ਅਫ਼ਗ਼ਾਨ ਹਿੰਦੂ ਤੇ ਸਿੱਖ, ਅਮਰੀਕਾ 'ਚ ਵੱਸਣ ਬਾਰੇ ਸੋਚਣ ਤੇ ਵੇਲਾ ਵਿਚਾਰਨ
ਦੀਦਾਵਰ ਦਾ ਹੁਨਰ -28 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਅਫ਼ਗ਼ਾਨਿਸਤਾਨ ਵਿਚ ਹਿੰਦੂ ਤੇ ਸਿੱਖ ਪਰਵਾਰ ਬਹੁਤ ਥੋੜ੍ਹੀ ਗਿਣਤੀ ਵਿਚ ਰਹਿੰਦੇ ਹਨ. ਸੂਰਤੇਹਾਲ ਦਾ ਦੂਜਾ ਪਾਸਾ ਇਹ ਹੈ ਕਿ ਅਖਬਾਰਾਂ ਤੇ ਰਸਾਲੇ ਨਾ ਪੜ੍ਹਣ ਵਾਲੇ ਲੋਕ, ਜਦੋਂ ਇਹੋ ਜਿਹੀ ਕੋਈ ਖ਼ਬਰ, ਜਿਹਦੇ ਵਿਚ ਅਫ਼ਗ਼ਾਨ ਹਿੰਦੂ ਜਾਂ ਸਿੱਖ ਵਰਗਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਦੰਗ ਰਹਿ ਜਾਂਦੇ ਹਨ. ਵਜ੍ਹਾ ਇਹ ਹੈ ਕਿ ਸਰਕਾਰਾਂ ਆਪਣੇ ਪ੍ਰਚਾਰ ਦੇ ਬਲ ਉੱਤੇ ਇਹੋ ਜਿਹੇ ਨਾਗਰਿਕ ਘੜ੍ਹ ਦਿੰਦੀਆਂ ਹਨ ਕਿ ਉਨ੍ਹਾਂ ਲਈ ਆਪਣੇ ਮਨ ਦੀ ਹੱਦ, ਦੁਨੀਆ ਦੀ ਹੱਦ ਹੁੰਦੀ ਹੈ. ਬਹੁਤ ਵਾਰ ਜਦੋਂ ਭਾਰਤ ਵਿਚ ਬਹੁ- ਗਿਣਤੀ ਵਰਗਾਂ ਨਾਲ ਸਬੰਧਤ ਸਵੈ-ਸਜੇ 'ਆਗੂ', ਸ਼ਰਾਰਤਨ, ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਮੰਦੇ ਬਿਆਨ ਦਿੰਦੇ ਹਨ ਤਾਂ ਅਸੀਂ ਹਮੇਸ਼ਾ ਇਸ ਗ਼ਲਤ ਤੋਰੇ ਦੀ ਨਿਖੇਧੀ ਕੀਤੀ ਹੈ. ਸਾਫ਼ ਵਜ੍ਹਾ ਇਹ ਹੈ ਕਿ ਜੇ ਅਸੀਂ ਏਥੇ ਭਾਰਤ ਵਿਚ ਘੱਟ ਗਿਣਤੀ ਲੋਕਾਂ ਨਾਲ ਨਾਲ ਜ਼ਿਆਦਤੀ ਕਰਾਂਗੇ ਤਾਂ ਅਫ਼ਗ਼ਾਨਿਸਤਾਨ ਵਿਚ ਤਾਲੀਬਾਨ ਜਾਂ ਹੋਰ ਕੱਟੜ ਅਨਸਰ, ਹਿੰਦੂ ਤੇ ਸਿੱਖਾਂ ਨਾਲ ਸਖ਼ਤੀ ਕਰ ਸਕਦੇ ਹਨ. ਯਾਦ ਰਹੇ 1992 ਵਿਚ ਜਦੋਂ ਬਾਬਰੀ ਵਿਵਾਦਤ ਢਾਂਚਾ ਤੋੜਿਆ ਗਿਆ ਸੀ ਤਾਂ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਜਨੂੰਨੀਆਂ ਨੇ ਹਿੰਦੂ ਵਰਗ ਦੇ ਲੋਕਾਂ ਦੀਆਂ ਹੱਟੀਆਂ ਤੇ ਘਰ ਫੂਕ ਦਿੱਤੇ ਸਨ. ਇਹ ਹੋਣਾ ਈ ਸੀ ਕਿਉਂਕਿ ਮਜ਼ਲੂਮ ਉੱਤੇ ਜ਼ੁਲਮ ਕਰਨਾ, ਤਕੜੇ ਉੱਤੇ ਜ਼ੁਲਮ ਕਰਨ ਨਾਲੋਂ ਕਿਤੇ ਵੱਧ ਆਸਾਨ ਹੁੰਦਾ ਹੈ. ਇਨ੍ਹਾਂ ਕਾਲਮਾਂ ਰਾਹੀਂ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜਦ ਵੀ ਕੋਈ ਹਿੰਦੂ ਜਾਂ ਸਿੱਖ ਵਿਅਕਤੀ ਪਾਕਿਸਤਾਨ ਜਾਂ ਅਫ਼ਗ਼ਾਨਿਸਤਾਨ ਤੋਂ ਏਧਰ ਆਉਂਦਾ ਹੈ ਤਾਂ ਇਹ ਗੱਲ ਉਚੇਚੇ ਤੌਰ ਉੱਤੇ ਦੱਸਦਾ ਹੈ ਕਿ ਹੁਣ, ਓਧਰ, ਦੋਵਾਂ ਵਰਗਾਂ ਦੇ ਲੋਕਾਂ ਵਿਚ ਖ਼ਾਸ ਸਾਂਝ ਨਹੀਂ ਰਹਿ ਗਈ ਹੈ. ਜਦਕਿ ਇਹ ਮੰਦ ਭਾਗਾ ਵਰਤਾਰਾ ਹੈ. ਏਸ ਕਾਲਮ ਰਾਹੀਂ ਅਸੀਂ ਦੋਵਾਂ ਧਰਮਾਂ ਦੇ ਲੋਕਾਂ ਨੂੰ ਅਰਜ਼ ਕਰਦੇ ਹਾਂ ਕਿ ਤੁਹਾਡਾ ਬੀਤਿਆ ਵੇਲਾ, ਨਾ ਅਸੀਂ ਬਦਲ ਸਕਦੇ ਹਾਂ ਤੇ ਨਾ ਤੁਸੀਂ ਬਦਲ ਸਕਦੇ ਓ, ਪਰ, ਹਾਂ ਕਿ ਮੌਜੂਦਾ ਸੋਚ ਬਦਲਣੀ ਸ਼ੁਰੂ ਕਰ ਦਿਓਂਗੇ ਤਾਂ ਤੁਹਾਡਾ ਭਵਿੱਖ ਯਕੀਨਨ ਬਦਲੇਗਾ. ਉਂਝ ਵੀ ਅਜੋਕਾ ਦੌਰ ਧਾਰਮਕ ਕੱਟੜਤਾ ਦਾ ਨਹੀਂ ਹੈ. ਸਗੋਂ ਇਹ ਓਹ ਦੌਰ ਹੈ ਕਿ ਵਿਗਿਆਨਕ ਤੇ ਤਕਨੀਕੀ ਗਿਆਨ ਹਾਸਿਲ ਕਰ ਕੇ ਖੁਸ਼ਹਾਲ ਜ਼ਿੰਦਗੀ ਬਿਤਾਈ ਜਾ ਸਕਦੀ ਹੈ.
