ਬੱਸ... ਇਕ ਕਿਤਾਬ ਹੋਰ..!
ਦੀਦਾਵਰ ਦਾ ਹੁਨਰ -39 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਦੁਨੀਆਂ ਵਿਚ ਸਭ ਤੋਂ ਸਸਤੀ ਸ਼ੈ (ਸਹੀ ਸ਼ਬਦ ਕਿਫ਼ਾਇਤੀ) ਕਿਹੜੀ ਹੈ? ਏਸ ਸਾਦਾਤਰੀਨ ਸਵਾਲ ਦੇ ਅਨੇਕ ਜਵਾਬ ਹੋ ਸਕਦੇ ਨੇ। ... ਪਰ ਜੇ, ਇਹੀ ਸਵਾਲ ਮੈਂ ਖ਼ੁਦ ਨੂੰ ਕਰਦਾ ਹਾਂ ਤਾਂ ਮਨ ਇੱਕੋ ਉੱਤਰ ਦੇ ਰਿਹਾ ਹੁੰਦੈ : ਓਹ ਹੈ ਕੋਈ 'ਮਹਿੰਗੀ ਜਿਹੀ ਕਿਤਾਬ'। ਇਹੀ ਵਾਹਿਦ ਜਵਾਬ ਢੁਕਵਾਂ ਏ। (2) ਕਿਤਾਬ, ਦਰਅਸਲ ਬੜੀ ਤਲਿਸਮੀ ਸ਼ੈ ਹੁੰਦੀ ਹੈ, ਇਹਨੂੰ ਜਿਹੜਾ (ਲਿਖਾਰੀ) ਲਿਖਦਾ ਏ, ਓਹ ਛਪਣ ਮਗਰੋਂ ਜਿਹਨੂੰ ਭੇਟ ਕਰਦਾ ਏ, ਬਹੁਤੀ ਵਾਰ ਓਹ ਪ੍ਰਾਪਤਕਰਤਾ ਕਿਤਾਬ ਨੂੰ ਪੜ੍ਹਦਾ ਈ ਨਈ! ਬਹੁਤੇ ਮਾਮਲਿਆਂ ਵਿਚ ਇਹ ਵਾਪਰਦਾ ਹੈ ਕਿ ਮੁਫ਼ਤਖੋਰ ਕਦੇ ਕਿਤਾਬ ਨਹੀਂ ਪੜ੍ਹਦੇ ਹੁੰਦੇ ਤੇ ਪੜ੍ਹਣਹਾਰ (ਪਾਠਕ) ਕਦੇ ਚੱਜ ਦੀ ਕਿਤਾਬ ਛੱਡਦੇ ਨਹੀਂ ਹੁੰਦੇ। ਦਿਖਾਵੇ ਵਾਲੇ ਸਧਾਰਨ ਲੇਖਕਾਂ ਦੀ ਸ਼ੈਲਫ ਉੱਤੇ ਪਈਆਂ ਕਿਤਾਬਾਂ ਨੂੰ ਕੋਈ ਕਦਰਦਾਨ ਹੀ ਮੰਗ ਕੇ ਪੜ੍ਹ ਲੈਂਦਾ ਹੈ, ਹੌਲਾ ਲਿਖਣ ਵਾਲਾ ਕਲਮਘੜੀਸ ਖ਼ੁਦ ਓਨਾਂ ਪੜ੍ਹਦੇ ਨਹੀਂ ਹੁੰਦੇ, ਜਿੰਨਾ ਲਿਖ ਮਾਰਦੇ ਨੇ। ਕਿਤਾਬਾਂ ਦੇ ਤਲਿਸਮ ਦਾ ਪਹਿਲੂ ਹੈ ਕਿ ਅੰਧ ਵਿਸ਼ਵਾਸਾਂ ਦੀ ਬੁਨਿਆਦ ਉੱਤੇ ਉਸਰੇ ਧਾਰਮਕ ਮਤ ਵੀ, ਕਿਤਾਬਾਂ ਛਾਪਦੇ ਹਨ, ਪ੍ਰਕਾਸ਼ਨ ਅਦਾਰੇ ਕਾਇਮ ਕਰਦੇ ਹਨ। ਇਹ ਕਿਤਾਬੀ ਦੁਨੀਆਂ ਦਾ ਇਕ ਹੋਰ ਪੱਖ ਇਹ ਹੈ ਕਿ ਆਪਣੇ ਆਪ ਨੂੰ ਬਾਹਲੇ ਵਿਦਵਾਨ ਮੰਨਣ ਵਾਲੇ, ਜਦੋਂ ਤਾਈਂ ਕਿਤਾਬ ਨੂੰ ''ਪੁਸਤਕ'' ਨਾ ਆਖ ਲੈਣ, ਓਨਾਂ ਚਿਰ ਓਹਨਾਂ ਨੂੰ ਚੈਨ ਵੀ ਨਹੀਂ ਪੈਂਦਾ। ਭਾਰਤੀ ਪੰਜਾਬ ਵਿਚ ਸਾਡੇ ਕੋਲ ਨਾਮ ਨਿਹਾਦ ਤੇ ਸਵੈ-ਸਜੇ ਵਿਦਵਾਨਾਂ ਦੀ ਪੂਰੀ ਸੂਰੀ ਫ਼ੌਜ ਹੈ, ਜਿਹਨਾਂ ਨੇ "ਪੁਸਤਕ'' ਉਰਫ਼ ਕਿਤਾਬ ਕਲਚਰ ਦੇ ਨਾਂ ਉੱਤੇ ਕਈ ਕਈ ਧੜੇ ਬਣਾਏ ਹੋਏ ਨੇ। ਗਿਰੋਹਾਂ ਦੇ ਅੰਦਾਜ਼ ਵਿਚ ਦਨਦਣਾਉਂਦੇ ਹੋਏ ਵਿਚਰਦੇ ਨੇ। ਇਹਨਾਂ ਬਿਦਬਾਨਾਂ ਨੇ ਸੰਸਕ੍ਰਿਤਨੁਮਾ ਹਿੰਦੀ ਦੇ ਪ੍ਰਚਾਰ ਲਈ ''ਹਿੰਦਜਾਬੀ" ਵਰਗੀ ਅਕਾਦਮਿਕ ਤੇ ਨਕਲੀ ਪੰਜਾਬੀ ਵੀ ਘੜ੍ਹੀ ਹੋਈ ਹੁੰਦੀ ਐ। ਇਹ ਲੋਕ ਕਿਤਾਬ ਲੋਕ ਅਰਪਣ ਨਈਂ ਕਰਦੇ ਬਲਕਿ "ਵਿਮੋਚਨ" ਕਰਦੇ ਹਨ!!! ਜੋ ਮਰਜ਼ੀ ਆਖ ਲਈਏ ਪਰ ਇਹ ਕਿਤਾਬ ਦਾ ਕੌਤਕ ਈ ਹੈ ਕਿ ਭਾਵੇਂ ਜਣਾ ਖਣਾ ਇਹੀ ਆਖਦੈ ਕਿ ਅੱਜਕਲ੍ਹ ਕੋਈ ਨਹੀਂ ਪੜ੍ਹਦਾ ... ਪਰ ਪ੍ਰਕਾਸ਼ਨ ਅਦਾਰੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ। ਕਿਤਾਬਾਂ ਛਪ ਕੇ ਵਿਕ ਰਹੀਆਂ ਨੇ, ਕਿਤਾਬ ਵੇਚਕ ਕਿਤਾਬੀ ਕ਼ਸਬ ਵਿੱਚੋਂ ਭਵਿੱਖ ਦੀ ਬਹਾਰ ਦੇਖ ਰਹੇ ਨੇ।
