ-ਇਵੈਲਿਊਏਸ਼ਨ ਵਾਸਤੇ ਅਸੀਂ ਇਕ ਲਾਅ ਬਣਵਾਇਆ।
? ਤੁਹਾਡੇ ਲਈ 'ਮਾਰਕਸਵਾਦ' ਦੇ ਕੀ ਅਰਥ ਹਨ?
- ਅਕਬਰ ਬਾਦਸ਼ਾਹ ਨੇ 'ਸੁਲਹਿਕੁਲ' ਦੀ ਧਾਰਨਾ ਦਿੱਤੀਂਯਾਨੀ ਸਾਰੀ ਦੁਨੀਆ ਦੀ ਸੁਲਹ। ਇਸੇ ਤਰ੍ਹਾਂ ਸਰਬੱਤ ਦਾ ਭਲਾ ਅਤੇ ਦੁਨੀਆ ਇਕ ਪਰਿਵਾਰ ਹੈ, ਦੀ ਧਾਰਨਾ ਵਿਚ ਹੀ ਮਨੁੱਖੀ ਦਿਲ ਧੜਕਦਾ ਹੈ ਤੇ ਮਾਰਕਸਵਾਦ ਵੀ ਇਸਦਾ, ਜ਼ਿੰਦਗੀ ਦਾ, ਹਿੱਸਾ ਹੈਂਬਦਲ ਨਹੀਂ!
? ਖੱਬੀਆਂ ਪਾਰਟੀਆਂ ਦੇ ਭਾਰਤ, ਖ਼ਾਸ ਕਰਕੇ ਪੰਜਾਬ ਵਿਚ ਪੈਰ ਨਾ ਜੰਮਣ ਅਤੇ 34 ਸਾਲਾਂ ਬਾਅਦ ਪੱਛਮੀ ਬੰਗਾਲ ਵਿਚੋਂ ਪੈਰ ਉਖੜਨ ਦੇ ਤੁਸੀਂ ਕੀ ਕਾਰਨ ਵੇਖਦੇ ਹੋ?
- ਮੁੱਖ ਕਾਰਨ ਹੈ ਏਕਤਾ ਦੀ ਘਾਟ ਤੇ ਅਰਾਸ਼ਟਰਵਾਦੀ ਨਜ਼ਰੀਆ। ਪਰ ਏਕਤਾ, ਅਨੇਕਤਾ ਨੂੰ ਸਮੋਅ ਕੇ ਆਉਂਦੀ ਹੈ, ਨਿਖੇੜ ਕੇ ਨਹੀਂ। ਇਸ ਦੇ ਨਾਲ ਹੀ ਦਲਿਤਾਂ ਦੇ ਵਿਸ਼ੇ ਨੂੰ ਖੱਬੀਆਂ ਪਾਰਟੀਆਂ ਜਮਾਤੀ-ਸੰਘਰਸ਼ ਦੇ ਹੇਠ ਹੀ ਦੇਖਦੀਆਂ ਹਨ ਤੇ ਇਸ ਲਈ ਹੀ ਸ਼ਾਇਦ ਦਲਿਤਾਂ ਦੇ ਕਈ ਗੱਠਜੋੜ ਹੋਂਦ ਵਿਚ ਆਏ ਹਨ। ਹੁਣ ਇਸ ਪੱਖੋਂ ਕੁਝ ਦਰੁਸਤੀ ਹੋ ਰਹੀ ਹੈ? ਭਾਵੇਂ ਮਜਬੂਰਨ? ਔਰਤ ਦੇ ਵੱਖਰੇ ਮਸਲਿਆਂ ਨੂੰ ਅਜੇ ਜਮਾਤੀ ਸੰਘਰਸ਼ ਦੇ ਹੇਠਾਂ ਹੀ ਦਬਾਅ ਕੇ ਰੱਖਿਆ ਜਾ ਰਿਹਾ ਹੈ, ਭਾਵੇਂ ਦੇਸ਼ ਨੇ ਔਰਤ ਦੇ ਮਸਲੇ ਨੂੰ ਖ਼ਾਸ ਚੁੱਕ ਲਿਆ ਹੈ- ਕਾਨੂੰਨੀ, ਸਮਾਜਕ ਤੌਰ 'ਤੇ। ਵਿਅਕਤੀ ਨਹੀਂ, ਜਮਾਤ ਦੀਆਂ ਐਨਕਾਂ ਮੁਤਾਬਿਕ ਹੀ ਸਿਰਫ਼ ਦੇਖਿਆ ਜਾ ਰਿਹਾ ਹੈ, ਜਦ ਕਿ ਜਮਾਤੀ ਸੰਘਰਸ਼ ਵੀ ਧੁੰਦਲਾਅ ਗਿਆ ਹੈ। ਭਾਵੇਂ ਪੰਜਾਬ ਵਿਚ ਗ਼ਦਰ ਪਾਰਟੀ ਦੇ ਵਿਰਸੇ ਉਤੇ ਖੱਬੀਆਂ ਪਾਰਟੀਆਂ, ਕਹਿ ਲਓ ਸੀ. ਪੀ. ਐਮ., ਦੀ ਪਕੜ ਹੈ, ਪਰ ਫੇਰ ਵੀ ਉਹ ਅਰਾਸ਼ਟਰਵਾਦੀ ਨਜ਼ਰੀਏ ਦੇ ਵਧੇਰੇ ਨੇੜੇ ਹਨ। ਦੇਸ਼ ਦੇ ਸਰਵ-ਪੱਖੀ ਤੇ ਸਰਵ-ਵਿਆਪਕ ਵਿਕਾਸ ਦੀ ਗੱਲ ਨਾ ਕਰ ਕੇ ਜਮਾਤੀ ਸੰਘਰਸ਼ ਤੱਕ ਹੀ ਸੀਮਿਤ ਰਹਿਣਾ ਵੀ ਇਕ ਵੱਡਾ ਕਾਰਨ ਹੈ। ਜਮਾਤੀ ਸੰਘਰਸ਼ ਇਕ ਸੱਚਾਈ ਹੈ, ਪਰ ਸਰਮਾਏਦਾਰੀ/ਨਵ-ਸਮਰਾਜ ਇਸ ਬਾਰੇ ਨਵੀਂ ਜਾਣਕਾਰੀ ਅਤੇ ਵਿਗਿਆਨਕ ਸਮਝ ਦੇ ਮੁਤਾਬਕ ਸਿੱਖਦੇ ਹੋਏ ਢਲਣਸ਼ੀਲ ਅਤੇ ਰਚਨਾਤਮਕ, ਸਿਰਜਣਸ਼ੀਲ ਰਾਹ ਲੱਭਦੇ ਹਨ। ਇਸ ਲਈ ਉਹ ਹਮੇਸ਼ਾ ਅੱਗੇ-ਅੱਗੇ ਰਹਿੰਦੇ ਹਨ। ਜਿਵੇਂ, ਮਨੋਵਿਗਿਆਨਕ ਸਮਝ ਨੂੰ ਅਪਨਾਉਣਾ, ਹਰ ਗੁੱਟ ਦੀ ਮਨੋਵਿਗਿਆਨਕ-ਇਤਿਹਾਸਕ-ਸਮਾਜਕ ਲੋੜ-ਰੀਝ ਨੂੰ ਇਕ ਸੰਦ ਵਾਂਗ ਵਰਤਣਾ। ਕਿਸੇ ਨੇ ਕਿਹਾ ਹੈ ਕਿ, ''ਸਰਮਾਏਦਾਰੀ ਇਸ ਲਈ ਸਫਲ ਹੈ ਕਿਉਂਕਿ ਉਹ ਤੁਹਾਨੂੰ ਛਿੱਲ ਰਹੀ ਹੁੰਦੀ ਹੈ ਤੇ ਤੁਸੀਂ ਬਾਗੋਬਾਗ ਹੋ ਰਹੇ ਹੁੰਦੇ ਹੋ।''
? ਆ ਰਹੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਬਣ ਰਹੇ ਸਿਆਸੀ ਦ੍ਰਿਸ਼ ਬਾਰੇ ਤੁਹਾਡੇ ਕੀ ਅਨੁਮਾਨ ਜਾਂ ਉਮੀਦਾਂ ਹਨ? (ਇਹ ਸੁਆਲ ਅਪਰੈਲ-ਮਈ 2014 ਵਿਚ ਹੋਈਆਂ 16ਵੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪੁੱਛਿਆ ਗਿਆ ਸੀ)।
- ਕਾਂਗਰਸ ਅਜੇ ਵੀ ਸਭ ਤੋਂ ਚੰਗੀ ਉਮੀਦ ਹੈ ਮੁਲਕ ਦੀ ਸਾਂਵੀ ਤਰੱਕੀ ਲਈ। ਵਿਗਿਆਨ ਜੋ ਵੀ ਬਿਹਤਰ ਹੱਲ ਸਾਮ੍ਹਣੇ ਲਿਆਵੇਗਾ ਗ਼ਰੀਬਾਂ ਲਈ ਸਹੂਲਤ ਅਤੇ ਸੁੱਖ ਵਧਾਉਣ ਦਾ, ਉਸਨੂੰ ਇਹ ਕਬੂਲੇਗੀ ਜ਼ਰੂਰ। ਕਾਂਗਰਸ ਦੇ ਖ਼ਿਲਾਫ਼ ਤਾਕਤ ਲਾਉਣੀ ਅਤੇ ਇਕ ਵਾਰ ਫੇਰ ਫ਼ਿਰਕਾਪ੍ਰਸਤਾਂ ਦੇ ਹੱਥ ਖੇਡ ਜਾਣਾ ਸਮਝ 'ਚ ਆਉਣ ਵਾਲੀ ਗੱਲ ਨਹੀਂ ਹੈ। ਦੋ ਹੀ ਰਾਹ ਨੇ। ਇਕ ਮਨੁੱਖ ਦੇ ਸੰਸਕਾਰਾਂ ਦੀ ਆਵਾਜ਼, ਇਕ ਅੱਗ ਲਾਉਣ ਵਿਚੋਂ ਲਾਹਾ ਲੱਭਦੀ ਬਿਮਾਰ ਆਵਾਜ਼। ਅੱਜ 17 ਅਗਸਤ 2015 ਨੂੰ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਯਾਨੀ ਸਮੇਂ ਦੀ ਤਾਕਤ ਨਵ-ਉਦਾਰਵਾਦ ਦੀ ਮੰਨੀ ਹੁੰਦੀ ਤਾਂ ਮੋਦੀ ਨਾ ਆਉਂਦੇ।
? 'ਪ੍ਰੀਤਲੜੀ' ਲਈ ਸੰਪਾਦਕੀ ਲਿਖਦਿਆਂ ਸਭ ਤੋਂ ਪ੍ਰਮੁੱਖ ਗੱਲ ਤੁਹਾਡੇ ਦਿਮਾਗ਼ ਵਿਚ ਕੀ ਹੁੰਦੀ ਹੈ?
- 'ਪ੍ਰੀਤਲੜੀ' ਨੂੰ ਅਸੀਂ ਆਮ ਲੋਕਾਂ ਲਈ ਜ਼ਰੂਰੀ ਦੁਰਲੱਭ ਤਾਕਤਾਂ ਲੱਭਦੇ ਅਹਿਸਾਸਾਂ, ਲਫ਼ਜ਼ਾਂ, ਤਸਵੀਰਾਂ, ਸਾਂਝਾਂ ਅਤੇ ਕਾਰਜਾਂ ਦਾ ਇਕ ਮੰਚ ਕਿਹਾ ਹੈ, ਤਾਂ ਜੋ ਮਨਾਂ, ਟੱਬਰਾਂ, ਗੁੱਟਾਂ, ਪਿੰਡਾਂ, ਕਸਬਿਆਂ, ਸ਼ਹਿਰਾਂ, ਰਾਜਧਾਨੀਆਂ... ਦੇ ਕੰਮ ਕਾਰ ਉਤੇ ਚੰਗਾ, ਇਨਸਾਨਪ੍ਰਸਤ, ਲੋਕਤੰਤਰੀ, ਧਰਮਨਿਰਪੇਖ, ਸਾਂਝੀਵਾਲ, ਖ਼ੁਸ਼ਦਿਲ, ਗੱਲ ਕੀ, ਮੁਹੱਬਤੀ ਅਸਰ ਪਾਇਆ ਜਾ ਸਕੇ। ਸੰਪਾਦਕੀ ਲਿਖਦਿਆਂ ਆਪਣੇ ਕਹੇ ਇਨ੍ਹਾਂ ਬੋਲਾਂ ਨੂੰ ਹੀ ਪੁਗਾਉਣ ਦੀ ਕੋਸ਼ਿਸ਼ ਰਹਿੰਦੀ ਹੈ। ਸਮੇਂ ਦੀ ਨਬਜ਼ ਨੂੰ ਪਛਾਣਨਾ ਜ਼ਰੂਰੀ ਹੁੰਦਾ ਹੈਂਉਸ ਦੇ ਉਲਟ ਜਾਣ ਨੂੰ ਸਕੀ ਮਾਂ ਵੀ ਨਹੀਂ ਕਹਿੰਦੀਂਪਰ 'ਖੱਬਾ' ਦੋਗਲਾ ਬਣਾ ਰਿਹਾ ਹੈ ਪਰਿਵਾਰਾਂ ਨੂੰ।
? ''ਆਖਣਿ ਅਉਖਾ ਸਾਚਾ ਨਾਉ''- ਤੁਹਾਡੇ ਲਈ ਸੱਚ ਲਿਖਣਾ, ਸੱਚ ਦਾ ਸਾਥ ਦੇਣਾ ਕਿੰਨਾ ਕੁ ਔਖਾ ਹੁੰਦਾ ਹੈ?
- ਸੱਚ ਕਹਿਣ ਦੀ ਹਿੰਮਤ ਪਿਓ ਨੇ ਦਿੱਤੀ। ਵੱਡੇ ਤੋਂ ਵੱਡਾ ਸੱਚ ਦੱਸ ਦਿਓ, ਉਹ ਓਨੇ ਹੀ ਖ਼ੁਸ਼ ਹੁੰਦੇ। ਸੱਚ ਲੱਭਣਾ, ਸਮਝਣਾ ਸਿਖਾਇਆ ਉਨ੍ਹਾਂ। ਮੇਰੀਆਂ ਸੰਪਾਦਕੀਆਂ ਪੜ੍ਹ ਕੇ ਮੇਰੇ ਪਾਪਾ ਨੇ ਅਕਸਰ ਮੁਸਕਰਾ ਕੇ ਕਹਿਣਾ- ''ਕਿਸੇ ਨੂੰ ਸਮਝ ਨਹੀਂ ਆਉਂਦੀਆਂ, ਨਹੀਂ ਤਾਂ ਤੇਰਾ ਗਾਟਾ ਲਾਹ ਦੇਣ।'' ਉਨ੍ਹਾਂ ਨੂੰ ਫ਼ਿਕਰ ਵੀ ਹੁੰਦਾ, ਪਰ ਰੋਕਣਾ ਬਿਲਕੁਲ ਨਾ। ਸੱਚ ਤਾਂ ਵੈਸੇ ਵੀ ਇਕ ਮਰ-ਮਿਟਣ ਵਾਲੀ ਚੀਜ਼ ਹੈ। ਪਰ ਸੱਚ ਤੇ ਮੁਹੱਬਤ ਦਾ ਇਕ ਰਿਸ਼ਤਾ ਹੈ। ਮੁਹੱਬਤ ਯਾਨੀ ਹੋ-ਵਾਪਰ ਰਹੇ ਨੂੰ ਵੀ ਅਸਲੀ ਜਾਣ ਕੇ ਕਬੂਲਣਾ ਤੇ ਰਾਹ ਵੀ ਲੱਭਦੇ ਰਹਿਣਾ। ਪਿਤਾ ਤੇ ਮਾਤਾ ਚੁੱਪ ਹੋ ਗਏ। ਪਾਸੇ ਕੀਤੇ ਕਾਮਰੇਡਾਂ 'ਚੋਂ ਸਨ। ਬੇਸ਼ੱਕ ਪਾਰਟੀ ਨਾ ਛੱਡੀ ਪਰ ਤਾਂ ਵੀ ਸ਼ੱਕ ਦੀ ਨਿਗਾਹ ਨਾਲ ਦੇਖੇ ਜਾਂਦੇ।
? ਪੰਜਾਬੀ ਦੇ ਮਾਣਮੱਤੇ ਸਾਹਿਤਕਾਰ ਸੁਖਬੀਰ ਜੀ (ਹੁਣ ਨਹੀਂ ਰਹੇ) ਦਾ ਕਥਨ ਹੈ ਕਿ ''ਨਿਰਲੇਪਤਾ ਹਰ ਕਲਾ ਵਿਚ ਜ਼ਰੂਰੀ ਹੈ, ਸੰਬੰਧਾਂ ਵਿਚ ਵੀ।''ਂਸੰਪਾਦਕ ਵਜੋਂ 'ਪ੍ਰੀਤਲੜੀ' ਲਈ ਰਚਨਾਵਾਂ ਦੀ ਚੋਣ ਕਰਨ ਵੇਲੇ ਤੁਸੀਂ ਕਿਹੜੇ ਮਾਪਦੰਡ ਅਪਨਾਉਂਦੇ ਹੋ? ਕੀ ਕਦੇ-ਕਦਾਈਂ ਕੋਈ ਰਿਆਇਤ ਵੀ ਵਰਤਣੀ ਪੈ ਜਾਂਦੀ ਹੈ?
- ਸੱਚ ਦੀ ਭਾਲ ਵਿਚ, ਜਿਗਿਆਸੂ 'ਤੇ ਹੀ ਨਜ਼ਰ ਹੈ, ਸਥਾਪਤ-ਅਣਸਥਾਪਤ ਵੱਲ ਧਿਆਨ ਨਹੀਂ ਹੈ। ਨਵੇਂ ਖ਼ਿਆਲ, ਮੌਲਿਕ ਨਿਭਾਅ ਵੱਲ ਧਿਆਨ ਹੈ, ਜਾਂ ਜਾਣਕਾਰੀ ਵਧਾਉਣ ਵਾਲੀ ਚੀਜ਼ ਵੱਲ। ਫ਼ਾਰਮੂਲਾਵਾਦ, ਭਾਵੇਂ ਖੱਬੇ-ਪੱਖੀ ਹੋਵੇ ਭਾਵੇਂ ਸੱਜੇ-ਪੱਖੀ, ਨਹੀਂ ਭਾਉਂਦਾ। ਲੱਚਰਤਾ 'ਲੱਚਰਤਾ ਲਈ' ਤੋਂ ਪਰਹੇਜ਼ ਹੈ, ਬੇਸ਼ੱਕ ਨੰਗੇਜ਼ ਨੂੰ ਹੀ ਲੱਚਰਤਾ ਨਹੀਂ ਸਮਝਦੀ। ਨਿੱਜੀ ਤਜਰਬੇ ਨੂੰ ਈਮਾਨਦਾਰੀ ਨਾਲ ਦਿੱਤਾ ਹੋਵੇ, ਨਵੀਂ ਜਾਂ ਪੁਰਾਣੀ ਕਲਮ ਵੱਲੋਂ। ਕਿਸੇ ਛਪ ਚੁੱਕੀ ਚੀਜ਼ ਨੂੰ ਮੁੜ ਛਾਪਣ ਤੋਂ ਵੀ ਬਹੁਤਾ ਪਰਹੇਜ਼ ਨਹੀਂ ਹੈ, ਜੇ ਜਾਪਦਾ ਹੋਵੇ ਕਿ ਇਹ ਸਾਡੇ ਪਾਠਕਾਂ ਦੀ ਨਜ਼ਰ ਵਿਚ ਲਿਆਉਣ ਵਾਲੀ ਚੀਜ਼ ਹੈ।
ਅਕਸਰ ਅੰਗਰੇਜ਼ੀ, ਹਿੰਦੀ, ਉਰਦੂ ਵਿਚ ਕੁਝ ਨਵੇਂ ਜਾਂ ਹਟਵੇਂ ਨਜ਼ਰੀਏ ਦਿਸਦੇ ਹਨ- ਅਖ਼ਬਾਰੀ ਲੇਖਾਂ ਵਿਚ ਜਾਂ ਸਾਹਿਤ ਵਿਚ। ਉਨ੍ਹਾਂ ਨੂੰ ਅਨੁਵਾਦ ਕਰਦੀ ਹਾਂ। ਉਰਦੂ ਦੇ, ਪਾਕਿਸਤਾਨੀ ਕਹਾਣੀ-ਕਵਿਤਾ ਦੇ ਅਨੁਵਾਦ ਚੰਗੇ ਲੱਗਣ, ਉਹ ਵੀ ਛਾਪਦੀ ਹਾਂ। ਪਾਕਿਸਤਾਨ ਵੱਲ ਤਾਂ ਬਕੌਲ ਫ਼ੈਜ਼ ਇਕ 'ਖਿੜਕੀ ਖੁੱਲ੍ਹੀ' ਰੱਖਣ ਦੀ ਪਹਿਲ ਰਹੀ ਹੀ ਹੈ।
ਕੋਸ਼ਿਸ਼ ਰਹੀ ਹੈ ਜਿਸ ਤਰ੍ਹਾਂ ਦੀ ਚੀਜ਼ ਹੋਰ ਪੰਜਾਬੀ ਅਖ਼ਬਾਰਾਂ-ਰਸਾਲਿਆਂ ਵਿਚ ਪਹਿਲਾਂ ਹੀ ਕਵਰ ਹੋ ਰਹੀ ਹੈ, ਉਸ ਤੋਂ ਵੱਖਰੀਆਂ ਚੀਜ਼ਾਂ ਨੂੰ ਥਾਂ ਦੇਈਏ। ਤਰਕਸ਼ੀਲਾਂ ਨੂੰ, ਮਨੋਵਿਗਿਆਨਕ ਡਾਕਟਰਾਂ ਨੂੰ, ਨਸ਼ਾ-ਛੁਡਾਊ ਜਾਣਕਾਰੀ ਨੂੰ, ਜਿਵੇਂ ਬਣਿਆ, ਸਭ ਤੋਂ ਪਹਿਲਾਂ ਥਾਂ ਦਿੰਦੇ ਆਏ, ਫਿਰ ਉਨ੍ਹਾਂ ਆਪਣੇ ਰਸਾਲੇ ਕੱਢ ਲਏ ਹਨ, ਜੋ ਮੁਬਾਰਕ ਕਦਮ ਹੈ। ਇਕ ਵਾਰ ਇਕ ਪੂਰਾ ਨਾਵਲ ਇਕੋ ਅੰਕ ਵਿਚ ਛਾਪ ਲਿਆ ਸੀ (ਪਨਾਹਗੀਰ), ਤੇ ਲੜੀਵਾਰ ਨਾਵਲ ਵੀ ਦੇ ਰਹੇ ਹਾਂ, ਖ਼ਾਸ ਉਤਸੁਕਤਾ ਜਗਾਂਦੇ, ਭਾਵੇਂ ਅਣਗੌਲੇ ਤੇ ਅਣਸਥਾਪਤ ਲੇਖਕਾਂ ਦੇ।
ਔਰਤਾਂ, ਦਲਿਤਾਂ, ਬਾਲਾਂ ਵੱਲ ਖ਼ਾਸ ਧਿਆਨ ਹੈ, ਭਾਵੇਂ ਭਾਵਨਾਵਾਂ ਦੇ ਵਹਾਅ ਨਾਲੋਂ ਹੱਲ ਲੱਭਣ ਵੱਲ ਵਧੇਰੇ ਝੁਕਾਅ ਹੈ। ਰਿਆਇਤ ਨਹੀਂ ਵਰਤੀਦੀ, ਪਰ ਸੌ ਵਿਚੋਂ ਇਕ-ਅੱਧ ਵਾਰ ਸ਼ਾਇਦ ਹੋ ਵੀ ਜਾਂਦੀ ਹੋਵੇ! ਇਹ ਵੀ ਠੀਕ ਹੈ ਕਿ ਸਥਾਪਤ ਲੇਖਕ ਰਚਨਾਵਾਂ ਨਹੀਂ ਭੇਜਦੇ ਰਹੇ। ਇਹ ਨਕਸਲਵਾਦ ਦਾ ਅਸਰ ਵੀ ਹੈ, ਤੇ ਨਿੱਜੀ ਕਮਜ਼ੋਰੀਆਂ ਵੀ ਹੋਣਗੀਆਂ। ਪਰ ਕਈਆਂ ਨਿੱਜੀ ਪਿਆਰ ਦਿਖਾਇਆ ਹੈ।
? ਹੁਣੇ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ, ਭਰੂਣ ਬਣਨ ਤੋਂ ਲੈ ਕੇ ਭਸਮ ਬਣਨ ਤੱਕ ਔਰਤ ਪ੍ਰਤੀ ਘਰ ਅੰਦਰ ਤੇ ਘਰੋਂ ਬਾਹਰ ਪੱਖਪਾਤੀ ਤੇ ਦਮਨਕਾਰੀ ਰਵੱਈਆ ਅਪਨਾਇਆ ਜਾਂਦਾ ਹੈ, ਕੀ ਇਹ ਜ਼ਿਹਨੀ ਤੇ ਜਿਸਮਾਨੀ ਦਮਨ-ਚੱਕਰ ਕਦੇ ਰੁਕੇਗਾ, ਕੀ ਸੰਸਦ ਵਿਚ ਔਰਤਾਂ ਨੂੰ 33% ਰਾਖਵਾਂਕਰਨ ਦੇ ਦੇਣਾ ਹੀ ਕਾਫ਼ੀ ਹੈ?
- ਔਰਤ, ਅਤੇ ਦਲਿਤਾਂ, ਲਈ ਸੰਸਦ ਵਿਚ ਰਾਖਵਾਂਕਰਨ ਕੋਈ ਦਾਨ ਨਹੀਂ ਹੈ, ਖੋਹੀਆਂ ਗਈਆਂ ਆਬਰੂਆਂ ਦੀ ਵਾਪਿਸੀ ਦੀ ਸ਼ੁਰੂਆਤ ਮਾਤਰ ਹੈ।
ਗੰਭੀਰ ਸੋਚ ਦੱਸ ਦੇਵੇਗੀ ਕਿ ਔਰਤ ਨੂੰ ਵੀ ਮਰਦ ਹੀ ਵਾਂਗ ਨਾ ''ਪੂਜਣ'' ਨੇ ਅਜਿਹਾ ਦਿਨ ਵਿਖਾਇਆ ਹੈ। ਨਵੇਂ ਜੰਮੇ ਮੁੰਡੇ ਦੇ ਲਿੰਗ ਨੂੰ ਚੁੰਮੇ ਜਾਂਦੇ, ਉਸਦੇ ਗੀਤ ਗਾਏ ਜਾਂਦੇ ਵੇਖੇ ਹਨ ਅਸੀਂ- ਕਦੇ ਅਜਿਹਾ ਲਾਡ ਕੁੜੀ ਨੂੰ ਵੀ ਕੀਤਾ ਜਾਂਦਾ ਸੀ। ਹਰ ਕੰਮ ਕਰਨ ਤੋਂ ਪਹਿਲਾਂ - ਸਿੰਧ ਵਾਦੀ ਦੀਆਂ ਮੁਹਰਾਂ ਗਵਾਹ ਹਨ - ਕੁਦਰਤ ਨੂੰ ਘੜੂ ਇਹ ਮਰਦ-ਤ੍ਰੀਮਤ ਤਾਕਤ ਦਾ, ਦੋਹਾਂ ਦਾ ਹੀ, ਓਸੇ ਤਰ੍ਹਾਂ ਨਾ ਲਿਆ ਜਾਂਦਾ ਸੀ, ਸਹੁੰ ਖਾਧੀ ਜਾਂਦੀ ਸੀ, ਜਿਵੇਂ ਅੱਜ ਰੱਬ ਦੇ 'ਇੱਕ' ਹੋਣ ਵਾਲੀ ਸੋਚ ਦੀ ਵਡਿਆਈ ਹੁੰਦੀ ਹੈ। ਉਦੋਂ ਰੱਬ ਹੀ 'ਦੋ' ਸੀ। Dual-Sex God ਸਿਰਫ਼ ਭਾਰਤ ਨਹੀਂ ਯੂਰਪ ਵਿਚ ਵੀ ਪੂਜ ਸੀ, ਚੀਨ ਵਿਚ ਵੀ, ਅਫ਼ਰੀਕਾ ਵਿਚ ਵੀ। ਇਕ ਰੱਬਤਾ ਆਉਣ ਦੀ ਵਜ੍ਹਾ ਸ਼ਾਇਦ ਜਾਇਦਾਦ ਤੇ ਵਿਆਹ ਦੀ ਸੰਸਥਾ ਹਨ। 'ਮੇਰੀ ਬਣਾਈ ਜਾਇਦਾਦ ਕਿਸ ਨੂੰ ਜਾਵੇ' ਦਾ ਮਸਲਾ! ਇਹੋ ਅੱਗੋਂ ਔਰਤਾਂ ਦੀ ਕੈਦ ਤੇ ਹੇਠੀ ਦੀ ਵਜ੍ਹਾ ਬਣਦੀ ਗਈ। ਭਰਾ ਤੇ ਪਿਓ ਕੁੜੀ ਦੇ ਤਾ-ਉਮਰ ਸੇਵਕ ਹੁੰਦੇ ਸਨ, ਉਹ ਕੰਮ ਕੁੜੀ ਭਰੂਣ-ਹੱਤਿਆ ਨਾਲ ਮੁਕਾ ਲਿਆ ਗਿਐ। ਇਸ ਤੋਂ ਵੀ ਪਹਿਲਾਂ, ਔਰਤ ਨੂੰ ਬੱਚਾ ਜੰਮਦਿਆਂ ਵੇਖ ਅਤੇ ਧਰਤੀ ਨੂੰ ਹਰਿਆਵਲ, ਤ੍ਰੀਮਤ ਸ਼ਕਤੀ ਨੂੰ ਹੀ 'ਇੱਕੋ ਇਕੱਲੀ' ਰੱਬਤਾ ਮੰਨਿਆ ਜਾਂਦਾ ਰਿਹਾ। ਅੱਜ ਲਾਲਸਾ, ਹੋੜ, ਜਾਇਦਾਦ ਅਤੇ ਅਣਠੱਲ੍ਹੀ ਮਰਦਾਨਾ ਹੈਂਕੜ ਨੇ ਇਹ ਦਿਨ ਵਿਖਾਇਆ ਹੈ। ਇਹ ਹੁੰਦਾ ਹੈ ਇਕ-ਪਾਸੜਤਾ ਦਾ ਸਿੱਟਾ। ਕੰਡਾ ਬੀਜ ਕੇ ਬੇਰ ਨਹੀਂ ਲੱਭ ਸਕਦੇ!!
ਅੱਜ 'ਨਿਰਭੈ' ਕੁੜੀ ਦੇ ਕਤਲ ਬਾਅਦ ਜੇਂਬੇਸ਼ੱਕ ਉਦਾਰਵਾਦੀ ਖੁੱਲ੍ਹੀ ਮੰਡੀ ਦੇ ਮਾਹੌਲ ਦਾ ਵੀ ਵੱਡਾ ਹਿੱਸਾ ਹੈ, ਹਿੰਸਾ ਲਈ ਵੀ ਤੇ ਖੁੱਲ੍ਹ ਬਰਾਬਰੀ ਦੇ ਮਾਹੌਲ ਲਈ ਵੀਂਦੇਸ਼ ਦੀ ਔਰਤ ਨੇ ਅਤੇ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਧੀਆਂ ਦੇ ਪਿਓ, ਪਤੀ, ਆਸ਼ਕਾਂ ਨੇ ਜੇ ਦੇਸ਼ ਦੀ ਗੱਡੀ ਜਾਮ ਕੀਤੀ ਹੈ ਤਾਂ ਇਸੇ ਲਈਂਔਰਤ ਲਈ ਦੂਜਾ ਦਰਜਾ ਮਨਜ਼ੂਰ ਨਹੀਂ ਹੈ। ਸਿੱਧਾ ਸਿੱਧਾ ਰਾਹ ਤਾਂ ਇਹ ਹੈ ਕਿ ਅੱਧੀ ਤਾਕਤ ਔਰਤ ਕੋਲ ਹੋਵੇ! ਅਜੇ ਭਾਵੇਂ ਇਕ-ਤਿਹਾਈਂਫ਼ੈਸਲਿਆਂ, ਇੰਤਜ਼ਾਮਾਂ, ਵਰਤਾਉਣੀਆਂ ਵਲੋਂ। ਕੀ ਮਰਦ ਨੂੰ ਆਪਣੀਆਂ ਹੀ ਸਕੀਮਾਂ 'ਤੇ ਵਿਸ਼ਵਾਸ ਨਹੀਂ ਏਨਾ?
ਦਾਦੀਆਂ-ਨਾਨੀਆਂ-ਮਾਵਾਂ-ਧੀਆਂ-ਪਤਨੀਆਂ-ਪ੍ਰੇਮਕਾਵਾਂ ਮਰਦਾਂ ਦੇ ਸੋਹਲੇ ਗਾਉਂਦੀਆਂ, ਖੀਵੀਆਂ ਹੋਈਆਂ, ਨੱਚਦੀਆਂ ਆਈਆਂ ਹਨ ਉਨ੍ਹਾਂ ਦੇ ਅੱਗੇ ਪਿੱਛੇ- ਕੀ ਇਸ ਦਿਨ ਲਈ? ਮਰਦ ਦੀ ਅਕਲ ਦੇ ਉੱਤੇ, ਉਸ ਦੀ ਲਿੰਗਕਤਾ, ਉਸਦੀ ਹੋੜ, ਉਸਦੇ ਮਤਲਬੀਪੁਣੇ, ਉਸ ਦੀ ਕਮਅਕਲੀ, ਉਸ ਦੀ ਜਾਇਦਾਦ ਦਾ ਨਸ਼ਾ ਭਾਰੂ ਹੋ ਗਿਆ ਹੈ। ਮਰਦ ਰੱਬ, ਬੁਰੀ ਕਰ ਰਿਹਾ ਹੈ ਔਰਤ-ਰੱਬ ਨਾਲ।
ਹੁਣ ਫੇਰ, ਇਕ ਨਵੀਂ ਪੱਧਰ 'ਤੇ, 'ਦੋ-ਰੱਬਤਾ' ਦਾ ਸਮਾਂ ਆ ਗਿਆ ਹੈ। ਰਥ ਦੇ 'ਦੋ ਪਹੀਆਂ' ਵਾਲੀ ਦੋ-ਰੱਬਤਾ ਦਾ! ਯਾਨੀ ਅਕਲ ਕਰਨ ਦਾ।
ਕਦੇ ਹਮਲਾਵਰਾਂ ਦੇ ਸਭਿਆਚਾਰ ਨੇ ਭਾਰਤ ਦੀਆਂ ਔਰਤਾਂ ਨੂੰ ਪਰਦੇ ਵਿਚ ਜਾਣ ਲਈ ਮਜਬੂਰ ਕਰ ਦਿੱਤਾ ਸੀ, ਸੁਣਦੇ ਸਾਂ। ਅੱਜ ਫੇਰ ਇਹ ਸਮਾਜ ਮੁੜ ਕੇ ਕੋਈ ਨਵਾਂ 'ਪਰਦਾ' ਨਾ ਕਰਾਏ ਤ੍ਰੀਮਤ ਨੂੰ, ਧਿਆਨ ਰੱਖੀਏ, ਸਮਾਜ ਵਿਚ ਹਮੇਸ਼ਾ ਮੌਜੂਦ 1-2% ਵਹਿਸ਼ੀਆਂ ਕਰਕੇਂਤੇ ਨਾ ਹੀ ਇਸ 'ਆਟੇ ਵਿਚ ਲੂਣ' ਨੂੰ ਵਧਣ ਦਿੱਤਾ ਜਾਣਾ ਚਾਹੀਦਾ ਹੈ। ਪੈਸੇ ਲਈ ਆਜ਼ਾਦੀਆਂ ਦੀ ਦੁਰਵਰਤੋਂ ਨਾ ਕਰਨ, ਫ਼ਿਲਮਾਂ ਵੀ। ਕਿਉਂਕਿ, ਭਾਵੇਂ ਇਕ ਕਰੀਨਾ ਕਪੂਰ ਛਾਤੀਆਂ ਅਤੇ ਲਿੰਗਕਤਾ ਭੜਕਾਅ ਕੇ ਵੀ 'ਪਾਪਾ ਦੀ ਪਰੀ' ਬਣੀ ਮਹਿਫ਼ੂਜ਼ ਰਹਿ ਸਕਦੀ ਹੈਂ'ਚੀਜ਼'/'ਚੋਲੀ'/ਅਲਕੋਹਲ ਗਟਕੇ ਜਾਣਾਂਪਰ ਉਸ ਨਿਰੋਲ ਪੌਰਨ ਨੂੰ ਪਹੁੰਚੇ ਤੋਂ ਉਕਸਾਏ, ਕਮਲੇ ਕੀਤੇ ਬਿਮਾਰ ਦਿਮਾਗ਼ ਦੀ ਸ਼ਿਕਾਰ ਤਾਂ ਕੋਈ ਗਰੀਬ ਦੀ ਮਿਹਨਤੀ ਬੇਟੀ ਹੀ ਬਣਦੀ ਹੈ...
ਹੋਰ ਦੱਸਾਂ, ਭਾਰਤੀ ਸੰਵਿਧਾਨ ਦਾ ਸੈਕਸ਼ਨ 497 ਕਹਿੰਦਾ ਹੈ ਕਿ ਪਤਨੀ ਪਤੀ ਦੀ ਚੱਲ-ਜਾਇਦਾਦ ਹੈ (ਯਾਨੀ ਅਚੱਲ ਨਹੀਂ ਜਿਵੇਂ ਮਕਾਨ, ਜ਼ਮੀਨ ਅਚੱਲ ਹੁੰਦੀ ਹੈ)। ਇਸ ਸੈਕਸ਼ਨ ਦੀ ਬਿਨਾਹ ਉਤੇ, ਔਰਤ ਅਤੇ ਮਰਦ ਵਲੋਂ ਵਿਆਹੋਂ-ਬਾਹਰ ਬਣਾਇਆ ਕੋਈ ਲਿੰਗਕ ਸਬੰਧ ਇਕੋ ਅੱਖ ਨਾਲ ਨਹੀਂ ਦੇਖਿਆ ਜਾਂਦਾ! ਕਿਉਂਕਿ, ਮਰਦ ਜਾਇਦਾਦ ਨਹੀਂ ਹੈ ਪਤਨੀ ਦੀਂ ਔਰਤ ਜਾਇਦਾਦ ਹੈ ਪਤੀ ਦੀ। ਇਹ ਕਾਨੂੰਨ ਕੋਈ 100 ਸਾਲ ਪਹਿਲਾਂ ਬਣਾਇਆ ਗਿਆ ਸੀ, ਅੰਗ੍ਰੇਜ਼ਾਂ ਵੇਲੇ-ਜਿਸ ਨੂੰ ਅੱਜ ਬਰਤਾਨੀਆ ਆਪ ਵੀ ਨਹੀਂ ਮੰਨਦਾ। ਅੱਜ ਅਦਾਲਤਾਂ ਵਿਚ ਹਜ਼ਾਰਾਂ ਕੇਸ ਲਟਕ ਰਹੇ ਹਨ ਜਿਥੇ ਔਰਤ ਉਤੇ ਸਹੀ ਜਾਂ ਗ਼ਲਤ ਇਲਜ਼ਾਮ ਲਗਾ ਕੇ ਇਸੇ ਕਾਨੂੰਨ ਤਹਿਤ, ਉਸ ਨਾਲ ਵਿਤਕਰਾ ਕੀਤਾ ਜਾਂਦਾ ਹੈ ਜਦਕਿ ਲੱਖਾਂ ਔਰਤਾਂ ਅਜਿਹਾ ਮੁਕੱਦਮਾ ਹੀ ਨਹੀਂ ਕਰ ਸਕਦੀਆਂ ਜੇ ਉਨ੍ਹਾਂ ਦਾ ਪਤੀ ਵਿਆਹੋਂ ਬਾਹਰ ਸਬੰਧ ਰੱਖਦਾ ਹੈ। ਸਗੋਂ, ਉਸ ਦੀ ਦੂਜੀ ਔਰਤ ਨੂੰ ਵੀ, ਭਾਵੇਂ ਉਸ ਨਾਲ ਵਿਆਹ ਵੀ ਨਾ ਕੀਤਾ ਹੋਵੇ, ਜਾਇਦਾਦ ਵਿਚ ਹੱਕ ਦੇ ਦਿਤਾ ਗਿਆ ਹੈ।
ਭਾਵੇਂ, ਇਸ ਬਾਰੇ ਵੀ ਬਹਿਸ ਚੱਲਦੀ ਪਈ ਹੈ ਕਿ ਔਰਤ ਜਾਂ ਮਰਦ ਵਲੋਂ ਵਿਆਹੋਂ-ਬਾਹਰ ਬਣਾਏ ਸਬੰਧਾਂ ਨੂੰ ਜੁਰਮ ਮੰਨਿਆ ਵੀ ਜਾਏ ਕਿ ਨਾ? ਮਰਦ ਦੇ ਮਾਮਲੇ ਵਿਚ ਤਾਂ ਇਹ ਪਹਿਲਾਂ ਹੀ ਜੁਰਮ ਨਹੀਂ ਹੈ, ਜਿਸ ਦੀ- ਲਿੰਗਕ, ਸਮਾਜਕ, ਮਾਨਸਿਕ-ਵਜ੍ਹਾ ਸਮਾਜ ਨੂੰ ਮਨਜ਼ੂਰ ਹੀ ਆਖੀ ਜਾ ਸਕਦੀ ਹੈ। ਔਰਤਾਂ ਦੀ ਭਲਾਈ ਲਈ ਸਚਮੁਚ ਸੋਚਣ ਵਾਲੇ ਮਰਦ, ਉਨ੍ਹਾਂ ਨੂੰ ਆਪਣੇ ਬਰਾਬਰ ਹਰ ਰੁਤਬਾ ਦੇਣ ਲਈ ਜ਼ਮੀਰ ਵਲੋਂ ਮਜਬੂਰਂਵੀ ਇਸ ਵਿਤਕਰੇ ਨੂੰ ਦੂਰ ਕਰਨਾ ਲੋਚਦੇ ਹਨ। ਭਾਵੇਂ ਉਨ੍ਹਾਂ ਨੂੰ ਆਦਰਸ਼ਵਾਦੀ ਕਹਿ ਕੇ ਨਿੰਦਿਆ ਜਾਏ, ਪਰ ਈਸਾ ਮਸੀਹ ਜਿਹੇ ਅਸਲੀ ਸਮਾਜ ਸੁਧਾਰਕਾਂ ਹਮੇਸ਼ਾ ਸਮਾਜ ਨੂੰ ਔਰਤ-ਪੱਖੀ ਸੁਆਲ ਪਾ ਕੇ ਬੇਆਰਾਮ ਕਰੀ ਰੱਖਿਆ ਹੈ।
ਇਹ ਸਾਰੇ ਵਿਤਕਰੇ ਤਾਂ ਕੁੱਖ ਤੋਂ ਹੀ ਔਰਤ ਦੀ ਗਿਣਤੀ ਘਟਾਉਣ, 'ਘਰ ਦੀ ਇੱਜ਼ਤ' ਲਈ ਕੀਤੇ ਜਾਂਦੇ ਉਸ ਦੇ ਕਤਲਾਂ, ਦਾਜ ਲਈ ਕਤਲਾਂ, ਆਦਿ, ਲਈ ਜ਼ਮੀਨ ਬਣਦੇ ਹਨ ਅਤੇ ਇਉਂ ਇਹ ਕੁਦਰਤ-ਵਿਰੋਧੀ ਹਨ।
ਹਰ ਤੀਜ ਦੇ ਤਿਉਹਾਰ ਉਤੇ ਇਹ ਨਾਅਰਾ ਬੁਲੰਦ ਹੋਣਾ ਚਾਹੀਦਾ ਹੈ ਕਿ ਔਰਤ ਮਰਦ ਦੀ ਜਾਇਦਾਦ ਨਹੀਂ ਹੈ-ਹਰੇਕ ਗੱਲੇ ਦੁਨੀਆ ਦੀ ਅੱਧੀ ਮਾਲਿਕ ਹੈ। ਕਦੇ ਇਹ ਔਰਤਾਂ ਦਾ ਤਿਉਹਾਰ ਹੁੰਦਾ ਸੀ-ਉਨ੍ਹਾਂ ਦੀ ਜਣਨ ਸ਼ਕਤੀ ਨੂੰ ਸਲਾਮ ਕਰਦਾ!
ਪਰ ਅੱਜ, ਖੱਬੀਆਂ ਪਾਰਟੀਆਂ ਵੀ, ਕਿਸੇ ਹੋਰ ਬਰਾਬਰੀ ਦੀ ਭਾਲ ਵਿਚ, ਅਜੋਕੀ ਔਰਤ-ਮਰਦ ਬਰਾਬਰੀ ਦੇ ਨਾਲ ਨਿੱਠ ਕੇ ਨਹੀਂ ਖਲੋਂਦੀਆਂ! ਵਿਗਿਆਨਕ ਸੱਚ ਇਹ ਹੈ ਕਿ ਮਰਦਾਂ ਦੇ ਵਿਚ ਔਰਤ ਦੀ ਪ੍ਰਤੀਸ਼ਤ ਵੱਡੀ ਹੈ ਅਤੇ ਔਰਤਾਂ ਦੇ ਵਿਚ ਮਰਦਾਨਗੀ ਦੀ। ਦੇਸੀ ਅਮਰੀਕੀ ਤਾਂ ਚਾਰ ਲਿੰਗ ਮੰਨਦੇ ਸਨਂਦੋ ਨਹੀਂਂਮਰਦ, ਘੱਟ-ਮਰਦ, ਔਰਤ, ਘੱਟ-ਔਰਤ। [CONTD.]
SEE INTERVIEW PART-4
E-Mail of Preet Lari: preetlarhi@gmail.com