CHRISTIANFORT

THE NEWS SECTION

ਕੋਰੋਨਾ ਵਾਇਰਸ ਦਾ ਜੈਵਿਕ ਹਮਲਾ ਬਨਾਮ ਦਿਮਾਗ਼ੀ ਗ਼ਰੀਬੀ


ਦੀਦਾਵਰ ਦਾ ਹੁਨਰ -22


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]

JALANDHAR:

ਕੋਵਿਡ-19 ਭਾਵ ਕਿ ਕੋਰੋਨਾ ਵਾਇਰਸ ਡਿਸੀਜ਼-19 ਦਾ ਵਾਇਰਸ ਚੀਨ ਦੇ ਸ਼ਹਿਰ ਇ ਅਜ਼ੀਮ ਵੁਹਾਨ ਦੀ ਫ਼ਿਜ਼ਾ ਵਿੱਚੋਂ ਨਿਕਲ ਕੇ ਕੁਲ ਦੁਨੀਆ ਦੀ ਹਵਾ ਵਿਚ ਰਲ ਚੁੱਕਾ ਹੈ। ਇਸ ਕਰ ਕੇ ਸਭ ਤੋਂ ਵੱਧ ਜਾਨੀ ਨੁਕਸਾਨ ਚੀਨ ਵਿਚ ਹੋਇਆ। 34 ਮਾਮਲੇ ਸਭ ਤੋਂ ਪਹਿਲਾਂ ਸਾਮ੍ਹਣੇ ਆਏ ਸਨ ਤੇ ਫੇਰ ਕਾਨੂੰਨੀ ਪ੍ਰਵਾਨਗੀ ਨਾਲ ਕੁਝ ਕੋਰੋਨਾ ਪੀੜਤਾਂ ਨੂੰ ਮਾਰ ਕੇ, ਚੀਨ ਦੇ ਹਾਕਮਾਂ ਨੇ ਕੋਰੋਨਾ ਨੂੰ ਮਾਤ ਦਿੱਤੀ. ਜਦਕਿ ਕਨਸੋਆਂ ਇਹ ਵੀ ਹਨ ਕਿ ਅਮਰੀਕਾ ਜਾਂ ਚੀਨ ਨੇ ਕਿਸੇ ਗੁੱਝੀ ਘੁਣਤਰ ਕਾਰਨ ਇਹ ਵਾਇਰਸ ਆਪ ਹੀ ਪ੍ਰਯੋਗਸ਼ਾਲਾ ਵਿਚ ਵਿਕਸਤ ਕੀਤਾ ਹੈ.


2

ਇਸੇ ਕ੍ਰਮ ਵਿਚ ਇਟਲੀ ਵਿਚ 476 ਤੋਂ ਵੱਧ ਮੌਤਾਂ ਹੋਣ ਦੀ ਖ਼ਬਰ ਹੈ। ਇਹ ਅੰਕੜੇ ਪੂਰੀ ਤਰ੍ਹਾਂ ਦਰੁਸਤ ਨਹੀਂ, ਅੰਕੜਿਆਂ ਵਿਚ ਨਾ ਉਲਝੋ, ਬਲਕਿ ਅਸੀਂ ਵਰਤਾਰੇ ਦੀ ਤੰਦ ਫੜਨ ਦਾ ਆਹਰ ਕਰਨਾ ਹੈ। ਪੱਤਰਕਾਰੀ ਪੇਸ਼ੇ ਦਾ ਧਰਮ ਪੜ੍ਹਣਹਾਰ ਨੂੰ ਸੁਚੇਤ ਕਰਨਾ ਹੁੰਦਾ ਹੈ, ਅੰਕੜਿਆਂ ਦੀਆਂ ਅੰਤੜੀਆਂ ਵਿਚ ਫਸਾਉਣਾ ਨਹੀਂ ਹੁੰਦਾ। ਇਟਲੀ ਦੀ ਗੱਲ ਕਰਾਂ ਤਾਂ ਅਸਲੀਅਤ ਇਹ ਹੈ ਕਿ "ਸੰਸਾਰ ਸਿਹਤ ਸਹੂਲਤਾਂ" ਪੱਖੋਂ ਇਟਲੀ ਦਾ ਦੂਜਾ ਦਰਜਾ ਹੈ ਤੇ ਇਟਲੀ ਦੀ ਨਿਸਬਤ ਭਾਰਤ 102ਵੀ ਪਾਇਦਾਨ ਉੱਤੇ ਹੈ. ਇਟਲੀ ਵਿਚ ਸੈਂਕੜੇ ਮੌਤਾਂ ਤੋਂ ਬਾਅਦ ਓਥੇ ਹਜ਼ਾਰਾਂ ਵਲੰਟੀਅਰਜ਼ ਨੇ ਕੋਰੋਨਾ ਦੇ ਮੁਹਾਜ਼ ਉੱਤੇ ਸਰਕਾਰ ਤੇ ਕੋਰੋਨਾ ਪੀੜਤਾਂ ਦਾ ਸਾਥ ਦਿੱਤਾ ਤੇ ਸਥਿਤੀ ਹੁਣ, ਤਕਰੀਬਨ, ਕਾਬੂ ਹੇਠ ਹੈ.


3

ਮੇਰੇ ਨਜ਼ਦੀਕੀ ਵਿਅਕਤੀ, ਜਿਹੜੇ ਕੁਲ ਜ਼ਮਾਨੇ ਵਿਚ ਵਾਪਰਦੇ ਵਰਤਾਰਿਆਂ ਨੂੰ ਬੜੀ ਨੀਝ ਨਾਲ ਵੇਖਦੇ ਹਨ। ਇਹ ਸੋਝੀਵਾਨ ਦੋਸਤ ਆਪਣੀ ਵਿਚਾਰਧਾਰਕ ਲਗਨ ਸਦਕਾ ਸਦਾ ਸੱਜਰੇ ਸੱਜਰੇ ਮਹਿਸੂਸ ਹੁੰਦੇ ਰਹਿੰਦੇ ਹਨ। ਸਾਡੇ ਮਿੱਤਰ-ਘੇਰੇ ਵਿਚ ਇਹ ਆਖ਼ਰੀ ਵਿਚਾਰ ਪ੍ਰਵਾਨ ਕੀਤਾ ਜਾ ਰਿਹਾ ਹੈ, ਉਹ ਇਹ ਕਿ ਇਹ ਕੋਵਿਡ-19 ਨਾਂ ਦੀ ਮਹਾਮਾਰੀ ਬਹੁਤਾ ਕਰ ਕੇ 'ਸੋਹਲ ਮੁਲਕਾਂ' ਮਤਲਬ ਕਿ ਯੂਰੋਪ ਜਾਂ ਵਿਕਸਤ ਜਹਾਨ ਵਿਚ ਛੇਤੀ ਛੇਤੀ ਫੈਲੀ ਹੈ। ਬਿਨਾਂ ਸ਼ੱਕ, ਅਸੀਂ ਦੱਖਣ ਏਸ਼ੀਆ ਦੇ ਬਾਸ਼ਿੰਦੇ ਤੇ ਖ਼ਾਸਕਰ ਭਾਰਤੀ ਲੋਕ ਸਮੁੰਦਰੀ ਜੀਆਂ ਨੂੰ ਖ਼ੁਰਾਕ ਵਜੋਂ ਨਹੀਂ ਖਾਂਦੇ ਹਾਂ, ਜਿਸ ਦੀ ਵਜ੍ਹਾ ਇਹ ਹੈ ਕਿ ਇਹ ਸਭ ਸ਼ੈਆਂ ਸਾਡੀ ਖ਼ੁਰਾਕੀ ਮੰਡੀ ਵਿਚ ਵਿਕਦੀਆਂ ਨਹੀਂ ਹਨ ਤੇ ਸਾਡਾ ਇਤਿਹਾਸ ਵੀ ਸਾਨੂੰ ਪ੍ਰੇਰਤ ਨਹੀਂ ਕਰਦਾ ਕਿ ਅਸੀਂ ਸੀ-ਫੂਡ ਲੱਭ ਕੇ ਖਾਈਏ। ਸਾਡੇ ਭਾਰਤੀ ਹਾਕਮਾਂ ਨੇ ਸਾਡੀ ਖੁਰਾਕ ਹਜ਼ਾਰਾਂ ਸਾਲ ਪੁਰਾਣੀ ਬਣਾ ਕੇ ਰੱਖੀ ਹੈ, ਤਾਂ ਜੋ ਵਧੇਰੇ ਮਿਕਦਾਰ ਵਿਚ ਮਾਸ ਆਹਾਰ ਕਰ ਕੇ, ਅਸੀਂ ਮਜ਼ਬੂਤ ਦਿਮਾਗ਼ ਵਾਲੇ ਲੋਕ ਨਾ ਬਣ ਜਾਈਏ. ਨਹੀਂ ਤਾਂ ਕੀ ਵਜ੍ਹਾ ਹੈ ਕਿ ਸਾਨੂੰ ਸਿਰਫ਼ ਸ਼ਾਕਾ ਆਹਾਰੀ ਹੋਣ ਦੇ "ਫ਼ਾਇਦੇ" ਦੱਸੇ ਜਾਂਦੇ ਹਨ ਤੇ ਮਾਸ ਆਹਾਰ ਬਾਰੇ ਕੁਝ ਨਹੀਂ ਦੱਸਿਆ ਜਾਂਦਾ. ਇਹ ਸਾਰਾ ਪ੍ਰਾਪੇਗੰਡਾ, ਹਕੂਮਤੀ ਪਾਲਿਸੀ ਤਹਿਤ ਕੀਤਾ ਗਿਆ ਹੋ ਸਕਦਾ ਹੈ.


4

ਸਾਡੀ ਭਾਰਤ ਸਰਕਾਰ ਨੇ ਗ਼ੁਜ਼ਿਸ਼ਤਾ ਕੁਝ ਦਿਨਾਂ ਤੋਂ ਲੋਕਾਈ ਨੂੰ ਕੋਰੋਨਾ ਦੇ ਨਾਂ ਨਾਲ ਬਹੁਤ ਡਰਾਇਆ ਹੈ ਤੇ ਇਸ ਵਿਉਂਤਬੰਦੀ ਦੇ ਅਗਲੇ ਕ੍ਰਮ ਵਜੋਂ 'ਲੋਕ ਹਿਤੈਸ਼ੀ' ਸਾਬਿਤ ਹੋਣ ਲਈ ਕੋਰੋਨਾ-ਕੋਰੋਨਾ ਦਾ ਰਾਗ ਖ਼ੂਬ ਸਿਆਸੀ ਅੰਦਾਜ਼ ਵਿਚ ਅਲਾਪਿਆ ਹੈ। ਸਦੀਆਂ ਤੋਂ ਕਿਹਾ ਜਾਂਦਾ ਹੈ ਕਿ ਹਾਕਮਾਂ ਨੂੰ ਰਿਆਸਤ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਏਨਾ ਕੁ ਡਰਾ ਕੇ ਰੱਖਣਾ ਚਾਹੀਦਾ ਹੈ ਕਿ ਲੋਕ, ਰੋਟੀ ਜਾਂ ਪਾਣੀ ਦੀ ਬੁਨਿਆਦੀ ਜ਼ਰੂਰਤ ਬਾਰੇ ਵੀ ਗੱਲ ਕਰਨ ਤਾਂ ਉਨ੍ਹਾਂ ਨੂੰ ਛੇਤੀ ਇਹ ਸਭ ਮੁਹੱਈਆ ਨਾ ਹੋ ਸਕੇ ।


ਏਸ ਵਰਤਾਰੇ ਦਾ ਇਕ ਹੋਰ ਪਹਿਲੂ ਇਹ ਹੈ ਕਿ ਬਾਕੀ ਸਾਰੇ ਭੱਖਦੇ ਮਸਲੇ ਵਿਸਾਰ ਦਿੱਤੇ ਗਏ ਲੱਗਦੇ ਹਨ.

5

ਮਸਲਾ ਇਹ ਹੈ ਕਿ, ਜੇ ਕਿਤੇ, ਭਾਰਤ ਵਿਚ ਕੋਰੋਨਾ ਦਾ ਵਾਇਰਸ ਬੁਰੀ ਤਰ੍ਹਾਂ ਫੈਲ ਗਿਆ ਤਾਂ ਸਰਕਾਰ ਤੇ ਪ੍ਰਸ਼ਾਸਨ ਕੀ ਕਰਨਗੇ? ਸੱਚ ਇਹ ਹੈ ਕਿ ਸਾਡੇ ਮੁਲਕ ਵਿਚ ਬੁਨਿਆਦੀ ਸਿਹਤ ਢਾਂਚਾ ਮੌਜੂਦ ਨਹੀਂ ਹੈ ਬਲਕਿ ਨਿੱਜੀ ਹਸਪਤਾਲਾਂ ਦੇ ਮਾਲਕਾਂ ਨੂੰ ਮੋਟੀ ਕਮਾਈ ਕਰਨ ਦੇਣ ਤੇ ਅੰਨੀ ਲੁੱਟ ਕਰਨ ਦੇਣ ਦੀ ਖੁੱਲ੍ਹ ਦੇਣ ਵਾਸਤੇ ਸਾਜ਼ਿਸ਼ ਤਹਿਤ ਤਬਾਹ ਕੀਤਾ ਗਿਆ ਹੈ. ਇਰਾਨ ਵਿਚ ਕਮਜ਼ੋਰ ਬੁਨਿਆਦੀ ਢਾਂਚਾ ਮੌਜੂਦ ਸੀ, ਪਰ, ਫੇਰ ਵੀ, ਓਥੇ ਸੈਂਕੜੇ ਮੌਤਾਂ ਹੋ ਗਈਆਂ. ਭਾਰਤ ਵਿਚ ਲੁਟੇਰੇ ਪ੍ਰਾਈਵੇਟ ਹਸਪਤਾਲਾਂ ਵਾਲੇ ਖ਼ੁਦ ਏਸ ਕਾਬਿਲ ਨਹੀਂ ਕਿ ਓਹ ਕੋਰੋਨਾ ਵਾਇਰਸ ਦਾ ਕਾਮਯਾਬ ਇਲਾਜ ਕਰ ਸਕਣ... ਅਜਿਹੀ ਸੂਰਤ ਵਿਚ ਜੇ ਕੋਵਿਡ-19 ਹੋਰ ਫੈਲ ਗਿਆ ਤਾਂ ਸਰਕਾਰ ਕੋਲ ਕੀ ਕਾਰਜ-ਨੀਤੀ ਹੈ? ਕੀ ਅਸੀਂ ਅਰਾਜਕਤਾ ਵੱਲ ਤਾਂ ਨਹੀਂ ਖਿਸਕ ਜਾਵਾਂਗੇ? ਇਲਾਜ ਸਹੂਲਤਾਂ ਦੀ ਬਦਨਾਮੀ ਕਾਰਨ ਅਸੀਂ ਕੌਮਾਂਤਰੀ ਭਾਈਚਾਰੇ ਵਿਚ ਉਂਝ ਹੀ ਬਹੁਤ ਮਾੜੇ ਸਮਝੇ ਜਾਂਦੇ ਹਾਂ. ਸਾਡੀਆਂ ਅਖਬਾਰਾਂ ਸਾਰੀ ਦੁਨੀਆ ਦੇ ਦੇਸਾਂ ਦੇ ਸਫ਼ੀਰ ਪੜ੍ਹਦੇ ਹਨ, ਸਿਹਤ ਸਹੂਲਤਾਂ ਦਾ ਕੱਚ ਸੱਚ ਕੌਣ ਨਹੀਂ ਜਾਣਦਾ?


6

ਆਓ ਫ਼ਿਕਰ ਕਰੀਏ

ਚੀਨ, ਇਰਾਨ, ਇਟਲੀ ਤੇ ਕੁਲ ਯੂਰੋਪ ਦੇ ਟਾਕਰੇ ਉੱਤੇ ਸਾਡੇ ਭਾਰਤ ਵਿਚ ਬੁਨਿਆਦੀ ਸਿਹਤ ਸਿਸਟਮ ਨਾਕਿਸ ਹੈ, ਇਹ ਨੁਕਸਦਾਰ ਢਾਂਚਾ ਸਿਰਫ਼ ਤੇ ਸਿਰਫ਼ ਭ੍ਰਿਸ਼ਟਾਚਾਰ ਕਰਨ ਲਈ ਰਚਿਆ ਗਿਆ ਹੈ, ਲੋਕਾਈ ਨੂੰ ਇਲਾਜ ਸਹੂਲਤਾਂ ਦੇਣੀਆਂ, ਭਾਰਤੀ ਹੈਲਥ ਸਿਸਟਮ ਦਾ ਏਜੰਡਾ ਨਹੀਂ ਸੀ, ਨਹੀਂ ਹੈ, ਨਹੀਂ ਹੋਵੇਗਾ.

ਹੁਣ ਵੇਖਣਾ ਇਹ ਹੈ ਕਿ, ਜੇ, ਕੋਰੋਨਾ ਵਾਇਰਸ ਹੋਰ ਫੈਲ ਗਿਆ ਤਾਂ ਲੋਕ ਆਪਣੀ ਹਿਫ਼ਾਜ਼ਤ ਕਰ ਸਕਣਗੇ? ਕੀ ਅਸੀਂ ਜ਼ਿੰਦਾ ਬਚਾਂਗੇ? ਕੀ ਸਰਕਾਰ ਤੇ ਇਸਦੇ ਵਜ਼ੀਰ, ਸਿਹਤ ਸਕੱਤਰ, ਵਗੈਰਾ ਏਸ ਵਾਇਰਸ ਦੇ ਖ਼ਾਤਮੇ ਲਈ ਕਾਰਜ ਨੀਤੀ ਉਲੀਕ ਸਕਣਗੇ? ਇਹ ਪਰਬਤੋਂ ਭਾਰੇ ਸੁਆਲ ਹਨ, ਜਿਨ੍ਹਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ !

ਸਰਕਾਰ, ਲੋਕਾਈ ਨੂੰ ਨਵਲ ਕੋਰੋਨਾ ਵਾਇਰਸ ਦੇ ਨਾਂ ਹੇਠ ਲਗਾਤਾਰ ਡਰਾ ਰਹੀ ਹੈ, ਜਦਕਿ ਹਕੂਮਤ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਨੂੰ ਸੁਰਤਬੰਦ ਕਰ ਕੇ ਹੌਸਲਾ ਵਧਾ ਕੇ, ਥਾਪੜਾ ਦੇਵੇ, ਏਥੇ ਸਾਰਾ ਮਾਮਲਾ ਪੁੱਠਾ ਚੱਲ ਰਿਹਾ ਹੈ.

ਸੋ, ਆਓ ਆਪਣੀ ਸਲਾਮਤੀ ਲਈ ਖ਼ੁਦ ਹੀ ਕੋਈ ਚਾਰਾਜੋਈ ਕਰੀਏ..

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617