CHRISTIANFORT

THE NEWS SECTION

4 ਪੰਜਾਬੀ ਬਣੇ ਕੈਨੇਡਾ ਦੇ ਮੰਤਰੀ

ਪਹਿਲੀ ਵਾਰ ਕੋਈ ਪੰਜਾਬੀ ਬਣਿਆ ਕੈਨੇਡਾ ਦਾ ਰੱਖਿਆ ਮੰਤਰੀ 

CHANDIGARH (INDIA) :

ਚੰਡੀਗੜ੍ਹ, 5 ਨਵੰਬਰ, 2015 (ਮਹਿਤਾਬ-ਉਦ-ਦੀਨ): ਲਿਬਰਲ ਪਾਰਟੀ ਦੇ ਆਗੂ ਅਤੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਨ ਨਾਲ਼ ਹੀ ਸਮੁੱਚੇ ਵਿਸ਼ਵ ਨੂੰ ਵਿਖਾ ਦਿੱਤਾ ਹੈ ਕਿ ਪਰਵਾਸੀਆਂ, ਖ਼ਾਸ ਕਰ ਕੇ ਪੰਜਾਬੀਆਂ ਸਮੇਤ ਸਮੂਹ ਭਾਰਤੀਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਕਿਹੋ ਜਿਹਾ ਰਹੇਗਾ। ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਨੇ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਸ੍ਰੀ ਹਰਜੀਤ ਸਿੰਘ ਸਾਜਨ, ਸ੍ਰੀ ਨਵਦੀਪ ਸਿੰਘ ਬੈਂਸ, ਸ੍ਰੀ ਅਮਰਜੀਤ ਸਿੰਘ ਸੋਹੀ ਅਤੇ ਸ੍ਰੀਮਤੀ ਬਰਦੀਸ਼ ਚੱਗਰ ਨੇ ਕੱਲ੍ਹ ਬੁੱਧਵਾਰ ਨੂੰ ਕੈਨੇਡਾ ਦੇ ਕੈਬਿਨੇਟ ਮੰਤਰੀਆਂ ਵਜੋਂ ਸਹੁੰ ਚੁੱਕੀ। ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਦੀ ਅਗਵਾਈ ਹੇਠਲੀ ਵਜ਼ਾਰਤ ਵਿੱਚ ਕੁੱਲ 31 ਮੰਤਰੀ ਹਨ, ਜਿਨ੍ਹਾਂ ਵਿਚੋਂ ਲਗਭਗ ਅੱਧੀਆਂ ਮਹਿਲਾਵਾਂ ਹਨ; ਅਜਿਹਾ ਵੀ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।

ਸ੍ਰੀ ਹਰਜੀਤ ਸਿੰਘ ਸਾਜਨ ਨੂੰ ਰਾਸ਼ਟਰੀ ਰੱਖਿਆ ਮੰਤਰੀ, ਸ੍ਰੀ ਨਵਦੀਪ ਸਿੰਘ ਬੈਂਸ ਨੂੰ ਨਵੀਨਤਾ, ਵਿਗਿਆਨ ਤੇ ਆਰਥਿਕ ਵਿਕਾਸ ਮੰਤਰੀ, ਸ੍ਰੀ ਅਮਰਜੀਤ ਸਿੰਘ ਸੋਹੀ ਨੂੰ ਬੁਨਿਆਦੀ ਢਾਂਚੇ ਤੇ ਭਾਈਚਾਰਿਆਂ ਬਾਰੇ ਮੰਤਰੀ ਅਤੇ ਸ੍ਰੀਮਤੀ ਬਰਦੀਸ਼ ਚੱਗਰ ਨੂੰ ਲਘੂ ਕਾਰੋਬਾਰ ਅਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ। ਸ੍ਰੀ ਹਰਜੀਤ ਸਿੰਘ ਸਾਜਨ ਦਾ ਜਨਮ 1970 'ਚ ਭਾਰਤ ਵਿਚ ਹੋਇਆ ਸੀ ਪਰ ਉਹ ਪੰਜ ਸਾਲਾਂ ਦੀ ਉਮਰੇ ਹੀ ਆਪਣੇ ਪਰਿਵਾਰ ਨਾਲ਼ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਂਨਗਰ ਵੈਨਕੂਵਰ ਆ ਵਸੇ ਸਨ। ਉਹ ਕੈਨੇਡੀਅਨ ਫ਼ੌਜ ਦੇ ਬਹਾਦਰ ਜਵਾਨ ਰਹੇ ਹਨ। ਕਿਸੇ ਕੈਨੇਡੀਅਨ ਫ਼ੌਜੀ ਰੈਜਿਮੈਂਟ (ਦਾ ਬ੍ਰਿਟਿਸ਼ ਕੋਲੰਬੀਆ ਰੈਜਿਮੈਂਟ, ਜੋ ਕਿ ਕੋਨੌਟ ਦੇ ਡਿਊਕ ਦੀ ਆਪਣੀ ਫ਼ੌਜ ਹੈ) ਦੇ ਉਹ ਪਹਿਲੇ ਸਿੱਖ ਕਮਾਂਡਰ ਵੀ ਬਣੇ ਸਨ। ਵੈਨਕੂਵਰ-ਦੱਖਣੀ ਹਲਕੇ ਤੋਂ ਪਹਿਲੀ ਵਾਰ ਐਮ.ਪੀ. ਬਣੇ ਸ੍ਰੀ ਹਰਜੀਤ ਸਿੰਘ ਸਾਜਨ ਕੈਨੇਡੀਅਨ ਫ਼ੌਜਾਂ ਨਾਲ਼ ਤਿੰਨ ਵਾਰ ਅਫ਼ਗ਼ਾਨਿਸਤਾਨ 'ਚ ਅਤੇ ਇੱਕ ਵਾਰ ਬੋਸਨੀਆ 'ਚ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾ ਚੁੱਕੇ ਹਨ। ਉਨ੍ਹਾਂ ਦੇ ਇਸ ਸ਼ਾਨਦਾਰ ਫ਼ੌਜੀ ਜੀਵਨ ਕਾਰਣ ਹੀ ਸ੍ਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੂੰ ਹੁਣ ਰੱਖਿਆ ਮੰਤਰੀ ਬਣਾਇਆ ਹੈ।

ਮਿਸੀਸਾਗਾ-ਮਾਲਟਨ ਹਲਕੇ ਤੋਂ ਚੋਣ ਜਿੱਤੇ ਸ੍ਰੀ ਨਵਦੀਪ ਸਿੰਘ ਬੈਂਸ ਦਾ ਜਨਮ ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਵਿਖੇ 16 ਜੂਨ, 1977 ਨੂੰ ਹੋਇਆ ਸੀ। ਉਨ੍ਹਾਂ ਦੇ ਮਾਪੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਹਿਲਪੁਰ ਤੋਂ ਕੈਨੇਡਾ ਜਾ ਕੇ ਵਸ ਗਏ ਸਨ। ਸਾਲ 2004 ਵਿੱਚ ਉਹ ਪਹਿਲੀ ਵਾਰ ਐਮ.ਪੀ. ਬਣੇ ਸਨ। 2011 ਦੀਆਂ ਸੰਸਦੀ ਚੋਣਾਂ ਹਾਰਨ ਤੋਂ ਬਾਅਦ ਉਹ ਰਾਇਰਸਨ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫ਼ੈਸਰ ਲੱਗ ਗਏ ਸਨ। ਸ੍ਰੀ ਅਮਰਜੀਤ ਸਿੰਘ ਸੋਹੀ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ 'ਚ ਪੈਂਦੇ ਪਿੰਡ ਬਨਭੌਰਾ ਦੇ ਜੰਮਪਲ਼ ਹਨ। ਉਹ ਪਹਿਲਾਂ ਨਗਰ ਕੌਂਸਲਰ ਵੀ ਰਹਿ ਚੁੱਕੇ ਹਨ। ਉਨ੍ਹਾਂ ਐਡਮੌਂਟਨ-ਸ਼ੇਰਵੁੱਡ ਹਲਕੇ 'ਚ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਕੈਨੇਡਾ ਦੇ ਸਾਬਕਾ ਰਾਜ ਮੰਤਰੀ ਸ੍ਰੀ ਟਿਮ ਉਪਲ ਨੂੰ ਹਰਾਇਆ ਸੀ। ਭਾਵੇਂ ਦੋਵੇਂ ਉਮੀਦਵਾਰਾਂ ਦੀਆਂ ਵੋਟਾਂ 'ਚ 100 ਤੋਂ ਵੀ ਘੱਟ ਵੋਟਾਂ ਦਾ ਫ਼ਰਕ ਸੀ ਪਰ ਸ੍ਰੀ ਟਿਮ ਉਪਲ ਜਿਹੇ ਮਜ਼ਬੂਤ ਥੰਮ੍ਹ ਨੂੰ ਹਰਾਉਣਾ ਹੀ ਆਪਣੇ ਆਪ ਵਿੱਚ ਇੱਕ ਵੱਡੀ ਮੱਲ ਸੀ।

34 ਸਾਲਾ ਸ੍ਰੀਮਤੀ ਬਰਦੀਸ਼ ਚੱਗਰ ਸਾਇੰਸ ਗਰੈਜੂਏਟ ਹਨ ਤੇ ਪਿਛਲੇ ਕਈ ਵਰ੍ਹਿਆਂ ਤੋਂ ਸਿਆਸਤ ਵਿੱਚ ਸਰਗਰਮ ਹਨ। ਉਹ ਉਨਟਾਰੀਓ ਸੂਬੇ ਦੇ ਵਾਟਰਲੂ ਹਲਕੇ ਤੋਂ ਪਹਿਲੀ ਵਾਰ ਐਮ.ਪੀ. ਬਣੇ ਹਨ। ਪਿਛਲੇ ਪ੍ਰਧਾਨ ਮੰਤਰੀ ਸ੍ਰੀ ਸਟੀਫ਼ਨ ਹਾਰਪਰ ਦੀ ਅਗਵਾਈ ਹੇਠਲੀ ਕਨਜ਼ਰਵੇਟਿਵ ਸਰਕਾਰ ਵਿੱਚ ਦੋ ਪੰਜਾਬੀਆਂ ਸ੍ਰੀ ਬਲ ਗੋਸਲ ਅਤੇ ਸ੍ਰੀ ਟਿਮ ਉਪਲ ਨੂੰ ਮੰਤਰੀ ਤਾਂ ਬਣਾਇਆ ਗਿਆ ਸੀ ਪਰ ਉਨ੍ਹਾਂ ਨੂੰ ਰਾਜ ਮੰਤਰੀ ਤੋਂ ਅਗਾਂਹ ਕਦੇ ਵੀ ਤਰੱਕੀ ਨਹੀਂ ਸੀ ਦਿੱਤੀ ਗਈ। ਰਾਜ ਮੰਤਰੀ ਕੇਵਲ ਅਸਲ ਮੰਤਰੀ ਦਾ ਸਹਾਇਕ ਹੀ ਹੁੰਦਾ ਹੈ ਤੇ ਉਸ ਕੋਲ਼ ਬਹੁਤੀਆਂ ਤਾਕਤਾਂ ਕਦੇ ਨਹੀਂ ਰਹਿੰਦੀਆਂ ਅਤੇ ਨਾ ਹੀ ਉਹ ਕੋਈ ਫ਼ੈਸਲਾਕੁੰਨ ਭੂਮਿਕਾ ਨਿਭਾ ਸਕਦਾ ਹੈ। ਇਸ ਤਰ੍ਹਾਂ ਸ੍ਰੀ ਹਾਰਪਰ ਨੇ ਪੰਜਾਬੀਆਂ ਨੂੰ ਕੇਵਲ ਖ਼ੁਸ਼ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਨੂੰ ਹਾਸਲ ਕਰਨ ਲਈ ਹੀ ਸ੍ਰੀ ਗੋਸਲ ਤੇ ਸ੍ਰੀ ਉਪਲ ਨੂੰ ਇਹ ਅਹੁਦੇ ਬਖ਼ਸ਼ੇ ਹੋਏ ਸਨ। ਪਰ ਹੁਣ ਸ੍ਰੀ ਜਸਟਿਨ ਟਰੂਡੋ ਨੇ ਖੁੱਲ੍ਹੇ ਦਿਲ ਨਾਲ਼ ਪੰਜਾਬੀਆਂ ਨੂੰ ਬੇਹੱਦ ਅਹਿਮ ਵਿਭਾਗ ਸੌਂਪੇ ਹਨ ਅਤੇ ਸਾਨੂੰ ਆਸ ਹੈ ਅਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਇਹ ਚਾਰੇ ਪੰਜਾਬੀ ਮੰਤਰੀ ਆਮ ਜਨਤਾ ਦੀਆਂ ਉਮੀਦਾਂ ਉਤੇ ਪੂਰੀ ਤਰ੍ਹਾਂ ਖਰੇ ਉਤਰਨ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦੇ ਹੋਏ ਆਪਣੇ ਭਾਈਚਾਰਿਆਂ ਨੂੰ ਵੀ ਨਵੇਂ ਸਿਖ਼ਰਾਂ ਉਤੇ ਲੈ ਕੇ ਜਾਣ।

ਮਹਿਤਾਬ-ਉਦ-ਦੀਨ ਬਾਰੇ ਹੋਰ ਜਾਣਨ ਲਈ /To Know More about Mehtab-Ud-Din : ਕ੍ਰਿਪਾ ਕਰ ਕੇ ਇੱਥੇ ਕਲਿੱਕ ਕਰੋ/Please Click Here...