CHRISTIANFORT

THE NEWS SECTION

ਕੈਨੇਡਾ 'ਚ ਨਵੀਂ ਲਿਬਰਲ ਸਰਕਾਰ ਤੇ ਪੰਜਾਬੀਆਂ ਦੀ ਚੜ੍ਹਤ

 

CHANDIGARH (INDIA) :

ਕੈਨੇਡਾ 'ਚ 10 ਸਾਲਾਂ ਬਾਅਦ ਇੱਕ ਵਾਰ ਫਿਰ ਲਿਬਰਲ ਪਾਰਟੀ ਦੀ ਸਰਕਾਰ ਕਾਇਮ ਹੋ ਗਈ ਹੈ ਅਤੇ 44 ਸਾਲਾਂ ਦੇ ਸ੍ਰੀ ਜਸਟਿਨ ਟਰੂਡੋ ਆਪਣੇ ਦੇਸ਼ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਕੇਵਲ ਸ੍ਰੀ ਜੋਅ ਕਲਾਰਕ ਹੀ ਅਜਿਹੀ ਸ਼ਖ਼ਸੀਅਤ ਰਹੇ ਹਨ, ਜਿਹੜੇ 40 ਸਾਲ ਦੀ ਉਮਰ 'ਚ ਕੈਨੇਡਾ ਦੇ 16ਵੇਂ ਪ੍ਰਧਾਨ ਮੰਤਰੀ ਬਣੇ ਸਨ। ਉਹ 4 ਜੂਨ, 1979 ਤੋਂ ਲੈ ਕੇ 3 ਮਾਰਚ, 1980 ਤੱਕ ਆਪਣੇ ਅਹੁਦੇ 'ਤੇ ਰਹੇ ਸਨ ਅਤੇ ਹੁਣ ਸ੍ਰੀ ਜਸਟਿਨ ਟਰੂਡੋ 4 ਨਵੰਬਰ, 2015 ਨੂੰ ਹਲਫ਼ ਲੈ ਕੇ ਕੈਨੇਡਾ ਦੇ ਦੂਜੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਸ੍ਰੀ ਜਸਟਿਨ ਦੇ ਪਿਤਾ ਸ੍ਰੀ ਪੀਅਰੇ ਈਲੀਅਟ ਟਰੂਡੋ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਬਣੇ ਸਨ। ਉਂਝ ਉਹ ਦੋ ਵਾਰ ਇਸ ਵੱਕਾਰੀ ਅਹੁਦੇ 'ਤੇ ਰਹੇ ਸਨ - ਪਹਿਲੀ ਵਾਰ 20 ਅਪ੍ਰੈਲ, 1968 ਤੋਂ ਲੈ ਕੇ 4 ਜੂਨ, 1979 ਤੱਕ ਅਤੇ ਫਿਰ 3 ਮਾਰਚ, 1980 ਤੋਂ ਲੈ ਕੇ 30 ਜੂਨ, 1984 ਤੱਕ।

ਜੇ ਤੁਸੀਂ ਕੈਨੇਡਾ 'ਚ ਪ੍ਰਵਾਸੀਆਂ ਦੇ ਪਿਛਲੇ 40-50 ਸਾਲਾਂ ਦੇ ਇਤਿਹਾਸ ਨੂੰ ਰਤਾ ਗਹੁ ਨਾਲ਼ ਵਾਚੋ, ਤਾਂ ਤੁਹਾਨੂੰ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਸ੍ਰੀ ਪੀਅਰੇ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀ ਪ੍ਰਵਾਸੀਆਂ ਨੂੰ ਕਈ ਤਰ੍ਹਾਂ ਖੁੱਲ੍ਹਾਂ ਅਤੇ ਛੋਟਾਂ ਮਿਲਣ ਲੱਗੀਆਂ ਸਨ। ਇਹੋ ਕਾਰਣ ਹੈ ਕਿ ਇਸੇ ਸਮੇਂ ਦੌਰਾਨ ਹੀ ਪੰਜਾਬੀਆਂ ਨੇ ਵੱਡੇ ਪੱਧਰ 'ਤੇ ਕੈਨੇਡਾ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅੱਜ ਸਥਿਤੀ ਇਹ ਹੈ ਕਿ ਭਾਰਤ ਸਮੇਤ ਸਮੁੱਚੇ ਵਿਸ਼ਵ ਵਿੱਚ ਕੈਨੇਡਾ ਤੋਂ ਬਿਨਾਂ ਹੋਰ ਕੋਈ ਵੀ ਅਜਿਹਾ ਦੇਸ਼ ਨਹੀਂ ਹੈ, ਜਿੱਥੋਂ ਦੀ ਸੰਸਦ ਵਿੱਚ ਇੰਨੇ ਜ਼ਿਆਦਾ ਪੰਜਾਬੀਆਂ ਨੂੰ ਨੁਮਾਇੰਦਗੀ ਮਿਲ਼ੀ ਹੈ। ਇਹ ਕਮਾਲ ਹੈ, 'ਕੈਨੇਡੀਅਨ ਚਾਰਟਰ ਆੱਫ਼ ਰਾਈਟਸ ਐਂਡ ਫ਼੍ਰੀਡਮਜ਼' (ਕੈਨੇਡਾ ਦਾ ਅਧਿਕਾਰ ਤੇ ਆਜ਼ਾਦੀਆਂ ਬਾਰੇ ਚਾਰਟਰ) ਦਾ; ਜਿਸ ਰਾਹੀਂ ਦੇਸ਼ ਵਿੱਚ ਪ੍ਰਵਾਸੀਆਂ ਨੂੰ ਹੋਰਨਾਂ ਬਹੁਤੇ ਪੱਛਮੀ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਅਧਿਕਾਰ ਮਿਲ਼ੇ ਹੋਏ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਇਹ ਚਾਰਟਰ ਵੀ ਸ੍ਰੀ ਪੀਅਰੇ ਟਰੂਡੋ ਨੇ ਹੀ ਕੈਨੇਡਾ 'ਚ ਲਾਗੂ ਕਰਵਾਇਆ ਸੀ। ਇਸੇ ਚਾਰਟਰ ਦੇ ਆਧਾਰ 'ਤੇ ਹੀ ਕੈਨੇਡਾ ਦੀ ਸੰਸਦ ਅਤੇ ਹੋਰ ਲਗਭਗ ਸਾਰੇ ਸਰਕਾਰੀ ਅਦਾਰਿਆਂ ਤੇ ਸੰਸਥਾਨਾਂ ਵਿੱਚ ਸਿੱਖ ਕ੍ਰਿਪਾਨ ਬੇਰੋਕ ਲਿਜਾਣ ਦੀ ਪ੍ਰਵਾਨਗੀ ਮਿਲ਼ੀ ਸੀ। ਇਸੇ ਚਾਰਟਰ ਸਦਕਾ ਹੀ ਪੰਜਾਬੀਆਂ ਸਮੇਤ ਸਮੂਹ ਪ੍ਰਵਾਸੀ ਹੁਣ ਆਮ ਗੋਰੇ ਕੈਨੇਡੀਅਨ ਨਾਗਰਿਕਾਂ ਵਾਂਗ ਪੂਰੇ ਮਾਣ ਤੇ ਸ਼ਾਨ ਨਾਲ਼ ਆਪਣਾ ਜੀਵਨ ਬਤੀਤ ਕਰ ਸਕਦੇ ਹਨ। ਸ੍ਰੀ ਪੀਅਰੇ ਟਰੂਡੋ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਕਾਰਜ-ਕਾਲ ਦੌਰਾਨ ਜਿਹੜਾ ਪਹਿਲਾ ਕਾਨੂੰਨ ਪਾਸ ਕਰਵਾਇਆ ਸੀ, ਉਹ ਵੀ ਪ੍ਰਵਾਸੀਆਂ ਦੇ ਹੱਕ ਵਿੱਚ ਹੀ ਸੀ। ਉਨ੍ਹਾਂ ਅਧਿਕਾਰਤ ਭਾਸ਼ਾਵਾਂ ਕਾਨੂੰਨ ਅਧੀਨ ਬਹੁ-ਸਭਿਆਚਾਰਵਾਦ ਬਾਰੇ ਸ਼ਾਹੀ ਕਮਿਸ਼ਨ ਕਾਇਮ ਕਰਵਾਇਆ ਸੀ। 1971 'ਚ ਸ੍ਰੀ ਪੀਅਰੇ ਟਰੂਡੋ ਨੇ ਐਲਾਨ ਕਰ ਦਿੱਤਾ ਸੀ ਕਿ ਕੈਨੇਡਾ ਹੁਣ ਬਹੁ-ਸਭਿਆਚਾਰਵਾਦ ਦੀ ਨੀਤੀ ਅਪਣਾਏਗਾ ਅਤੇ ਉਸ ਤੋਂ ਬਾਅਦ ਹੁਣ ਤੱਕ ਉਹੀ ਨੀਤੀ ਦੇਸ਼ ਵਿੱਚ ਚਲਦੀ ਹੈ। ਹੁਣ ਸਥਿਤੀ ਇਹ ਹੈ ਕਿ ਜਿਹੜੀ ਪਾਰਟੀ ਜਾਂ ਜਿਹੜਾ ਆਗੂ ਪ੍ਰਵਾਸੀਆਂ ਦੇ ਹੱਕਾਂ ਦੀ ਗੱਲ ਨਹੀਂ ਕਰਦਾ, ਉਹ ਵੋਟਾਂ ਤੇ ਸੱਤਾ ਹਾਸਲ ਨਹੀਂ ਕਰ ਸਕਦਾ। ਇਸੇ ਲਈ ਕੈਨੇਡਾ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਤੇ ਆਗੂਆਂ ਨੂੰ ਹਰ ਹਾਲਤ ਵਿੱਚ ਪ੍ਰਵਾਸੀਆਂ ਲਈ ਕੋਈ ਹਾਂ-ਪੱਖੀ ਐਲਾਨ ਕਰਨੇ ਹੀ ਪੈਂਦੇ ਹਨ। 1976 'ਚ ਸੀਨੀਅਰ ਟਰੂਡੋ ਨੇ ਨਵਾਂ ਇਮੀਗ੍ਰੇਸ਼ਨ ਕਾਨੂੰਨ ਪਾਸ ਕਰਵਾਇਆ ਸੀ, ਉਸੇ ਨੂੰ ਅੱਜ ਵੀ ਆਧੁਨਿਕ ਇਮੀਗ੍ਰੇਸ਼ਨ ਨੀਤੀ ਸਮਝਿਆ ਤੇ ਮੰਨਿਆ ਜਾਂਦਾ ਹੈ।

ਅਜਿਹੇ ਸਾਰੇ ਕਾਰਣਾਂ ਕਰ ਕੇ ਹੀ ਹੁਣ ਸ੍ਰੀ ਜਸਟਿਨ ਟਰੂਡੋ ਤੋਂ ਵੀ ਪ੍ਰਵਾਸੀਆਂ ਨੂੰ ਬਹੁਤ ਆਸਾਂ ਹਨ। ਉਨ੍ਹਾਂ ਹਾਲ਼ੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਨਹੀਂ ਚੁੱਕੀ ਸੀ, ਤਦ ਹੀ ਉਨ੍ਹਾਂ ਐਲਾਨ ਕਰ ਦਿੱਤਾ ਸੀ ਕਿ ਉਹ ਕੈਨੇਡਾ 'ਚ ਵਸਦੇ ਪ੍ਰਵਾਸੀਆਂ ਦੇ ਰਿਸ਼ਤੇਦਾਰਾਂ ਦੀ ਦੇਸ਼-ਆਮਦ ਨੂੰ ਸੁਖਾਲ਼ਾ ਬਣਾਉਣਗੇ। ਉਨ੍ਹਾਂ ਦੇ ਇਸ ਐਲਾਨ ਦਾ ਪੰਜਾਬੀਆਂ ਸਮੇਤ ਸਮੂਹ ਪ੍ਰਵਾਸੀਆਂ ਨੇ ਤਹਿ ਦਿਲੋਂ ਸੁਆਗਤ ਵੀ ਕੀਤਾ ਹੈ।

ਆਓ ਹੁਣ ਕੈਨੇਡਾ 'ਚ ਪੰਜਾਬੀ, ਪੰਜਾਬੀਆਂ ਤੇ ਪੰਜਾਬੀਅਤ ਦੀ ਚੜ੍ਹਤ ਨੂੰ ਵਾਚੀਏ। ਪੰਜਾਬੀ ਭਾਸ਼ਾ ਨੂੰ ਕੈਨੇਡਾ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਭਾਸ਼ਾ ਦਾ ਦਰਜਾ ਤਾਂ ਚਾਰ ਕੁ ਵਰ੍ਹੇ ਪਹਿਲਾਂ ਮਿਲ਼ ਚੁੱਕਾ ਸੀ। ਪੱਛਮੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅਤੇ ਇੱਕ ਹੋਰ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ 'ਚ ਤਾਂ ਪੰਜਾਬੀ ਤੀਜੇ ਨੰਬਰ ਉਤੇ ਹੈ। 19 ਅਕਤੂਬਰ, 2015 ਦੀਆਂ ਚੋਣਾਂ ਤੋਂ ਬਾਅਦ ਹੁਣ ਕੈਨੇਡੀਅਨ ਸੰਸਦ ਵਿੱਚ ਵੀ ਅੰਗਰੇਜ਼ੀ ਅਤੇ ਫ਼ਰੈਂਚ ਤੋਂ ਬਾਅਦ ਪੰਜਾਬੀ ਹੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਬਣ ਗਈ ਹੈ। ਇਹ ਸਮੂਹ ਪੰਜਾਬੀਆਂ ਲਈ ਬੜੇ ਵੱਡੇ ਮਾਣ ਵਾਲ਼ੀ ਗੱਲ ਹੈ।

ਕੈਨੇਡੀਅਨ ਸੰਸਦ ਵਿੱਚ ਇਸ ਵੇਲੇ ਦੱਖਣੀ ਏਸ਼ੀਆਈ ਮੂਲ ਦੇ 23 ਮੈਂਬਰ ਹਨ, ਜਿਨ੍ਹਾਂ ਵਿਚੋਂ 20 ਪੰਜਾਬੀ-ਭਾਸ਼ੀ ਹਨ। 'ਦਾ ਹਿਲ ਟਾਈਮਜ਼ ਆੱਨਲਾਈਨ' ਅਨੁਸਾਰ ਇਨ੍ਹਾਂ ਸੰਸਦ ਮੈਂਬਰਾਂ (ਐਮ.ਪੀਜ਼) ਵਿਚੋਂ ਚੰਦਰ ਆਰਿਆ, ਗੈਰੀ ਆਨਸਾਨਾਗਰੀ ਅਤੇ ਮਰੀਅਮ ਮੁਨਸਫ਼ ਪੰਜਾਬੀ ਭਾਸ਼ਾ ਨਹੀਂ ਬੋਲਦੇ। ਸ੍ਰੀ ਆਰਿਆ ਤੇ ਸ੍ਰੀ ਆਨਸਾਨਾਗਰੀ ਦੋਵੇਂ ਭਾਰਤੀ ਮੂਲ ਦੇ ਹਨ, ਜਦ ਕਿ ਸ੍ਰੀਮਤੀ ਮਰੀਅਮ ਅਫ਼ਗ਼ਾਨਿਸਤਾਨ ਦੇ ਹਨ। ਬਾਕੀ ਦੇ 20 ਪੰਜਾਬੀ-ਭਾਸ਼ੀ ਐਮ.ਪੀਜ਼ ਵਿਚੋਂ 18 ਲਿਬਰਲ ਹਨ ਅਤੇ ਦੋ ਕਨਜ਼ਰਵੇਟਿਵ ਹਨ। ਇਨ੍ਹਾਂ ਵਿਚੋਂ 14 ਮਰਦ ਅਤੇ 6 ਔਰਤਾਂ ਹਨ। ਉਨਟਾਰੀਓ ਸੂਬੇ ਵਿਚੋਂ 12 ਪੰਜਾਬੀ, ਬ੍ਰਿਟਿਸ਼ ਕੋਲੰਬੀਆ 'ਚੋਂ ਚਾਰ, ਅਲਬਰਟਾ 'ਚੋਂ ਤਿੰਨ ਅਤੇ ਇੱਕ ਪੰਜਾਬੀ ਕਿਊਬੇਕ ਸੂਬੇ 'ਚੋਂ ਸੰਸਦ ਮੈਂਬਰ ਚੁਣੇ ਗਏ ਹਨ। ਹੋਰ ਤਾਂ ਹੋਰ ਸੰਸਦ ਵਿੱਚ ਵਿਰੋਧੀ ਧਿਰ (ਕਨਜ਼ਰਵੇਟਿਵ ਪਾਰਟੀ) ਦੇ ਆਗੂ ਸ੍ਰੀ ਦੀਪਕ ਓਬਰਾਏ ਵੀ ਪੰਜਾਬੀ-ਭਾਸ਼ੀ ਹਨ।

'ਸਟੈਟਿਸਟਿਕਸ ਕੈਨੇਡਾ' ਅਨੁਸਾਰ ਸਾਲ 2011 ਦੇ ਸਰਵੇਖਣ 'ਚ 4 ਲੱਖ 30 ਹਜ਼ਾਰ 705 ਕੈਨੇਡੀਅਨਾਂ ਨੇ ਆਪਣੀ ਮਾਤ-ਭਾਸ਼ਾ ਪੰਜਾਬੀ ਲਿਖਵਾਈ ਸੀ ਅਤੇ ਇਹ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ 1.3 ਫ਼ੀ ਸਦੀ ਬਣਦੀ ਹੈ। ਸੰਸਦ ਵਿੱਚ ਹੁਣ ਪੰਜਾਬੀ-ਭਾਸ਼ੀ ਸੰਸਦ ਮੈਂਬਰਾਂ ਦੀ ਗਿਣਤੀ 6 ਫ਼ੀ ਸਦੀ ਹੈ।

ਸ੍ਰੀ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਭ ਨੂੰ ਇਹੋ ਆਸ ਹੈ ਕਿ ਹੁਣ ਕੈਨੇਡਾ ਵਿੱਚ ਪੰਜਾਬੀਆਂ ਦੀ ਹੋਰ ਵੀ ਚੜ੍ਹਤ ਹੋਵੇਗੀ। ਬੀਤੇ ਦਿਨੀਂ ਸ੍ਰੀ ਟਰੂਡੋ ਨੇ ਐਲਾਨ ਕੀਤਾ ਸੀ ਕਿ ਹੁਣ ਪ੍ਰਵਾਸੀ ਹੁਣ ਆਪਣੇ ਮਾਪਿਆਂ ਤੇ ਦਾਦਿਆਂ-ਬਾਬਿਆਂ ਨੂੰ ਆਸਾਨੀ ਨਾਲ਼ ਕੈਨੇਡਾ ਸੱਦ ਸਕਣਗੇ ਕਿਉਂਕਿ ਉਨ੍ਹਾਂ ਦੀਆਂ ਅਜਿਹੀਆਂ ਇਮੀਗ੍ਰੇਸ਼ਨ ਤੇ ਵੀਜ਼ਾ ਅਰਜ਼ੀਆਂ ਪ੍ਰਵਾਨ ਕਰਨ ਦੀ ਗਿਣਤੀ ਦੁੱਗਣੀ ਕਰ ਦਿੱਤੀ ਜਾਵੇਗੀ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਸਟੀਫ਼ਨ ਹਾਰਪਰ ਦੀ ਅਗਵਾਈ ਹੇਠਲੀ ਪਿਛਲੀ ਕਨਜ਼ਰਵੇਟਿਵ ਸਰਕਾਰ ਨੇ ਅਜਿਹੀਆਂ ਅਰਜ਼ੀਆਂ ਦੀ ਵੱਧ ਤੋਂ ਵੱਧ ਗਿਣਤੀ 5,000 ਨਿਸ਼ਚਤ ਕਰ ਦਿੱਤੀ ਸੀ ਪਰ ਹੁਣ ਸ੍ਰੀ ਟਰੂਡੋ ਦੇ ਐਲਾਨ ਮੁਤਾਬਕ ਇਹ ਗਿਣਤੀ ਹੁਣ ਵਧ ਕੇ 10,000 ਕਰ ਦਿੱਤੇ ਜਾਣ ਦੀ ਆਸ ਹੈ। ਕਈ ਤਰ੍ਹਾਂ ਦੀਆਂ ਛੋਟਾਂ ਤੇ ਖੁੱਲ੍ਹਾ ਕਾਰਣ ਹੀ ਕੈਨੇਡਾ ਸਦਾ ਹੀ ਪੰਜਾਬੀਆਂ ਦਾ ਮਨਭਾਉਂਦਾ ਦੇਸ਼ ਬਣਿਆ ਰਿਹਾ ਹੈ। ਪੰਜਾਬੀ ਉਥੇ ਜ਼ਿਆਦਾਤਰ ਆਪਣੇ ਸਟੋਰ ਚਲਾਉਂਦੇ ਹਨ। ਉਨ੍ਹਾਂ ਦੀਆਂ ਕੱਪੜੇ ਦੀਆਂ ਦੁਕਾਨਾਂ ਵੀ ਕਾਫ਼ੀ ਹਨ ਪਰ ਬਹੁਤੀ ਗਿਣਤੀ ਖਾਣ-ਪੀਣ ਦਾ ਸਾਮਾਨ ਵੇਚਣ ਵਾਲ਼ੇ ਪੰਜਾਬੀਆਂ ਦੀ ਹੈ। ਰਕਬੇ ਦੇ ਲਿਹਾਜ਼ ਨਾਲ਼ ਭਾਰਤ (32 ਲੱਖ 87 ਹਜ਼ਾਰ 590 ਵਰਗ ਕਿਲੋਮੀਟਰ) ਤੋਂ ਤਿੰਨ ਗੁਣਾ ਵੱਡਾ ਹੈ ਕੈਨੇਡਾ (99 ਲੱਖ 84 ਹਜ਼ਾਰ 670 ਵਰਗ ਕਿਲੋਮੀਟਰ), ਜਿਸ ਕਰ ਕੇ ਉਥੇ ਬੇਰੋਜ਼ਗਾਰੀ ਵੀ ਘੱਟ ਹੈ। ਹੁਣ ਰਤਾ ਸੋਚੋ ਕਿ ਖੇਤਰਫਲ਼ ਪੱਖੋਂ ਕੈਨੇਡਾ ਤੋਂ ਤਿੰਨ ਗੁਣਾ ਘੱਟ ਭਾਰਤ ਦੀ ਆਬਾਦੀ 125 ਕਰੋੜ ਹੈ ਪਰ ਉਸ ਦੇ ਮੁਕਾਬਲੇ ਕੈਨੇਡਾ ਦੀ ਆਬਾਦੀ ਕੇਵਲ 3 ਕਰੋੜ 59 ਲੱਖ ਦੇ ਲਗਭਗ ਹੈ। ਇੱਕ ਬੱਚਾ ਵੀ ਤੁਰੰਤ ਦੱਸ ਸਕੇਗਾ ਕਿ ਵੱਧ ਖੇਤਰਫਲ਼ ਤੇ ਘੱਟ ਆਬਾਦੀ ਵਾਲ਼ਾ ਦੇਸ਼ ਹੀ ਛੇਤੀ ਤਰੱਕੀ ਕਰਦਾ ਹੋਇਆ ਅੱਗੇ ਵਧੇਗਾ। ਕੈਨੇਡਾ ਦੀ ਧਰਤੀ ਸੋਨੇ ਤੇ ਹੀਰਿਆਂ ਸਮੇਤ ਅਨੇਕਾਂ ਪ੍ਰਕਾਰ ਦੇ ਖਣਿਜ ਪਦਾਰਥਾਂ ਨਾਲ਼ ਭਰਪੂਰ ਹੈ। ਉਸ ਦੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚੇਵਾਨ, ਉਨਟਾਰੀਓ, ਕਿਊਬੇਕ, ਨਿਊ ਬਰੱਨਸਵਿਕ ਤੇ ਨੋਵਾ ਸਕੌਸ਼ੀਆ ਜਿਹੇ ਸੂਬਿਆਂ ਵਿੱਚ ਤੇਲ ਦੇ ਵੱਡੇ ਭੰਡਾਰ ਮੌਜੂਦ ਹਨ। ਸਾਡੀ ਧਰਤੀ ਦੇ ਧੁਰ ਉਤਰੀ ਧਰੁਵ ਉਤੇ ਸਥਿਤ ਕੈਨੇਡਾ ਦੇ ਕੇਂਦਰ ਸ਼ਾਸਤ ਪ੍ਰਦੇਸ਼ ਯੂਕੌਨ 'ਚ ਵੀ ਤੇਲ ਦੇ ਭੰਡਾਰ ਅਤੇ ਵੱਡੇ ਤੇਲ ਸੋਧਕ ਕਾਰਖਾਨੇ ਹਨ।

ਸਾਲ 2008 ਦੀ ਆਰਥਿਕ ਮੰਦਹਾਲੀ ਦਾ ਡਾਢਾ ਅਸਰ ਭਾਵੇਂ ਕੈਨੇਡਾ 'ਤੇ ਵਿਖਾਈ ਦਿੱਤਾ ਸੀ ਪਰ ਹੋਰਨਾਂ ਪੱਛਮੀ ਦੇਸ਼ਾਂ ਦੇ ਮੁਕਾਬਲੇ ਉਹ ਛੇਤੀ ਹੀ ਸੰਭਲ਼ ਵੀ ਗਿਆ ਸੀ। ਇਹ ਗੱਲ ਪਿਛਲੀ ਕਨਜ਼ਰਵੇਟਿਵ ਸਰਕਾਰ ਦੇ ਪੱਖ ਦੀ ਹੈ ਕਿ ਉਸ ਨੇ ਅਨੇਕਾਂ ਪ੍ਰਕਾਰ ਦੀਆਂ ਆਰਥਿਕ ਔਕੜਾਂ ਦੇ ਬਾਵਜੂਦ ਦੇਸ਼ ਨੂੰ ਅੱਗੇ ਵਧਾਉਣ ਦੇ ਹਰ ਸੰਭਵ ਜਤਨ ਕੀਤੇ; ਇਹ ਗੱਲ ਵੱਖਰੀ ਹੈ ਕਿ ਉਹ ਦਿਖਾਵੇ ਵਜੋਂ ਉਪਰੋਂ-ਉਪਰੋਂ ਆਪਣੇ-ਆਪ ਨੂੰ 'ਪ੍ਰਵਾਸੀਆਂ ਦੇ ਸੱਚੇ ਹਿਤੈਸ਼ੀ' ਆਖਦੇ ਰਹੇ ਪਰ ਅੰਦਰਖਾਤੇ ਸਖ਼ਤ ਨੀਤੀਆਂ ਬਣਾ ਕੇ ਪ੍ਰਵਾਸੀਆਂ ਲਈ ਕੈਨੇਡਾ ਦੇ ਦਰ ਬੰਦ ਕਰਦੇ ਚਲੇ ਗਏ। ਕਨਜ਼ਰਵੇਟਿਵ ਪਾਰਟੀ ਦੇ ਰਾਜ ਵਿੱਚ ਆਮ ਜਨਤਾ ਉਤੇ ਨਵੇਂ ਟੈਕਸਾਂ ਦੇ ਵੱਡੇ ਬੋਝ ਵੀ ਲੱਦ ਦਿੱਤੇ ਗਏ ਅਤੇ ਹੁਣ ਨਵੀਂ ਲਿਬਰਲ ਸਰਕਾਰ ਦੇ ਕਾਇਮ ਹੋਣ ਨਾਲ਼ ਸਭ ਕੁੱਝ ਸੁਖਾਵਾਂ ਤੇ ਸੁਵੱਲਾ ਹੋ ਜਾਣ ਦੀਆਂ ਆਸਾਂ ਸਭ ਨੂੰ ਹਨ। ਕਈ ਸੁਭਾਵਕ ਕਾਰਣਾਂ ਕਰ ਕੇ ਪੰਜਾਬੀ ਇਸ ਵਾਰ ਕੁੱਝ ਵਧੇਰੇ ਹੀ ਆਸਵੰਦ ਹਨ।

ਮਹਿਤਾਬ-ਉਦ-ਦੀਨ ਬਾਰੇ ਹੋਰ ਜਾਣਨ ਲਈ /To Know More about Mehtab-Ud-Din : ਕ੍ਰਿਪਾ ਕਰ ਕੇ ਇੱਥੇ ਕਲਿੱਕ ਕਰੋ/Please Click Here...