ਸ਼ਾਰਦਾ ਪਟਿਆਲਵੀ ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਇੱਕ ਜਾਣਿਆ ਪਛਾਣਿਆ ਨਾਂਅ ਹੈ। ਉਸ ਦਾ ਅਸਲ ਨਾਂਅ ਵਿਜੇ ਸ਼ਾਰਦਾ ਹੈ। ਉਹ ਜਿਹੜੀ ਵੀ ਮਹਿਫ਼ਲ 'ਚ ਜਾਂਦਾ ਹੈ, ਉਹ ਖਿੜ ਜਾਂਦੀ ਹੈ। ਹਰ ਗੱਲ ਤੇ ਫ਼ਿਕਰਾਂ ਨੂੰ ਹਾਸੇ-ਮਖੌਲ 'ਚ ਉਡਾ ਦੇਣ ਵਾਲੇ ਇਸ ਸ਼ਾਰਦਾ ਪਟਿਆਲਵੀ ਨੂੰ ਮੈਂ ਪਿਛਲੇ 20 ਸਾਲਾਂ ਤੋਂ ਜਾਣਦਾ ਹਾਂ। ਚੰਡੀਗੜ੍ਹ ਦੇ ਸੈਕਟਰ-29 'ਚ ਰੋਜ਼ਾਨਾ 'ਦੇਸ਼ ਸੇਵਕ' 1 ਜਨਵਰੀ, 1996 ਤੋਂ ਸ਼ੁਰੂ ਹੋਇਆ ਸੀ ਤੇ ਮੈਂ ਉੱਥੇ 20 ਦਸੰਬਰ, 1995 ਨੂੰ ਚਲਾ ਗਿਆ ਸਾਂ ਤੇ ਸ਼ਾਰਦਾ ਪਟਿਆਲਵੀ ਥੋੜ੍ਹੇ ਸਮੇਂ ਬਾਅਦ ਹੀ ਆ ਕੇ ਸਾਡਾ ਕੰਪਿਊਟਰ ਸੈਕਸ਼ਨ ਦਾ ਸਾਥੀ ਬਣ ਗਿਆ ਸੀ। ਫਿਰ ਜੂਨ 2001 'ਚ ਉਸ ਦੇ ਇੱਕ ਹੱਥ ਵਿੱਚ 'ਪੰਜਾਬੀ ਟ੍ਰਿਬਿਊਨ' 'ਚ ਕੰਪਿਊਟਰ ਆੱਪਰੇਟਰ ਵਜੋਂ ਅਤੇ ਦੂਜੇ ਹੱਥ ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਦੋ ਨਿਯੁਕਤੀ-ਪੱਤਰ ਸਨ। ਸੁਭਾਵਕ ਤੌਰ 'ਤੇ ਉਸ ਨੇ ਪੰਜਾਬ ਪੁਲਿਸ 'ਚ ਰਹਿ ਕੇ ਆਪਣੇ ਸੂਬੇ ਅਤੇ ਦੇਸ਼ ਦੀ ਸੇਵਾ ਕਰਨ ਦਾ ਰਾਹ ਚੁਣਿਆ। ਇਸ ਵੇਲੇ ਉਹ ਵਿਜੀਲੈਂਸ ਬਿਊਰੋ ਦੇ ਪਟਿਆਲਾ ਸਥਿਤ ਦਫ਼ਤਰ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਤੇ ਅੱਜ-ਕੱਲ੍ਹ ਪੰਜਾਬ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਉਹ ਸਦਾ ਮੋਹਰੀ ਭੂਮਿਕਾ ਨਿਭਾਉਂਦਾ ਵੀ ਸਹਿਜੇ ਹੀ ਵੇਖਿਆ ਜਾ ਸਕਦਾ ਹੈ।
ਮੇਰੇ ਨਾਲ ਸ਼ਾਰਦਾ ਦੀ ਸ਼ੁਰੂ ਤੋਂ ਹੀ ਬਹੁਤ ਬਣਦੀ ਰਹੀ ਹੈ। ਮੇਰੇ ਯਾਦ ਹੈ ਕਿ ਜਦੋਂ 12-13 ਸਾਲ ਪਹਿਲਾਂ ਉਸ 'ਤੇ ਹਰੇਕ ਅਖ਼ਬਾਰ ਤੇ ਰਸਾਲੇ ਵਿੱਚ ਛਪਣ ਦਾ ਇੱਕ 'ਭੂਤ' ਜਿਹਾ ਚੜ੍ਹਿਆ ਰਹਿੰਦਾ ਸੀ। ਬੱਸ ਉਸ ਦੀ ਇੱਕ ਸਨਕ ਸੀ ਕਿ ਹਰੇਕ ਸਾਹਿਤਕ ਅਖ਼ਬਾਰ ਤੇ ਰਸਾਲੇ ਵਿੱਚ ਜ਼ਰੂਰ ਛਪਣਾ ਹੈ। ਉਸ ਦੇ ਲੇਖ ਤੇ ਕਹਾਣੀਆਂ ਪੰਜਾਬ ਦੇ ਲਗਭਗ ਸਾਰੇ ਹੀ ਵੱਡੇ ਰੋਜ਼ਾਨਾ ਅਖ਼ਬਾਰਾਂ; ਜਿਵੇਂ 'ਅਜੀਤ,' 'ਪੰਜਾਬੀ ਟ੍ਰਿਬਿਊਨ', 'ਜੱਗ ਬਾਣੀ', 'ਨਵਾਂ ਜ਼ਮਾਨਾ' ਤੋਂ ਲੈ ਕੇ 'ਪ੍ਰੀਤ ਲੜੀ', 'ਮਹਿਰਮ' ਆਦਿ ਜਿਹੇ ਮਾਸਿਕ ਰਸਾਲਿਆਂ ਵਿੱਚ ਛਪਦੇ ਰਹੇ ਹਨ। ਉਸ ਨੇ ਕਈ ਅਹਿਮ ਤੇ ਅਣਛੋਹੇ ਮੁੱਦਿਆਂ ਤੇ ਵਿਸ਼ਿਆਂ ਬਾਰੇ ਕਈ ਵਧੀਆ ਸੂਚਨਾਤਮਕ ਤੇ ਖੋਜਾਤਮਕ ਲੇਖ ਵੀ ਲਿਖੇ ਹਨ; ਜੋ ਕਿ ਨਿਸ਼ਚਤ ਰੂਪ ਵਿੱਚ ਉਸ ਦੀ ਪ੍ਰਾਪਤੀ ਹਨ।
ਉਨ੍ਹਾਂ ਹੀ ਦਿਨਾਂ ਦੌਰਾਨ, ਸ਼ਾਰਦਾ ਪਟਿਆਲਵੀ ਨੂੰ ਪਾਠਕਾਂ ਦੀਆਂ ਅਣਗਿਣਤ ਚਿੱਠੀਆਂ ਆਉਂਦੀਆਂ ਸਨ। ਅਸੀਂ ਵੀ ਸਾਰੇ ਹੈਰਾਨ ਹੁੰਦੇ ਸਾਂ ਕਿ ਆਖ਼ਰ ਇਸ ਦੀਆਂ ਸਾਹਿਤਕ ਕ੍ਰਿਤਾਂ ਵਿੱਚ ਅਜਿਹਾ ਕੀ ਹੁੰਦਾ ਹੈ ਕਿ ਪਾਠਕ ਉਸ ਨੂੰ ਇੰਨਾ ਪਸੰਦ ਕਰਦੇ ਹਨ। ਫਿਰ ਬਾਅਦ 'ਚ ਪਤਾ ਚੱਲਿਆ ਕਿ ਬਹੁਤੇ ਪਾਠਕ ਤਾਂ ਉਸ ਦੀ ਰਚਨਾ ਪੜ੍ਹ ਕੇ ਉਸ ਨੂੰ ਕੋਈ ਸਾਹਿਤਕਾਰ ਕੁੜੀ ਸਮਝ ਕੇ ਉਸ ਨਾਲ ਨੇੜਤਾ ਵਧਾਉਣ ਦਾ ਜਤਨ ਕਰਦੇ ਸਨ। ਅਤੇ ਆਪਣੇ ਅਜਿਹੇ ਹਰੇਕ ਪ੍ਰਸ਼ੰਸਕ ਦੀ ਚਿੱਠੀ ਨੂੰ ਉਹ ਬਹੁਤ ਚਾਅ ਨਾਲ ਤੇ ਸੁਆਦ ਲੈ-ਲੈ ਕੇ ਪੜ੍ਹਦਾ ਰਹਿੰਦਾ ਸੀ। ਕੁੱਝ ਵਾਰ ਤਾਂ ਉਸ ਨੇ ਅਜਿਹੇ ਪਾਠਕਾਂ ਨੂੰ ਜਵਾਬ ਵੀ ਭੇਜੇ ਸਨ; ਜਿਨ੍ਹਾਂ ਦੀ ਸ਼ਬਦਾਵਲੀ ਅਜਿਹੀ ਹੁੰਦੀ ਸੀ ਕਿ ਜਿਸ ਤੋਂ ਇਹ ਪਤਾ ਨਾ ਚੱਲ ਸਕੇ ਕਿ ਲਿਖਣ ਵਾਲੇ ਦਾ ਲਿੰਗ ਕੀ ਹੈ ਭਾਵ ਉਹ ਚਿੱਠੀ ਕਿਸੇ ਮਰਦ ਨੇ ਲਿਖੀ ਹੈ ਜਾਂ ਔਰਤ ਨੇ, ਇਹ ਗੋਲ-ਮੋਲ ਹੀ ਹੁੰਦਾ ਸੀ। ਲੇਖਕ ਵੱਲੋਂ ਮਿਲੇ ਹੁੰਗਾਰੇ ਤੋਂ ਪਾਠਕ/ਪ੍ਰਸ਼ੰਸਕ ਹੋਰ ਵੀ ਖ਼ੁਸ਼ ਹੋ ਜਾਂਦਾ ਸੀ। ਉਸ ਕੋਲ ਪੁੱਜਣ ਵਾਲੀਆਂ ਅਜਿਹੇ ਬਹੁਤ ਸਾਰੇ ਪਾਠਕਾਂ ਦੀਆਂ ਚਿੱਠੀਆਂ ਉਹ ਮੈਨੂੰ ਅਕਸਰ ਵਿਖਾਉਂਦਾ ਰਹਿੰਦਾ ਸੀ।
ਆਪਣੇ ਨਾਲ ਵਾਪਰੀ ਕਿਸੇ ਘਟਨਾ ਨੂੰ ਪੂਰੇ ਮਿਰਚ-ਮਸਾਲੇ ਤੇ ਮਨੋਰੰਜਕ ਸੁਰ 'ਚ ਸੁਣਾਉਣ ਦਾ ਸ਼ਾਰਦਾ ਪਟਿਆਲਵੀ ਪੂਰਾ ਧਨੀ ਹੈ। ਇੱਕ ਸਾਧਾਰਣ ਜਿਹੀ ਘਟਨਾ ਨੂੰ ਵੀ ਅਹਿਮ ਤੇ ਮਨੋਰੰਜਕ ਬਣਾਉਣ ਦੇ ਗੁਰ ਕੋਈ ਵੀ ਉਸ ਤੋਂ ਸਿੱਖ ਸਕਦਾ ਹੈ। ਇਹੋ ਕਾਰਨ ਹੈ ਕਿ ਮੈਂ ਉਸ ਨੂੰ ਕਦੇ ਵੀ ਗੰਭੀਰ ਰੌਂਅ ਵਿੱਚ ਨਹੀਂ ਵੇਖਿਆ। ਉਹ ਸਦਾ ਹੀ ਹੱਸਦਾ ਤੇ ਖਿੜਿਆ ਰਹਿੰਦਾ ਹੈ ਅਤੇ ਹੋਰਨਾਂ ਨੂੰ ਵੀ ਇੰਝ ਹੀ ਹੱਸਦਿਆਂ-ਹੱਸਦਿਆਂ ਜ਼ਿੰਦਗੀ ਬਿਤਾਉਣ ਦਾ ਸੁਨੇਹਾ ਦਿੰਦਾ ਹੈ।
ਹੁਣ ਉਹ ਭਾਵੇਂ ਖ਼ੁਦ ਇੱਕ ਵੱਡਾ ਅਧਿਕਾਰੀ ਬਣ ਚੁੱਕਾ ਹੈ ਪਰ ਹਰੇਕ ਛੋਟੇ-ਵੱਡੇ ਦਾ ਸਤਿਕਾਰ ਉਹ ਬਹੁਤ ਨਿਮਾਣਾ ਤੇ ਸਨਿਮਰ ਹੋ ਕੇ ਕਰਦਾ ਹੈ। ਉਸ ਵਿੱਚੋਂ ਆਪਣੇ ਅਸਰ-ਰਸੂਖ਼ ਤੇ ਅਹੁਦੇ ਦੀ ਬੋਅ ਤੁਸੀਂ ਕਦੇ ਨਹੀਂ ਲੱਭ ਸਕਦੇ। ਉਹ ਸਦਾ ਮਿੱਟੀ ਨਾਲ ਜੁੜੀ ਰਹਿਣ ਵਾਲੀ ਸ਼ਖ਼ਸੀਅਤ ਦਾ ਮਾਲਕ ਹੈ। ਸ਼ਾਲਾ, ਉਹ ਇੰਝ ਹੀ ਸਾਹਿਤ ਤੇ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਰਹੇ, ਮੇਰੀ ਇਹੋ ਦੁਆ ਹੈ। ਇੱਥੇ ਮੈਨੂੰ ਉਸ ਦੇ ਜੀਵਨ-ਵੇਰਵੇ ਪੇਸ਼ ਕਰਦਿਆਂ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ; ਕਿਉਂਕਿ ਉਸ ਦਾ ਜੀਵਨ ਕਈਆਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ।
--
ਮਹਿਤਾਬ-ਉਦ-ਦੀਨ
07 ਅਗਸਤ, 2016
============================================
ਨਾਮ : ਵਿਜੈ ਸ਼ਾਰਦਾ
ਈ-ਮੇਲ : shardapatialvi@gmail.com
ਸੰਪਰਕ : 098140-84260
ਕਲਮੀ ਨਾਮ : ਸ਼ਾਰਦਾ ਪਟਿਆਲਵੀ
ਜਨਮ: 27 ਅਕਤੂਬਰ, 1978
ਪਿਤਾ ਤੇ ਮਾਤਾ ਦਾ ਨਾਮ: ਸ੍ਰੀ ਮੇਘ ਨਾਥ ਸ਼ਾਰਦਾ, ਸ੍ਰੀਮਤੀ ਕ੍ਰਿਸ਼ਨਾ ਦੇਵੀ
ਪਤਨੀ ਦਾ ਨਾਮ: ਰਿਤੂ ਸ਼ਾਰਦਾ (ਜੋ ਅਸਲ ਵਿੱਚ ਪੰਜਾਬ ਦੇ ਨਵਾਂਸ਼ਹਿਰ ਲਾਗਲੇ ਪਿੰਡ ਜੱਬੋਵਾਲ ਦੇ ਜੰਮਪਲ਼ ਹਨ)
ਬੱਚਿਆਂ ਦੇ ਨਾਮ: ਅਰਮਾਨ ਸ਼ਾਰਦਾ (ਪੁੱਤਰ), ਵਾਨੀਆ ਸ਼ਰਮਾ (ਧੀ)
ਪੜ੍ਹਾਈ : ਬੀ. ਕਾੱਮ (ਕੰਪਿਊਟਰ), ਸਟੈਨੋ, ਭਾਸ਼ਾ ਵਿਭਾਗ, ਪਟਿਆਲਾ
ਕਿੱਤਾ : ਪੁਲਿਸ ਅਫਸਰ, ਵਿਜੀਲੈਂਸ ਬਿਊਰੋ - ਪੰਜਾਬ, ਬਾਰਾਂਦਰੀ ਗਾਰਡਨ, ਨੇੜੇ ਮਹਾਂਰਾਣੀ ਕਲੱਬ, ਪਟਿਆਲਾ ਰੇਂਜ, ਪਟਿਆਲਾ।
ਪੂਰਾ ਪਤਾ : ਕੋਠੀ ਨੰ: 133-ਸੀ, ਰਤਨ ਨਗਰ, ਤ੍ਰਿਪੜ੍ਹੀ ਟਾਊਨ, ਪਟਿਆਲਾ।
ਸੁਭਾਅ : ਮਿਲਣਸਾਰ, ਹਰ ਕਿਸੇ ਦੇ ਕੰਮ ਆਉਣ ਵਾਲੀ ਸਖ਼ਸ਼ੀਅਤ ਅਤੇ ਦੂਜਿਆਂ ਦੀ ਭਲਾਈ ਹਰ ਸਮੇਂ ਤਤਪਰ ਰਹਿਣਾ, ਆਪਣੇ ਕੰਮ ਪ੍ਰਤੀ ਲਗਨ, ਮਿਹਨਤ ਕਰਕੇ ਸਫ਼ਲਤਾ ਹਾਸਲ ਕਰਨਾ।
ਸ਼ੌਕ : ਦੇਸ਼-ਵਿਦੇਸ਼ ਦੇ ਵੱਖਵੱਖ ਕੋਨਿਆਂ ਵਿਚ ਘੁੰਮਣਾ ਫਿਰਨਾ ਅਤੇ ਹਰ ਸਮੇਂ ਕੋਈ ਨਵੀਂ ਚੀਜ/ਕੰਮ ਸਿੱਖਣ ਦੀ ਲਾਲਸਾ ਅਤੇ ਮਸਾਲੇਦਾਰ ਖਾਣਾ, ਖਾਣਾ
ਸ਼ਾਰਦਾ ਪਟਿਆਲਵੀ ਦੀ ਸ਼ਖਸ਼ੀਅਤ ਅਜਿਹੀ ਹੈ ਕਿ ਜਿਸ ਕੰਮ ਨੂੰ ਉਹ ਕੰਮ ਕਰਦਾ ਹੈ, ਉਸਨੂੰ ਪੂਰੀ ਮਿਹਨਤ, ਲਗਨ ਅਤੇ ਦਿਲਚਸਪੀ ਨਾਲ ਕਰਦਾ ਹੈ ਅਤੇ ਆਪਣੇ ਮੁਕਾਮ ਤੱਕ ਬਹੁਤ ਜਲਦੀ ਪਹੁੰਚ ਜਾਂਦਾ ਹੈ। ਜੇਕਰ ਇਸਨੂੰ ਬਹੁਪੱਖੀ ਸ਼ਖਸ਼ੀਅਤ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸ਼ਾਰਦਾ ਨੇ ਹਰ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ, ਚਾਹੇ ਉਹ ਖੇਡ ਜਗਤ ਹੋਵੇ, ਭੰਗੜਾ ਹੋਵੇ, ਲੇਖਕ ਦਾ ਖੇਤਰ ਹੋਵੇ, ਪੱਤਰਕਾਰੀ ਦਾ ਖੇਤਰ ਹੋਵੇ, ਹਾਸਰਸ ਦਾ ਖੇਤਰ ਹੋਵੇ, ਗੱਲ ਕੀ ਉਸਨੇ ਕੋਈ ਵੀ ਖੇਤਰ ਨਹੀਂ ਛੱਡਿਆ। ਸ਼ਾਰਦਾ ਨੇ ਆਪਣੀ ਅੰਦਰਲੀ ਪ੍ਰਤਿਭਾ ਨੂੰ ਕਦੇ ਵੀ ਮਰਨ ਨਹੀਂ ਦਿੱਤਾ ਤਾਂਹੀਓਂ ਤਾਂ ਉਸਨੇ ਹਰੇਕ ਖੇਤਰ ਵਿਚ ਸਦਾ ਵਧ- ਚੜ੍ਹ ਕੇ ਹਿੱਸਾ ਲਿਆ ਤੇ ਰੱਜ ਕੇ ਵਾਹਵਾਹ ਖੱਟੀ। ਉਸ ਬਾਰੇ ਇਹ ਜਾਣਕਾਰੀ ਅਧੂਰੀ ਹੈ ਪਰ ਜਿੰਨੀ ਕੁ ਜਾਣਕਾਰੀ ਹਾਸਲ ਹੋ ਸਕੀ, ਉਹ ਆਪ ਜੀ ਦੇ ਸਾਹਵੇਂ ਪੇਸ਼ ਹੈ :
ਸੰਖੇਪ : ਸਾਲ 1991 ਤੋਂ ਫ੍ਰੀਲਾਂਸ ਪੱਤਰਕਾਰੀ ਸ਼ੁਰੂ ਕੀਤੀ ਅਤੇ ਪਟਿਆਲਾ ਤੋਂ ਛਪਦੇ ਰੋਜ਼ਾਨਾ ਆਸ਼ਿਆਨਾ, ਚੜ੍ਹਦੀਕਲਾ, ਧੜੱਲੇਦਾਰ ਅਤੇ ਅਕਾਲੀ ਪੱਤਰਿਕਾ, ਨਵਾਂ ਜ਼ਮਾਨਾ ਅਖ਼ਬਾਰ (ਜਲੰਧਰ) ਦੇ ਪਰਿਵਾਰ ਨਾਲ ਜੁੜਿਆ ਅਤੇ ਵੱਖ ਵੱਖ ਅਖਬਾਰਾਂ ਵਿਚ ਵੱਖ ਵੱਖ ਵਿਸ਼ਿਆਂ ਤੇ ਆਰਟੀਕਲ ਲਿਖਣੇ ਸ਼ੁਰੂ ਕੀਤੇ। ਸਾਲ 1993 ਵਿਚ ਪਟਿਆਲਾ ਤੋਂ ਛਪਦੇ ਰੋਜ਼ਾਨਾ ਚੜ੍ਹਦੀਕਲਾ ਵਿਚ ਬਤੌਰ ਕੰਪਿਊਟਰ ਆਪ੍ਰੇਟਰ ਦੀ ਨੌਕਰੀ ਕਰਨ ਦੇ ਨਾਲਨਾਲ ਵੱਖ ਵੱਖ ਅਖਬਾਰਾਂ ਵਿਚ ਲਿਖਣਾ ਜਾਰੀ ਰੱਖਿਆ। ਸਾਲ 1995 ਵਿਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਜਨਰਲ ਸਕੱਤਰ, ਦੇ ਅਖਬਾਰ ਰੋਜ਼ਾਨਾ ਦੇਸ਼ ਸੇਵਕ, ਸੈਕਟਰ29 ਡੀ, ਚੰਡੀਗੜ੍ਹ ਵਿਖੇ ਬਤੌਰ ਕੰਪਿਊਟਰ ਆਪ੍ਰੇਟਰ ਦੀ ਨੌਕਰੀ ਕੀਤੀ ਅਤੇ ਜ਼ੀਰਕਪੁਰ, ਲਾਲੜੂ, ਡੇਰਾਬਸੀ ਤੋਂ ਬਤੌਰ ਸਟਾਫ਼ ਰਿਪੋਰਟਰ ਦਾ ਕੰਮ ਕੀਤਾ। ਚੰਡੀਗੜ੍ਹ ਵਿਚ ਰਹਿਣ ਕਰਕੇ ਕਈ ਅਹਿਮ ਰਾਜਨੀਤਿਕ, ਸਾਹਿਤਕ ਸ਼ਖ਼ਸ਼ੀਅਤਾਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਨੂੰ ਵੱਖ ਵੱਖ ਅਖਬਾਰਾਂ ਦੇ ਪੰਨਿਆਂ ਦਾ ਸ਼ਿੰਗਾਰ ਬਣਾਇਆ। ਕਈ ਸਕੈਡਲਾਂ ਨੂੰ ਅਖਬਾਰਾਂ ਰਾਹੀਂ ਬੇਨਕਾਬ ਕਰਕੇ ਆਪਣਾ ਨੈਤਿਕਤਾ ਦਾ ਫਰਜ਼ ਨਿਭਾਇਆ। ਫਰਜ਼ੀ ਰਿਪੋਰਟਰਾਂ ਦਾ ਭੰਡਾਂ ਭੰਨਣ ਵਿਚ ਉਸਨੇ ਕੋਈ ਕਸਰ ਨਹੀਂ ਛੱਡੀ। ਜਗ ਬਾਣੀ ਵਿਚ ਹਾਸ ਵਿਅੰਗ ਅਤੇ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਵਿਚ ਮਿਡਲ ਲਿਖ ਕੇ ਕਾਫ਼ੀ ਨਾਮ ਕਮਾਇਆ।
ਸਾਲ 2001 ਵਿਚ ਪੰਜਾਬ ਪੁਲਿਸ 'ਖ ਭਰਤੀ ਹੋ ਗਿਆ। ਨੌਕਰੀ ਦੌਰਾਨ ਅਹਿਮ ਅਫਸਰਾਂ ਸ੍ਰੀ ਰਾਜਦੀਪ ਸਿੰਘ ਗਿੱਲ, ਆਈ.ਪੀ.ਐਸ., ਡਾਇਰੈਕਟਰ ਜਨਰਲ ਪੁਲਿਸ, ਪੰਜਾਬ (ਹੁਣ ਰਿਟਾਇਰਡ), ਸ੍ਰੀ ਪਰਮਰਾਜ ਸਿੰਘ ਉਮਰਾਨੰਗਲ, ਆਈ.ਪੀ.ਐਸ., ਐਸ.ਐਸ.ਪੀ., ਪਟਿਆਲਾ ਹੁਣ ਆਈ.ਜੀ. ਜ਼ੋਨ, ਪਟਿਆਲਾ, ਸ੍ਰੀ ਐਸ.ਕੇ. ਅਸਥਾਨਾ, ਆਈ.ਪੀ.ਐਸ., ਐਸ.ਐਸ.ਪੀ., ਪਟਿਆਲਾ (ਹੁਣ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ) ਅਤੇ ਸ੍ਰੀ ਮਨਦੀਪ ਸਿੰਘ ਸਿੱਧੂ, ਪੀ.ਪੀ.ਐਸ., (ਐਸ.ਪੀ.(ਸਿਟੀ), ਪਟਿਆਲਾ ਹੁਣ ਐਸ.ਐਸ.ਪੀ., ਸੰਗਰੂਰ, ਸ੍ਰੀ ਸ਼ਿਵ ਕੁਮਾਰ ਸ਼ਰਮਾ, ਪੀ.ਪੀ.ਐਸ., ਐਸ.ਐਸ.ਪੀ., ਵਿਜੀਲੈਂਸ ਬਿਊਰੋ, ਪਟਿਆਲਾ (ਹੁਣ ਰਿਟਾਇਰਡ) ਨਾਲ ਮਿਹਨਤ, ਲਗਨ ਅਤੇ ਦਿਲਚਸਪੀ ਨਾਲ ਡਿਊਟੀ ਕੀਤੀ, ਜਿਸ ਦੇ ਬਦਲੇ ਵਿਚ ਸ਼ਾਰਦਾ ਪਟਿਆਲਵੀ ਨੂੰ ਅਨੇਕਾਂ ਵਾਰ ਪ੍ਰ਼ਸ਼ੰਸ਼ਾ ਪੱਤਰ ਵੀ ਮਿਲੇ ਹਨ।
ਵਿਜੀਲੈਂਸ ਬਿਊਰੋ, ਪਟਿਆਲਾ ਵਿਚ ਵੀ ਬੜੀ ਮਿਹਨਤ ਨਾਲ ਇਹ ਕੰਮ ਕਰ ਰਿਹਾ ਹੈ। ਡਿਊਟੀ ਦੌਰਾਨ ਰਿਸ਼ਵਤਖੋਰਾਂ ਨੂੰ ਫੜ੍ਹਦੇ ਫੜ੍ਹਦੇ ਸ਼ਾਰਦਾ ਪਟਿਆਲਵੀ ਲਗਾਤਾਰ ਡੇਢ ਮਹੀਨਾ ਬੈਡ ਤੇ ਵੀ ਰਿਹਾ ਹੈ, ਕਿਉਂਕਿ ਉਹ ਰਿਸ਼ਵਤਖੋਰ ਦਾ ਪਿੱਛਾ ਕਰ ਰਿਹਾ ਸੀ, ਜਿਸਨੂੰ ਫੜਨ ਸਮੇਂ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ।ਵੱਖ ਵੱਖ ਪਿੰਡਾਂ/ਕਸਬਿਆਂ ਅਤੇ ਸ਼ਹਿਰਾਂ ਦੇ ਸਕੂਲਾਂ, ਪੰਚਾਇਤਾਂ ਦੇ ਇਕੱਠਾਂ ਨੂੰ ਸੰਬੋਧਨ ਕਰਕੇ ਵਿਜੀਲੈਂਸ ਦੇ ਕੰਮ ਕਾਜ ਬਾਰੇ ਜਾਗਰੂਕ ਵੀ ਕਰ ਰਿਹਾ ਹੈ।
ਚੰਡੀਗੜ੍ਹ ਰਾੱਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਨਾਲ ਮੁਲਾਕਾਤ, ਸਾਹਿਤ ਜਗਤ ਦੇ ਉਘੇ ਗੀਤਕਾਰ ਧਰਮ ਕੰਮੇਆਣਾ (ਮੁਹੰਮਦ ਸੱਦੀਕ ਦਾ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ ਦਾ ਲੇਖਕ), ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪਟਿਆਲਾ, ਉਘੇ ਲੇਖਕ ਪ੍ਰੋ: ਪ੍ਰੇਮ ਸਿੰਘ ਪ੍ਰੇਮ, ਪਟਿਆਲਾ, ਉਘੇ ਗਾਇਕ ਮੁਹੰਮਦ ਸਦੀਕ, ਹੰਸ ਰਾਜ ਹੰਸ, ਕੁਲਦੀਪ ਮਾਣਕ, ਸਤਵਿੰਦਰ ਬਿੱਟੀ, ਜੈ ਪਾਲ ਪਾਲੀ, ਹਾਸਰਸ ਕਲਾਕਾਰ ਜਸਪਾਲ ਭੱਟੀ, ਲੇਖਕ ਜਸਵਿੰਦਰ ਕੌਰ ਬਿੰਦਰਾ, ਸ.ਸੋਜ਼ ਨਾਲ ਮੁਲਾਕਾਤਾਂ ਕਰਕੇ ਵੱਖ ਵੱਖ ਅਖਬਾਰਾਂ, ਰਸਾਲਿਆਂ ਵਿਚ ਛਪਵਾਈਆਂ।
ਉਘੇ ਲੇਖਕ ਅਤੇ ਯਮਲਾ ਜੱਟ ਦੇ ਇੱਕੋਇੱਕ ਸ਼ਗਿਰਦ ਸ੍ਰੀ ਨਿੰਦਰ ਘੁਗਰਾਣਵੀ ਨਾਲ ਵੀ ਵਿਸ਼ੇਸ਼ ਮੁਲਾਕਾਤ ਵੱਖ ਵੱਖ ਅਖਬਾਰਾਂ ਰਸਾਲਿਆਂ ਵਿਚ ਛਾਪੀ ਤਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਬਾਹਰਲੇ ਦੇਸ਼ਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਨਿੰਦਰ ਘੁਗਰਾਣਵੀ ਨੇ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਭਰਾ ਕੁਲਦੀਪ ਪਾਰਸ ਤੇ ਕਿਤਾਬ ਅਤੇ ਜੱਜ ਨਾਲ ਅਰਦਲੀ ਰਹਿਣ ਪਿਛੋਂ ਇੱਕ ਛੁਟਕੀ ਕਿਤਾਬ 'ਗੋਧਾ ਅਰਦਲੀ' ਲਿਖੀ ਸੀ, ਜੋ ਕਿ ਪੂਰੇ ਸਾਹਿਤਕ ਮੁਲਕ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ।
ਸ਼ਹੀਦ ਭਗਤ ਦੀ ਪੂਰੀ ਸਟੋਰੀ ਉਸਦੇ ਜੱਦੀ ਪਿੰਡ ਖੱਟਕਲਾਂ ਤੋਂ ਲੈ ਕੇ ਪਾਕਿਸਤਾਨ ਦੇ ਸਰਹੱਦ ਹੁਸੈਨੀਵਾਲਾ ਦਾ ਪੂਰਾ ਦੁਖਾਂਤ ਵਿਵਰਣ ਕੀਤਾ, ਜੋ ਕਿ 'ਦੇਸ਼ ਸੇਵਕ' ਦੇ ਐਤਵਾਰ ਦੇ ਮੁੱਖ ਪੰਨੇ ਤੇ ਪ੍ਰਮੁੱਖਤਾ ਨਾਲ ਛਾਪਿਆ ਗਿਆ।ਜਿਸ ਸਦਕਾ ਸ਼ਹੀਦ ਭਗਤ ਦੇ ਪਰਿਵਾਰ ਵਾਲਿਆਂ ਨੇ ਹਮੇਸ਼ਾਂ ਉਸ ਸਤਿਕਾਰ ਕੀਤਾ ਤੇ ਸਮੇਂ ਸਮੇਂ ਤੇ ਰਾਬਤਾ ਕਾਇਮ ਵੀ ਰੱਖਦੇ ਨੇ।
ਵੱਖ ਵੱਖ ਪੰਜਾਬੀ ਦੇ ਅਖਬਾਰਾਂ, ਰਸਾਲਿਆਂ ਵਿਚ ਲਗਾਤਾਰ ਮਿੰਨੀ ਕਹਾਣੀਆਂ ਲਿਖ ਚੁੱਕਿਆ ਹੈ ਅਤੇ ਲਿਖ ਵੀ ਰਿਹਾ ਹੈ।ਉਸ ਦੀਆਂ ਕਈ ਮਿੰਨੀ ਕਹਾਣੀਆਂ ਭਾਸ਼ਾ ਵਿਭਾਗ, ਪੰਜਾਬ ਦੇ ਰਸਾਲਿਆਂ ਦੀ ਸ਼ੋਭਾ ਬਣ ਚੁੱਕੀਆਂ ਹਨ ਅਤੇ ਅੰਗਰੇਜ਼ੀ ਅਤੇ ਹਿੰਦੀ ਵਿਚ ਅਨੁਵਾਦ ਹੋ ਕੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਰਸਾਲਿਆਂ, ਅਖਬਾਰਾਂ ਵਿਚ ਵੀ ਛਪੀਆਂ ਹਨ।
ਮੁਲਾਕਾਤਾਂ, ਮਾਸਿਕ, ਤ੍ਰੈਮਾਸਿਕ, ਪੰਦਰਵਾੜਾ, ਮਾਸਿਕ ਰਸਾਲਿਆਂ, ਮੈਗਜ਼ੀਨਾਂ ਮਿੰਨੀ ਕਹਾਣੀਆਂ ਵੱਖ ਵੱਖ ਰਸਾਲਿਆਂ ਅਦਬੀ ਮਹਿਕ, ਹਿੰਦੀ ਮੈਗਜ਼ੀਨ ਸਰਿਤਾ, ਅਖਬਾਰਾਂ ਰੋਜ਼ਾਨਾ ਪੰਜਾਬੀ ਟ੍ਰਿਬਿਊਨ, ਜਗ ਬਾਣੀ, ਅਜੀਤ, ਅਕਾਲੀ ਪੱਤਰਿਕਾ, ਚੜ੍ਹਦੀਕਲਾ, ਆਸ਼ਿਆਨਾ, ਜਨ ਸਾਹਿਤ, ਮਿੰਨੀ ਕਹਾਣੀ, ਬਾਲ ਮਿਲਣੀ, ਮੁਲਾਜ਼ਮ ਲਹਿਰ, ਅਦਬੀ ਮਹਿਕ, ਜਾਗ੍ਰਿਤੀ, ਪੰਜ ਦਰਿਆ, ਸੈਣੀ ਦੁਨੀਆ, ਪ੍ਰਦੇਸੀ, ਪ੍ਰੀਤਲੜੀ, ਸੁਆਣੀ, ਘਰ ਸ਼ਿੰਗਾਰ, ਮਹਿਰਮ, ਮਾਇਆਪੁਰੀ, ਸਿਲਸਿਲਾ, ਗੁੰਜਾਂ, ਅੱਖਰ, ਚੜ੍ਹਦੀਕਲਾ,
ਰਾਜਨੀਤਿਕ ਸ਼ਖਸ਼ੀਅਤਾਂ: ਸਵ: ਕੈਪਟਨ ਕੰਵਲਜੀਤ ਸਿੰਘ, ਖਜ਼ਾਨਾ ਮੰਤਰੀ, ਪੰਜਾਬ
ਇਸ ਤੋਂ ਇਲਾਵਾ ਉਹਨਾਂ ਸਖ਼ਸੀਅਤਾਂ ਬਾਰੇ ਵੀ ਲਿਖਿਆ, ਜਿਨ੍ਹਾਂ ਨੇ ਪ੍ਰਾਪਤੀਆਂ ਤਾਂ ਬਹੁਤ ਕੀਤੀਆਂ ਪਰ ਉਹਨਾਂ ਬਾਰੇ ਲਿਖਣ ਵਾਲਾ ਕੋਈ ਨਹੀਂ ਸੀ, ਦੇ ਬਾਰੇ ਵੀ ਲਿਖ ਕੇ ਉਹਨਾਂ ਨੂੰ ਜਗ ਜ਼ਾਹਰ ਕੀਤਾ, ਜਿਸ ਨਾਲ ਉਹਨਾਂ ਦਾ ਮਾਨਸਿਕ ਹੌਂਸਲਾ ਵਧਿਆ ਅਤੇ ਅੱਗੇ ਜਿਉਣ ਦੀ ਸੋਚ ਵੀ ਵਧੀ।
ਨਵਾਂ ਜ਼ਮਾਨਾ ਵਿਚ ਹਰ ਐਤਵਾਰ ਨੂੰ "ਮੁਲਾਕਾਤ ਸ਼ਖਸ਼ੀਅਤ ਨਾਲ" ਕਾਲਮ ਤਹਿਤ ਕਿਸੇ ਨਾਲ ਕਿਸੇ ਉਘੇ ਲੇਖਕ ਦੀ ਸ਼ਖਸ਼ੀਅਤ ਪਾਠਕਾਂ ਦੇ ਰੂਬਰੂ ਕਰਵਾਈ।
ਹਾਸਰਸ : ਸ਼ਾਰਦਾ ਪਟਿਆਲਵੀ ਇੱਕ ਲੇਖਕ/ਕਾਲਮ ਨਵੀਸ ਦੇ ਨਾਲ ਹਾਸਰਸ ਕਲਾਕਾਰ ਵੀ ਹੈ। ਜਿਸ ਨੇ ਹੁਣ ਤੱਕ ਅਨੇਕਾਂ ਨੁਕੜ ਨਾਟਕਾਂ ਵਿਚ ਆਪਣੀ ਐਕਟਿੰਗ ਕਰਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਵੀ ਪਾਈਆਂ ਹਨ।
ਸਨਮਾਨ : ਸਟੇਜ ਸ਼ੋਅ ਦੌਰਾਨ ਅਨੇਕਾਂ ਵਾਰ ਵੱਖ ਵੱਖ ਮੰਤਰੀਆਂ/ਕਲੱਬਾਂ/ਕਲਾਕਾਰਾਂ ਨੇ ਉਸਦਾ ਸਮੇਂ ਸਮੇਂ ਸਿਰ ਸਨਮਾਨ ਵੀ ਹੁੰਦਾ ਰਿਹਾ, ਤਾਂ ਜੋ ਅੱਗੇ ਤੋਂ ਵੀ ਉਸਦਾ ਹੌਂਸਲਾ ਬੁਲੰਦ ਰਹੇ।
ਰਿਕਾਰਡ ਕਾਫ਼ੀ ਪੁਰਾਣਾ ਹੋਣ ਕਾਰਨਾਂ ਉਹਨਾਂ ਦੀਆਂ ਫੋਟੋਆਂ/ਅਖ਼ਬਾਰਾਂ ਦੀਆਂ ਕਟਿੰਗਾਂ ਹਾਸਲ ਨਹੀਂ ਹੋ ਸਕੀਆਂ।
ਅੱਜ-ਕੱਲ੍ਹ ਸ਼ਾਰਦਾ ਪਟਿਆਲਵੀ ਸ੍ਰੀ ਪ੍ਰੀਤਮ ਸਿੰਘ, ਐਸ.ਐਸ.ਪੀ., ਵਿਜੀਲੈਂਸ ਬਿਊਰੋ, ਪਟਿਆਲਾ ਨਾਲ ਡਿਊਟੀ ਕਰ ਰਿਹਾ ਹੈ।
ਸਾਲ 1999 ਵਿਚ ਨਵੀਆਂ ਕਲਮਾਂ ਤਹਿਤ ਸ਼ਾਰਦਾ ਪਟਿਆਲਵੀ ਨੇ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਆਪਣੀ ਮਿੰਨੀ ਕਹਾਣੀ ਸੁਣਾਈ।
ਇੰਟਰਵਿਊਜ਼ : ਪੰਜਾਬੀ ਫਿਲਮ ਐਕਟਰ ਮਨਜੀਤ ਕੁਲਾਰ, ਸੁਨੀਲ ਸ਼ੈਟੀ, ਬਬੀਤਾ ਸ਼ਰਮਾ, ਲੇਖਕ ਸ਼ਿਵਤਾਰ ਸਿੰਘ ਡੱਲਾ, ਵੇਟਲਿਫਟਰ ਸੁਰਿੰਦਰਕੰਵਲਜੀਤ ਸਿੰਘ, ਸੂਫੀਆਨ ਗਾਇਕ ਦੇ ਮਾਲਕ ਹੰਸ ਰਾਜ ਹੰਸ, ਹਬੀਬ ਹਸਰਤ, ਜੈਪਾਲ ਪਾਲੀ, ਪੌਪ ਗਾਇਕ ਮੋਨਾ ਸਿੰਘ, ਹਰਪਾਲ ਸਿੰਘ ਟਿਵਾਣਾ, ਉਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਨਾਲ ਕੰਮ ਕਰਨ ਵਾਲੀ ਪ੍ਰਤਿਭਾ ਸੁਮਨ ਲਤਾ ਦੀ ਇੰਟਰਵਿਊ, ਫਿਲਮ ਐਕਟਰ ਐਕਸ਼ੇ ਕੁਮਾਰ, ਸ਼ਾਹਰੁਖ ਖ਼ਾਨ, ਦਾਮਿਨੀ, ਲੇਖਕ ਰਣਜੀਤ ਆਜ਼ਾਦ ਕਾਂਝਲਾ, ਮੰਗਤ ਰਾਮ ਭੋਲੀ, ਨਿੰਦਰ ਘੁਗਿਆਣਵੀ, ਨਰਿੰਦਰ ਨਵਰਾਹੀ, ਬੜੀ ਸ਼ਿੱਦਤ ਨਾਲ ਛਪਵਾ ਚੁੱਕਾ ਹੈ। ਪੇਂਟਿੰਗ ਤੇ ਟੈਡੀ ਬਣਾਉਣ ਦੀ ਮਾਹਰ ਜਤਿੰਦਰਪਾਲ ਕੌਰ ਧੂਰੀ ਇੰਟਰਵਿਊ, ਕ੍ਰਿਕਟ ਖਿਡਾਰੀ ਰੌਬਿਨ ਸਿੰਘ ਆਲ ਰਾਊਂਡਰ ਨਾਲ ਮੋਹਾਲੀ ਵਿਖੇ ਮੁਲਾਕਾਤ ਵੀ ਕਰ ਚੁੱਕਾ ਹੈ।
ਵੱਖ ਵੱਖ ਅਖਬਾਰਾਂ, ਮੈਗਜ਼ੀਨਾਂ ਵਿਚ ਹਜ਼ਾਰਾਂ ਵਿਅੰਗ ਵੀ ਲਿਖ ਚੁੱਕਾ ਹੈ।
ਹੁਸ਼ਿ਼ਆਰਪੁਰ ਵਿਚ ਦੁਰਲਭ ਤੇ ਕੀਮਤਾਂ ਗ੍ਰੰਥਾਂ ਦਾ ਖ਼ਜ਼ਾਨਾ ਬਾਰੇ ਵਿਸਥਾਰਪੂਰਵਕ ਲੇਖ ਵੀ ਲਿਖੇ ਹਨ।
ਪੰਜਾਬੀ ਵੱਡੀਆਂ ਲੰਮੀਆਂ ਕਹਾਣੀਆਂ ਵੀ ਲਿਖ ਚੁੱਕਾ ਹੈ।
ਸ਼ਾਰਦਾ ਪਟਿਆਲਵੀ ਭੰਗੜੇ ਦੇ ਖੇਤਰ ਵਿਚ ਵੀ ਕਾਫ਼ੀ ਅੱਗੇ ਲੰਘ ਗਿਆ ਸੀ।ਪੰਜਵੀਂ ਕਲਾਸ ਤੋਂ ਹੀ ਭੰਗੜੇ ਦਾ ਬਹੁਤ ਸ਼ੌਕ ਸੀ। ਜਿਸ ਸਦਕਾ ਉਹ ਪੰਜਾਬ ਅਤੇ ਬਾਹਰਲੇ ਰਾਜਾਂ ਵਿਚ ਆਪਣੇ ਭੰਗੜੇ ਦੇ ਜੌਹਰ ਵੀ ਵਿਖਾ ਚੁੱਕਾ ਹੈ।ਇਸ ਤੋਂ ਇਲਾਵਾ ਸ਼ਾਰਦਾ ਪਟਿਆਲਵੀ ਇਕ ਹਾਸਰਸ ਕਲਾਕਾਰ ਵੀ ਰਿਹਾ ਹੈ, ਜਿਹੜਾ ਕਿ ਅਨੇਕਾਂ ਸਟੇਜਾਂ ਤੇ ਆਪਣੀ ਕਲਾ ਦਾ ਜੌਹਰ ਵਿਖਾ ਚੁੱਕਾ ਹੈ ਤੇ ਦਰਸ਼ਕਾਂ ਦੀ ਭਰਪੂਰ ਵਾਹ ਵਾਹ ਖੱਟ ਚੁੱਕਾ ਹੈ।
ਵੱਖ ਵੱਖ ਅਖਬਾਰਾਂ ਵਿਚ ਮਿਡਲ ਲਿਖਣਾ,
ਸ਼ਹੀਦ ਭਗਤ ਦੇ ਜੱਦੀ ਘਰ ਦੀ ਸੱਚੀ ਕਹਾਣੀ ਪਰਤ ਦਰ ਪਰਤ ਖੱਟਕੜ ਕਲਾਂ ਸਿਰਲੇਖ ਹੇਠ ਪੂਰੇ ਪੰਨੇ ਦੀ ਦੇਸ਼ ਸੇਵਕ ਵਿਚ ਛਾਪੀ ਗਈ।
ਛੱਤਬੀੜ ਚਿੜੀਆ ਘਰ ਸ਼ੇਰਾਂ ਵਿਚ ਦਹਾੜਨ ਜੋਗੀ ਵੀ ਜਾਨ ਨਹੀਂ ਸਿਰਲੇਖ ਹੇਠ ਪੰਜਾਬੀ ਟ੍ਰਿਬਿਊਨ ਵਿਚ ਪੂਰੇ ਪੰਨੇ ਦਾ ਛਾਪਿਆ ਗਿਆ।
ਇਤਿਹਾਸਿਕ ਇਮਾਰਤਾਂ ਪਿੰਡ ਬਜਵਾੜਾ ਹੁਸ਼ਿਆਰਪੁਰ ਬਾਰੇ ਲਿਖਿਆ ਗਿਆ, ਜਿਥੇ ਸ਼ੇਰ ਸ਼ਾਹ ਸੂਰੀ ਰਾਜੇ ਦਾ ਜਨਮ ਹੋਇਆ ਸੀ।
ਪੁਰਾਣੀ ਰਿਆਸਤ ਦੇ ਮਹਿਲਾਂ ਤੇ ਖੰਡਰਾਂ ਦਾ ਗੁੱਝਾ ਭੇਤ ਖੁੱਲ੍ਹਿਆ।ਸਿਰਲੇਖ ਹੇਠ ਨਵਾਂ ਜ਼ਮਾਨਾ ਵਿਚ ਛਾਪਿਆ ਗਿਆ।
ਇਤਹਾਸਿਕ ਪੰਨਿਆਂ ਤੇ ਉਕਰਿਆ ਕਸਬਾ ਮੁਬਾਰਕਪੁਰ (ਡੇਰਾਬਸੀ) ਸਿਰਲੇਖ ਹੇਠ ਪੰਜਾਬੀ ਟ੍ਰਿਬਿਊਨ ਵਿਚ ਪੂਰੇ ਪੰਨੇ ਦਾ ਛਾਪਿਆ ਗਿਆ।
ਸ਼ੀਸ਼ ਮਹਿਲ ਹੁਸ਼ਿਆਰਪੁਰ, ਮੰਦਰਾਂ ਗੁਰੂਦਆਰਿਆਂ ਬਾਰੇ ਰੌਚਕ ਤੇ ਇਤਿਹਾਸਕ ਜਾਣਕਾਰੀ ਵਖ ਵੱਖ ਅਖਬਾਰਾਂ ਵਿਚ ਛਾਪੀ ਗਈ।
ਜਿੰਦਗੀ ਦੇ ਪਲਾਂ ਨੂੰ ਕਲਾ ਨਾਲ ਸਿਰਜਣ ਵਾਲਾ ਪ੍ਰਦੀਪ ਬਾਰੇ ਜਗ ਬਾਣੀ ਵਿਚ ਛਾਪਿਆ ਗਿਆ।
ਮਾਲੇਰਕੋਟਲਾ ਦੇ ਖੂਨੀ ਸਾਕੇ ਦੀ ਦਾਸਤਾਨ ਪੂਰੇ ਪੰਨੇ ਦੀ ਛਾਪੀ ਗਈ।
ਕਲਾ ਨੂੰ ਪ੍ਰੇਮ ਕਰਨ ਵਾਲਾ ਰੇਸ਼ਮ ਸਿੰਘ ਅੰਮ੍ਰਿਤਸਰੀ ਬਾਰੇ ਲਿਖਿਆ ਜੋ ਆਪਣੇ ਹੱਥਾਂ ਨਾਲ ਕਾਨਿਆਂ ਤੋਂ ਗੋਲਡਨ ਟੈਂਪਲ ਦਾ ਮਾਡਲ ਤਿਆਰ ਕੀਤਾ ਸੀ।
ਹਜ਼ਾਰਾਂ ਪ੍ਰਸੰਸਾ ਦੇ ਪੱਤਰ/ਖ਼ਤ ਉਸਦੇ ਟਰੰਕ ਭਰੇ ਪਏ ਹਨ ਅਤੇ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਨੇਕਾਂ ਹੀ ਅਖਬਾਰਾਂ/ਰਸਾਲਿਆਂ ਦੀਆਂ ਕਟਿੰਗਾਂ ਕਬਾੜੀਏ ਦੀ ਭੇਂਟ ਵੀ ਚੜ੍ਹ ਗਈਆਂ।
--
ਜੈਸਮੀਨ ਵਾਲੀਆ, ਪਿੰਡ ਅਕਾਲਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ।