CHRISTIANFORT

THE NEWS SECTION

ਵਿਦੇਸ਼ਾਂ 'ਚ ਨਫ਼ਰਤ ਦੇ ਸ਼ਿਕਾਰ ਹੋ ਕੇ ਮਾਰੇ ਜਾ ਚੁੱਕੇ ਹਨ 50 ਸਿੱਖ, ਸਿੱਖ ਬੱਚਿਆਂ ਨੂੰ ਲਗਾਤਾਰ ਕਰਨਾ ਪੈਂਦਾ ਹੈ ਕੋਝੇ ਮਜ਼ਾਕਾਂ ਦਾ ਸਾਹਮਣਾ

 

Moline City (Illinois, United States of America): ਸਿੱਖਾਂ ਅਤੇ ਮੁਸਲਮਾਨ ਸਮੁਦਾਏ ਦੇ ਲੋਕਾਂ ਦੀ ਦਿੱਖ ਆਪਸ ਵਿਚ ਥੋੜ੍ਹੀ ਬਹੁਤੀ ਮਿਲਣ ਕਰਕੇ ਪਰਵਾਸ ਵਿਚ ਵਸ ਰਹੇ ਸਿੱਖਾਂ ਤੇ ਨਸਲੀ ਹਮਲੇ ਹੋ ਰਹੇ ਹਨ। ਇਸ ਕਰਕੇ ਵਿਦੇਸ਼ਾਂ ਵਿਚ ਵੱਸ ਰਹੇ ਸਿੱਖਾਂ ਨੂੰ ਪਛਾਣ ਦੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। 2001 ਵਿਚ ਅਮਰੀਕਾ ਵਿਚ ਹੋਈ 9-11 ਦੀ ਘਟਨਾ ਤੋਂ ਬਾਅਦ ਸਿੱਖਾਂ ਦੇ ਪਹਿਰਾਵੇ ਨੂੰ ਮੁਸਲਮਾਨਾਂ ਦੇ ਪਹਿਰਾਵੇ ਨਾਲ ਮਿਲਦਾ ਜੁਲਦਾ ਹੋਣ ਕਰਕੇ ਜਾਤੀ ਨਸਲੀ ਵਿਤਕਰਿਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਅਜਿਹੀਆਂ ਘਟਨਾਵਾਂ ਵਿਚ ਲਗਪਗ 50 ਸਿੱਖ ਮਾਰੇ ਜਾ ਚੁੱਕੇ ਹਨ ਅਤੇ ਅਨੇਕਾਂ ਨਸਲੀ ਵਿਤਕਰੇ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ। ਸਕੂਲਾਂ ਵਿਚ ਪਟਕੇ ਬੰਨ੍ਹਣ ਵਾਲੇ ਸਿੱਖਾਂ ਦੇ ਲੜਕਿਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ, ਇਥੋਂ ਤੱਕ ਕਿ ਕੋਝੇ ਮਜ਼ਾਕਾਂ ਦਾ ਬੱਚਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀਆਂ ਘਟਨਾਵਾਂ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ। ਸਿੱਖ ਆਪਣੇ ਆਪ ਨੂੰ ਬੜੇ ਜਾਗਰੂਕ ਕਹਿੰਦੇ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ ਅਤੇ ਭਾਰਤ ਤੇ ਪੰਜਾਬ ਦੀਆਂ ਸਰਕਾਰਾਂ ਗੂੜ੍ਹੀ ਨੀਂਦ ਸੁਤੀਆਂ ਪਈਆਂ ਹਨ। ਦਾੜ੍ਹੀ ਕੇਸ ਖੁਲ੍ਹੇ ਰੱਖਣ ਦਾ ਰਿਵਾਜ ਦੁਨੀਆਂ ਦੇ ਮਹਾਂ ਪੁਰਸ਼ਾਂ ਅਤੇ ਵਿਦਵਾਨਾਂ ਵਿਚ ਵੀ ਰਿਹਾ ਹੈ ਪ੍ਰੰਤੂ ਤਾਲਿਬਾਨੀਆਂ ਵੱਲੋਂ ਅਮਰੀਕਾ ਵਿਚ ਦਹਿਸ਼ਤ ਦਾ ਵਾਤਾਵਰਨ ਪੈਦਾ ਕਰਨ ਲਈ ਕੀਤੀ ਗਈ ਕਾਰਵਾਈ ਨੇ ਗੋਰੇ ਦਿਹਾਤੀ ਲੋਕਾਂ ਵਿਚ ਉਨ੍ਹਾਂ ਲਈ ਨਫ਼ਰਤ ਦੀ ਭਾਵਨਾ ਪੈਦਾ ਕਰ ਦਿੱਤੀ। ਆਮ ਤੌਰ ਤੇ ਪੜ੍ਹੇ ਲਿਖੇ ਕੁਝ ਗੋਰੇ ਤਾਂ ਸਮਝਦੇ ਹਨ ਕਿ ਸਿੱਖਾਂ ਦੀ ਪਛਾਣ ਕੀ ਹੈ ਪ੍ਰੰਤੂ ਬਹੁਤੇ ਗੋਰਿਆਂ ਨੂੰ ਸਿੱਖਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਅਮਰੀਕਾ ਵਿਚ ਜਿੱਥੇ ਜ਼ਿਆਦਾ ਮਾਤਰਾ ਵਿਚ ਸਿੱਖ ਵੱਸ ਰਹੇ ਹਨ, ਉਥੇ ਹੀ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਇਹ ਖ਼ੁਸ਼ੀ ਦੀ ਗੱਲ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚ ਸਥਾਪਤ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਕ ਸਾਂਝਾ ਮੰਚ ਬਣਾਇਆ ਹੈ, ਜਿਹੜਾ ਗੋਰਿਆਂ ਨੂੰ ਸਿੱਖਾਂ ਦੀ ਮੁਸਲਮਾਨਾ ਤੋਂ ਵੱਖਰੀ ਪਛਾਣ ਬਾਰੇ ਜਾਣਕਾਰੀ ਦੇਵੇਗਾ। ਇਹ ਜਾਣਕਾਰੀ ਕਿਸ ਪ੍ਰਕਾਰ ਦੀ ਹੋਵੇਗੀ ਬਾਰੇ ਵਿਚਾਰ ਚਰਚਾ ਚਲ ਰਹੀ ਹੈ। ਇਕ ਫੈਸਲਾ ਤਾਂ ਉਨ੍ਹਾ ਕਰ ਲਿਆ ਹੈ ਕਿ ਲਿਟਰੇਚਰ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਤ ਕਰਕੇ ਗੋਰਿਆਂ ਦੇ ਘਰਾਂ ਵਿਚ ਵੰਡਿਆ ਜਾਵੇ। ਲਿਟਰੇਚਰ ਕਿਸ ਕਿਸਮ ਦਾ ਹੋਵੇ, ਉਸ ਵਿਚ ਕਿਸ ਤਰ੍ਹਾਂ ਦੀ ਜਾਣਕਾਰੀ ਹੋਵੇ, ਬਾਰੇ ਵਿਚਾਰ ਚਰਚਾ ਹੋ ਰਹੀ ਹੈ। ਇਸ ਸੰਬੰਧੀ ਸਿੱਖ ਦੀ ਕੀ ਪਰਿਭਾਸ਼ਾ ਹੈ, ਕਿਹੜੀਆਂ ਗੱਲਾਂ ਕਰਕੇ ਉਸਦੀ ਦਿਖ ਵੱਖਰੀ ਹੈ, ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਵੈਸੇ ਤਾਂ ਸਿੱਖ ਅਤੇ ਸਿੱਖ ਧਰਮ ਵਿਚ ਪੰਜ ਕਕਾਰਾਂ ਨਾਲ ਵੱਖਰੀ ਪਛਾਣ ਹੋ ਜਾਂਦੀ ਹੈ ਪ੍ਰੰਤੂ ਮੁਸਲਮਾਨ ਭਰਾਵਾਂ ਦੀ ਦਾੜ੍ਹੀ ਅਤੇ ਪਗੜੀ ਇੱਕੋ ਜਹੀਆਂ ਲਗਦੀਆਂ ਹਨ। ਅੰਗਰੇਜ਼ੀ ਵਿਚ ਪੁਸਤਕਾਂ ਬਹੁਤ ਘੱਟ ਮਿਲਦੀਆਂ ਹਨ, ਜਿਹੜੀਆਂ ਸਿੱਖਾਂ ਦੀ ਪਛਾਣ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੰਦੀਆਂ ਹੋਣ। ਜੋ ਦਿੰਦੀਆਂ ਵੀ ਹਨ, ਉਹ ਵੱਡੀਆਂ ਪੁਸਤਕਾਂ ਹਨ, ਉਨ੍ਹਾਂ ਨੂੰ ਪੜ੍ਹਨ ਲਈ ਗੋਰਿਆਂ ਕੋਲ ਸਮਾਂ ਹੀ ਨਹੀਂ, ਨਾਲੇ ਉਹ ਕਿਉਂ ਪੜ੍ਹਨ ਇਹ ਤਾਂ ਸਾਡੀ ਸਿੱਖਾਂ ਦੀ ਸਮੱਸਿਆ ਹੈ, ਇਸ ਬਾਰੇ ਸੋਚਣਾ ਤਾਂ ਸਾਡਾ ਫਰਜ ਹੈ। ਹੁਣ ਤਾਂ ਇਹ ਸਮੱਸਿਆ ਸਿੱਖਾਂ ਲਈ ਬਣ ਗਈ ਹੈ ਕਿ ਉਹ ਪਛਾਣ ਦੇ ਪ੍ਰਚਾਰ ਲਈ ਕਿਹੜਾ ਢੰਗ ਵਰਤਣ। ਅਮਰੀਕਾ ਅਤੇ ਕੈਨੇਡਾ ਵਿਚ ਬੜੇ ਧਨਾਢ ਲੋਕ ਵਸ ਰਹੇ ਹਨ ਪ੍ਰੰਤੂ ਉਨ੍ਹਾਂ ਨੇ ਅਜੇ ਤੱਕ ਬਹੁਤਾ ਸੰਜੀਦਗੀ ਨਾਲ ਵਿਚਾਰਿਆ ਹੀ ਨਹੀਂ। ਹੁਣ ਸੀਆਟਲ ਦੀ ਇੱਕ ਸੰਸਥਾ '' ਨੈਸ਼ਨਲ ਸਿੱਖ ਕੈਂਪੇਨ '' ਵੱਲੋਂ ਉਦਮ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਸਲਾਹੁਣਯੋਗ ਹੈ। ਉਨ੍ਹਾਂ ਬੜੀ ਗੰਭੀਰਤਾ ਨਾਲ ਵਿਚਾਰਨ ਤੋਂ ਬਾਅਦ ਟੀ.ਵੀ. ਜੋ ਕਿ ਬੜਾ ਮਹੱਤਵਪੂਰਨ ਮੀਡੀਆ ਦਾ ਸਾਧਨ ਹੈ, ਉਪਰ ਸਿੱਖਾਂ ਦੀ ਪਛਾਣ ਬਾਰੇ ਇਸ਼ਤਿਹਾਰ ਦੇਣ ਦਾ ਫੈਸਲਾ ਕੀਤਾ ਹੈ। ਇਸ ਕੰਮ ਸੰਬੰਧੀ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਮੀਡੀਆ ਪ੍ਰਚਾਰ ਕਰਨ ਵਾਲੀ ਫਰਮ ਨੂੰ ਇਹ ਕੰਮ ਸੌਂਪਿਆ ਹੈ। ਇਹ ਫਰਮ ਹਿਲੇਰੀ ਕਲਿੰਟਨ ਦੀ ਦੱਸੀ ਜਾਂਦੀ ਹੈ। ਇਹ ਫਰਮ ਵਰਲਡ ਬੈਂਕ ਅਤੇ ਹਾਰਵਰਡ ਯੂਨੀਵਰਸਿਟੀ ਦਾ ਪ੍ਰਚਾਰ ਵੀ ਕਰਦੀ ਹੈ। ਉਸ ਕੰਪਨੀ ਦੀ ਟੀਮ ਨੇ ਸਰਵੇ ਕੀਤਾ ਹੈ, ਜਿਸਦੇ ਨਤੀਜੇ ਬੜੇ ਹੈਰਾਨੀਜਨਕ ਹਨ। ਸਰਵੇ ਅਨੁਸਾਰ ਸਿਰਫ 1800 ਗੋਰਿਆਂ ਨੂੰ ਪੁਛਿਆ ਗਿਆ ਕਿ ਕੀ ਉਹ ਸਿੱਖ ਧਰਮ ਬਾਰੇ ਜਾਣਦੇ ਹਨ ਉਨ੍ਹਾਂ ਵਿਚੋਂ ਸਿਰਫ 3 ਫ਼ੀ ਸਦੀ ਗੋਰਿਆਂ ਨੂੰ ਸਿੱਖਾਂ ਦੀ ਪਛਾਣ ਬਾਰੇ ਜਾਣਕਾਰੀ ਹੈ, ਬਾਕੀਆਂ ਨੂੰ ਸਿੱਖਾਂ ਅਤੇ ਸਿੱਖ ਧਰਮ ਬਾਰੇ ਪਤਾ ਹੀ ਨਹੀਂ। ਇਸ ਲਈ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਤਾਂ ਆਧੁਨਿਕ ਢੰਗ ਵਰਤਣੇ ਪੈਣਗੇ, ਜਿਨ੍ਹਾਂ ਵਿਚ ਸ਼ੋਸ਼ਲ ਸਾਈਟਸ, ਛੋਟੀਆਂ ਫਿਲਮਾਂ, ਪਬਲਿਕ ਥਾਵਾਂ ਤੇ ਪਛਾਣ ਚਿੰਨ੍ਹ ਆਦਿ ਦੇ ਬੋਰਡ ਲਗਾਏ ਜਾਣ। ਜਾਂ ਛੋਟੇ ਛੋਟੇ ਕਿਤਾਬਚੇ ਪ੍ਰਕਾਸ਼ਤ ਕਰਕੇ ਵੰਡੇ ਜਾਣ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਕਹਾਉਂਦੀ ਹੈ, ਉਸਦੀ ਵੀ ਜਾਗ ਖੁਲ੍ਹ ਗਈ ਹੈ, ਉਹ ਵੀ ਇਸ ਮਹੱਤਵਪੂਰਨ ਅਤੇ ਸੰਜੀਦਾ ਵਿਸ਼ੇ ਤੇ ਵਿਚਾਰ ਕਰਨ ਲੱਗੀ ਹੈ। ਅਵਤਾਰ ਸਿੰਘ ਮੱਕੜ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਸਿੱਖ ਵਿਦਵਾਨਾ ਦੀ ਮੀਟਿੰਗ ਬੁਲਾਕੇ ਸਿੱਖਾਂ ਦੀ ਪਛਾਣ ਸੰਬੰਧੀ ਕਿਤਾਬਚਾ ਪ੍ਰਕਾਸ਼ਤ ਕਰਨ ਲਈ ਮੈਟਰ ਤਿਆਰ ਕਰਨ ਵਾਸਤੇ ਸਾਬਕਾ ਪਰੋ ਵਾਈਸ ਚਾਂਸਲਰ ਪ੍ਰਿਥੀਪਾਲ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿਚ ਪ੍ਰਸਿੱਧ ਸਿੱਖ ਵਿਦਵਾਨ ਤੇ ਚਿੰਤਕ ਗੁਰੂ ਗਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਮੁੱਖੀ ਡਾ.ਬਲਕਾਰ ਸਿੰਘ ਅਤੇ ਡਾ.ਬਲਵੰਤ ਸਿੰਘ ਢਿਲੋਂ ਮੈਂਬਰ ਬਣਾਏ ਗਏ ਹਨ। ਮੀਟਿੰਗ ਵਿਚ ਵੱਖ-ਵੱਖ ਭਾਸ਼ਾਵਾਂ ਵਿਚ ਕਿਤਾਬਚੇ ਪ੍ਰਕਾਸ਼ਤ ਕਰਨ ਦੀ ਗੱਲ ਕਹੀ ਗਈ ਹੈ। ਕਿਤਾਬਚਾ ਤਾਂ ਸਿਰਫ ਅੰਗਰੇਜੀ ਭਾਸ਼ਾ ਵਿਚ ਹੀ ਲੋੜੀਂਦਾ ਹੈ, ਪਤਾ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਭਾਸ਼ਾਵਾਂ ਵਿਚ ਕਿਤਾਬਚਾ ਕਿਉਂ ਪ੍ਰਕਾਸ਼ਤ ਕਰਵਾ ਰਹੇ ਹਨ। ਕਿਤੇ ਇਹ ਨਾ ਹੋਵੇ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਦੇਸ਼ਾਂ ਦੀਆਂ ਸੈਰਾਂ ਕਰਨਾ ਹੀ ਮੰਤਵ ਨਾ ਹੋਵੇ। ਇਥੇ ਇਹ ਦਸਣਾ ਜਰੂਰੀ ਹੈ ਕਿ ਪੰਜਾਬ ਵਿਚ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਖੇਤਰ ਹੈ, ਇਥੇ ਤਾਂ ਸਿੱਖਾਂ ਦੀ ਪਨੀਰੀ ਵਿਚ ਵੱਧ ਰਹੀ ਪਤਿਤਪਣੇ ਦੀ ਸਮੱਸਿਆ ਤੇ ਕਾਬੂ ਨਹੀਂ ਪਾ ਸਕੀ, ਵਿਦੇਸ਼ਾਂ ਵਿਚ ਉਹ ਕੀ ਕਰ ਲਵੇਗੀ, ਜਿਹੜੇ ਪਹਿਲਾਂ ਹੀ ਸਿੱਖੀ ਵਿਚ ਅਟੁੱਟ ਵਿਸ਼ਵਾਸ਼ ਰੱਖਦੇ ਹਨ। ਪ੍ਰਧਾਨ ਜੀ ਪੰਜਾਬ ਨੂੰ ਸੰਭਾਲੋ, ਪਰਵਾਸ ਵਿਚ ਤਾਂ ਸਿੱਖਾਂ ਨੇ ਇਸ ਸਮੱਸਿਆ ਦੇ ਹਲ ਲਈ ਆਪਣੀ ਕਮੇਟੀ ਬਣਾ ਕੇ ਟੀ.ਵੀ.ਅਤੇ ਸ਼ੋਸ਼ਲ ਸਾਈਟਸ ਤੇ ਇਸ਼ਤਿਹਾਰ ਦੇਣ ਦਾ ਫੈਸਲਾ ਕਰ ਲਿਆ ਹੈ। ਜੇ ਆਰਥਿਕ ਮਦਦ ਇਸ ਸੰਸਥਾ ਦੀ ਕਰ ਸਕਦੇ ਹੋ ਤਾਂ ਕਰ ਦਿਓ। ਇਸ ਮੰਤਵ ਤੇ ਉਨ੍ਹਾਂ ਦਾ 1.6 ਲੱਖ ਮਿਲੀਅਨ ਡਾਲਰ ਦਾ ਖ਼ਰਚਾ ਆਉਣਾ ਹੈ, ਜੇ ਤੁਸੀਂ ਉਨ੍ਹਾਂ ਦੀ ਸਮੱਸਿਆ ਪ੍ਰਤੀ ਗੰਭੀਰ ਹੋ ਜਿਸ ਲਈ ਤੁਹਾਨੂੰ ਗੰਭੀਰ ਹੋਣਾ ਵੀ ਚਾਹੀਦਾ ਹੈ ਤਾਂ ਸ਼ਰੋਮਣੀ ਕਮੇਟੀ ਫਜੂਲ ਖ਼ਰਚੀ ਛੱਡ ਕੇ '' ਨੈਸ਼ਨਲ ਸਿੱਖ ਕੰਪੇਨ'' ਸੰਸਥਾ ਦੀ ਆਰਥਕ ਮਦਦ ਕਰੇ। ਇਸ ਸੰਸਥਾ ਨੇ ਜਿਹੜੀ ਕੰਪਨੀ ਹਾਇਰ ਕੀਤੀ ਹੈ ਉਸਨੇ 2.50 ਲੱਖ ਡਾਲਰਾਂ ਦੀ ਕੀਮਤ ਨਾਲ ਇਸ਼ਤਿਹਾਰ ਬਣਵਾਇਆ ਹੈ, ਜਿਸ ਵਿਚ ਸਿੱਖ ਧਰਮ ਵਿਚ ਸਰਬਤ ਦਾ ਭਲਾ, ਬਰਾਬਰਤਾ, ਇਸਤਰੀ ਨੂੰ ਬਰਾਬਰਤਾ ਅਤੇ ਦੂਜੇ ਦੁਨੀਆਂ ਦੇ ਧਰਮਾ ਦਾ ਸਤਿਕਾਰ ਕਰਨ ਵਾਲਾ ਧਰਮ ਕਿਹਾ ਗਿਆ ਹੈ। ਇਸ ਤੋਂ ਇਲਾਵਾ 2.50 ਲੱਖ ਡਾਲਰ ਦੇ ਇਸ਼ਤਿਹਾਰ ਦਿੱਤੇ ਜਾ ਚੁੱਕੇ ਹਨ, ਜਿਹੜੇ 600 ਗੋਰਿਆਂ ਨੇ ਇਹ ਇਸ਼ਤਿਹਾਰ ਵੇਖੇ ਹਨ ਉਨ੍ਹਾਂ ਵਿਚੋਂ 60 ਫ਼ੀ ਸਦੀ ਨੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਪ੍ਰਸੰਸਾ ਕੀਤੀ ਹੈ। ਇਸ ਇਸ਼ਤਿਹਾਰ ਵਿਚ ਦਰਸਾਇਆ ਗਿਆ ਹੈ ਕਿ ਸਿੱਖ ਧਰਮ ਸਾਰੇ ਲੋਕਾਂ ਦੀ ਬਰਾਬਰਤਾ ਵਿਚ ਵਿਸ਼ਵਾਸ਼ ਰੱਖਦਾ ਹੈ, ਇਸਤਰੀਆਂ ਦਾ ਸਤਿਕਾਰ ਅਤੇ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ ਹੈ। ਅਜੇ ਇਸ ਸੰਸਥਾ ਨੂੰ 10 ਲੱਖ ਡਾਲਰ ਦੀ ਆਰਥਿਕ ਮਦਦ ਦੀ ਹੋਰ ਲੋੜ ਹੈ। ਸਾਰੇ ਪਰਵਾਸੀ ਪੰਜਾਬੀਆਂ ਨੂੰ ਵੱਧ ਤੋਂ ਵੱਧ ਦਿਲ ਖੋਲ੍ਹ ਕੇ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਪੰਜਾਬ ਵਿਚ ਪ੍ਰਚਾਰ ਦੀ ਘਾਟ ਕਰਕੇ ਨੌਜਵਾਨ ਸਿੱਖੀ ਤੋਂ ਮੁਨਕਰ ਹੋ ਰਹੇ ਹਨ। ਵਿਦੇਸ਼ਾਂ ਵਿਚ ਸੈਰ ਸਪਾਟੇ ਕਰਨ ਦੇ ਸੁਪਨੇ ਛੱਡ ਕੇ ਆਪਣੀ ਪੀੜ੍ਹੀ ਹੇਠ ਝਾਤੀ ਮਾਰੋ। ਤੁਹਾਡੇ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਪਰਿਵਾਰ ਹੀ ਸਿੱਖੀ ਤੋਂ ਦੂਰ ਜਾ ਚੁੱਕੇ ਹਨ, ਹੋਰਾਂ ਨੂੰ ਤੁਸੀਂ ਸਿੱਧੇ ਰਸਤੇ ਕਿਵੇਂ ਪਾਓਗੇ ਜਦੋਂ ਤੁਹਾਡੇ ਪਰਿਵਾਰ ਹੀ ਤੁਹਾਡੇ ਕਹਿਣੇ ਵਿਚ ਨਹੀਂ ਹਨ। ਵਿਸਾਖੀ ਤੋਂ ਪਹਿਲਾਂ ਕੈਨੇਡਾ ਵਿਚ ਨਗਰ ਕੀਰਤਨ ਵਿਚ ਲੱਖਾਂ ਪਗੜੀਧਾਰੀ ਸਿੱਖ ਅਤੇ ਬੀਬੀਆਂ ਸ਼ਾਮਲ ਹੋਈਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਪਰਵਾਸ ਵਿਚ ਸਿੱਖੀ ਪੰਜਾਬ ਨਾਲੋਂ ਜ਼ਿਆਦਾ ਬਰਕਰਾਰ ਹੈ। ਪੰਜਾਬ ਨੂੰ ਵੀ ਉਸੇ ਤਰਜ਼ 'ਤੇ ਲਿਆਉਣ ਦੀ ਕੋਸ਼ਿਸ਼ ਕਰੋ। ਸਿੱਖੀ ਦੀ ਪਛਾਣ ਸੰਬੰਧੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਨੇ 2005 ਅਤੇ 2011 ਵਿਚ ਅੰਗਰੇਜੀ ਭਾਸ਼ਾ ਵਿਚ ਇੱਕ ਸੋਵੀਨਰ ਪ੍ਰਕਾਸ਼ਤ ਕਰਵਾਇਆ ਸੀ ਜਿਸ ਵਿਚ ਸਿੱਖੀ ਪਹਿਰਾਵਾ ਅਤੇ ਪਛਾਣ ਬਾਰੇ ਲੇਖ ਪ੍ਰਕਾਸ਼ਤ ਕੀਤੇ ਹੋਏ ਸਨ। ਉਹ ਸੋਵੀਨਰ ਸੰਸਾਰ ਵਿਚ ਸਾਰੇ ਸਫ਼ਾਰਤਖਾਨਿਆਂ ਵਿਚ ਮੁਫ਼ਤ ਵੰਡਿਆ ਗਿਆ ਸੀ। ਪਰਵਾਸ ਵਿਚ ਵਸ ਰਹੇ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦੀ ਇਹ ਸਾਂਝੀ ਸਮੱਸਿਆ ਹੈ ਇਸ ਲਈ ਸਾਰੇ ਸਿੱਖਾਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਜੇਕਰ ਅਸੀਂ ਹੁਣ ਇਹ ਮੌਕਾ ਨਾ ਸਾਂਭਿਆਂ ਤਾਂ ਸਾਡੀ ਆਉਣ ਵਾਲੀ ਪਨੀਰੀ ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਦੇਵਗੀ। ਬਾਅਦ ਵਿਚ ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ ਜਦੋਂ ਚਿੜੀਆਂ ਚੁਗ ਗਈਆਂ ਖੇਤ। ਸਾਨੂੰ ਆਪਣੀ ਸਰਦਾਰੀ ਨੂੰ ਬਚਾਉਣ ਦਾ ਪਰਵਾਸ ਵਿਚ ਇਹ ਆਖ਼ਰੀ ਮੌਕਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ujagarsingh48@yahoo.com

ਮੋਬਾਈਲ-94178 13072

To Know more about Mr. Ujagar Singh, Please Click-Upon this TEXT or his Photograph / ਸ੍ਰੀ ਉਜਾਗਰ ਸਿੰਘ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਤਸਵੀਰ ਜਾਂ ਇਸ ਸਤਰ ਉੱਤੇ ਕਲਿੱਕ ਕਰੋ ਜੀ