CHRISTIAN FORT

FACES IN THE NEWS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

PARVINDER WARAICH

PROPRIETOR/DIRECTOR AT SOVI ENTERTAINMENTS PVT. LTD. WHICH DEALS IN FILM PRODUCTION, POST PRODUCITON, TV SERIALS, MUSIC ALBUMS etc. [SUNNY ENCLAVE, KHARAR, DISTT. MOHALI, PUNJAB - INDIA]

CLICK HERE TO ACCESS SOVI ENTERTAINMENTS' YOU-TUBE VIDEOS

PARVINDER WARAICH IS ON FACEBOOK ALSO

ਪਰਵਿੰਦਰ ਸਿੰਘ ਵੜੈਚ ਨਾਲ ਮਹਿਤਾਬ-ਉਦ-ਦੀਨ ਦੀ ਮੁਲਾਕਾਤ ਦੇ ਕੁੱਝ ਅੰਸ਼

(ਇਹ ਇੰਟਰਵਿਊ ਜਨਵਰੀ-ਫ਼ਰਵਰੀ 2016 ਦੇ 'ਅਦਬੀ ਸਾਂਝ' ਵਿੱਚ ਛਪ ਚੁੱਕਾ ਹੈ)

ਫ਼ਿਲਮਾਂ ਅਤੇ ਟੀ.ਵੀ. ਮੀਡੀਆ ਦੇ ਸਭ ਤੋਂ ਵੱਧ ਮਜ਼ਬੂਤ ਸਾਧਨਾਂ ਵਿੱਚੋਂ ਇੱਕ ਹਨ। ਤੁਸੀਂ ਆਪਣਾ ਕੋਈ ਵੀ ਸੁਨੇਹਾ ਇਨ੍ਹਾਂ ਮਾਧਿਅਮਾਂ ਰਾਹੀਂ ਕਿਤੇ ਵਧੀਆ ਤੇ ਸ਼ਸੱਕਤ ਢੰਗ ਨਾਲ ਜਨ-ਸਾਧਾਰਣ ਤੱਕ ਪਹੁੰਚਾ ਸਕਦੇ ਹੋ। ਟੀ.ਵੀ. ਲੜੀਵਾਰਾਂ ਦਾ ਅਸਰ ਤਾਂ ਭਾਵੇਂ ਓਨਾ ਚਿਰ ਹੀ ਦਰਸ਼ਕਾਂ ਦੇ ਮਨਾਂ 'ਤੇ ਰਹਿੰਦਾ ਹੈ, ਜਦੋਂ ਤੱਕ ਕੋਈ ਲੜੀਵਾਰ ਚੱਲ ਰਿਹਾ ਹੋਵੇ ਤੇ ਜਦੋਂ ਉਹ ਬੰਦ ਹੋ ਜਾਂਦਾ ਹੈ ਤਾਂ ਉਸ ਦੇ ਬਹੁਤੇ ਕਿਰਦਾਰ ਲੋਕਾਂ ਨੂੰ ਭੁੱਲ ਜਾਂਦੇ ਹਨ ਅਤੇ ਕੇਵਲ ਉਹੀ ਚੇਤੇ ਰਹਿੰਦੇ ਹਨ, ਜਿਨ੍ਹਾਂ ਵਿੱਚ ਸੱਚਮੁਚ ਕੁੱਝ ਦਮ ਹੁੰਦਾ ਹੈ। ਫ਼ਿਲਮਾਂ ਦੇ ਕਿਰਦਾਰਾਂ ਦੀ ਉਮਰ ਕੁੱਝ ਵਧੇਰੇ ਲੰਮਾ ਸਮਾਂ ਜਿਊਂਦੀ ਰਹਿੰਦੀ ਹੈ। ਪੰਜਾਬੀ ਫ਼ਿਲਮਾਂ ਵੀ ਹੁਣ ਪਹਿਲਾਂ ਵਰਗੀਆਂ ਨਹੀਂ ਰਹੀਆਂ; ਤਕਨੀਕੀ ਪੱਖੋਂ ਉਹ ਕਿਤੇ ਅਗਾਂਹ ਨਿੱਕਲ਼ ਚੁੱਕੀਆਂ ਹਨ। ਹੁਣ ਅਦਾਕਾਰੀ ਵਿੱਚ ਵੀ ਵਿਭਿੰਨ ਕਿਸਮ ਦੀਆਂ ਬਾਰੀਕੀਆਂ ਆ ਗਈਆਂ ਹਨ। ਕਿਰਦਾਰ ਆਮ ਜੀਵਨ ਤੇ ਅਸਲੀਅਤ ਦੇ ਬਹੁਤ ਨੇੜੇ ਆ ਗਏ ਹਨ। ਪੰਜਾਬੀ ਫ਼ਿਲਮਾਂ, ਵਿਡੀਓ ਐਲਬਮਾਂ, ਟੀ.ਵੀ. ਲੜੀਵਾਰਾਂ, ਫ਼ਿਲਮ ਨਿਰਮਾਣ ਤੇ ਫ਼ਿਲਮ ਬਣ ਜਾਣ ਤੋਂ ਬਾਅਦ (ਪੋਸਟ-ਪ੍ਰੋਡਕਸ਼ਨ) ਉਸ ਨੂੰ ਸ਼ਿੰਗਾਰਨ ਤੇ ਸੁਆਰਨ ਦੇ ਖੇਤਰ ਦਾ ਇੱਕ ਉਘਾ ਨਾਂਅ ਹੈ ਪਰਵਿੰਦਰ ਸਿੰਘ ਵੜੈਚ; ਜਿਨ੍ਹਾਂ ਨੂੰ ਅੱਜ ਅਸੀਂ 'ਅਦਬੀ ਸਾਂਝ' ਦੇ ਪਾਠਕਾਂ ਦੇ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ। ਖਰੜ (ਜ਼ਿਲ੍ਹਾ ਮੋਹਾਲੀ, ਪੰਜਾਬ) ਦੇ ਸੰਨੀ ਇਨਕਲੇਵ 'ਚ ਇੱਕ ਅਤਿ ਆਧੁਨਿਕ ਆੱਡੀਓ-ਵਿਡੀਓ ਸਟੂਡੀਓ 'ਸੋਵੀ ਐਂਟਰਟੇਨਮੈਂਟਸ ਪ੍ਰਾਈਵੇਟ ਲਿਮਟਿਡ' ਦੇ ਮਾਲਕ ਪਰਵਿੰਦਰ ਵੜੈਚ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀ ਸੈਰ ਕਰ ਚੁੱਕੇ ਹਨ। ਉਂਝ ਉਨ੍ਹਾਂ ਦੀ ਅਸਲ ਰਿਹਾਇਸ਼ਗਾਹ ਭਾਵੇਂ ਅਮਰੀਕੀ ਸੂਬੇ ਕੈਲੀਫ਼ੋਰਨੀਆ 'ਚ ਸਥਿਤ ਸ਼ਹਿਰ ਲਾੱਸ ਏਂਜਲਸ (ਜਿਸ ਨੂੰ ਸਮੁੱਚਾ ਵਿਸ਼ਵ 'ਹਾੱਲੀਵੁੱਡ' ਦੇ ਨਾਂਅ ਨਾਲ਼ ਜਾਣਦਾ ਹੈ) ਹੈ ਪਰ ਸ੍ਰੀ ਵੜੈਚ ਨੇ ਜ਼ਿਆਦਾਤਰ ਪੰਜਾਬ 'ਚ ਹੀ ਰਹਿਣ ਦਾ ਵਿਕਲਪ ਚੁਣਿਆ ਹੈ; ਜੋ ਕਿ ਸਮੂਹ ਪੰਜਾਬੀਆਂ ਲਈ ਬਹੁਤ ਮਾਣ ਵਾਲ਼ੀ ਗੱਲ ਹੈ। ਜਿਹੋ ਜਿਹੀ ਨਵੀਨ ਤਕਨਾਲੋਜੀ ਦੀ ਵਰਤੋਂ ਉਹ ਕਰ ਰਹੇ ਹਨ; ਉਸ ਦੀ ਵਰਤੋਂ ਨਾਲ਼ ਨਿਸ਼ਚਤ ਤੌਰ ਉਤੇ ਪੰਜਾਬੀ ਫ਼ਿਲਮਾਂ ਦਾ ਪੱਧਰ ਉਚੇਰਾ ਹੋਵੇਗਾ। ਆਪਣੇ ਸਮੇਂ ਦੇ ਉਘੇ ਐਥਲੀਟ ਰਹੇ ਸ੍ਰੀ ਪਰਵਿੰਦਰ ਵੜੈਚ ਨਸ਼ਿਆਂ ਦੀ ਵਰਤੋਂ ਦੇ ਸਖ਼ਤ ਵਿਰੁੱਧ ਹਨ ਅਤੇ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦੇ ਨਸ਼ਿਆਂ ਦੀ ਦਲਦਲ ਵਿੱਚ ਗ਼ਲਤਾਨ ਹੋਣ ਤੋਂ ਡਾਢੇ ਦੁਖੀ ਹਨ। ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਕਰ ਦੇਣਾ ਚਾਹੁੰਦੇ ਹਨ। ਸ੍ਰੀ ਵੜੈਚ ਦੇ ਮਾਪਿਆਂ ਦਾ ਪਿਛੋਕੜ ਲਹਿੰਦੇ (ਪਾਕਿਸਤਾਨੀ) ਪੰਜਾਬ ਦਾ ਸ਼ਹਿਰ ਲਾਹੌਰ-ਗੁਜਰਾਂਵਾਲਾ ਹੈ ਤੇ ਦੇਸ਼ ਦੀ ਵੰਡ ਸਮੇਂ ਉਨ੍ਹਾਂ ਦੇ ਦਾਦਾ ਜੀ ਫ਼ਿਰੋਜ਼ਪੁਰ ਆ ਕੇ ਵੱਸ ਗਏ ਸਨ ਪਰ ਸ੍ਰੀ ਪਰਵਿੰਦਰ ਸਿੰਘ ਵੜੈਚ ਦਾ ਜ਼ਿਆਦਾਤਰ ਬਚਪਨ ਖਰੜ ਲਾਗਲੇ ਪਿੰਡ ਮੁੰਡੀ ਖਰੜ 'ਚ ਹੀ ਬੀਤਿਆ ਹੈ। ਉਨ੍ਹਾਂ ਦੇ ਪਿਤਾ ਸ. ਦਰਸ਼ਨ ਸਿੰਘ ਵੜੈਚ ਭਾਰਤ ਸਰਕਾਰ ਦੇ ਵਿਗਿਆਨੀ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ ਅਤੇ ਉਨ੍ਹਾਂ ਦੇ ਮਾਤਾ ਸਰਦਾਰਨੀ ਬਲਵਿੰਦਰ ਕੌਰ ਜੀ ਹਨ। ਸ੍ਰੀ ਪਰਵਿੰਦਰ ਵੜੈਚ ਦੀ ਜੀਵਨ-ਸਾਥਣ ਸ੍ਰੀਮਤੀ ਸਵਰਨਜੀਤ ਕੌਰ ਵੀ ਖਿਡਾਰੀ ਰਹੇ ਹਨ। ਉਹ 'ਸੋਵੀ ਐਂਟਰਟੇਨਮੈਂਟਸ' ਦੇ ਐਮ.ਡੀ. ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੀ ਧੀ ਹਰਕਿਰਨ ਕੌਰ ਵੜੈਚ ਨੂੰ ਬੱਚਿਆਂ ਦੀਆਂ ਵਧੀਆ ਫ਼ਿਲਮਾਂ ਬਣਾਉਣ ਲਈ ਭਾਰਤ ਦੇ ਰਾਸ਼ਟਰਪਤੀ ਦਾ ਪੁਰਸਕਾਰ ਵੀ ਮਿਲ਼ ਚੁੱਕਾ ਹੈ। ਉਨ੍ਹਾਂ ਦੀ ਧੀ ਅਤੇ ਪੁੱਤਰ ਵਿਨਮਰਜੋਤ ਸਿੰਘ ਵੜੈਚ ਦੋਵੇਂ ਹੀ ਹੁਣ ਤੱਕ 92 ਸਟੇਜ ਪ੍ਰੋਗਰਾਮ ਪੇਸ਼ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਚਾਰ ਬਾਲ-ਫ਼ਿਲਮਾਂ ਨੂੰ ਰਾਸ਼ਟਰਪਤੀ ਪੁਰਸਕਾਰ ਮਿਲ਼ ਚੁੱਕੇ ਹਨ। ਹਰਕਿਰਨ ਕੌਰ ਅਤੇ ਵਿਨਮਰਜੋਤ ਸਿੰਘ ਦੋਵਾਂ ਨੂੰ ਫ਼ਿਲਮ ਖੇਤਰ 'ਚ ਵਧੀਆ ਕਾਰਗੁਜ਼ਾਰੀ ਲਈ ਦੋ ਵਾਰ ਰਾਸ਼ਟਰੀ ਸੋਨ ਤਮਗ਼ੇ ਵੀ ਮਿਲ਼ ਚੁੱਕੇ ਹਨ। ਸ੍ਰੀ ਪਰਵਿੰਦਰ ਸਿੰਘ ਵੜੈਚ ਨੇ ਬਹੁਤ ਚਾਅ ਨਾਲ਼ ਆਪਣਾ ਸਾਰਾ ਸਟੂਡੀਓ ਵਿਖਾਇਆ। ਦੁਨੀਆ ਦੇ ਕੋਣੇ-ਕੋਣੇ 'ਚ ਲਿਆਂਦੀਆਂ ਗਈਆਂ ਵਸਤਾਂ ਤੇ ਤਰ੍ਹਾਂ-ਤਰ੍ਹਾਂ ਦੀਆਂ ਸਮੱਗਰੀਆਂ ਨਾਲ ਇਸ ਸਟੂਡੀਓ ਅਤਿ ਆਧੁਨਿਕ ਉਪਕਰਣਾਂ ਨਾਲ਼ ਲੈਸ ਕੀਤਾ ਗਿਆ ਹੈ; ਉਦਾਹਰਣ ਵਜੋਂ ਆੱਡੀਓ ਤੇ ਵਿਡੀਓ ਮਿਕਸਿੰਗ ਸਟੂਡੀਓਜ਼ ਦੀਆਂ ਕੰਧਾਂ ਉਤੇ ਰੈਗੂਲਰ ਜਿਪਸਮ ਡ੍ਰਾਈਵਾਲ, ਵੁੱਡ ਸਟੱਡਜ਼ ਤੇ ਹੋਰ ਸਟੈਂਡਰਡ ਇਨਸੁਲੇਸ਼ਨ ਸਭ ਵਿਦੇਸ਼ੀ ਫ਼ਿੱਟ ਕੀਤੇ ਗਏ ਹਨ। ਸ੍ਰੀ ਪਰਵਿੰਦਰ ਸਿੰਘ ਵੜੈਚ ਹੁਰਾਂ ਨਾਲ਼ +91- 98140 85183 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਪੇਸ਼ ਹਨ ਉਨ੍ਹਾਂ ਨਾਲ਼ ਕੀਤੀ ਗੱਲਬਾਤ ਦੇ ਕੁੱਝ ਅੰਸ਼:

ਸੁਆਲ: ਹੁਣ ਤੱਕ ਤੁਸੀਂ ਕਿੰਨੇ ਕੁ ਗਾਇਕਾਂ ਨਾਲ ਮਿਲ਼ ਕੇ ਕੈਸੇਟਾਂ ਤੇ ਵਿਡੀਓ ਐਲਬਮਜ਼ ਪੰਜਾਬੀ ਜਗਤ ਦੀ ਝੋਲ਼ੀ ਪਾ ਚੁੱਕੇ ਹੋ?

ਜੁਆਬ: ਮੈਂ ਆਪਣੇ ਕੀਤੇ ਕੰਮ ਦਾ ਕਦੇ ਕੋਈ ਰਿਕਾਰਡ ਨਹੀਂ ਰੱਖਿਆ। ਮੈਨੂੰ ਇਹ ਵੀ ਚੇਤੇ ਨਹੀਂ ਕਿ ਕਿੰਨੇ ਕੁ ਵਿਡੀਓ ਐਲਬਮਜ਼ ਮੈਂ ਤਿਆਰ ਕਰ ਚੁੱਕਾ ਹਾਂ। ਪਰ ਇੰਨਾ ਜ਼ਰੂਰ ਪਤਾ ਹੈ ਕਿ ਹੰਸ ਰਾਜ ਹੰਸ ਤੇ ਗੁਰਦਾਸ ਮਾਨ ਹੁਰਾਂ ਨੂੰ ਛੱਡ ਕੇ ਮੈਂ ਬਾਕੀ ਸਾਰੇ ਗਾਇਕਾਂ ਨਾਲ਼ ਕੰਮ ਕਰ ਚੁੱਕਾ ਹਾਂ। ਮੈਂ ਬੱਸ ਲਗਾਤਾਰ ਕੰਮ ਕਰੀ ਜਾ ਰਿਹਾ ਹਾਂ।

ਸੁਆਲ: ਤੁਸੀਂ ਕਦ ਕੁ ਤੋਂ ਇਸ ਖੇਤਰ ਵਿੱਚ ਹੋ?

ਜੁਆਬ: ਪਹਿਲਾਂ ਤਾਂ ਮੈਂ ਫ਼੍ਰੀਲਾਂਸ ਹੀ ਸਾਂ। ਫਿਰ 2009 'ਚ ਸਾਡੀ ਕੰਪਨੀ 'ਸੋਵੀ ਐਂਟਰਟੇਨਮੈਂਟਸ' ਪ੍ਰਾਈਵੇਟ ਲਿਮਟਿਡ ਹੋ ਗਈ ਸੀ। ਮੈਂ ਇਸ ਕੰਮ ਦੀ ਬਾਕਾਇਦਾ ਪੜ੍ਹਾਈ ਕੀਤੀ ਹੈ ਤੇ ਡਿਗਰੀ ਹਾਸਲ ਕੀਤੀ ਹੈ। ਮੈਂ ਜਦੋਂ ਇੰਗਲੈਂਡ 'ਚ ਪੜ੍ਹਦਾ ਸਾਂ, ਤਦ ਮੇਰਾ ਝੁਕਾਅ ਪਰਦੇ ਪਿਛਲੇ ਇਸ ਐਡਿਟਿੰਗ, ਡਬਿੰਗ ਆਦਿ ਜਿਹੇ ਕੰਮਾਂ ਵੱਲ ਹੋ ਗਿਆ ਸੀ। ਉਥੇ ਹੀ ਮੈਂ ਇਸ ਖੇਤਰ ਦੀ ਬਾਕਾਇਦਾ ਸਿਖਲਾਈ ਵੀ ਲਈ। ਉਂਝ ਹੁਣ ਸਾਡੀ ਅਸਲ ਰਿਹਾਇਸ਼ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਹਾੱਲੀਵੁੱਡ ਸ਼ਹਿਰ ਲਾੱਸ ਏਂਜਲਸ ਤੋਂ 10 ਕੁ ਕਿਲੋਮੀਟਰ ਦੂਰ ਬਰਬੈਂਕ ਵਿਖੇ ਹੈ। ਮੈਂ ਜਦੋਂ ਇੰਗਲੈਂਡ 'ਚ ਸਾਂ, ਤਦ ਉਥੇ ਵੀ ਫ਼ਿਲਮ ਨਿਰਮਾਣ ਦੇ ਖੇਤਰ ਨਾਲ਼ ਜੁੜਿਆ ਰਿਹਾ ਅਤੇ ਫਿਰ ਅਮਰੀਕਾ 'ਚ ਹਾੱਲੀਵੁੱਡ ਵਿਖੇ ਰਹਿੰਦੇ ਹੋਣ ਕਰ ਕੇ ਮਾਹੌਲ ਫ਼ਿਲਮਾਂ ਨਾਲ਼ ਹੀ ਸਬੰਧਤ ਰਿਹਾ।

ਸੁਆਲ: ਤੁਹਾਡੀ ਪਰਵਰਿਸ਼ ਭਾਵੇਂ ਪੱਛਮੀ ਦੇਸ਼ਾਂ 'ਚ ਹੋਈ ਹੈ ਤੇ ਤੁਸੀਂ ਪੜ੍ਹੇ ਵੀ ਇੰਗਲੈਂਡ ਤੇ ਅਮਰੀਕਾ 'ਚ ਹੋ ਪਰ ਤੁਸੀਂ ਇੰਨੀ ਸ਼ੁੱਧ ਪੰਜਾਬੀ ਬੋਲਦੇ ਹੋ ਤੇ ਤੁਸੀਂ ਆਪਣੀ ਰਹਿਣੀ-ਬਹਿਣੀ ਵੀ ਬਹੁਤ ਸਾਦ-ਮੁਰਾਦੀ ਰੱਖੀ ਹੋਈ ਹੈ; ਇਹ ਗੱਲ ਅਜੋਕੇ ਨੌਜਵਾਨਾਂ ਵਿੱਚ ਬਹੁਤ ਘੱਟ ਵੇਖਣ ਨੂੰ ਮਿਲ਼ਦੀ ਹੈ, ਖ਼ਾਸ ਕਰ ਕੇ ਉਨ੍ਹਾਂ 'ਚ ਜੋ ਕੈਨੇਡਾ-ਅਮਰੀਕਾ 'ਚ ਰਹੇ ਹੋਣ।

ਜੁਆਬ: ਜੀ, ਮੈਨੂੰ ਪੰਜਾਬੀ ਸਾਹਿਤ ਨਾਲ ਬਹੁਤ ਲਗਾਅ ਹੈ। ਮੇਰੀ ਕੋਸ਼ਿਸ਼ ਸਦਾ ਪੰਜਾਬੀ ਨੂੰ ਪ੍ਰੋਮੋਟ ਕਰਨ ਦੀ ਰਹਿੰਦੀ ਹੈ, ਇਸੇ ਲਈ ਅਸੀਂ ਭਾਰਤ ਵਾਪਸ ਆਏ ਹਾਂ। ਕੇਵਲ ਪੰਜਾਬੀ ਬੋਲਣ ਨਾਲ਼ ਹੀ ਨਹੀਂ ਗੱਲ ਨਹੀਂ ਬਣਦੀ, ਸਗੋਂ ਤੁਹਾਡੇ ਅੰਦਰ ਵੀ ਪੰਜਾਬੀਅਤ ਹੋਣੀ ਚਾਹੀਦੀ ਹੈ। ਤੁਸੀਂ ਵਾਜਬ ਪੰਜਾਬੀ ਹੋਣੇ ਚਾਹੀਦੇ ਹੋ। ਸਾਨੂੰ ਜਿਹੜੇ ਕਮਰਸ਼ੀਅਲ ਪ੍ਰਾਜੈਕਟ ਮਿਲ਼ਦੇ ਹਨ, ਉਥੇ ਤਾਂ ਸਾਨੂੰ ਜਿਵੇਂ ਵੀ ਆਖਿਆ ਜਾਂਦਾ ਹੈ, ਸਾਨੂੰ ਉਵੇਂ ਹੀ ਕਰਨਾ ਪੈਂਦਾ ਹੈ ਕਿਉਂਕਿ ਉਥੇ ਤਾਂ ਮਜਬੂਰੀ ਹੁੰਦੀ ਹੈ ਪਰ ਜਿੱਥੇ ਕਿਤੇ ਵੀ ਸਾਡੀ ਵਾਹ ਚਲਦੀ ਹੈ, ਉਥੇ ਅਸੀਂ ਪੰਜਾਬੀ ਅਤੇ ਪੰਜਾਬੀਅਤ ਨੂੰ ਹੀ ਮੂਹਰੇ ਰਖਦੇ ਹਾਂ। ਫਿਰ ਉਸ ਪ੍ਰਾਜੈਕਟ 'ਚ ਪੰਜਾਬੀ ਸਾਡੇ ਮਤਲਬ ਦੀ ਗੂੜ੍ਹ ਹੁੰਦੀ ਹੈ ਤੇ ਪਹਿਰਾਵਾ ਵੀ ਪੰਜਾਬੀ ਹੀ ਰੱਖੀਦਾ ਹੈ, ਸੰਗੀਤ ਵੀ ਉਸੇ ਹਿਸਾਬ ਨਾਲ਼ ਪੰਜਾਬੀ ਤੇ ਉਸ ਲਈ ਫ਼ਿਲਮਾਉਣ ਦਾ ਤਰੀਕਾ ਵੀ ਪੰਜਾਬੀ ਹੁੰਦਾ ਹੈ।

ਸੁਆਲ: ਅੱਜ ਕੱਲ੍ਹ ਕਿਹੜੇ ਪ੍ਰਾਜੈਕਟਾਂ ਉਤੇ ਕੰਮ ਕਰ ਰਹੇ ਹੋ?

ਜੁਆਬ: ਇੱਕ ਤਾਂ ਪੰਜਾਬੀ ਫ਼ਿਲਮ 'ਗੇਲੋ' ਦਾ ਕੰਮ ਚੱਲ ਰਿਹਾ ਹੈ। ਇਹ ਫ਼ਿਲਮ ਪੰਜਾਬ ਦੀ ਮਾਲਵਾ ਪੱਟੀ ਦੀ ਕਹਾਣੀ ਉਤੇ ਆਧਾਰਤ ਹੈ। ਇੱਕ ਫ਼ਿਲਮ 'ਖਾੜਕੂਵਾਦ' ਚੱਲ ਰਹੀ ਹੈ। ਇੱਕ ਹੋਰ ਫ਼ਿਲਮ ਵੀ ਹੈ 'ਦਾ ਲਾਸਟ ਕਿੰਗ।' ਇਨ੍ਹਾਂ ਫ਼ਿਲਮਾਂ ਲਈ ਇਸ ਵੇਲੇ ਸਾਡਾ 'ਸੋਵੀ ਐਂਟਰਟੇਨਮੈਂਟਸ ਪ੍ਰਾਈਵੇਟ ਲਿਮਟਿਡ ਸਟੂਡੀਓ' ਲਗਾਤਾਰ ਕੰਮ ਰਿਹਾ ਹੈ। ਅਸੀਂ ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ ਦੋਵੇਂ ਸੰਭਾਲਦੇ ਹਾਂ। ਫ਼ਿਲਮ ਦੀ ਸ਼ੂਟਿੰਗ ਦਾ ਕੰਮ ਵੀ ਅਸੀਂ ਕਰਦੇ ਹਾਂ ਤੇ ਬਾਅਦ ਦਾ ਸੰਪਾਦਨ ਆਦਿ ਦਾ ਤੇ ਫ਼ਿਲਮ ਨੂੰ ਹਰ ਤਰ੍ਹਾਂ ਦੀਆਂ ਅੰਤਿਮ ਛੋਹਾਂ ਦੇਣ ਦਾ ਕੰਮ ਵੀ ਪੂਰਾ ਕਰੀਦਾ ਹੈ।

ਸੁਆਲ: ਅਜੋਕੇ ਪੰਜਾਬੀ ਫ਼ਿਲਮ ਉਦਯੋਗ ਦੀ ਸਥਿਤੀ ਉਤੇ ਕੁੱਝ ਚਾਨਣਾ ਪਾਓ!

ਜੁਆਬ: ਮੁੰਬਈ ਸਥਿਤ ਬਾੱਲੀਵੁੱਡ ਤੇ ਦੱਖਣੀ ਭਾਰਤ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ, ਜਿੱਥੇ ਫ਼ਿਲਮ ਉਦਯੋਗ ਸਭ ਤੋਂ ਵੱਧ ਪ੍ਰਫ਼ੁੱਲਤ ਹੋ ਰਿਹਾ ਹੈ। ਸਾਡੇ ਮੁੰਡੇ-ਕੁੜੀਆਂ ਨੂੰ ਇਹ ਕਿੱਤਾ ਅਪਣਾ ਲੈਣਾ ਚਾਹੀਦਾ ਹੈ - ਤਕਨੀਕੀ ਤੌਰ ਉਤੇ। ਇਸ ਖੇਤਰ 'ਚ ਤਰੱਕੀ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ। ਇਸ ਵੇਲੇ ਕੋਈ ਵੀ ਪੰਜਾਬੀ ਫ਼ਿਲਮ ਘੱਟ ਤੋਂ ਘੱਟ 3 ਤੋਂ ਸਾਢੇ 3 ਕਰੋੜ ਰੁਪਏ ਦੇ ਬਜਟ ਨਾਲ ਬਣਦੀ ਹੈ। ਉਹਦੇ ਲਈ ਘੱਟੋ-ਘੱਟ 100 ਦੇ ਲਗਭਗ ਅਜਿਹੇ ਪੇਸ਼ੇਵਰਾਨਾ ਭਾਵ ਪ੍ਰੋਫ਼ੈਸ਼ਨਲ ਵਿਅਕਤੀ ਚਾਹੀਦੇ ਹੁੰਦੇ ਹਨ; ਤਦ ਜਾ ਕੇ ਫ਼ਿਲਮ ਨਿਰਮਾਣ ਨੇਪਰੇ ਚੜ੍ਹਦਾ ਹੈ। ਉਹ ਕੰਮ ਆਪਣੇ ਮੁੰਡੇ-ਕੁੜੀਆਂ ਨੂੰ ਕਰਨੇ ਚਾਹੀਦੇ ਹਨ। ਉਹ ਕਰ ਕੇ ਲਘੂ ਉਦਯੋਗ ਦੇ ਤੌਰ ਉਤੇ ਵੀ ਫ਼ਿਲਮ ਨਿਰਮਾਣ ਕੀਤਾ ਜਾ ਸਕਦਾ ਹੈ। ਖੇਤੀਬਾੜੀ ਦੇ ਨਾਲ ਵੀ ਇਹ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਹ ਫ਼ੁਲ-ਟਾਈਮ ਜਾੱਬ ਨਹੀਂ ਹੈ। ਖੇਤੀਬਾੜੀ ਦੇ ਨਾਲ਼ ਹੀ ਇਸ ਕੰਮ ਨੂੰ ਅਪਣਾ ਲੈਣ। ਇੰਨਾ ਜ਼ਿਆਦਾ ਕੰਮ ਹੈ; ਮਿਸਾਲ ਦੇ ਤੌਰ ਉਤੇ ਇੱਕ ਮੇਕਅਪ ਵਾਲ਼ਾ ਇੱਕ ਦਿਨ ਦੇ 4,000/- ਰੁਪਏ ਵਸੂਲ ਕਰਦਾ ਹੈ। ਇਸੇ ਤਰ੍ਹਾਂ ਕੈਮਰਾਮੈਨ ਇੱਕ ਦਿਨ ਦਾ ਚਾਰ ਤੋਂ ਪੰਜ ਹਜ਼ਾਰ ਰੁਪਏ ਲੈਂਦਾ ਹੈ। ਅਸੀਂ ਅਜਿਹੇ ਵਿਅਕਤੀਆਂ ਨੂੰ ਬਾਹਰੋਂ ਸੱਦਦੇ ਹਨ। ਜੇ ਸਾਡੇ ਮੁੰਡੇ-ਕੁੜੀਆਂ ਇਹ ਕੁੱਝ ਸਿੱਖ ਲੈਣ, ਤਾਂ ਫਿਰ ਸਾਨੂੰ ਬਾਹਰੋਂ ਅਜਿਹੇ ਤਕਨੀਕੀ ਹੱਥ ਮੰਗਵਾਉਣ ਦੀ ਲੋੜ ਨਹੀਂ ਰਹੇਗੀ। ਇਹ ਸਾਰੇ ਕੋਰਸ ਤਿੰਨ-ਤਿੰਨ ਮਹੀਨਿਆਂ ਤੋਂ ਲੈ ਕੇ ਛੇ-ਛੇ ਮਹੀਨਿਆਂ ਤੱਕ ਦੇ ਹੀ ਹਨ ਤੇ ਇਨ੍ਹਾਂ ਨੂੰ ਕਰਨਾ ਬਹੁਤ ਆਸਾਨ ਵੀ ਹੈ। ਉਹ ਅਜਿਹੇ ਕੋਰਸ ਕਰ ਕੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਦਾਖ਼ਲ ਹੋ ਜਾਣ। ਫਿਰ ਉਨ੍ਹਾਂ ਦੀ ਮੰਗ ਬਾੱਲੀਵੁੱਡ ਤੇ ਦੱਖਣੀ ਭਾਰਤ ਦੇ ਫ਼ਿਲਮ ਉਦਯੋਗ ਤੱਕ ਵੀ ਹੋ ਸਕੇਗੀ। ਜਿਵੇਂ ਅਸੀਂ ਹੁਣ ਉਥੋਂ ਵਧੀਆ ਤਕਨੀਕੀ ਤੇ ਪੇਸ਼ੇਵਰਾਨਾ ਵਿਅਕਤੀਆਂ ਨੂੰ ਸੱਦਦੇ ਹਾਂ, ਤਾਂ ਉਹ ਵੀ ਸਾਡੇ ਵਧੀਆ ਬੰਦਿਆਂ ਨੂੰ ਜ਼ਰੂਰ ਸੱਦਣਗੇ। ਮੁੰਬਈ ਦੇ ਬਾੱਲੀਵੁੱਡ ਤੋਂ ਸਾਡੇ ਕੋਲ਼ ਸਿੱਧਾ ਕੰਮ ਵੀ ਆ ਸਕਦਾ ਹੈ। ਪੋਸਟ-ਪ੍ਰੋਡਕਸ਼ਨ ਦੇ ਬਹੁਤ ਸਾਰੇ ਕੰਮ ਅਜਿਹੇ ਹਨ। ਪੰਜਾਬੀ ਮੁੰਡੇ-ਕੁੜੀਆਂ ਜੇ ਅਜਿਹਾ ਉਦਮ ਕਰਦੇ ਹਨ, ਤਾਂ ਉਸ ਨਾਲ਼ ਨਿਸ਼ਚਤ ਤੌਰ ਉਤੇ ਪੰਜਾਬ ਦਾ 'ਫ਼ਿਲਮ ਟੂਰਿਜ਼ਮ' ਵਧ ਜਾਵੇਗਾ। ਹੁਣ ਕੀ ਹੋ ਰਿਹਾ ਹੈ ਕਿ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਵੰਡਿਆ ਜਾ ਰਿਹਾ ਹੈ ਪਰ ਜੇ ਬਾਹਰੋਂ ਪੈਸਾ ਆਵੇਗਾ, ਤਾਂ ਨਿਸ਼ਚਤ ਤੌਰ ਉਤੇ ਪੰਜਾਬ ਵੀ ਅੱਗੇ ਵਧੇਗਾ। ਸਾਡੇ ਸੂਬੇ ਦੀ ਅਰਥ ਵਿਵਸਥਾ ਪ੍ਰਫ਼ੁੱਲਤ ਹੋਵੇਗੀ। ਹੁਣ ਜਦੋਂ ਅਸੀਂ ਮੁੰਬਈ ਜਾਂਦੇ ਹਾਂ, ਤਾਂ ਅਸੀਂ ਕਦੇ ਵੀ ਆਪਣੇ ਨਾਲ਼ ਕੈਮਰੇ ਜਾਂ ਕੈਮਰਾਮੈਨ ਨਹੀਂ ਲੈ ਕੇ ਜਾਂਦੇ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸਭ ਉਥੋਂ ਆਸਾਨੀ ਨਾਲ਼ ਮਿਲ਼ ਜਾਣਾ ਹੈ। ਇੰਝ ਹੀ ਸਾਡੇ ਪੰਜਾਬ ਵਿੱਚ ਵੀ ਚਾਹੀਦਾ ਹੈ; ਸਮੁੱਚੇ ਭਾਰਤ ਵਾਸੀਆਂ ਨੂੰ ਇਹ ਪਤਾ ਹੋਵੇ ਕਿ ਪੰਜਾਬ 'ਚ ਫ਼ਿਲਮ ਨਿਰਮਾਣ ਦੇ ਹਰ ਤਰ੍ਹਾਂ ਦੇ ਉਪਕਰਣ ਵੀ ਉਪਲਬਧ ਹਨ ਤੇ ਤਕਨੀਕੀ ਪੇਸ਼ੇਵਰਾਨਾ ਵਿਅਕਤੀ ਵੀ। ਤਦ ਇਹ ਉਦਯੋਗ ਆਪੇ ਅੱਗੇ ਵਧਣਾ ਹੈ। ਜਿਹੜੇ ਨੌਜਵਾਨਾਂ ਕੋਲ਼ ਕੁੱਝ ਪੈਸਾ ਹੈ, ਉਹ ਇਸ ਉਦਯੋਗ ਨਾਲ਼ ਸਬੰਧਤ ਉਪਕਰਣ ਤੇ ਹੋਰ ਯੰਤਰ ਖ਼ਰੀਦ ਲੈਣ, ਸਟੂਡੀਓ ਬਣਾ ਲੈਣ ਅਤੇ ਜਿਨ੍ਹਾਂ ਕੋਲ਼ ਤਕਨੀਕੀ ਹੁਨਰ ਹੈ, ਉਹ ਉਨ੍ਹਾਂ ਸਟੂਡੀਓਜ਼ ਵਿੱਚ ਟੈਕਨੀਸ਼ੀਅਨ ਵਜੋਂ ਵਿਚਰਨ। ਇੰਝ ਬਹੁਤ ਸਾਰਾ 'ਸਾਈਡ ਬਿਜ਼ਨੇਸ' ਵਿਕਸਤ ਹੋ ਸਕਦਾ ਹੈ।

ਸੁਆਲ: ਹੁਣ ਪੰਜਾਬੀ ਫ਼ਿਲਮਾਂ ਜਿਸ ਮਿਆਰੀ ਪੱਧਰ ਉਤੇ ਪੁੱਜ ਗਈਆਂ ਹਨ, ਤੁਹਾਨੂੰ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਲਗਦਾ ਹੈ?

ਜੁਆਬ: ਮੈਂ ਕਿਉਂਕਿ ਫ਼ਿਲਮ ਨਿਰਮਾਣ ਦੇ ਖੇਤਰ ਨਾਲ਼ ਬਹੁਤ ਨੇੜੇ ਤੋਂ ਜੁੜਿਆ ਰਿਹਾ ਹਾਂ ਤੇ ਕਈ ਡਾਇਰੈਕਟਰਾਂ ਨਾਲ਼ ਕੰਮ ਕਰ ਚੁੱਕਾ ਹੈ ਅਤੇ ਕਰ ਰਿਹਾ ਹਾਂ। ਹੁਣ ਪੰਜਾਬੀ ਫ਼ਿਲਮ ਉਦਯੋਗ ਬਹੁਤ ਵਧੀਆ ਤਰੀਕੇ ਨਾਲ਼ ਪਾਲਿਸ਼ ਹੋ ਗਿਆ ਹੈ। ਚੰਗੀਆਂ ਫ਼ਿਲਮਾਂ ਬਣਨ ਲੱਗ ਪਈਆਂ ਹਨ, ਬਕਵਾਸਬਾਜ਼ੀ ਲੱਗਭਗ ਬੰਦ ਹੋ ਚੁੱਕੀ ਹੈ ਤੇ ਮਾੜੀ-ਮੋਟੀ ਜਿਹੜੀ ਰਹਿ ਗਈ ਹੈ, ਉਹ ਵੀ ਛੇਤੀ ਹੀ ਬੰਦ ਹੋ ਜਾਵੇਗੀ। ਕਿਉਂਕਿ ਫ਼ਿਲਮ ਲਈ ਵੱਡਾ ਬਜਟ ਚਾਹੀਦਾ ਹੈ, ਵੱਡਾ ਬਜਟ ਉਹੀ ਲਾਏਗਾ ਜਿਹੜਾ ਤਕਨੀਕੀ ਪੱਖੋਂ ਮਜ਼ਬੂਤ ਹੋਵੇਗਾ। ਜਿਸ ਨੂੰ ਸੱਚਮੁਚ ਗਿਆਨ ਹੈ, ਉਹੀ ਫ਼ਿਲਮਾਂ ਬਣਾਏਗਾ - ਆਮ ਆਦਮੀ ਪਿੱਛੇ ਹਟ ਜਾਵੇਗਾ। ਇਸੇ ਲਈ ਹੁਣ ਵਧੀਆ ਫ਼ਿਲਮਾਂ ਵੇਖਣ ਨੂੰ ਮਿਲ਼ ਰਹੀਆਂ ਹਨ। ਇਸ ਸਾਲ 2016 ਤੇ ਅਗਲੇ 2017 ਸਾਲ 'ਚ ਤੁਹਾਨੂੰ ਹੋਰ ਵੀ ਜ਼ਿਆਦਾ ਸੁਲਝੀਆਂ ਹੋਈਆਂ ਫ਼ਿਲਮਾਂ ਵੇਖਣ ਨੂੰ ਮਿਲਣਗੀਆਂ, ਰੂਟੀਨ ਤੋਂ ਘਟ ਕੇ। ਸਕ੍ਰਿਪਟਿੰਗ ਦੀ ਘਾਟ ਸੀ ਪੰਜਾਬ 'ਚ ਪਰ ਹੁਣ ਵਧੀਆ-ਵਧੀਆ ਸਕ੍ਰਿਪਟ ਵੇਖਣ ਨੂੰ ਮਿਲਦੀ ਹੈ। ਹੁਣ ਸੱਚਮੁਚ ਪੰਜਾਬੀ ਫ਼ਿਲਮ ਉਦਯੋਗ 'ਚ ਬਹੁਤ ਸੁਧਾਰ ਵੇਖਣ ਨੂੰ ਮਿਲ਼ ਰਿਹਾ ਹੈ।

ਸੁਆਲ: ਕੀ ਪੰਜਾਬ ਸਰਕਾਰ ਸੂਬੇ ਦੇ ਫ਼ਿਲਮ ਉਦਯੋਗ ਨੂੰ ਕੋਈ ਸਹਿਯੋਗ ਦੇ ਰਹੀ ਹੈ?

ਜੁਆਬ: ਹਾਲ਼ੇ ਤੱਕ ਤਾਂ ਨਹੀਂ ਦੇ ਰਹੀ ਪਰ ਪੰਜਾਬ ਸਰਕਾਰ ਦੀਆਂ ਅਜਿਹੀਆਂ ਕਈ ਨੀਤੀਆਂ ਹਨ, ਬੱਸ ਉਨ੍ਹਾਂ ਨੂੰ ਸਹੀ ਤਰੀਕੇ ਲਾਗੂ ਕਰਨ ਦੀ ਲੋੜ ਹੈ। ਕੁੱਝ ਸਾਨੂੰ ਤੇ ਸਾਡੀਆਂ ਪੰਜਾਬੀ ਫ਼ਿਲਮਾਂ ਨੂੰ ਟੈਕਸ ਦੀ ਮੁਆਫ਼ੀ ਮਿਲ਼ ਜਾਵੇ। ਜੇ ਥੋੜ੍ਹਾ ਜਿੰਨਾ ਵੀ ਟੈਕਸ ਮੁਆਫ਼ ਹੋ ਜਾਵੇ, ਤਦ ਫ਼ਿਲਮ ਨਿਰਮਾਣ ਯਕੀਨੀ ਤੌਰ ਉਤੇ ਵਧ ਜਾਵੇਗਾ। ਸਰਕਾਰ ਸਟੂਡੀਓ ਤਿਆਰ ਕਰਨ ਲਈ ਕੁੱਝ ਕਰਜ਼ਾ ਮੁਹੱਈਆ ਕਰਵਾਏ। ਸਰਕਾਰ ਪੰਜ ਤੋਂ 10 ਲੱਖ ਰੁਪਏ ਤੱਕ ਦੇ ਅਜਿਹੇ ਛੋਟੇ-ਛੋਟੇ ਸਬਸਿਡੀ ਆਧਾਰਤ ਕਰਜ਼ਿਆਂ ਦੇ ਪ੍ਰੋਗਰਾਮ ਚਲਾਵੇ ਤਾਂ ਇਹ ਫ਼ਿਲਮ ਉਦਯੋਗ ਤੇ ਸਾਡਾ ਸੂਬਾ ਪੰਜਾਬ ਹੋਰ ਵੀ ਜ਼ਿਆਦਾ ਪ੍ਰਗਤੀ ਕਰ ਸਕਦਾ ਹੈ। ਸਰਕਾਰ ਫ਼ਿਲਮ ਨਿਰਮਾਣ ਨੂੰ ਕਿੱਤਾ-ਮੁਖੀ ਭਾਵ ਵੋਕੇਸ਼ਨਲ ਪ੍ਰੋਗਰਾਮਾਂ ਦੀ ਸ਼੍ਰੇਣੀ ਵਿੱਚ ਪਾਵੇ ਤੇ ਆਈ.ਟੀ.ਆਈਜ਼ ਜਿਹੇ ਸੰਸਥਾਨਾਂ ਵਿੱਚ ਇਸ ਦੇ ਕੋਰਸ ਅਰੰਭੇ ਜਾਣ। ਅਜਿਹੇ ਕੋਰਸ ਜ਼ਿਲ੍ਹਾ ਪੱਧਰ ਉਤੇ ਬਿਲਕੁਲ ਉਵੇਂ ਹੀ ਚਲਾਏ ਜਾਣੇ ਚਾਹੀਦੇ ਹਨ, ਜਿਵੇਂ ਕਿ ਡੇਅਰੀ ਫ਼ਾਰਮ ਦੇ ਕੋਰਸ ਹੁੰਦੇ ਹਨ। ਸਰਕਾਰ ਫ਼ਿਲਮ ਨਿਰਮਾਣ ਨਾਲ਼ ਸਬੰਧਤ ਜਿਵੇਂ ਕੈਮਰਾਮੈਨ, ਮੇਕਅਪ, ਲਾਈਟਿੰਗ (ਰੌਸ਼ਨੀ ਵਿਵਸਥਾ) ਆਦਿ ਦੇ ਤਿੰਨ-ਤਿੰਨ ਤੇ ਚਾਰ-ਚਾਰ ਹਫ਼ਤਿਆਂ ਦੇ ਕੋਰਸ ਕਰਵਾਏ ਬਹੁਤ ਘੱਟ ਫ਼ੀਸਾਂ ਉਤੇ। ਸਾਡੇ ਮੁੰਡੇ-ਕੁੜੀਆਂ ਨੂੰ ਇਹੋ ਗੱਲ ਸਮਝ ਨਹੀਂ ਲੱਗ ਰਹੀ ਹੈ ਕਿ ਇਹ ਕੋਰਸ ਸਿੱਖਣੇ ਕਿੱਥੋਂ ਹਨ। ਵੱਡੇ ਸੰਸਥਾਨਾਂ ਵਿੱਚ ਜਾ ਕੇ ਪੜ੍ਹਨਾ ਬਹੁਤ ਜ਼ਿਆਦਾ ਮਹਿੰਗਾ ਹੈ ਪਰ ਜੇ ਸਰਕਾਰ ਫ਼ਿਲਮ ਨਿਰਮਾਣ ਨੂੰ ਕਿੱਤਾਮੁਖੀ ਕੋਰਸਾਂ ਵਿੱਚ ਸ਼ਾਮਲ ਕਰ ਲਵੇ, ਤਾਂ ਨਿਸ਼ਚਤ ਤੌਰ ਉਤੇ ਪੰਜਾਬ ਦਾ ਇਹ ਉਦਯੋਗ ਸਾਨੂੰ ਬਹੁਤ ਕੁੱਝ ਦੇ ਸਕਦਾ ਹੈ। ਇਹ ਗੱਲ ਨਿਸ਼ਚਤ ਹੈ ਕਿ ਸਰਕਾਰ ਨੂੰ ਇਸ ਉਦਯੋਗ ਨੂੰ ਕਦੇ ਅੱਖੋਂ ਪ੍ਰੋਖੇ ਨਹੀਂ ਕਰਨਾ ਚਾਹੀਦਾ। ਇਸ ਵੇਲੇ ਇਹ ਉਦਯੋਗ 300 ਕਰੋੜ ਰੁਪਏ ਤੋਂ ਵੱਧ ਦਾ ਹੈ ਤੇ ਇਸ ਦੇ ਕਿਤੇ ਹੋਰ ਨਵੇਂ ਸਿਖ਼ਰਾਂ ਤੱਕ ਪੁੱਜਣ ਦੀਆਂ ਸੰਭਾਵਨਾਵਾਂ ਬਹੁਤ ਪ੍ਰਬਲ ਹਨ।

ਸੁਆਲ: ਦੋ-ਅਰਥੀ ਗੀਤ ਗਾਉਣ ਵਾਲ਼ੇ ਗਾਇਕ ਬਾਰੇ ਕੀ ਆਖਣਾ ਚਾਹੋਗੇ?

ਜੁਆਬ: ਉਨ੍ਹਾਂ ਦਾ ਪੱਧਰ ਬਹੁਤ ਨੀਵਾਂ ਹੈ ਅਤੇ ਕੁੱਝ ਮੁੱਠੀ ਭਰ ਨੀਵੇਂ ਪੱਧਰ ਲਈ ਹੀ ਉਹ ਗਾ ਰਹੇ ਹਨ। ਉਹ ਕੇਵਲ ਛੇਤੀ ਤੇ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਜਿਹਾ ਕੁੱਝ ਕਰਦੇ ਹਨ। ਪਰ ਜੇ ਤੁਸੀਂ ਚੰਗਾ ਕੰਮ ਕਰੋਗੇ, ਸ਼ੋਹਰਤ ਤਾਂ ਤੁਹਾਨੂੰ ਤਦ ਵੀ ਮਿਲ਼ ਜਾਣੀ ਹੈ। ਸਾਨੂੰ ਇਨ੍ਹਾਂ ਅਖੌਤੀ ਦੋ-ਅਰਥੀ ਕਲਾਕਾਰਾਂ ਤੋਂ ਬਚਾਅ ਕਰਨਾ ਚਾਹੀਦਾ ਹੈ। ਹੁਣ ਲੋਕ ਬਹੁਤ ਸੁਧਰ ਚੁੱਕੇ ਹਨ। ਅਜਿਹੇ ਘਟੀਆ ਪੱਧਰ ਦੇ ਗਾਇਕ ਬਹੁਤ ਘੱਟ ਲੋਕਾਂ ਲਈ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਆਪਣੇ ਅਜਿਹੇ ਅਭਿਆਸ ਬੰਦ ਕਰ ਦੇਣੇ ਚਾਹੀਦੇ ਹਨ। ਮੈਂ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਕਰਦਾ। ਚੰਗੇ ਕੰਮ ਦੇ ਦਰਸ਼ਕਾਂ ਦੀ ਗਿਣਤੀ ਅਥਾਹ ਅਤੇ ਅਨੰਤ ਹੈ। ਮਾੜੇ ਕੰਮ ਦੇ ਦਰਸ਼ਕ ਨਾਮਾਤਰ ਹੀ ਹਨ। ਉਹੋ ਜਿਹੇ ਕੰਮਾਂ ਨਾਲ਼ ਅਜਿਹੇ ਕਲਾਕਾਰਾਂ ਦੀ ਹੁਣ ਤਰੱਕੀ ਹੋਣੀ ਅਸੰਭਵ ਹੋ ਗਈ ਹੈ। ਉਨ੍ਹਾਂ ਨੂੰ ਹੁਣ ਵਧੀਆ ਕੰਮਾਂ ਵੱਲ ਮੋੜਾ ਕੱਟ ਲੈਣਾ ਚਾਹੀਦਾ ਹੈ।

ਸੁਆਲ: ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ, ਉਨ੍ਹਾਂ ਬਾਰੇ ਆਪਣੇ ਵਿਚਾਰ 'ਅਦਬੀ ਸਾਂਝ' ਦੇ ਪਾਠਕਾਂ ਨਾਲ਼ ਸਾਂਝੇ ਕਰੋ। ਤੁਸੀਂ ਆਪਣੇ ਪੱਧਰ ਉਤੇ ਅਜਿਹੇ ਨੌਜਵਾਨਾਂ ਨੂੰ ਬਚਾਉਣ ਲਈ ਕੀ ਉਦਮ ਕਰ ਰਹੇ ਹੋ?

ਜੁਆਬ: ਉਨ੍ਹਾਂ ਲਈ ਮੈਨੂੰ ਬਹੁਤ ਅਫ਼ਸੋਸ ਹੈ, ਅਜਿਹਾ ਕਦੇ ਹੋਣਾ ਹੀ ਨਹੀਂ ਸੀ ਚਾਹੀਦਾ। ਸਾਨੂੰ ਜਦੋਂ ਵੀ ਕਦੇ ਕਿਸੇ ਮਰਦ ਜਾਂ ਇਸਤ੍ਰੀ ਗਾਇਕ/ਗਾਇਕਾ ਨਾਲ਼ ਨਸ਼ਿਆਂ ਵਿਰੁੱਧ ਕੋਈ ਗੀਤ ਤਿਆਰ ਕਰਨ ਦਾ ਮੌਕਾ ਮਿਲ਼ਦਾ ਹੈ, ਤਾਂ ਅਸੀਂ ਉਸ ਦਾ ਸੰਗੀਤ ਬਿਲਕੁਲ ਮੁਫ਼ਤ ਦਿੰਦੇ ਹਾਂ, ਸਾਡੇ ਵੱਲੋਂ ਰਿਕਾਰਡਿੰਗ ਵੀ ਮੁਫ਼ਤ ਹੁੰਦੀ ਹੈ। ਸਾਡੇ ਵੱਲੋਂ ਅਜਿਹੇ ਕਿਸੇ ਵੀ ਪ੍ਰਾਜੈਕਟ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਉਪਰਾਲਾ ਸਦਾ ਹੀ ਬਣਿਆ ਰਹਿੰਦਾ ਹੈ। ਮੈਂ ਨਿਜੀ ਤੌਰ ਉਤੇ ਆਪ ਨਸ਼ਿਆਂ ਦੇ ਬਹੁਤ ਸਖ਼ਤ ਖ਼ਿਲਾਫ਼ ਹਾਂ। ਨਸ਼ਿਆਂ ਵਿਰੁੱਧ ਕਿਸੇ ਵੀ ਗਤੀਵਿਧੀ ਲਈ ਮੈਂ ਸਦਾ ਅੱਗੇ ਖੜ੍ਹਾ ਹਾਂ। ਸਾਡੀਆਂ ਦੋ ਨਿੱਕੀਆਂ ਫ਼ਿਲਮਾਂ ਇਸੇ ਸਮੱਸਿਆ ਉਤੇ ਹੀ ਹਨ। ਮੇਰੇ ਬੇਟਾ-ਬੇਟੀ ਵੀ ਇਸ ਸਮੱਸਿਆ ਉਤੇ ਕਈ ਸਟੇਜ ਪ੍ਰੋਗਰਾਮ ਕਰ ਚੁੱਕੇ ਹਨ। ਮੈਂ ਖ਼ੁਦ ਲਿਖਦਾ ਹਾਂ। ਮੈਂ ਵਪਾਰਕ ਤੌਰ ਉਤੇ ਤਾਂ ਨਹੀਂ ਲਿਖਦਾ ਪਰ ਅਜਿਹੇ ਗੰਭੀਰ ਕਿਸਮ ਦੇ ਮੁੱਦਿਆਂ ਉਤੇ ਮੈਂ ਜ਼ਰੂਰ ਆਪਣੀ ਕਲਮ ਵਾਹੁੰਦਾ ਹਾਂ। ਮੇਰੀ ਸਦਾ ਇਹੋ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਸੁਧਾਰ ਵਿੱਚ ਆਪਣਾ ਯੋਗਦਾਨ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਪਾਈਏ।

ਸੁਆਲ: ਪੰਜਾਬੀ ਸਾਹਿਤ ਨਾਲ਼ ਕਿੰਨੀ ਕੁ ਸਾਂਝ ਰਖਦੇ ਹੋ?

ਜੁਆਬ: ਮੈਨੂੰ ਪੰਜਾਬੀ ਸਾਹਿਤ ਨਾਲ਼ ਬਹੁਤ ਪਿਆਰ ਹੈ। ਮੈਨੂੰ ਪੜ੍ਹਨਾ ਬਹੁਤ ਚੰਗਾ ਲਗਦਾ ਹੈ। ਮੈਨੂੰ ਟੀ.ਵੀ. ਵੇਖਣ ਦਾ ਤਾਂ ਸਮਾਂ ਨਹੀਂ ਹੁੰਦਾ ਪਰ ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਹੈ। ਸਾਰਾ ਦਿਨ ਆਊਟਡੋਰ ਸ਼ੂਟਿੰਗਾਂ 'ਚ ਰੁੱਝੇ ਰਹੀਦਾ ਹੈ ਪਰ ਘਰ ਆਉਣ 'ਤੇ ਜੇ ਮੈਨੂੰ ਥੋੜ੍ਹਾ ਜਿੰਨਾ ਵੀ ਸਮਾਂ ਮਿਲ਼ੇ, ਤਾਂ ਮੈਂ ਕੁੱਝ ਨਾ ਕੁੱਝ ਵਧੀਆ ਸਾਹਿਤ ਜ਼ਰੂਰ ਪੜ੍ਹਦਾ ਹਾਂ। ਆਊਟਡੋਰ ਕੰਮ ਕਰਦੇ ਸਮੇਂ ਮੇਰੀ ਜ਼ਿਆਦਾਤਰ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਮੈਂ ਘਰ ਦਾ ਹੀ ਬਣਿਆ ਖਾਣਾ ਲੈ ਕੇ ਜਾਵਾਂ ਪਰ ਇਸ ਕੰਮ 'ਚ ਹਰ ਵਾਰ ਏਦਾਂ ਕਰਨਾ ਸੰਭਵ ਵੀ ਨਹੀਂ ਹੁੰਦਾ।

ਸੁਆਲ: ਤੁਹਾਡਾ ਤਾਂ ਕੈਨੇਡਾ-ਅਮਰੀਕਾ 'ਚ ਆਉਣ ਜਾਣ ਲੱਗਾ ਹੀ ਰਹਿੰਦਾ ਹੈ; ਇਹ ਦੱਸੋ ਕਿ ਉਥੋਂ ਦੇ ਲੋਕਾਂ ਦੇ, ਖ਼ਾਸ ਕਰ ਕੇ ਨੌਜਵਾਨਾਂ ਦੇ ਖਾੜਕੂਵਾਦ ਬਾਰੇ ਕੀ ਵਿਚਾਰ ਹਨ?

ਜੁਆਬ: ਮੈਨੂੰ ਉਥੇ ਕਦੇ ਕੋਈ ਵੀ ਅਜਿਹਾ ਵਿਅਕਤੀ ਨਹੀਂ ਮਿਲ਼ਿਆ ਜਿਹੜਾ ਕਦੇ ਖਾੜਕੂਵਾਦ ਨਾਲ਼ ਸਬੰਧਤ ਰਿਹਾ ਹੋਵੇ। ਜਿਹੜੇ ਕੁੱਝ ਲੋਕ ਬਹੁਤ ਪੁਰਾਣੇ ਉਨ੍ਹਾਂ ਦੇਸ਼ਾਂ ਵਿੱਚ ਗਏ ਹੋਏ ਹਨ, ਉਨ੍ਹਾਂ ਦੇ ਵਿਚਾਰ ਅਜਿਹੇ ਹੋ ਸਕਦੇ ਹਨ; ਉਨ੍ਹਾਂ 'ਚੋਂ ਕੁੱਝ ਜ਼ਰੂਰ ਅਜਿਹੀਆਂ ਗੱਲਾਂ ਨਾਲ਼ ਜੁੜੇ ਹੋਏ ਹਨ। ਜਿਹੜੇ ਪੰਜਾਬੀ ਨੌਜਵਾਨ ਮੁੰਡੇ ਤੇ ਕੁੜੀਆਂ ਉਥੇ ਪੜ੍ਹਨ ਲਈ ਗਏ ਹਨ; ਉਹ ਤਾਂ ਲਗਭਗ ਸਾਰੇ ਕੰਮਾਂ-ਕਾਰਾਂ 'ਚ ਲੱਗੇ ਹੋਏ ਹਨ ਤੇ ਪੂਰੀ ਤਰ੍ਹਾਂ ਵਿਵਹਾਰਕ ਹਨ। ਉਹ ਅਜਿਹੀਆਂ ਗੱਲਾਂ ਤੋਂ ਸੱਚਮੁਚ ਕੋਹਾਂ ਦੂਰ ਹਨ। ਮੈਨੂੰ ਕੋਈ ਅਜਿਹਾ ਵਿਅਕਤੀ ਨਹੀਂ ਟੱਕਰਿਆ। ਇਸੇ ਲਈ ਮੈਨੂੰ ਨਹੀਂ ਲਗਦਾ ਕਿ ਖਾੜਕੂਵਾਦ ਜਿਹੀ ਕੋਈ ਲਹਿਰ ਇਸ ਵੇਲੇ ਪੰਜਾਬੀਆਂ 'ਚ ਚੱਲ ਰਹੀ ਹੈ ਜਾਂ ਆਉਣ ਵਾਲ਼ੀ ਹੈ; ਮੈਂ ਤਾਂ ਇਸ ਨੂੰ ਮੁੱਢੋਂ ਹੀ ਨਕਾਰਦਾ ਹਾਂ।

ਸੁਆਲ: ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਸਬੰਧਾਂ ਬਾਰੇ ਕੀ ਸੋਚਦੇ ਹੋ? ਸਾਡੇ ਪੰਜਾਬੀ ਉਧਰ ਵੀ ਬਹੁਤ ਵੱਡੀ ਗਿਣਤੀ 'ਚ ਵਸਦੇ ਹਨ।

ਜੁਆਬ: ਤੁਹਾਨੂੰ ਪਤਾ ਹੀ ਹੈ ਕਿ ਮੇਰਾ ਤਾਂ ਪਿਛੋਕੜ ਹੀ ਲਾਹੌਰ-ਗੁਜਰਾਂਵਾਲ਼ਾ ਦਾ ਹੈ। ਮੈਂ ਤਾਂ ਇੱਥੋਂ ਤੱਕ ਕਹਿਣਾ ਚਾਹੁੰਦਾ ਹਾਂ ਕਿ ਕਾਸ਼ ਭਾਰਤ ਅਤੇ ਪਾਕਿਸਤਾਨ ਇੱਕ ਦਿਨ ਜ਼ਰੂਰ ਇੱਕਜੁਟ ਹੋ ਜਾਣ। ਪਰ ਜੇ ਪਾਕਿਸਤਾਨ ਦੇ ਕੁੱਝ ਅਨਸਰਾਂ ਨੇ ਦਹਿਸ਼ਤਗਰਦੀ ਦਾ ਪੱਲਾ ਨਹੀਂ ਛੱਡਣਾ, ਤਦ ਤਾਂ ਫਿਰ ਅਜਿਹੀ ਇੱਕਜੁਟਤਾ ਸਾਨੂੰ ਨਹੀਂ ਚਾਹੀਦੀ ਪਰ ਜੇ ਸਭ ਕੁੱਝ ਸਾਫ਼-ਸੁਥਰਾ ਰਹੇ, ਤਾਂ ਮੇਰੇ ਖ਼ਿਆਲ ਮੁਤਾਬਕ ਤਾਂ ਭਾਰਤ ਤੇ ਪਾਕਿਸਤਾਨ ਦੋ ਨਹੀਂ, ਸਗੋਂ ਇੱਕ ਦੇਸ਼ ਹੋਣੇ ਚਾਹੀਦੇ ਹਨ। ਮੇਰੇ ਦਿਲੀ ਤਮੰਨਾ ਹੈ ਕਿ ਮੈਂ ਉਨ੍ਹਾਂ ਇਲਾਕਿਆਂ ਨੂੰ ਜਾ ਕੇ ਵੇਖਾਂ। ਹਾਲ਼ੇ ਤੱਕ ਮੈਂ ਕਦੇ ਵੀ ਪਾਕਿਸਤਾਨ ਨਹੀਂ ਗਿਆ ਤੇ ਇਹ ਇੱਛਾ ਸਦਾ ਹੀ ਬਣੀ ਰਹਿੰਦੀ ਹੈ ਕਿ ਆਪਣੇ ਭਰਾਵਾਂ ਨੂੰ ਵੇਖ ਕੇ ਆਈਏ। ਕਦੇ ਮੌਕਾ ਮਿਲਿਆ ਤਾਂ ਜ਼ਰੂਰ ਜਾਵਾਂਗਾ।

ਸੁਆਲ: 'ਅਦਬੀ ਸਾਂਝ' ਦੇ ਪਾਠਕਾਂ ਨੂੰ ਤੁਹਾਡਾ ਕੋਈ ਸੁਨੇਹਾ?

ਜੁਆਬ: ਮੇਰੀ ਸਮੂਹ ਪੰਜਾਬੀਆਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਸਦਾ ਵਧੀਆ ਲਿਖਤਾਂ ਤੇ ਚੰਗਾ ਸਾਹਿਤ ਹੀ ਪੜ੍ਹਨ। ਮੈਂ ਸਦਾ ਇਹੋ ਕਹਿੰਦਾ ਹਾਂ ਕਿ ਕਿਤਾਬਾਂ ਵੱਡੇ ਪੱਧਰ ਉਤੇ ਪੜ੍ਹਨੀਆਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਪਰ ਦੁੱਖ ਦੀ ਗੱਲ ਇਹ ਹੈ ਕਿ ਲੋਕਾਂ 'ਚ ਪੜ੍ਹਨ ਦੀ ਰੁਚੀ ਹੌਲ਼ੀ-ਹੌਲ਼ੀ ਘਟਦੀ ਜਾ ਰਹੀ ਹੈ। ਅਸੀਂ ਸਰੋਤੇ ਬਣ ਗਏ ਹਨ। ਸਰੋਤਿਆਂ ਅਤੇ ਪਾਠਕਾਂ ਵਿੱਚ ਜ਼ਮੀਨ-ਆਕਾਸ਼ ਜਿੰਨਾ ਫ਼ਰਕ ਹੁੰਦਾ ਹੈ। ਸਾਹਿਤਕ ਬੰਦਾ ਸਦਾ ਪੜ੍ਹੇਗਾ, ਸਾਨੂੰ ਜ਼ਰੂਰ ਹੀ ਸਾਹਿਤਕ ਬਣਨ ਦੀ ਲੋੜ ਹੈ। ਸਾਨੂੰ ਸਦਾ ਚੰਗਾ ਪੜ੍ਹਨ ਤੇ ਆਪਣੀ ਸੋਚ ਹਾਂ-ਪੱਖੀ ਭਾਵ ਪਾੱਜ਼ਿਟਿਵ ਰੱਖਣੀ ਚਾਹੀਦੀ ਹੈ। ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਹੈ। ਮੀਡੀਆ 'ਚ ਜਿਹੜੇ ਕੁੱਝ ਲੋਕ ਗ਼ਲਤ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ। ਜੋ ਦਰਸ਼ਕ ਮੰਗ ਰਹੇ ਹਨ ਅਸੀਂ ਉਹ ਪੇਸ਼ ਕਰ ਰਹੇ ਹਾਂ। ਦਰਸ਼ਕ ਵੀ ਚੰਗਾ ਮੰਗਣ, ਚੰਗੇ ਦੀ ਮੰਗ ਹੋਵੇ; ਫਿਰ ਮਜਬੂਰੀ ਬਣ ਜਾਣੀ ਹੈ ਸਾਡੀ, ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਤੇ ਉਨ੍ਹਾਂ ਦੀ ਪਸੰਦ ਦਾ ਕੁੱਝ ਦੇਣਾ। ਹੁਣ ਸਾਨੂੰ ਤਾਂ ਇੰਝ ਲਗਦਾ ਹੈ ਕਿ ਦਰਸ਼ਕਾਂ ਨੂੰ ਤਾਂ ਇਹੋ ਕੁੱਝ ਚੰਗਾ ਲਗਦਾ ਹੈ, ਇਸੇ ਲਈ ਅਸੀਂ ਉਹੋ ਜਿਹਾ ਕੁੱਝ ਬਣਾਈ ਜਾਂਦੇ ਹਾਂ। ਉਂਝ, ਦਰਸ਼ਕ ਵੀ ਉਹੋ ਜਿਹੇ ਬਣ ਜਾਂਦੇ ਹਨ ਜਿਹੋ ਜਿਹੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਮੇਰੇ ਯਾਦ ਹੈ ਕਿ ਦੂਰਦਰਸ਼ਨ ਦੇ ਪ੍ਰੋਗਰਾਮ 'ਮੇਰਾ ਪਿੰਡ ਮੇਰੇ ਖੇਤ' ਤੇ 'ਸੁਨੇਹੇ' ਕਿੰਨਾ ਵਧੀਆ ਹੁੰਦੇ ਸਨ। ਦਰਸ਼ਕਾਂ ਨੂੰ ਇਹੋ ਜਿਹੇ ਪ੍ਰੋਗਰਾਮ ਵੱਧ ਮੰਗਣੇ ਚਾਹੀਦੇ ਹਨ। ਫਿਰ ਪੰਜਾਬ ਉਸੇ ਤਰ੍ਹਾਂ ਵਧੀਆ-ਵਧੀਆ ਹੋ ਜਾਵੇਗਾ। ਹੁਣ ਤਾਂ ਸੁਣਨ ਵਾਲ਼ਿਆਂ ਨੂੰ ਇਹ ਲਗਦਾ ਹੈ ਕਿ ਅਸੀਂ ਗ਼ਲਤ ਹਾਂ ਪਰ ਸਾਨੂੰ ਕਈ ਵਾਰ ਇੰਝ ਲਗਦਾ ਹੈ ਕਿ ਸਰੋਤੇ ਗ਼ਲਤ ਹਨ। ਪਰ ਦੋਵੇਂ ਹੀ ਗ਼ਲਤ ਹਨ ਤੇ ਦੋਵਾਂ ਨੂੰ ਹੀ ਸੁਧਰ ਜਾਣਾ ਚਾਹੀਦਾ ਹੈ। ਇੱਕ ਸਭਿਅੱਕ ਪੰਜਾਬ ਨਿਰਮਾਣ ਦੀ ਲੋੜ ਹੈ।

PARVINDER WARAICH's contact number is [ਪਰਵਿੰਦਰ ਸਿੰਘ ਵੜੈਚ - ਸੰਪਰਕ] +91- 98140 85183

And E-mail address is [ਈ-ਮੇਲ]: sovientertainments@gmail.com