ਕੀ ਪੰਜਾਬ ਦੀ ਅਵਾਮ ਦੇ ਅਰਮਾਨਾਂ ’ਤੇ ਖਰੀਆਂ ਉੱਤਰ ਸਕਣਗੀਆਂ ਨਵੀਂਆਂ ਪਾਰਟੀਆਂ?
ਦੀਦਾਵਰ ਦਾ ਹੁਨਰ -21 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]
JALANDHAR:
ਦਸੰਬਰ 2018 ’ਚ ਨਵਾਂ ਅਕਾਲੀ ਦਲ ਉੱਸਰਨਾ ਪੰਜਾਬ ਦੀ ਸਿਆਸਤ ਤੇ ਲੋਕ-ਜੀਵਨ ਨਾਲ ਜੁੜੀ ਵੱਡੀ ਰਾਜਸੀ ਘਟਨਾ ਸੀ। ਅਸੀਂ ਹੁਣ ਨਾ ਤਾਂ ਬਾਦਲ ਗਰੁੱਪ ਦੇ ਕਬਜ਼ੇ ਵਾਲੇ ਅਕਾਲੀ ਦਲ ਦੀ ਬੁਰਾਈ ਕਰਨੀ ਹੈ ਤੇ ਨਾ ਹੀ 'ਟਕਸਾਲੀ' ਸਿਆਸਤਦਾਨਾਂ ਵੱਲੋਂ ਉਸਾਰੇ ਅਕਾਲੀ ਦਲ ਨੂੰ ਵਡਿਆਉਣਾ ਹੈ ਸਗੋਂ ਇਹ ਮਸਲਾ ਵਿਚਾਰਨਾ ਹੈ ਕਿ ਕੀ ਸਾਲ 2019 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਤੇਜ਼ੀ ਨਾਲ ਕਾਇਮ ਹੋ ਰਹੀਆਂ ਨਵੀਂਆਂ ਪਾਰਟੀਆਂ ਜਾਂ ਇਹ ਨਵਾਂ ਟਕਸਾਲੀ ਅਕਾਲੀ ਦਲ ਪੰਜਾਬ ਦੀ ਅਵਾਮ ਦੇ ਅਰਮਾਨਾਂ ਦੇ ਮੇਚ ਦਾ ਬਣ ਰਿਹਾ ਹੈ ਜਾਂ ਬਣ ਸਕੇਗਾ? ਕੀ ਇਹ ਅਕਾਲੀ ਦਲ ਪੰਜਾਬ ਦੀ ਖ਼ਲਕਤ ਦੇ ਉਸ ਹਿੱਸੇ ਦੀ ਨੁਮਾਇੰਦਗੀ ਕਰ ਸਕੇਗਾ, ਜਿਹਦੇ ਲਈ ਅਕਾਲੀ ਦਲ, ਜਥੇਬੰਦੀ ਨਾਲੋਂ, ਵਿਚਾਰਧਾਰਾ ਵੱਧ ਹੈ। ਦਰਅਸਲ, 'ਨਵਾਂ ਟਕਸਾਲੀ ਅਕਾਲੀ ਦਲ' ਸਿਰਫ਼ ਰਵਾਇਤੀ ਅਕਾਲੀਆਂ ਲਈ ਹੀ ਉਤਸੁਕਤਾ ਦਾ ਵਿਸ਼ਾ ਨਹੀਂ ਹੈ ਬਲਕਿ ਪੰਜਾਬ ਦੇ ਇਕ ਇਕ ਵਸਨੀਕ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਨਵਾਂ ਅਕਾਲੀ ਧੜਾ ਉਸਾਰਨ ਵਾਲੇ ਸਿਆਸਤਦਾਨ ਆਮ ਲੋਕਾਂ ਦੀ ਭਲਾਈ ਲਈ ਕਿਹੋ ਜਿਹੀ ਸੋਚ ਰੱਖਦੇ ਹਨ। (2) ਜਿੱਥੋਂ ਤਕ ਸਾਡਾ ਖ਼ਿਆਲ ਹੈ ਨਵੇਂ ਅਕਾਲੀ ਦਲ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਕਿਉਂਕਿ ਪ੍ਰਧਾਨ ਹਨ ਇਸ ਲਈ ਉਹ ਪੰਜਾਬ ਦੇ ਮਾਝਾ ਖਿੱਤੇ ਦੇ ਅਕਾਲੀਆਂ ਦਾ 'ਦਰਦ' ਘਟਾਉਣ ਲਈ ਆਪਣੇ ਅਕਾਲੀ ਦਲ ਵਿਚ ਮਾਹੌਲ ਜ਼ਰੂਰ ਬਣਾਉਣਗੇ। ਸਿਆਸੀ ਜਾਇਜ਼ਾਕਾਰ ਵਜੋਂ ਮੈਂ ਵੀ ਵੇਖਿਆ ਹੈ ਕਿ ਮਾਝੇ ਨਾਲ ਸਬੰਧਤ ਅਕਾਲੀ ਸਿਆਸਤਦਾਨ ਇਹ ਦੋਸ਼ ਲਾਉਂਦੇ ਹੁੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਆਪਣੀ ਪ੍ਰਧਾਨਗੀ ਹੇਠਲੇ ਅਕਾਲੀ ਦਲ ਨੂੰ 'ਮਲਵਈਆਂ ਦੀ ਚੌਧਰ' ਵਾਲਾ ਅਕਾਲੀ ਦਲ ਬਣਾ ਦਿੱਤਾ ਹੈ। ਹਾਂ, ਇਹ ਠੀਕ ਹੈ ਕਿ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਤੋਂ ਲੈ ਕੇ ਬਿੱਟੂ, ਨਿੱਕੂ, ਪਿੰਟੂ ਪੱਧਰ ਦੇ ਆਗੂਆਂ ਤਕ 'ਮਲਵਈਆਂ' ਨੂੰ ਮਾਣ ਦਿੱਤਾ ਜਾਂਦਾ ਰਿਹਾ ਹੈ। ਜਦਕਿ ਹੈਰਾਨੀ ਭਰਿਆ ਇਤਹਾਸਕ ਤੱਥ ਇਹ ਹੈ ਕਿ ਅਕਾਲੀ ਦਲ ਦੇ ਮੁਢਲੇ ਦੌਰ ਵਿਚ ਇਸ ਦੇ ਬਹੁਤੇ ਆਗੂ ਮਾਝਾ ਖਿੱਤੇ ਨਾਲ ਸਬੰਧਤ ਹੁੰਦੇ ਸਨ। ਇਤਿਹਾਸਕ ਤੱਥਾਂ ਮੁਤਾਬਕ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਬਟਾਲਾ ਤੋਂ ਇਲਾਵਾ ਅੰਗਰੇਜ਼ਾਂ ਵੱਲੋਂ ਆਪਣੇ ਪਿੱਠੂਆਂ ਨੂੰ ਸ਼ਹਿ ਦੇਣ ਕਾਰਨ ਮੁਲਕ ਦੀ ਤਕਸੀਮ ਹੋਣ ਮਗਰੋਂ ਜਿਹੜਾ ਸਾਡਾ ਪੰਜਾਬ ਸਾਡੇ ਤੋਂ ਵਿੱਛੜ ਚੁੱਕਾ ਹੈ, ਉਸ ਲਹਿੰਦੇ ਪੰਜਾਬ ਦੇ ਜੰਮਪਲ ਬਹੁਤ ਸਾਰੇ ਆਗੂ (ਵੀ) ਅਕਾਲੀ ਦਲ ਦੇ ਸੁਪਰੀਮੋ ਰਹੇ ਹਨ। ... ਪਰ ਸਵਾਲ ਤਾਂ ਇਹ ਹੈ ਕਿ ਸਿਰਫ਼ ਮਾਲਵੇ ਤੋਂ ਫੋਕਸ ਹਟਾਅ ਕੇ ਮਾਝੇ ਵੱਲ ਕਰ ਦੇਣ ਨਾਲ 'ਅਕਾਲੀ ਮਾਨਸਿਕਤਾ' ਨਾਲ ਬਣਦਾ ਇਨਸਾਫ਼ ਹੋ ਜਾਵੇਗਾ? ਸ਼ੈਦ, ਨਈਂ! ਕੋਈ ਸਮਾਂ ਅਜਿਹਾ ਸੀ ਜਦੋਂ (ਮਰਹੂਮ) ਕੁਲਦੀਪ ਸਿੰਘ ਵਡਾਲਾ ਦਾ ਗਰੁੱਪ ਵੀ ਅਕਾਲੀ ਦਲ ਵਿਚ ਪਾਸੇ ਕੀਤੇ ਹੋਣ ਕਾਰਨ ਦੁਖੀ ਮਹਿਸੂਸ ਕਰਦਾ ਸੀ ਤੇ ਇਸ ਨੂੰ ਅਕਾਲੀ ਦਲ ਵਿੱਚੋਂ 'ਦੋਆਬੇ' ਨੂੰ ਪਿਛਾਂਹ ਧਕਣ ਦੀ ਤਸ਼ਬੀਹ ਦਿੱਤੀ ਜਾਂਦੀ ਹੁੰਦੀ ਸੀ। ਖ਼ੈਰ..! (3) ਅਕਾਲੀ ਦਲ ਵਿਚ 'ਮਲਵਈਆਂ' ਦੀ ਚੜ੍ਹਤ ਹੋ ਗਈ ਸੀ, ਇਹ ਵੱਡਾ ਮਸਲਾ ਨਹੀਂ ਹੈ, ਕਲ੍ਹ ਨੂੰ ਮਝੈਲਾਂ ਦੀ ਚੜ੍ਹਤ ਹੋ ਜਾਵੇਗੀ! ਇਹ ਵਰਤਾਰਾ-ਤਬਦੀਲੀ ਬਹੁਤ ਵੱਡੀ ਸਿਫ਼ਤੀ ਤਬਦੀਲੀ ਨਹੀਂ ਆਖੀ ਜਾਵੇਗੀ। ਸਾਡਾ ਮਸਲਾ ਇਹ ਹੈ ਕਿ ਲੋਕਾਈ ਨੁੰ ਕੀ ਮਿਲੇਗਾ? ਆਹ ਜਿਹੜਾ ਨਵਾਂ ਅਕਾਲੀ ਦਲ ਅੰਮ੍ਰਿਤਸਰ ਵਿਚ ਉਸਾਰਿਆ ਗਿਆ ਹੈ, ਇਹਦੀ ਕੇਂਦਰੀ ਅਗਵਾਈ ਨੂੰ ਲੋਕਾਂ ਦੀ ਅਵਾਜ਼ ਸਮਝਣੀ ਚਾਹੀਦੀ ਹੈ।
