ਵਿੱਤੀ ਸੋਸ਼ਣ ਕਰੇ ਜਦੋਂ ਦੁਕਾਨਦਾਰ, ਅਵਾਜ਼ ਬੁਲੰਦ ਉਦੋਂ ਕਰਿਓ ਯਾਰ
ਦੀਦਾਵਰ ਦਾ ਹੁਨਰ -25 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]
JALANDHAR:
ਸਾਡੀਆਂ ਅਖਬਾਰਾਂ, ਸਾਡੇ ਖ਼ਬਰੀ ਚੈਨਲ, ਰਾਜਸੀ ਆਗੂਆਂ ਦੀਆਂ ਬੇ ਈਮਾਨੀਆਂ ਤੇ ਖਰ ਮਸਤੀਆਂ ਨੂੰ ਬੇਨਕਾਬ ਕਰਦੇ ਨੇ. ਏਸ ਸਾਰੇ ਰੌਲੇ ਗੌਲੇ ਵਿਚ ਨਾ ਤਾਂ ਕਰੱਪਟ ਵਪਾਰੀ ਦੀ ਕੋਈ ਗੱਲ ਹੋ ਰਹੀ ਹੈ, ਨਾ ਬੇ ਈਮਾਨ ਕਾਰਖ਼ਾਨਾਦਾਰਾਂ ਦੇ ਸਕੈਂਡਲ ਸਾਮ੍ਹਣੇ ਲੈ ਕੇ ਆਉਣ ਲਈ ਖ਼ਾਸ ਕੋਸ਼ਿਸ਼ ਹੋ ਰਹੀ ਹੈ. ਹੋਰ ਤਾਂ ਹੋਰ ਲੁਟੇਰੇ ਦੁਕਾਨਦਾਰਾਂ ਦੇ ਹੌਸਲੇ ਏਨੇ ਵੱਧ ਚੁੱਕੇ ਹਨ ਕਿ ਓਹ 'ਗਾਹਕ ਦੀ ਤਾਕ਼ਤ' ਵਾਲਾ ਸਬਕ ਭੁੱਲ ਚੁੱਕੇ ਹਨ. 2. ਸਾਨੂੰ ਲੱਗਦਾ ਹੈ ਕਿ ਜਿੱਥੇ ਜ਼ਿਆਦਾਤਰ ਲੋਕ, ਦੁਕਾਨਦਾਰਾਂ ਦੀ ਠੱਗੀ ਵੇਖ ਕੇ ਵੀ ਅਣਡਿੱਠ ਕਰ ਦਿੰਦੇ ਨੇ, ਓਥੇ ਕੁਝ ਜਾਗਰੂਕ ਗਾਹਕ ਇਹੋ ਜਿਹੇ ਵੀ ਨੇ ਜਿਹੜੇ ਕਿ ਖਰੀਦਾਰੀ ਕਰਦਿਆਂ ਚੌਕਸੀ ਦਾ ਪੱਲਾ ਨਹੀਂ ਛੱਡਦੇ. ਇਹੋ ਜਿਹੀ ਇਕ ਘਟਨਾ ਹੁਣੇ ਜਿਹੇ ਵਾਪਰੀ ਹੈ ਜਿਹੜੀ ਕਿ ਸਾਨੂੰ ਸਿਆਣੇ ਗਾਹਕ ਬਣਾਉਣ ਲਈ ਸਾਡੀ ਰਾਹ ਰੁਸ਼ਨਾਈ ਕਰ ਸਕਦੀ ਹੈ. ਅਸੀਂ ਸਮਝਦੇ ਹਾਂ ਕਿ ਸਾਨੂੰ ਸਭ ਨੂੰ ਸ਼ੋਪਿੰਗ ਮੌਲ ਵਿਚ ਸ਼ੋਪਿੰਗ ਕਰਨ ਲੱਗਿਆਂ ਇਕ ਇਕ ਸ਼ੈ ਦਾ ਹਿਸਾਬ ਰੱਖਣਾ ਚਾਹੀਦਾ ਹੈ. ਘਟਨਾ ਇਹ ਹੈ ਗਾਹਕ ਨੇ ਸ਼ੋਪਿੰਗ ਮੌਲ ਵਿਚ ਹਜ਼ਾਰਾਂ ਰੁਪਏ ਦੀ ਖਰੀਦਾਰੀ ਕੀਤੀ ਤੇ ਮਾਲ ਘਰ ਲੈ ਕੇ ਜਾਣ ਵੇਲੇ ਹੱਟੀ ਦੇ ਕਰਿੰਦੇ ਨੇ ਨਾ-ਸਿਰਫ਼ ਗਾਹਕ ਤੋਂ ਮੋਮੀ ਲਿਫ਼ਾਫ਼ੇ ਦੇ ਵਾਧੂ ਪੈਸੇ ਵਸੂਲੇ ਸਗੋਂ ਤੂੰ ਤੜੱਕ ਵੀ ਕਰਦਾ ਰਿਹਾ. ਜਦਕਿ ਜਾਗਰੂਕ ਗਾਹਕ ਦੀ ਅਕ਼ਲ ਤੇ ਕਾਨੂੰਨੀ ਪੱਖ ਦੀ ਸਮਝ ਹੋਣ ਕਾਰਨ ਅਖ਼ੀਰ ਜਿੱਤ ਗਾਹਕ ਦੀ ਹੋਈ. ਆਓ ਸਾਰਾ ਮਾਮਲਾ ਜਾਣੀਏ ਸਮਾਨ ਖ਼ਰੀਦਣ ਲਈ ਆਏ ਆਪਣੇ ਗਾਹਕ ਤੋਂ ਕੈਰੀ ਬੈਗ ਦੇ ਵੱਖਰੇ ਤੌਰ 'ਤੇ 10 ਰੁਪਏ ਵਸੂਲਣਾ, ਸ਼ੋਪਿੰਗ ਮੌਲ ਸਥਿਤ ਵੈਸਟ ਸਾਈਡ ਸਟੋਰ ਨੂੰ ਮਹਿੰਗਾ ਪੈ ਗਿਆ। ਖ਼ਪਤਕਾਰ ਫੋਰਮ ਨੇ ਮਾਮਲੇ ਵਿਚ ਸੁਣਵਾਈ ਕਰਦਿਆਂ ਹੋਇਆਂ ਵੈਸਟ ਸਾਈਡ ਸਟੋਰ ਨੂੰ ਸ਼ਿਕਾਇਤਕਰਤਾ ਨੂੰ ਕੈਰੀ ਬੈਗ ਦੇ ਦਸ ਰੁਪਏ ਮੋੜਣ ਦਾ ਹੁਕਮ ਕੀਤਾ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਪੇਸ਼ ਆਈ ਪਰੇਸ਼ਾਨੀ ਦੇ ਮੱਦੇਨਜ਼ਰ 100 ਰੁਪਏ ਤੇ ਮੁਕੱਦਮੇ ਦੇ ਖ਼ਰਚੇ ਲਈ 500 ਰੁਪਏ ਅਦਾ ਕਰਨ ਦੇ ਹੁਕਮ ਕੀਤੇ ਹਨ।
