ਵਿਜੋਗੇ ਜੀਆਂ ਲਈ ਵੱਡੇ ਜਤਨ 'ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ' ਦੇ
ਦੀਦਾਵਰ ਦਾ ਹੁਨਰ -19 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਹੁਣ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]
JALANDHAR:
ਇਹ ਹੱਦਾਂ/ਸਰਹੱਦਾਂ, ਜਿਹੜੀਆਂ ਸਾਨੂੰ ਅੱਜ ਹਕੀਕਤ ਲੱਗਦੀਆਂ ਹਨ, ਇਹ ਸਭ ਕੁਦਰਤੀ ਜਾਂ ਭੂਗੋਲਿਕ ਨਹੀਂ ਹਨ ਬਲਕਿ ਸਿਆਸੀ ਕਾਰਨਾਂ ਕਰ ਕੇ ਹਨ। ਤੁਸੀਂ ਕਦੇ ਵੀ ਗਲੋਬ ਦਾ ਨਕਸ਼ਾ ਚੁਕ ਕੇ ਵੇਖੋ, ਓਹਦੇ ਉੱਤੇ ਲਿਖਿਆ ਹੁੰਦੈ, 'ਵਰਲਡ ਪੋਲੀਟੀਕਲ'। ਦੱਸਣ ਦੀ ਲੋੜ ਨਹੀਂ ਕਿ ਕਾਇਨਾਤ ਵਿਚ ਕਿਤੇ ਕੋਈ ਤਕਸੀਮ ਨਹੀਂ। ਕੁਲ ਦੁਨੀਆਂ ਵਿਚ ਜਿੰਨੀ ਵੀ ਜ਼ਮੀਨ ਹੈ, ਇਸ ਵਿਚ ਕੁਦਰਤਨ ਕੋਈ ਤਕਸੀਮ ਨਹੀਂ। ਅਮਰੀਕਾ, ਕਨੇਡਾ, ਮੈਕਸੀਕੋ, ਭਾਰਤ, ਪਾਕਿਸਤਾਨ, ਕੋਰੀਆ, ਚੀਨ ਕਿਸੇ ਵੀ ਮੁਲਕ ਦਾ ਵੱਖਰਾ ਅਸਮਾਨ ਨਹੀਂ ਹੁੰਦਾ। ਧਰਤੀ 'ਤੇ ਪਈਆਂ ਤਕਸੀਮਾਂ ਸਿਰਫ਼ ਤੇ ਸਿਰਫ਼ ਕੁਝ ਰਾਜ ਘਰਾਣਿਆਂ ਨੇ ਘੜੀਆਂ ਹਨ, ਕਿਉਂਜੋ ਜਿਨ੍ਹਾਂ ਹੱਥ ਰਾਜ-ਭਾਗ ਆ ਗਿਆ ਹੈ, ਉਹ ਹਮੇਸ਼ਾ ਚਾਹੁੰਦੇ ਰਹਿਣਗੇ ਕਿ ਮਨੁੱਖਾਂ ਨੂੰ ਹੱਕਣ ਲਈ ਉਨ੍ਹਾਂ ਕੋਲ ਇਹ ਇਲਾਕੇ ਬਰਕਰਾਰ ਰਹਿਣ ਤੇ ਉਨ੍ਹਾਂ ਦੀਆਂ ਆਇੰਦਾ ਨਸਲਾਂ ਵੀ ਇਸੇ ਤਰ੍ਹਾਂ ਰਾਜਭਾਗ ਦਾ ਲੁਤਫ਼ ਮਾਣਦੀਆਂ ਰਹਿਣ। ਮਨੁੱਖੀ ਸਮਾਜ ਤੇ ਇਸ ਜਹਾਨ ਵਿਚ ਮੁਢ ਤੋਂ ਇੰਝ ਹੀ ਹੁੰਦਾ ਆਇਆ ਹੈ। ਅਸੀਂ ਸਮਝਦੇ ਹਾਂ ਕਿ ਬਾਬਾ-ਏ-ਪੰਜਾਬੀਅਤ ਵਾਰਿਸ਼ ਸ਼ਾਹ ਜੇ ਅੱਜ ਦੇ ਜ਼ਮਾਨੇ ਵਿਚ ਜਿਉਂਦੇ ਹੁੰਦੇ ਤਾਂ ਉਹ ਵੀ ਆਪਣੇ ਲਫ਼ਜ਼ਾਂ ਵਿਚ ਇਹੀ ਪੈਗ਼ਾਮ ਦਿੰਦੇ। ਪੜ੍ਹਣਹਾਰੇ ਦੋਸਤੋ! ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ 'ਦੀਦਾਵਰ ਦਾ ਲਿਖਾਰੀ' ਅੱਜ ਸਿਆਸੀ ਗੱਲਾਂ ਕਰਦਾ ਕਰਦਾ ਬਾਬਾ ਵਾਰਿਸ਼ ਸ਼ਾਹ 'ਤੇ ਆ ਕੇ ਕਿਉਂ ਰੁਕ ਗਿਐ। ...

ਆਖ਼ਰੀ ਗੱਲ ਮੈਂ ਹੁਣ ਸੋਚਦਾ ਹਾਂ ਕਿ ਮੈਨੂੰ ਉਸ ਧਰਤੀ ਦੀ ਫੇਰੀ ਪਾ ਲੈਣੀ ਚਾਹੀਦੀ ਹੈ। ਮੈਂ ਕੁਲਵੰਤ ਸਿੰਘ ਵਿਰਕ ਤੇ ਸੰਤ ਸਿੰਘ ਸੇਖੋਂ ਦੀਆਂ ਕਹਾਣੀਆਂ ਵਿੱਚੋਂ ਉਸ ਪੰਜਾਬ ਦਾ ਬਿੰਬ ਉੱਭਰਦਾ ਵੇਖਿਆ ਹੈ। ਮੈਂ ਜਲੰਧਰ ਵੱਸਦੇ ਲਾਹੌਰੀਆਂ ਕੋਲੋਂ ਓਧਰ ਦੀਆਂ ਗੱਲਾਂ ਸੁਣੀਆਂ ਨੇ। ਇਹ ਵੀਜ਼ਾ ਸਿਸਟਮ ਦਾ ਪੁਆੜਾ ਨਾ ਹੋਵੇ ਤਾਂ ਉੱਡ ਕੇ ਉਥੇ ਚਲਾ ਜਾਵਾਂ। .... ਪਰ ਨਹੀਂ ਮੈਂ ਇਕੱਲਾ ਨਹੀਂ ਹਾਂ, ਸੈਂਕੜੇ ਅਜਿਹੇ ਲੋਕ ਹਨ, ਜਿਹੜੇ ਇਕ-ਦੂਜੇ ਪਾਸੇ ਜਾਣਾ ਚਾਹੁੰਦੇ ਹਨ। ... ਪਰ ਨਹੀਂ ਜਾ ਸਕਦੇ। ਸ਼ੱਬੀਰ ਜੀ ਤੇ ਕਾਮਰਾਨ ਕਾਮੀ ਹੁਰਾਂ ਦਾ ਇਹ ਲੋਕ ਕਾਰਵਾਂ ਇਵੇਂ ਹੀ ਵੱਧਦਾ ਰਹੇ ਤੇ ਸਾਡੇ ਚੜ੍ਹਦੇ ਪੰਜਾਬ ਵਿਚ ਵੀ ਕਿਸੇ ਨੂੰ ਅੰਦਰੋਂ ਚਾਨਣ ਹੋ ਜਾਵੇ ਕਿ ਇਹੋ ਜਿਹਾ ਕੁਝ ਏਧਰ ਵੀ ਕਰ ਦਈਏ। ਇਸੇ ਆਸ ਨਾਲ ਇਸ ਲੇਖ ਨੂੰ ਠਹਿਰਾਅ ਦੇਣ ਲੱਗਾਂ ਹਾਂ ਤੇ ਵਾਅਦਾ ਕਰਦਾ ਹਾਂ ਕਿ ਜੇ ਅਦਾਰਾ 'ਪੰਚਮ' ਵਾਲੇ ਮੰਨ ਗਏ ਤਾਂ ਉਨ੍ਹਾਂ ਬਾਰੇ ਵੀ 'ਦੀਦਾਵਰ ਦੇ ਪੜ੍ਹਣਹਾਰਿਆਂ' ਨਾਲ ਜਾਣਕਾਰੀ ਸਾਂਝੀ ਕਰਾਂਗਾ। ਸ਼ੁੱਭ ਉਮੀਦਾਂ ਨਾਲ..! ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।
