1.
2.
FIRST EVER EXCLUSIVE INTERVIEW (PART-I) OF HONOURABLE POONAM SINGH, THE EDITOR - PREET LARI, THE OLDEST EVER PUNJABI MAGAZINE, REGULARLY PUBLISHING SINCE 1933
ਪੰਜਾਬੀ ਦੇ ਸਭ ਤੋਂ ਪੁਰਾਣੇ ਅਤੇ 1933 ਤੋਂ ਲਗਾਤਾਰ ਛਪਦੇ ਆ ਰਹੇ ਰਸਾਲੇ 'ਪ੍ਰੀਤ ਲੜੀ' ਦੇ ਸੰਪਾਦਕ ਭੈਣ ਪੂਨਮ ਸਿੰਘ ਜੀ ਦਾ ਪਹਿਲਾ ਖ਼ਾਸ ਤੇ ਵਿਆਪਕ ਇੰਟਰਵਿਊ (ਭਾਗ -1) ('ਕਹਾਣੀ-ਧਾਰਾ' ਤੋਂ ਧੰਨਵਾਦ ਸਹਿਤ)
''ਬਚਪਨ ਤੋਂ ਲੋਕਾਂ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨਾ ਚਾਹੁੰਦੀ ਸਾਂ''
-ਪੂਨਮ ਸਿੰਘ
ਮੁਲਾਕਾਤੀ - ਜਸਪ੍ਰੀਤ ਸਿੰਘ ਜਗਰਾਓਂ
'ਪ੍ਰੀਤਲੜੀ' ਤੇ 'ਪੂਨਮ ਸਿੰਘ'ਂਘੱਟੋ ਘੱਟ ਅੱਜ ਤਾਂ ਪਹਿਲੇ ਦੇ ਜ਼ਿਕਰ ਬਿਨਾਂ ਦੂਸਰਾ ਅਧੂਰਾ ਹੈ ਤੇ ਦੂਸਰੇ ਦੇ ਬਿਨਾਂ ਪਹਿਲਾ। ਮਹਾਨ ਕਰਮਯੋਗੀ ਤੇ ਕਾਮਰੇਡ ਜੋੜੀ ਮਦਨ ਲਾਲ ਦੀਦੀ (ਉੱਘੇ ਟਰੇਡ ਯੂਨੀਅਨ ਆਗੂ ਤੇ ਕਵੀ) ਅਤੇ ਸ਼ੀਲਾ ਦੀਦੀ (ਲੋਕ-ਹਿਤੂ ਬੈਰਿਸਟਰ, ਇਸਤਰੀ ਹੱਕਾਂ ਦੀ ਜੁਝਾਰਨ, ਸੰਗੀਤ ਤੇ ਸੰਸਕ੍ਰਿਤ ਗਿਆਨੀ, ਇਪਟਾ ਨਾਲ ਜੁੜੀ ਰੰਗਕਰਮੀ, ਲੋਕ-ਲਹਿਰ ਖ਼ਾਤਰ ਮੰਚ 'ਤੇ ਗੀਤ ਗਾਉਣ-ਗਵਾਉਣ ਵਾਲੀ) ਦੀ ਧੀ ਪੂਨਮ ਨੂੰ 'ਪ੍ਰੀਤਲੜੀ' ਦੀ 'ਸੰਪਾਦਕੀ' 1984 ਵਿਚ ਸੁਮੀਤ ਸਿੰਘ ਦੇ ਤੁਰ ਜਾਣ ਤੋਂ ਬਾਅਦ 'ਵਿਧਵਾਪੁਣੇ' ਦੇ ਨਾਲ ਹੀ ਮਿਲੀ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਨਿੱਜੀ ਦੁੱਖ ਨੂੰ ਪਿੱਛੇ ਪਾ ਕੇ ਪੂਰੀ ਤਨਦੇਹੀ ਨਾਲ ਨਿਭਾਈ ਤੇ 'ਪ੍ਰੀਤਲੜੀ' ਦੇ ਨਾਅਰੇ 'ਸੁਲਹਿਕੁਲ' (ਅਕਬਰ ਅਤੇ ਦਾਰਾ ਸ਼ਿਕੋਹ ਦਾ ਦਿੱਤਾ ਨਾਅਰਾ; ਸਰਬੱਤ ਦੀ ਸੁਲਹ; ਸਰਬੱਤ ਦੀ ਸ਼ਾਂਤੀ; ਸਰਬੱਤ ਦਾ ਭਲਾ) 'ਤੇ ਡਟ ਕੇ ਪਹਿਰਾ ਦਿੱਤਾ। ਮਗਰੋਂ, ਜਦੋਂ ਸਾਡੇ ਪਰੰਪਰਿਕ ਰਿਵਾਜ਼ਾਂ ਮੁਤਾਬਿਕ ਸੁਮੀਤ ਸਿੰਘ ਦੇ ਛੋਟੇ ਭਰਾ (ਫੁੱਟਬਾਲੀ-ਕਪਤਾਨ ਜਮ੍ਹਾ ਕਿਸਾਨ) ਰੱਤੀ ਕੰਤ ਸਿੰਘ, ਆਪਣੀ ਇਕ ਤਕੜੀ ਤਰ੍ਹਾਂ ਜਤਾਈ ਮਰਜ਼ੀ ਦੇ ਨਾਲ ਉਨ੍ਹਾਂ ਦੇ ਜੀਵਨ ਸਾਥੀ ਬਣੇ, ਤਾਂ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਅਤੇ ਕਲਮ ਨੂੰ ਬਲ ਮਿਲਿਆ, ਸਗੋਂ 'ਪ੍ਰੀਤਲੜੀ' ਨੂੰ ਵੀ ਇਕ ਸਿਰੜੀ ਜੋੜੀ ਮਿਲੀ ਇਕ ਕੁਸ਼ਲ ਸੰਪਾਦਕਾ, ਦੂਜਾ ਸੁਯੋਗ ਪ੍ਰਕਾਸ਼ਕ-ਪ੍ਰਬੰਧਕ।
24 ਦਸੰਬਰ 1957 ਨੂੰ ਲੁਧਿਆਣੇ ਜਨਮੀ ਪੂਨਮ ਨੇ ਚੰਡੀਗੜ੍ਹ ਵਿਚ ਬੀ. ਏ. ਅਤੇ ਵਿਆਹ ਤੋਂ ਬਾਅਦ 20 ਵਰ੍ਹਿਆਂ ਦੀ ਉਮਰ ਵਿਚ ਪੀ. ਯੂ. ਤੋਂ ਡਰਾਮਾ ਵਿਚ ਡਿਪਲੋਮਾ ਕੀਤਾ। ਕੁਝ ਸਮਾਂ ਉਨ੍ਹਾਂ ਪੰਜਾਬ ਐਂਡ ਸਿੰਧ ਬੈਂਕ (ਉਦੋਂ ਨਿੱਜੀ ਅਦਾਰਾ) ਵਿਚ ਕਲਰਕੀ ਵੀ ਕੀਤੀ, ਚੰਡੀਗੜ੍ਹ, ਤੇ ਫਿਰ ਅੰਮ੍ਰਿਤਸਰ ਪ੍ਰੀਤਨਗਰ ਨੇੜੇ ਚੋਗਾਵਾਂ ਵਿਚ। ਪਿਛਲੇ 32 ਸਾਲਾਂ ਤੋਂ ਉਹ 'ਪ੍ਰੀਤਲੜੀ' ਦੀ ਸੰਪਾਦਕਾ ਹਨ।
1985 ਵਿਚ ਮਾਸਕੋ ਵਿਚ ਹੋਏ 'ਸੰਸਾਰ ਯੂਥ ਫੈਸਟੀਵਲ' ਵਿਚ ਲੱਗੀ 'ਅੰਤਰਰਾਸ਼ਟਰੀ ਅਦਾਲਤ' ਵਿਚ ਪੰਜਾਬ ਵਿਚ ਜ਼ੋਰਾਂ ਨਾਲ ਚੱਲ ਰਹੇ ਟੈਰੋਰਿਜ਼ਮ ਦੇ ਖ਼ਿਲਾਫ਼ ਕੇਸ ਪੇਸ਼ ਕੀਤਾ, ਜਿਸ ਤੋਂ ਬਾਅਦ ਸਾਰਿਆਂ ਸਰੋਤਿਆਂ ਖਲੋ ਕੇ ਤਾੜੀਆਂ ਮਾਰ ਕੇ ਮਾਣ ਦਿੱਤਾ। 1985 ਵਿਚ ਹੀ ਪੱਤਰਕਾਰ ਵਜੋਂ ਰਾਜੀਵ ਗਾਂਧੀ ਦੀ ਪ੍ਰੈਸ ਕਾਨਫ਼ਰੰਸ ਵਿਚ ਗਏ ਤੇ ਸੁਆਲ ਪੁੱਛਿਆ। 2005 ਵਿਚ ਕੈਲੀਫ਼ੋਰਨੀਆ ਵਿਖੇ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਕੁਝ ਡਾਢ੍ਹੇ ਸੁਆਲ ਪਾਏ। 2003 ਵਿਚ ਪਾਕਿਸਤਾਨ ਵੀ ਜਾ ਆਏ ਹਨ, ਜਿਥੇ ਖੁੱਲ੍ਹ-ਖ਼ਿਆਲੀ ਮਿੱਤਰ ਬਣਾਏ ਅਤੇ ਨਾਟਕੀ ਪੇਸ਼ਕਾਰੀ (ਸੋਲੋ) ਵੀ ਦਿੱਤੀ। ਉਨ੍ਹਾਂ ਦੀ ਸਾਹਿਤਕ ਤੇ ਸਮਾਜਕ ਦੇਣ ਬਦਲੇ ਉਨ੍ਹਾਂ ਨੂੰ ਰੋਟਰੀ ਕਲੱਬ ਅੰਮ੍ਰਿਤਸਰ, ਪੰਜਾਬੀ ਸੱਥ ਲਾਂਬੜਾਂ, ਮਨਜੀਤ ਮੈਮੋਰੀਅਲ (ਦਰਸ਼ਨ ਸਿੰਘ ਕੈਨੇਡਾ ਵੱਲੋਂ), ਡਾ. ਜਸਵੰਤ ਗਿੱਲ ਯਾਦਗਾਰੀ ਪੁਰਸਕਾਰ (ਸਾਹਿਤ ਟਰੱਸਟ ਢੁੱਡੀਕੇ ਵੱਲੋਂ), ਆਦਿ, ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਇਕ ਹੱਦ ਤੱਕ ਉਰਦੂ ਭਾਸ਼ਾ ਦਾ ਗਿਆਨ ਰੱਖਣ ਵਾਲੀ ਪੂਨਮ ਸਮਾਜਕ ਸਰੋਕਾਰਾਂ ਤੇ ਸਮਕਾਲੀ ਚੁਣੌਤੀਆਂ ਦੀ ਐਕਟਿਵਿਸਟ ਚਿੰਤਕ ਤੇ ਲੇਖਕ ਹਨ।
ਪੂਨਮ ਸਿੰਘ ਦੇ ਰੂਪ ਵਿਚ ਇਹ ਮੇਰੀ 23ਵੀਂ ਮੁਲਾਕਾਤ ਹੈ। ਇਸ ਮੁਲਾਕਾਤ ਦੀ ਗੱਲ ਮਾਰਚ 2012 ਵਿਚ ਚੱਲੀ ਸੀ, ਤੇ ਇਹ ਸਾਕਾਰ ਹੋਈ ਸੀ 23 ਨਵੰਬਰ 2013 ਨੂੰ। ਪਰ ਮੇਰੇ ਵਾਲੇ ਪਾਸੇ ਤੇ ਪੂਨਮ ਜੀ ਵਾਲੇ ਪਾਸੇ ਕੁਝ 'ਅਣਕਿਆਸੀਆਂ ਔਕੜਾਂ' ਦੇ ਚੱਲਦਿਆਂ ਇਹ ਮੁਲਾਕਾਤ ਪੂਰੇ ਚਾਰ ਸਾਲਾਂ ਵਿਚ ਮਾਰਚ 2016 ਵਿਚ ਜਾ ਕੇ ਮੁਕੰਮਲ ਹੋ ਸਕੀ ਹੈ।
ਅੱਜ ਕੱਲ੍ਹ 'ਪ੍ਰੀਤਲੜੀ' ਦੀ ਚੌਥੀ ਪੀੜ੍ਹੀ ਦੀ ਸੰਪਾਦਕਾ ਸਮੀਆ ਸਿੰਘ ਦਾ ਦਿੱਤਾ ਨਾਅਰਾ ਹੈ- ''ਸਾਰਿਆਂ ਨੂੰ ਪਤਾ ਹੋਵੇ ਕਿ ਸਾਡੇ ਰੱਬ ਵੱਸਦਾ ਹੈ''। ਉਸ ਦਿਨ ਚੰਡੀਗੜ੍ਹ 'ਪ੍ਰੀਤਲੜੀ' ਦੇ ਘਰ ਪੂਨਮ ਜੀ ਤੇ ਰੱਤੀ ਕੰਤ ਜੀ ਨੂੰ ਮਿਲ ਕੇ, ਤੇ ਉਨ੍ਹਾਂ ਵੱਲੋਂ ਭਰਪੂਰ ਪਿਆਰ ਤੇ ਸਤਿਕਾਰ ਦਾ ਆਨੰਦ ਉਠਾ ਕੇ ਵਾਕਈ ਇਹ ਇਹਸਾਸ ਹੋਇਆ ਕਿ ''ਇਥੇ ਰੱਬ ਵੱਸਦਾ ਹੈ।'' ਭਾਵੇਂ ਸਮੀਆ ਸਿੰਘ ਨਾਲ ਮੁਲਾਕਾਤ ਨਹੀਂ ਹੋ ਸਕੀ, ਕਿਉਂਕਿ ਉਦੋਂ ਉਹ ਪੰਜਾਬੋਂ ਬਾਹਰ ਸਨ-ਤੇ ਪਤਾ ਲੱਗਿਆ ਕਿ ਉਹ ਘੁਮੱਕੜ ਰਹਿ ਕੇ ਖ਼ੁਸ਼ ਹਨ-ਪਰ ਫੋਨ ਉਤੇ ਉਨ੍ਹਾਂ ਨਾਲ ਹੋਈ ਉਸ 'ਯਾਦਗਾਰੀ' ਗੱਲਬਾਤ ਤੋਂ ਹੀ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਗਿਆ ਕਿ 'ਇਥੇ ਰੱਬ ਕਿਉਂ ਤੇ ਕਿਵੇਂ ਵਸਦਾ ਹੈ!' ਮੈਨੂੰ ਆਸ ਹੀ ਨਹੀਂ, ਵਿਸ਼ਵਾਸ ਵੀ ਹੈ ਕਿ ਇਹ 'ਮੁਲਾਕਾਤ' ਪੜ੍ਹ ਕੇ ਪਾਠਕਾਂ ਨੂੰ ਵੀ ਇਸ ਸੁਆਲ ਦਾ ਜੁਆਬ ਜ਼ਰੂਰ ਮਿਲ ਜਾਵੇਗਾ।
? ਸਭ ਤੋਂ ਪਹਿਲਾਂ ਤਾਂ ਪੂਨਮ ਜੀ, ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ, ਕਿ ਪ੍ਰੀਤਲੜੀ ਪਰਿਵਾਰ ਦੀ ਚੌਥੀ ਪੀੜ੍ਹੀ ਨੇ ਸਮੀਆ ਸਿੰਘ ਦੇ ਰੂਪ ਵਿਚ 'ਪ੍ਰੀਤਲੜੀ' ਦਾ ਸੰਪਾਦਨ-ਕਾਰਜ ਸੰਭਾਲਿਆ ਹੈ।
- ਹਾਂ ਜੀ, ਸ਼ੁਕਰੀਆ ਜਸਪ੍ਰੀਤ ਜੀ! ਅਜੇ ਸਿਰਫ਼ ਇਕ ਜੁਆਨ ਅਗਵਾਈ ਦੀ ਉਮੀਦ ਕਰ ਰਹੇ ਹਾਂ, ਕੰਮ ਸਾਰਾ ਅਸੀਂ ਆਪ ਕਰਨ ਦਾ ਜ਼ਿੰਮਾ ਲੈ ਰੱਖਿਆ ਹੈ, ਕਿਉਂਕਿ 'ਮੁਫ਼ਤ' ਵਿਚ ਸੰਪਾਦਕ ਲੱਭਣਾ ਔਖਾ ਹੈ ਤੇ ਅਜੇ ਫ਼ੰਡ ਹੈਨ ਨਹੀਂ ਸਾਡੇ ਕੋਲ।
? ਮੈਂ ਆਪਣੀ ਗੱਲ ਵੀ ਇਥੋਂ ਹੀ ਸ਼ੁਰੂ ਕਰਨਾ ਚਾਹੁੰਨਾਂ ਕਿ ਜਦੋਂ ਤੁਹਾਡੀ ਸੰਪਾਦਨਾ ਹੇਠ 'ਪ੍ਰੀਤਲੜੀ' ਬੜਾ ਅੱਛਾ ਚੱਲ ਰਿਹਾ ਸੀ, ਫੇਰ ਇਕਦਮ ਇਹ ਫ਼ੈਸਲਾ ਲੈਣ ਪਿੱਛੇ ਕੀ ਕੋਈ ਵੱਡਾ ਮਕਸਦ ਛੁਪਿਆ ਹੋਇਆ ਹੈ ਜਾਂ ਕੋਈ
ਮਜਬੂਰੀ?
- ਜਸਪ੍ਰੀਤ ਜੀ, ਮੇਰੇ ਮਨ ਵਿਚ ਸ਼ੁਰੂ ਤੋਂ ਹੀ ਇਹ ਸੀ ਕਿ ਜਿੰਨਾ ਵੀ ਹੋ ਸਕੇ, ਅੱਗੇ ਕੰਮ ਵੰਡਣਾ ਹੈ, ਤੇ ਨਵੀਂ ਜੇਨਰੇਸ਼ਨ ਨੂੰ ਵੀ ਅਸੀਂ ਵਿਚ ਸ਼ਾਮਿਲ ਕਰਨਾ ਚਾਹੁੰਦੇ ਹਾਂ, ਉਸ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਕੁਝ ਇਹ ਹੈ ਕਿ ਅਸੀਂ ਨਵੀਂ ਪੀੜ੍ਹੀ ਦਾ ਤਜਰਬਾ ਵੀ ਲੈਣਾ ਚਾਹੁੰਦਾ ਹਾਂ, ਵੈਸੇ ਵੀ ਨਵੀਂ ਪੀੜ੍ਹੀ ਨਾਲ ਨਵੀਂ ਪੀੜ੍ਹੀ ਜੁੜੇ ਤਾਂ ਜ਼ਿਆਦਾ ਅੱਛਾ ਹੁੰਦੈ। ਇਕ ਤਾਂ ਇਹ ਗੱਲ ਸੀ, ਦੂਜਾ ਇਹ ਕਿ ਸਮੀਆ ਸਿੰਘ ਨੇ ਇਕ ਪੜਾਅ ਪੂਰਾ ਕਰ ਲਿਐ ਆਪਣੀ ਪੜ੍ਹਾਈ ਤੇ ਸਿਖਲਾਈ ਦਾ, ਉਹ ਇਕ ਆਰਟਿਸਟ ਤੇ ਡਿਜ਼ਾਇਨਰ ਵਜੋਂ ਕਾਫ਼ੀ ਸਾਲਾਂ ਤੋਂ 'ਪ੍ਰੀਤਲੜੀ' ਵਿਚ ਕੰਮ ਕਰ ਵੀ ਰਹੀ ਹੈ। ਉਸ ਵਿਚ ਕਾਫ਼ੀ ਸਾਰੀਆਂ ਕਲਾਵਾਂ ਦਾ ਗੁਣ ਤਾਂ ਹੈ ਹੀ, ਤੇ ਅਸੀਂ ਉਸ ਉੱਤੇ ਤੇ ਦੂਸਰੇ ਬੱਚਿਆਂ ਉੱਤੇ ਬਹੁਤ ਸਮਾਂ, ਪੈਸਾ ਤੇ ਇਕ ਖ਼ਾਸ ਸਿਖਲਾਈ ਦੇਣ ਦੀ ਕੋਸ਼ਿਸ਼ ਲਾਈ ਹੈ। ਬਾਹਰ ਵੀ ਦੂਸਰੇ ਵੀ ਬਹੁਤ ਸਾਰੇ ਨਵੀਂ ਪੀੜ੍ਹੀ ਦੇ ਬੱਚੇ ਗੁਣਾਂ ਨਾਲ ਭਰੇ ਹੋਏ ਨੇ, ਪਰ ਕਿਉਂ ਕਿ ਅਸੀਂ ਇਸ ਪੁਜੀਸ਼ਨ 'ਚ ਤਾਂ ਅਜੇ ਨਹੀਂ ਹਾਂ ਕਿ ਕਿਸੇ ਨੂੰ ਤਨਖ਼ਾਹ ਆਦਿ ਦੇ ਸਕੀਏ, ਇਸ ਲਈ ਸਮੀਆ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਬਾਕੀ, ਸਰਦਾਰ ਗੁਰਬਖ਼ਸ਼ ਸਿੰਘ ਜੀ ਦੇ ਪਰਿਵਾਰ ਵਿਚ ਮੈਂ ਖ਼ੁਦ ਨੂੰ ਵੀ ਇਕ 'ਆਊਟ ਸਾਈਡਰ' ਹੀ ਸਮਝਦੀ ਹਾਂ, ਕਿਉਂਕਿ ਮੇਰੇ ਵਿਚ ਉਹ ਜੀਨਸ ਨਹੀਂ ਨੇ, ਉਹ ਜੋ ਇਕ ਖ਼ਾਸ ਟੱਚ ਹੈ, ਜੋ ਜੀਨਸ ਤੋਂ ਹੀ ਆਉਂਦੈ। ਇਹ ਕਹਿਣਾ ਸ਼ਾਇਦ ਦਕੀਆਨੂਸੀ (ਪੁਰਾਣੀ ਸੋਚ) ਜਾਪਦੈ ਪਰ ਇਕ ਇਨਸਾਨੀ ਭੋਲ਼ਾਪਣ ਹੈ, ਜੋ ਮਾਣ ਕੇ ਹੀ ਪਤਾ ਚੱਲਦੈ। ਸਮੀਆ ਦੇ ਰੂਪ ਵਿਚ ਮੈਂ ਉਸ ਟੱਚ ਦਾ ਫ਼ਾਇਦਾ ਵੀ ਉਠਾਉਣਾ ਚਾਹੁੰਦੀ ਸੀ ਕਿ ਪਰਚੇ ਨੂੰ ਵੀ ਤੇ ਲੋਕਾਂ ਨੂੰ ਵੀ ਦੋਬਾਰਾ ਉਹੀ ਟੱਚ ਮਿਲੇ। ਬਾਕੀ, ਅਜੇ ਖੁੱਲ੍ਹਾ ਹੀ ਰੱਖਿਆ ਹੋਇਐ। ਕੁਝ ਮੈਂ ਵੀ ਢਿੱਲੀ-ਮੱਠੀ ਰਹੀ, ਹੋਰ ਵੀ ਕੁਝ ਨਾ ਕੁਝ ਹੁੰਦਾ ਰਿਹਾ, ਪਿਛਲੇ ਪੰਜ ਕੁ ਸਾਲਾਂ 'ਚ। ਮੈਂ ਹੁਣ ਆਪਣੀ ਐਨਰਜੀ ਨੂੰ ਵੀ ਘਟੀ ਹੋਈ ਪਾਉਨੀ ਆਂ। ਪਰ ਬੱਚਿਆਂ ਨੂੰ ਵੀ, ਆਪਣਾ ਹੋਏ ਜਾਂ ਬਾਹਰੋਂ ਹੋਏ, ਉਨ੍ਹਾਂ ਨੂੰ ਉਨ੍ਹਾਂ ਦੇ ਕੰਮ 'ਚੋਂ ਖਿੱਚ ਕੇ ਲਿਆਉਣਾ ਬੜਾ ਔਖੈ, ਤੇ ਅਸੀਂ ਅਜੇ ਉਸ ਤਰ੍ਹਾਂ ਦੇ ਹਾਲਾਤ ਵੀ ਨਹੀਂ ਦੇ ਪਾ ਰਹੇ, ਇਸ ਲਈ ਅਸੀਂ ਇਹ ਕਿਹਾ ਕਿ ਕੰਮ ਅਸੀਂ ਸਾਰਾ ਆਪ ਹੀ ਕਰ ਲਵਾਂਗੇ, ਜਿਸ ਤਰ੍ਹਾਂ ਕਿ ਪਹਿਲਾਂ ਚੱਲ ਰਿਹੈ, ਤੁਸੀਂ ਹਾਲੇ ਇਸ ਦੀ ਟੋਨ ਨੂੰ ਇਕ ਬਦਲਾਉ ਦਿਓ, ਆਪਣੀ ਨਵੀਂ ਟੋਨ ਦਿਓ। ਕਿਉਂਕਿ ਸਮੀਆ ਦੀ ਲਾਈਨ ਆਰਟ, ਲਿਟਰੇਚਰ, ਪੇਂਟਿੰਗ, ਮਿਊਜ਼ਿਕ ਤੇ ਖਾਣੇ ਬਣਾਉਣ ਨਾਲ ਜੁੜੀ ਹੋਈ ਹੈ, ਇਹ ਚਾਰ-ਪੰਜ ਪਾਸੇ ਨੇ ਉਹਦੇ ਕੋਲ, ਇਸ ਲਈ ਅਸੀਂ ਉਹਦੇ ਇਨ੍ਹਾਂ ਸਾਰੇ ਗੁਣਾਂ ਦਾ ਵੀ ਫ਼ਾਇਦਾ ਉਠਾਉਣਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਉਸ ਕੋਲ ਇਕ ਖ਼ੂਬਸੂਰਤ ਦਿਲ ਹੈ, ਜੋ ਦੋਸਤੀਆਂ ਤੇ ਰਿਸ਼ਤੇ ਪਾਲਦਾ ਹੈ।
? ਆਰਟ ਵਾਲਾ ਪਾਸਾ ਤਾਂ ਉਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ 'ਪ੍ਰੀਤਲੜੀ' ਵਿਚ ਬਾਖ਼ੂਬੀ ਪਾਠਕਾਂ ਦੇ ਰੂਬਰੂ ਹੋ ਰਿਹਾ ਹੈ।
- ਜੀ, ਬਿਲਕੁਲ ਹੋ ਰਿਹਾ ਹੈ, ਤੇ ਅਸੀਂ ਉਸ ਵਿਚ ਕਾਫ਼ੀ ਕੁਝ ਅਰਪਨ ਕੀਤੈ, ਉਸ ਨੂੰ ਬਹੁਤ ਅੱਛੀ ਪੜ੍ਹਾਈ ਦੇਣ ਦੀ ਕੋਸ਼ਿਸ਼ ਕੀਤੀ ਐ, ਸਾਰਾ ਟਾਈਮ ਵੀ ਉਸ 'ਤੇ ਹੀ ਲਾਇਐ; ਬਾਹਰ ਵੀ ਹੁਣ ਇਹ ਤਿੰਨ-ਚਾਰ ਮਹੀਨੇ ਇਟਲੀ 'ਚ ਲਾ ਕੇ ਆਈ ਐ। ਲਕੜੀ ਤੇ ਮੈਟਲ ਦੇ ਉਤੇ ਖੁਣਨਾ, ਸਿੱਖ ਕੇ ਆਈ ਐ। ਬੰਗਲੌਰ ਤੋਂ ਇਕ ਉੱਚ ਨਿੱਜੀ ਆਰਟ ਕਾਲਜ ਵਿਚ ਸਾਢੇ ਚਾਰ ਸਾਲ ਦੀ ਗ੍ਰਾਫ਼ਿਕ ਡਿਜ਼ਾਈਨ ਦੀ ਡਿਪਲੋਮਾ ਸਿਖਲਾਈ ਲਈ ਹੈ। ਹੁਣ ਉਸ ਨੂੰਂਆਨੰਦਪੁਰ ਸਾਹਿਬ ਦੇ ਵਿਰਾਸਤ ਭਵਨ ਦੇ ਦੂਸਰੇ ਸੈਕਸ਼ਨ ਲਈ ਜਿਸ ਵਿਦੇਸ਼ੀ ਕੰਪਨੀ ਨੂੰ ਕੰਟਰੈਕਟ ਦਿੱਤਾ ਗਿਆ ਹੈਂਉਸ ਵੱਲੋਂ ਚੁਣਿਆ ਗਿਆ ਹੈ, ਉਸ ਸਮੇਂ ਦੇ ਜੰਗਲ, ਆਦਿ, ਦੇ ਦ੍ਰਿਸ਼ ਬਣਾਉਣ ਲਈ। ਉਸ ਨੇ 'ਤਹਿਲਕਾ' ਮੈਗਜ਼ੀਨ ਲਈ ਵੀ ਕੰਮ ਕੀਤਾ ਹੈ। ਆਸ ਐ ਕਿ ਉਹ ਆਪਣਾ ਇਹ ਸਾਰਾ ਨਵਾਂ ਪੱਖ 'ਪ੍ਰੀਤਲੜੀ' ਨੂੰ ਦੇ ਸਕਦੀ ਹੈ। ਬਾਕੀ, ਉਸ ਦਾ ਆਪਣਾ ਇਕ ਫ਼ਰੈਂਡ ਸਰਕਲ ਐ ਆਰਟਿਸਟਾਂ ਦਾ, ਰਿਪੋਰਟਰਜ਼ ਦਾ, ਇਸ ਤਰ੍ਹਾਂ ਸਹਿਜੇ ਹੀ ਅਸੀਂ ਉਨ੍ਹਾਂ ਸਾਰਿਆਂ ਨਾਲ ਇਕ ਟੱਚ 'ਚ ਆ ਜਾਨੇ ਆਂ।
? ਪਰ 'ਪ੍ਰੀਤਲੜੀ' 'ਚ ਜੋ ਤੁਹਾਡੀ ਭੂਮਿਕਾ ਰਹੀ ਹੈ, ਜ਼ਿੰਮੇਦਾਰੀ ਰਹੀ ਹੈ, ਉਹ ਪਹਿਲਾਂ ਨਾਲੋਂ ਵਧੀ ਹੈ ਜਾਂ ਘਟੀ ਹੈ?
- ਇਸ ਤਰ੍ਹਾਂ ਹੈ ਕਿ ਸਿਵਾਇ ਐਡੀਟੋਰੀਅਲ ਦੇ ਤੇ ਆਰਡਰ ਦੇ, ਕਿ ਸਾਨੂੰ ਆਰਡਰ ਦੇ ਸਕਦੇ ਨੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਹੈਂਬਾਕੀ ਸਾਰਾ ਕੁਝ ਹਾਲੇ ਕਾਫ਼ੀ ਪਹਿਲਾਂ ਵਰਗਾ ਹੀ ਹੈ। ਮੇਰੇ ਵਿਚ ਨਵੀਂ ਜਾਨ ਵੀ ਆ ਰਹੀ ਹੈ। ਇਹ ਤਾਂ ਇਕ ਸ਼ੁਰੂਆਤ ਹੀ ਹੈ, ਕੱਲ੍ਹ ਨੂੰ ਕੋਈ ਹੋਰ ਅੱਗੇ ਆ ਸਕਦਾ ਹੈ, ਪਰ ਇਸ ਵੇਲੇ ਜੋ ਠੀਕ ਲੱਗਿਆ, ਬਸ ਉਹੀ ਹੈ।
? ਪਰ 'ਪ੍ਰੀਤਲੜੀ' ਵਿਚ ਤੁਹਾਡਾ ਇਕ ਵਿਲੱਖਣ ਟੱਚ ਪਾਠਕਾਂ ਨੂੰ ਦਿਸਦਾ ਸੀ, ਟੁੰਬਦਾ ਸੀ ਕਿ ਤੁਸੀਂ ਹਰੇਕ ਰਚਨਾ ਨਾਲ ਆਪਣੀ ਕੋਈ ਨਾ ਕੋਈ ਟਿੱਪਣੀ ਜ਼ਰੂਰ ਦਿੰਦੇ ਸੀ, ਜਿਸ ਨਾਲ ਗੱਲ ਸਪੱਸ਼ਟ ਵੀ ਹੁੰਦੀ ਸੀ ਤੇ ਅੱਗੇ ਵਧ ਕੇ ਸੰਵਾਦ ਵੀ ਸਿਰਜਦੀ ਸੀ, ਉਹ ਟੱਚ 'ਪ੍ਰੀਤਲੜੀ' ਵਿਚ ਰਹੇਗਾ?
- ਹਾਂ ਜੀ। ਮੈਂ ਉਹ ਸਾਰਾ ਕੁਝ ਅਜੇ ਉਵੇਂ ਹੀ ਰੱਖਾਂਗੀ। ਭਾਵੇਂ ਮੈਂ ਤਾਂ ਖ਼ੁਦ ਨੂੰ ਮੁੱਖ ਸੰਪਾਦਕ ਵੀ ਨਹੀਂ ਸਾਂ ਲਿਖਣਾ ਚਾਹੁੰਦੀ, ਪਰ ਪ੍ਰਕਾਸ਼ਕ ਜਨਾਬ ਕਹਿੰਦੇ ਕਿ ਨਹੀਂ, ਤੂੰ ਆਪਣਾ ਨਾਂ ਜ਼ਰੂਰ ਰੱਖ। ਨਾਂਅ ਮੈਂ ਆਪਣਾ ਥੱਲ੍ਹੇ ਹੀ ਰੱਖਿਐ। ਆਪਣੇ ਇਸ ਨਵੇਂ ਰੋਲ ਵਿਚ ਕੰਮ ਮੈਂ ਸਾਰਾ ਉਸੇ ਤਰ੍ਹਾਂ ਹੀ ਕਰਾਂਗੀ, ਜਦ ਤਕ ਕਿ ਕੋਈ ਮੈਥੋਂ ਇਹ ਲੈ ਲਏ (ਹੱਸਦੇ ਹਨ)। [CONTD.]
SEE INTERVIEW PART-2 HERE
SEE INTERVIEW PART-3
SEE INTERVIEW PART-4
email of PREET LARI : preetlarhi@gmail.com