ਸਿੱਧੂ ਨੂੰ ਸਾਬਤ ਕਰਨੀ ਪਏਗੀ ਸਮਾਜਕ ਸਰੋਕਾਰਾਂ ਲਈ ਸਾਬਤਕਦਮੀ ਵਾਲੀ ਸਿਆਸਤ
ਦੀਦਾਵਰ ਦਾ ਹੁਨਰ -40 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਬਾਗ਼ੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਕੁਲ ਹਿੰਦ ਕਾਂਗਰਸ ਕਮੇਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪੇ ਜਾਣ ਸਬੰਧੀ 10 ਜਨਪਥ ਤੋਂ ਰਸਮੀ ਐਲਾਨ ਹੋ ਚੁੱਕਿਆ ਹੈ। ਨਿਰਸੰਦੇਹ ਇਹ ਸਿੱਧੂ ਲਈ ਵੱਡੀ ਸਿਆਸੀ ਤੇ ਨੈਤਿਕ ਜਿੱਤ ਹੈ ਕਿਓਂਕਿ ਆਪਣੇ ਰਾਜਸੀ ਵਿਰੋਧੀ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੀ ਰਾਜਸੀ ਪਕੜ ਢਿੱਲੀ ਕਰਨ ਲਈ ਓਸ ਨੇ ਜਬਰਦਸਤ ਰਣਨੀਤਕ ਫ਼ਤਹ ਹਾਸਲ ਕੀਤੀ ਹੈ। ਹੁਣ, ਦਿਲਚਸਪ ਸਿਆਸੀ ਸੂਰਤੇਹਾਲ ਪਰਗਟ ਹੋਈ ਹੈ ਕਿਓਂਕਿ ਇਕ ਤਾਂ ਕਪਤਾਨ ਅਮਰਿੰਦਰ ਦਾ ਖ਼ਾਸਮ ਖ਼ਾਸ ਸੁਨੀਲ ਜਾਖੜ ਸੂਬਾ ਪ੍ਰਧਾਨਗੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ, ਦੂਜੀ ਗੱਲ ਇਹ ਕਿ ਪੰਜਾਬ ਵਿਚ ਸਿਆਸੀ ਪੱਖੋਂ ਤਾਕ਼ਤ ਦੇ 2 ਧੁਰੇ ਉੱਸਰ ਗਏ ਨੇ। ਮੁੱਖ ਮੰਤਰੀ ਵਾਲੀ ਤਾਕ਼ਤ ਕਪਤਾਨ ਕੋਲ ਰਹੇਗੀ ਪਰ ਜਿਹੜੇ ਸਿੱਧੂ ਦੇ ਟਵੀਟਾਂ ਨੂੰ ਕਪਤਾਨ ਹੁਰੀਂ ਨਾ-ਪਸੰਦ ਕਰਦੇ ਸਨ, ਓਸੇ ਨੂੰ ਸੂਬੇ ਦੇ ਪ੍ਰਧਾਨ ਦੇ ਤੌਰ ਉੱਤੇ ਵਿਚਰਦਿਆਂ ਦੇਖਣਾ ਉਨ੍ਹਾਂ ਦੀ ਮਜਬੂਰੀ ਹੋਵੇਗੀ।
