AJIT KUMAR
A RENOWNED JOURNALIST JALANDHAR [PUNJAB - INDIA]
ਪੰਜਾਬੀ ਪੱਤਰਕਾਰੀ ਦੇ ਵਿਲੱਖਣ ਤੇ ਮਿਆਰੀ ਹਸਤਾਖਰ - ਅਜੀਤ ਕੁਮਾਰ
ਸ੍ਰੀ ਅਜੀਤ ਕੁਮਾਰ ਜੀ (ਹੁਣ ਸਵਰਗੀ) ਭਾਵੇਂ ਪੰਜਾਬੀ ਪੱਤਰਕਾਰੀ ਦੇ ਇੱਕ ਵਿਲੱਖਣ ਹਸਤਾਖਰ ਰਹੇ ਹਨ, ਪਰ ਉਨ੍ਹਾਂ ਬਾਰੇ ਹਾਲ਼ੇ ਤੱਕ ਬਹੁਤ ਘੱਟ ਲਿਖਿਆ ਗਿਆ ਹੈ। ਇਸ ਸ਼ਖ਼ਸੀਅਤ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ 1996 'ਚ ਆਪਣੇ ਪਿਆਰੇ ਸਹਿਯੋਗੀ ਤੇ ਉਨ੍ਹਾਂ ਦੇ ਹੋਣਹਾਰ ਫ਼ਰਜ਼ੰਦ ਸੁਖਵਿੰਦਰ ਸਿੰਘ [ਮੋਬਾਇਲ ਨੰਬਰ/CELLPHONE No. + 91- 98764 33279] ਸਦਕਾ ਹਾਸਲ ਹੋ ਸਕਿਆ ਸੀ, ਜਦੋਂ ਉਹ ਰੋਜ਼ਾਨਾ 'ਦੇਸ਼ ਸੇਵਕ' ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ 'ਚ ਆਏ ਸਨ। ਸ੍ਰੀ ਸੁਖਵਿੰਦਰ ਸਿੰਘ ਤਦ 'ਦੇਸ਼ ਸੇਵਕ' ਦੇ ਸਬ-ਐਡੀਟਰ ਸਨ ਅਤੇ ਹੁਣ ਪਟਿਆਲ਼ਾ ਸਥਿਤ ਰਾਜਿੰਦਰਾ ਹਸਪਤਾਲ ਦੇ 'ਬਲੱਡ ਬੈਂਕ' ਵਿੱਚ ਉੱਚ ਅਧਿਕਾਰੀ ਹਨ। ਰੋਜ਼ਾਨਾ 'ਅਜੀਤ' ਜਿਹੇ ਵੱਕਾਰੀ ਅਖ਼ਬਾਰ ਤੇ ਕੁਝ ਹੋਰਨਾਂ ਅਦਾਰਿਆਂ ਨਾਲ਼ ਲਗਭਗ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਜੁੜੇ ਰਹੇ ਸ੍ਰੀ ਅਜੀਤ ਕੁਮਾਰ ਜੀ ਵਿੱਚ ਹਉਮੈ ਦਾ ਤਾਂ ਕਿਤੇ ਕੋਈ ਨਾਂਅ-ਨਿਸ਼ਾਨ ਵੀ ਨਹੀਂ ਸੀ। ਉਨ੍ਹਾਂ ਤਦ ਬਹੁਤ ਘੱਟ ਸਮਾਂ ਸਾਡੇ ਨਾਲ਼ ਬਿਤਾਇਆ ਸੀ ਕਿਉਂਕਿ ਉਹ ਜਾਣਦੇ ਸਨ ਕਿ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਸਮੇਂ ਦੀ ਕੀ ਅਹਿਮੀਅਤ ਹੁੰਦੀ ਹੈ; ਸ਼ਾਮ ਸਮੇਂ ਕਿੰਨੀ ਭੱਜ-ਨੱਸ ਰਹਿੰਦੀ ਹੈ ਅਤੇ ਜਿਵੇਂ-ਜਿਵੇਂ ਪਰਛਾਵੇਂ ਢਲ਼ਦੇ ਜਾਂਦੇ ਹਨ ਤੇ ਰਾਤ ਦਾ ਹਨੇਰਾ ਪੱਸਰਦਾ ਜਾਂਦਾ ਹੈ, ਤਿਵੇਂ-ਤਿਵੇਂ 'ਨਿਊਜ਼ ਡੈਸਕ' ਉੱਤੇ ਰੁਝੇਵੇਂ ਹੋਰ ਵੀ ਵਧਦੇ ਚਲੇ ਜਾਂਦੇ ਹਨ। ਸਭ ਨੂੰ 'ਡੈੱਡਲਾਈਨ' ਤੋਂ ਪਹਿਲਾਂ-ਪਹਿਲਾਂ ਅਖ਼ਬਾਰ ਪ੍ਰਕਾਸ਼ਿਤ ਕਰਨ ਦੀ ਕਾਹਲ਼ੀ ਤੇ ਚਿੰਤਾ ਲੱਗ ਜਾਂਦੀ ਹੈ। ਫਿਰ ਵੀ ਥੋੜ੍ਹੇ ਜਿਹੇ ਉਪਲਬਧ ਸਮੇਂ ਦੌਰਾਨ ਵੀ ਸ੍ਰੀ ਅਜੀਤ ਕੁਮਾਰ ਜੀ ਨੇ ਆਪਣੇ ਵਿਸ਼ਾਲ ਤਜਰਬਿਆਂ ਦੇ ਆਧਾਰ 'ਤੇ 'ਦੇਸ਼ ਸੇਵਕ' ਦੀ ਬਿਹਤਰੀ ਲਈ ਕੁਝ ਵਡਮੁੱਲੇ ਸੁਝਾਅ ਬਹੁਤ ਹੀ ਨਰਮ ਤੇ ਮੱਧਮ ਸੁਰ ਵਿੱਚ (ਤਾਂ ਕਿ ਦਫ਼ਤਰ ਵਿੱਚ ਕੰਮ ਕਰ ਰਹੇ ਹੋਰ ਵਿਅਕਤੀਆਂ ਦੀ ਇਕਾਗਰਤਾ ਕਿਤੇ ਭੰਗ ਨਾ ਹੋਵੇ) ਦਿੱਤੇ ਸਨ; ਜੋ ਤਤਕਾਲੀਨ ਨਿਊਜ਼ ਐਡੀਟਰ ਸ੍ਰੀ ਸਰਬਜੀਤ ਸਿੰਘ ਕੰਗਨੀਵਾਲ਼ (ਜੋ ਪਹਿਲਾਂ ਰੋਜ਼ਾਨਾ 'ਨਵਾਂ ਜ਼ਮਾਨਾ' ਨਾਲ਼ ਜੁੜੇ ਰਹੇ ਹਨ ਅਤੇ ਇਸ ਵੇਲੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਉੱਚ ਅਧਿਕਾਰੀ ਹਨ) ਹੁਰਾਂ ਨੇ ਤੁਰੰਤ ਨੋਟ ਵੀ ਕਰ ਲਏ ਸਨ। ਉਸ ਵੇਲੇ ਮੌਕੇ 'ਤੇ ਮੌਜੂਦ ਸ੍ਰੀ ਗੁਰਉਪਦੇਸ਼ ਭੁੱਲਰ (ਜੋ ਹੁਣ ਪੰਜਾਬੀ ਦੇ ਰੋਜ਼ਾਨਾ 'ਜੱਗ ਬਾਣੀ' ਦੇ ਸਟਾਫ਼ ਰਿਪੋਰਟਰ ਹਨ), ਸ੍ਰੀ ਜਸਵੀਰ ਸ਼ਮੀਲ (ਜੋ ਬਾਅਦ 'ਚ 'ਤਾਰਾ' ਟੀ.ਵੀ. ਚੈਨਲ, ਮਾਸਿਕ 'ਪੰਜ ਦਰਿਆ' ਦੇ ਸੰਪਾਦਕ ਰਹੇ ਅਤੇ ਅੱਜ ਕੱਲ੍ਹ ਕੈਨੇਡਾ ਦੇ ਪ੍ਰਮੁੱਖ ਟੀ.ਵੀ. ਚੈਨਲ 'ਓਮਨੀ ਟੀ.ਵੀ.' 'ਚ ਸਟਾਫ਼ ਰਿਪੋਰਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਵੇਲੇ ਉਹ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਮਹਾਂਨਗਰ ਟੋਰਾਂਟੋ ਦੇ ਉੱਪ-ਨਗਰ ਬਰੈਂਪਟਨ ਵਿਖੇ ਰਹਿ ਰਹੇ ਹਨ), ਮੈਡਮ ਦਵੀ ਦਵਿੰਦਰ (ਜੋ ਇਸ ਵੇਲੇ ਰੋਜ਼ਾਨਾ 'ਪੰਜਾਬੀ ਟ੍ਰਿਬਿਊਨ' ਦੇ ਚੀਫ਼ ਸਬ-ਐਡੀਟਰ ਹਨ), ਸ੍ਰੀ ਸੁਸ਼ੀਲ ਦੁਸਾਂਝ (ਜੋ ਪੰਜਾਬੀ ਦੇ ਇੱਕ ਪ੍ਰਮੁੱਖ ਸਾਹਿਤਕ ਪਰਚੇ 'ਹੁਣ' ਦੇ ਮੁੱਖ ਸੰਪਾਦਕ ਹਨ), ਮੈਡਮ ਕਮਲਪ੍ਰੀਤ ਕੌਰ ਦੁਸਾਂਝ (ਜੋ ਬਾਅਦ 'ਚ ਰੋਜ਼ਾਨਾ 'ਪੰਜਾਬੀ ਟ੍ਰਿਬਿਊਨ' ਦੇ ਉੱਪ-ਸੰਪਾਦਕ, ਰੋਜ਼ਾਨਾ 'ਪੰਜਾਬੀ ਪੋਸਟ' ਦੇ ਅਸਿਸਟੈਂਟ ਐਡੀਟਰ ਤੇ ਅਮਰੀਕਾ ਤੋਂ ਛਪਦੇ 'ਅੰਮ੍ਰਿਤਸਰ ਟਾਈਮਜ਼' ਦੇ ਨਾਲ਼ ਜੁੜੇ ਰਹੇ ਹਨ), ਸ੍ਰੀ ਦੇਵਾਸ਼ੀਸ਼ ਭੱਟਾਚਾਰੀਆ (ਜੋ ਅੰਗਰੇਜ਼ੀ ਦੇ ਹਫ਼ਤਾਵਾਰੀ 'ਨਾਈਸਟੀ' ਦੇ ਵੀ ਸੰਪਾਦਕ ਰਹਿ ਚੁੱਕੇ ਹਨ), ਸ੍ਰੀ ਜਸਵੀਰ ਸਮਰ (ਜੋ ਇਸ ਵੇਲੇ ਰੋਜ਼ਾਨਾ 'ਪੰਜਾਬੀ ਟ੍ਰਿਬਿਊਨ' ਦੇ ਚੀਫ਼ ਸਬ-ਐਡੀਟਰ ਹਨ), ਸ੍ਰੀ ਬਲਵਿੰਦਰ ਸਿਪਰੇ ((ਜੋ ਇਸ ਵੇਲੇ ਰੋਜ਼ਾਨਾ 'ਪੰਜਾਬੀ ਟ੍ਰਿਬਿਊਨ' ਦੇ ਸੀਨੀਅਰ ਸਬ-ਐਡੀਟਰ ਹਨ), ਸ੍ਰੀ ਐਨ.ਡੀ. ਸ਼ਰਮਾ (ਜੋ ਪਹਿਲਾਂ ਰੋਜ਼ਾਨਾ 'ਚੜ੍ਹਦੀ ਕਲਾ' ਦੇ ਉੱਪ-ਸੰਪਾਦਕ ਰਹੇ ਸਨ ਤੇ ਇਸ ਵੇਲੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਉੱਚ ਅਧਿਕਾਰੀ ਹਨ) ਲਈ ਵੀ ਸ੍ਰੀ ਅਜੀਤ ਕੁਮਾਰ ਦੀ ਉਹ ਥੋੜ੍ਹ-ਚਿਰੀ ਸੰਗਤ ਬਹੁਤ ਯਾਦਗਾਰੀ ਰਹੀ ਸੀ। ਹੁਣ ਇਹ ਸੋਚ ਕੇ ਅਫ਼ਸੋਸ ਹੁੰਦਾ ਹੈ ਕਿ ਕਾਸ਼ ਤਦ ਸ੍ਰੀ ਅਜੀਤ ਕੁਮਾਰ ਜੀ ਨਾਲ਼ ਕੁਝ ਸਮਾਂ ਹੋਰ ਬੈਠਣ ਅਤੇ ਪੱਤਰਕਾਰੀ ਤੇ ਲੇਖਣੀ ਦੇ ਕੁਝ ਨਿਵੇਕਲੇ ਤੇ ਵਿਵਹਾਰਕ ਗੁਰ ਸਿੱਖਣ ਦਾ ਮੌਕਾ ਮਿਲ਼ ਸਕਦਾ।ਉਂਝ ਉਸ ਵੇਲੇ ਉਹ ਰੋਜ਼ਾਨਾ 'ਦੇਸ਼ ਸੇਵਕ' ਦੇ ਸੰਪਾਦਕ ਅਤੇ ਉੱਘੇ ਪੰਜਾਬੀ ਲੇਖਕ ਸ੍ਰੀ ਗੁਲਜ਼ਾਰ ਸਿੰਘ ਸੰਧੂ ਨੂੰ ਵੀ ਵਿਅਕਤੀਗਤ ਤੌਰ 'ਤੇ ਮਿਲ਼ੇ ਸਨ।
ਪਿਤਾ ਸ੍ਰੀ ਬੰਤ ਸਿੰਘ ਅਤੇ ਮਾਤਾ ਬਚਨੀ ਦੇਵੀ ਜੀ ਦੇ ਘਰ 1 ਅਕਤੂਬਰ, 1937 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਕਸਬੇ ਅਮਰਗੜ੍ਹ ਲਾਗਲੇ ਪਿੰਡ ਝੂੰਦਾਂ ਵਿਖੇ ਜਨਮੇ ਸ੍ਰੀ ਅਜੀਤ ਸਿੰਘ ਜੀ 1957 'ਚ ਪੱਤਰਕਾਰੀ ਦੇ ਖੇਤਰ ਵਿੱਚ ਆਏ ਪਰ ਪੰਜਾਬੀ ਵਿੱਚ ਗ਼ਜ਼ਲ ਦੇ ਰੂਪ ਵਿੱਚ ਕਲਮ ਵਾਹੁਣੀ ਉਨ੍ਹਾਂ 1955 ਵਿੱਚ ਹੀ ਸ਼ੁਰੂ ਕਰ ਦਿੱਤੀ ਸੀ।
1960-62 ਵਿੱਚ ਉਹ ਚੰਡੀਗੜ੍ਹ ਤੋਂ ਛਪਦੇ ਮਾਸਿਕ 'ਰੂਪਰੰਗ' ਅਤੇ ਫਿਰ 1963 'ਚ ਪਟਿਆਲਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਹਫ਼ਤਾਵਾਰੀ 'ਜੁਆਲਾਮੁਖੀ' ਦੇ ਸੰਪਾਦਕ ਵੀ ਰਹੇ। ਵੱਖੋ-ਵੱਖਰੇ ਅਖ਼ਬਾਰਾਂ 'ਚ 'ਡੰਗ ਤੇ ਚੋਭਾਂ', 'ਅੱਜ ਦੀ ਗੱਲ', 'ਵਿਅੰਗ ਬਾਣੀ' ਨਾਂਅ ਦੇ ਉਨ੍ਹਾਂ ਦੇ ਕਾੱਲਮ ਆਪਣੇ ਸਮਿਆਂ ਦੌਰਾਨ ਡਾਢੇ ਚਰਚਿਤ ਰਹੇ ਸਨ। 16 ਤੋਂ 26 ਨਵੰਬਰ, 1991 ਤੱਕ ਉਨ੍ਹਾਂ ਪਾਕਿਸਤਾਨ ਦੀ ਯਾਤਰਾ ਕੀਤੀ ਤੇ ਉਨ੍ਹਾਂ ਆਪਣੀ ਉਸ ਯਾਤਰਾ ਦੀਆਂ ਯਾਦਾਂ 'ਮੇਰੀ ਅਧੂਰੀ ਪਾਕਿਸਤਾਨ ਯਾਤਰਾ' ਨਾਂਅ ਦੇ ਸਫ਼ਰਨਾਮੇ ਰਾਹੀਂ ਪੰਜਾਬੀ ਭਾਸ਼ਾ ਵਿੱਚ ਕਾਗਜ਼ ਉੱਤੇ ਉਤਾਰੀਆਂ। ਉਨ੍ਹਾਂ ਦਾ ਇਹ ਸਫ਼ਰਨਾਮਾ ਵੀ ਤਦ ਬਹੁਤ ਚਰਚਿਤ ਹੋਇਆ ਸੀ; ਜਿਸ ਲਈ 'ਪੰਜਾਬੀ ਪੱਤਰਕਾਰ ਐਸੋਸੀਏਸ਼ਨ' ਅਤੇ 'ਸ਼ੇਰੇ ਪੰਜਾਬ ਕਲੱਬ' ਅਮਰਗੜ੍ਹ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
9 ਜਨਵਰੀ, 2004 ਨੂੰ ਉਹ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਆਪਣੀ ਪਤਨੀ ਸ੍ਰੀਮਤੀ ਨਿਰਮਲ ਕੌਰ ਉਰਫ਼ ਅਮਿਤਾ, ਆਪਣਾ ਇਕਲੌਤਾ ਪੁੱਤਰ ਸੁਖਵਿੰਦਰ ਸਿੰਘ ਤੇ ਤਿੰਨ ਧੀਆਂ ਸਰਿਤਾ, ਬਲਵਿੰਦਰ ਕੌਰ ਤੇ ਮਨਿੰਦਰ ਕੌਰ ਛੱਡ ਗਏ। ਪਰ ਆਪਣੇ ਜੀਵਨ ਸਾਥੀ ਦੇ ਸਦੀਵੀ ਵਿਛੋੜੇ ਨੂੰ ਨਾ ਝੱਲਦਿਆਂ ਸ੍ਰੀਮਤੀ ਨਿਰਮਲ ਕੌਰ ਵੀ ਠੀਕ 10 ਮਹੀਨਿਆਂ ਬਾਅਦ 10 ਅਕਤੂਬਰ, 2004 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ। ਇੰਨੇ ਥੋੜ੍ਹੇ ਵਕਫ਼ੇ ਅੰਦਰ ਮਾਪਿਆਂ ਨੂੰ ਸਦਾ ਲਈ ਗੁਆ ਲੈਣ ਦੇ ਦਰਦ ਦਾ ਅਹਿਸਾਸ ਕੀ ਹੋ ਸਕਦਾ ਹੈ; ਇਹ ਸ੍ਰੀ ਸੁਖਵਿੰਦਰ ਸਿੰਘ, ਉਨ੍ਹਾਂ ਦੀਆਂ ਤਿੰਨੇ ਭੈਣਾਂ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਤੋਂ ਇਲਾਵਾ ਸ਼ਾਇਦ ਹੋਰ ਕੋਈ ਵੀ ਇੰਨੀ ਸ਼ਿੱਦਤ ਨਾਲ਼ ਮਹਿਸੂਸ ਨਹੀਂ ਕਰ ਸਕਦਾ।
ਸ੍ਰੀ ਅਜੀਤ ਕੁਮਾਰ ਹੁਰਾਂ ਦੀਆਂ ਲਿਖਤਾਂ ਭਾਵੇਂ ਇਸ ਵੇਲੇ ਬਹੁਤੀਆਂ ਉਪਲਬਧ ਨਹੀਂ ਹਨ ਪਰ ਜਿੰਨੀਆਂ ਵੀ ਹਨ, ਉਹ ਬਹੁਤ ਉੱਚ-ਪਾਏ ਦੀਆਂ ਹਨ। ਸ੍ਰੀ ਸੁਖਵਿੰਦਰ ਸਿੰਘ, ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਦੀਪ ਕੌਰ, ਉਨ੍ਹਾਂ ਦੀ ਧੀ ਰੀਆ ਅਤੇ ਪੁੱਤਰ ਸਾਗਰ ਨੇ ਪਟਿਆਲ਼ਾ ਸਥਿਤ ਆਪਣੇ ਘਰ ਵਿੱਚ ਇਹ ਲਿਖਤਾਂ ਬੜੇ ਚਾਅ ਨਾਲ਼ ਸਾਂਭ ਕੇ ਰੱਖੀਆਂ ਹੋਈਆਂ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਪੱਤਰਕਾਰੀ ਦੇ ਇੱਕ ਖ਼ਾਸ ਅਜਾਇਬਘਰ ਦੀ ਉਸਾਰੀ ਕੀਤੀ ਜਾਵੇ; ਜਿਨ੍ਹਾਂ ਵਿੱਚ ਅਰੰਭ ਤੋਂ ਲੈ ਕੇ ਹੁਣ ਤੱਕ ਦੀਆਂ ਉਪਲਬਧ ਉੱਚ-ਮਿਆਰੀ ਪੱਤਰਕਾਰੀ-ਕ੍ਰਿਤਾਂ ਅਤੇ ਸਿਰਜਣਾਵਾਂ ਸਾਂਭੀਆਂ ਜਾਣ। ਉਸ ਅਜਾਇਬਘਰ ਵਿੱਚ ਸ੍ਰੀ ਅਜੀਤ ਕੁਮਾਰ ਤੇ ਉਨ੍ਹਾਂ ਜਿਹੀਆਂ ਹੋਰ ਯੋਗ ਪੱਤਰਕਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਕ੍ਰਿਤਾਂ ਨੂੰ ਸੰਭਾਲ਼ਿਆ ਜਾਵੇ ਤੇ ਨਾਲ ਦੀ ਨਾਲ ਉਨ੍ਹਾਂ ਨੂੰ ਡਿਜੀਟਲ ਸ਼ਕਲ ਵੀ ਦਿੱਤੀ ਜਾਵੇ; ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਕੁਝ ਸਾਰਥਕ ਸੇਧ ਲੈ ਸਕਣ।
ਸ੍ਰੀ ਅਜੀਤ ਕੁਮਾਰ ਜੀ ਦੀ ਪਾਕਿਸਤਾਨ ਯਾਤਰਾ ਨੂੰ ਇਸ 16 ਨਵੰਬਰ ਨੂੰ ਪੂਰੇ 25 ਵਰ੍ਹੇ ਮੁਕੰਮਲ ਹੋ ਰਹੇ ਹਨ ਅਤੇ ਇਸ ਨੂੰ ਸਫ਼ਰਨਾਮੇ ਦੇ ਰੂਪ ਵਿੱਚ ਛਪਿਆਂ ਨੂੰ ਵੀ 20 ਵਰ੍ਹੇ ਹੋ ਗਏ ਹਨ। ਅਜਿਹੇ ਸ਼ੁਭ ਮੌਕੇ 'ਤੇ 'ਕ੍ਰਿਸਚੀਅਨ ਫ਼ੋਰਟ' ਇੱਥੇ ਸ੍ਰੀ ਅਜੀਤ ਕੁਮਾਰ ਦੀ ਉਸੇ ਪੁਸਤਕ 'ਮੇਰੀ ਅਧੂਰੀ ਪਾਕਿਸਤਾਨ ਯਾਤਰਾ' ਨੂੰ ਪਾਠਕਾਂ ਤੇ ਦਰਸ਼ਕਾਂ ਨਾਲ਼ ਸਾਂਝੀ ਕਰ ਕੇ ਮਾਣ ਮਹਿਸੂਸ ਕਰ ਰਿਹਾ ਹੈ।
(ਇਸ ਦਾ ਆਨੰਦ ਮਾਣਨ ਲਈ ਇਸੇ ਪੰਨੇ ਦੇ ਬਿਲਕੁਲ ਉੱਤੇ ਸੱਜੇ ਪਾਸੇ ਦਿੱਤੀ ਪੁਸਤਕ ਦੇ ਸਰਵਰਕ ਦੀ ਤਸਵੀਰ 'ਤੇ ਜਾਂ ਇਸ ਸਤਰ ਉੱਤੇ ਕਲਿੱਕ ਕਰੋ)।
- ਮਹਿਤਾਬ-ਉਦ-ਦੀਨ
12 ਅਕਤੂਬਰ, 2016